ਤਕਨੀਕੀ ਨੁਕਸ ਕਾਰਨ ਜਹਾਜ਼ ਉਤਾਰਿਆ !    ਗੁਜਰਾਤ ’ਚ ਚਾਰ ਸੀਟਾਂ ’ਤੇ ਚੋਣਾਂ ਲਈ ਕਾਂਗਰਸ ਨੇ ਸਵਾਲ ਉਠਾਇਆ !    ਵਿਸ਼ਵ ਜੇਤੂ ਗਾਮਾ ਭਲਵਾਨ !    ਤਬਾਹੀ ਵੱਲ ਵਧ ਰਿਹਾ ਐਮੇਜ਼ੌਨ !    ਬਹੁਪੱਖੀ ਸ਼ਖ਼ਸੀਅਤ ਮਹਿੰਦਰ ਸਿੰਘ ਰੰਧਾਵਾ !    ਸ਼ਾਂਤ ਤੇ ਖ਼ੂਬਸੂਰਤ ਤੀਰਥਨ ਘਾਟੀ !    ਮਿੰਨੀ ਕਹਾਣੀਆਂ !    ਕਾਲਾ ਪੰਡਤ !    ਦਲਿਤ ਸਾਹਿਤ ਦੀ ਸਮੀਖਿਆ !    ਦਲਿਤ ਜੀਵਨ ਦੀ ਪੇਸ਼ਕਾਰੀ !    

ਕਾਵਿ ਕਿਆਰੀ

Posted On June - 9 - 2019

ਮਨਮੋਹਨ ਸਿੰਘ ਦਾਊਂ

ਧਰਤੀ ਦੇ ਪੈਰ
ਸੂਰਜ ਉੱਠਿਆ
ਵਿਹੜੇ ਨੂੰ ਝਾਤ ਆਖੀ
ਨਵਾਂ ਯੁੱਗ ਚੜ੍ਹਿਆ।
ਬਨੇਰਾ ਉੱਚਾ ਹੋਇਆ
ਵੇਲ ਵਧੀ
ਸਗਲ ਬਨਸਪਤ ਖਿੜ ਉੱਠੀ।
ਧੁੱਪ ਦਾ ਹੁਸਨ ਹੋਰ ਸੁਥਰਾ ਹੋਇਆ
ਪੌਣਾਂ ਵਧਾਈਆਂ ਵੰਡੀਆਂ
ਤਲਵੰਡੀ ਦੇ ਭਾਗ ਜਾਗੇ।
ਮਿੱਟੀ ਹੱਸੀ
ਧਰਤੀ ਨੂੰ ਤੁਰਨ ਲਈ
ਖੜਾਵਾਂ ਮਿਲੀਆਂ।
ਕੰਡਿਆਲੜੇ ਰਾਹਾਂ ਨੂੰ
ਸੰਗੀਤ ਤੇ ਬੋਲਾਂ ਨੇ ਸਕੂਨ ਦਿੱਤਾ।
ਜੀਵਨ ਜਿਊਣ ਦੀ ਜਾਚ ਦੱਸੀ
ਰੁੱਖ ਤੋਂ ਗੰਦਾ ਬੂਰ ਝੜਿਆ।
ਮਨੁੱਖ ਨੂੰ ਚਿੰਤਨ ਦੇ ਰਾਹੇ ਪਾਇਆ।
ਧਰਮ ਨੂੰ ਗੋਸ਼ਟੀ ਦਾ ਸ਼ਬਦ ਦਿੱਤਾ
ਅੰਦਰਲੇ ਚਾਨਣ ਦੀ
ਬਾਤ ਸੁਣਾਈ ਤੇ ਮੈਲ ਧੋਈ।
ਉਦਾਸੀਆਂ ਦੀ ਅਮੁੱਕ ਕਥਾ
ਚੌਹੀਂ ਕੂੰਟੀ ਸ਼ਬਦ ਦਾ ਵਾਕ ਬਣੀ।
ਖੜਾਵਾਂ, ਰਬਾਬ ਤੇ ਰੱਬੀ ਗੀਤ
ਧਰਤੀ ਦੇ ਪੈਰ ਬਣੇ।
ਗੁਰੂ, ਬਾਣੀ ਤੇ ਮਰਦਾਨਾ
ਮਾਵਾਂ ਦੀਆਂ ਅਸੀਸਾਂ ਲੈਂਦੇ
ਬੁੱਢੇ ਹੋ ਗਏ
ਪਰ ਕਾਰਜ ਨਾ ਮੁੱਕਿਆ।
ਪੈਗੰਬਰੀ ਜਲੌਅ ਰਾਹੀਂ
ਆਦਿ ਜੁਗਾਦਿ ਸੱਚ ਬਣਿਆ
ਆਲਮੀ ਕਲਮ ਨੇ ਧਰਤੀ ’ਤੇ
ੴ ਲਿਖਿਆ, ਪੋਥੀ ਪ੍ਰਕਾਸ਼ਮਾਨ ਹੋਈ।।

ਕਣਕ ਕੇਰਦਾ ਕਿਸਾਨ
ਉਹ ਸਮੇਂ ਹੁਣ ਨਹੀਂ ਰਹੇ
ਦਿਆਲ ਸਿਹੁੰ,
ਜਦੋਂ ਤੜਕੇ ਉੱਠ ਕਿਸਾਨ
ਰੱਬ ਨੂੰ ਧਿਆਉਂਦਾ
ਕੰਮੀਂ ਜਾ ਲੱਗਦਾ।
ਕਣਕ ਸੰਵਾਰੇ ਖੇਤ ਨੂੰ
ਮੱਥਾ ਟੇਕਦਾ
ਮਿੱਟੀ ਦੀ ਵੱਤਰ ਪਰਖਦਾ
ਅੰਬਰ ਵੱਲ ਤੱਕਦਾ
ਸ਼ੁਕਰ ਮਨਾਉਂਦਾ।
ਬਲਦਾਂ ਦੀ ਜੋਤ
ਤੇ ਹਾਲੀ ਦੇ ਪਿੱਛੇ-ਪਿੱਛੇ
ਕਣਕ ਦੀ ਝੋਲੀ ਮੋਢੇ ਲਾ
ਮੁੱਠੀ ਭਰ ਕੇ ’ਕੱਲਾ-’ਕੱਲਾ ਦਾਣਾ
ਕਣਕ ਕੇਰਨ ਦਾ ਕਾਰਜ
ਅਰੰਭ ਸੀ ਕਰਦਾ।
ਮਾਲਾ ਦੇ ਮਣਕਿਆਂ ਵਾਂਗ
’ਕੱਲਾ-’ਕੱਲਾ ਦਾਣਾ ਮੁੱਠੀ ’ਚੋਂ
ਸਿਆੜਾਂ ’ਚ ਕੇਰਨ ਲੱਗਦਾ
ਭਗਤੀ ਕਰਦਾ ਲੱਗਦਾ
ਸਭ ਦੀ ਸੁੱਖ ਮੰਗਦਾ।
ਬੰਦਾ, ਭਗਤੀ, ਕਾਰਜ ਤੇ ਦਾਣੇ
ਇੱਕ-ਮਿੱਕ ਹੋਏ ਲੱਗਦੇ,
ਸੁੱਚੇ ਦਾਣਿਆਂ ’ਚੋਂ ਚੰਗੀ ਫ਼ਸਲ
ਉਪਜਦੀ ਲੱਗਦੀ,
ਇਸ ਆਸ ਸਹਾਰੇ
ਖੇਤੀ ਉੱਤਮ ਲੱਗਦੀ।
ਹੁਣ ਖ਼ੁਦਕੁਸ਼ੀਆਂ ਦੀ ਰੁੱਤ ਚੰਦਰੀ
ਕਿਉਂ ਵਿਆਪੀ
ਚਿੰਤਨ ਤੇ ਅਹੁੜ ਕਰਨ ਦਾ ਵੇਲਾ ਹੈ
ਦਿਆਲ ਸਿਹੁੰ!
ਸੰਪਰਕ: 98151-23900

ਡਾ. ਹਰਨੇਕ ਸਿੰਘ ਕੋਮਲ

ਗ਼ਜ਼ਲ
ਬਲਦੇ ਜੰਗਲ ਖ਼ਾਤਿਰ ਮੈਂ ਕੁਝ ਕਰ ਜਾਵਾਂ ਤਾਂ ਚੰਗਾ ਹੈ।
ਬਲਦੀ ਅੱਗ ’ਤੇ ਚਾਰ-ਕੁ ਛਿੱਟੇ ਜੇ ਪਾਵਾਂ ਤਾਂ ਚੰਗਾ ਹੈ।

ਚਾਰ-ਚੁਫ਼ੇਰੇ ਚਿੱਕੜ ਏਥੇ ਬਸਤੀ ਦੇ ਵਿੱਚ ਫੈਲ ਗਿਆ,
ਦਾਗ਼ ਆਪਣੇ ਦਾਮਨ ਨੂੰ ਮੈਂ ਨਾ ਲਾਵਾਂ ਤਾਂ ਚੰਗਾ ਹੈ।

ਬਾਬੇ ਨਾਨਕ ਦੀ ਬਾਣੀ ਨੂੰ ਕੁਝ ਤਾਂ ਮਨ ਵਿੱਚ ਰੱਖਾਂ ਮੈਂ,
ਭੁੱਲ ਕੇ ਵੀ ਮੈਂ ਹੱਕ ਪਰਾਇਆ ਨਾ ਖਾਵਾਂ ਤਾਂ ਚੰਗਾ ਹੈ।

ਮੰਨਦਾ ਹਾਂ ਕਿ ਉੱਲੂਆਂ ਦੀ ਉਹ ਕਾਲੇ ਰੰਗ ਦੀ ਬਸਤੀ ਹੈ,
ਫਿਰ ਵੀ ਓਥੇ ਦੀਵਾ ਕੋਈ ਰੱਖ ਆਵਾਂ ਤਾਂ ਚੰਗਾ ਹੈ।

ਮਾਰੂਥਲ ਵਿੱਚ ਦੇਖੋ ਜ਼ਿੰਦਗੀ ਨਾਚ ਅਲੌਕਿਕ ਨੱਚਦੀ ਹੈ,
ਪੈਰਾਂ ਦੇ ਵਿੱਚ ਝਾਂਜਰ ਉਸ ਦੇ ਜੇ ਪਾਵਾਂ ਤਾਂ ਚੰਗਾ ਹੈ।

ਸ਼ਿਅਰ ਤਾਂ ਹਨ ਸੁੱਚੇ ਮੋਤੀ ਮਿੱਟੀ ਦੇ ਵਿੱਚ ਰੋਲਾਂ ਕਿਉਂ?
ਬੇ-ਕਦਰਾਂ ਦੀ ਮਹਿਫ਼ਿਲ ਦੇ ਵਿੱਚ ਨਾ ਗਾਵਾਂ ਤਾਂ ਚੰਗਾ ਹੈ।
ਸੰਪਰਕ: 93177-61414

ਗ਼ਜ਼ਲ

ਹਰਮਿੰਦਰ ਸਿੰਘ ਕੋਹਾਰਵਾਲਾ

ਹੋ ਸਕੇਗੀ ਕਿਸ ਤਰ੍ਹਾਂ ਹੁਣ ਦੋਸਤੀ।
ਜੰਮਦਿਆਂ ਹੀ ਪੈ ਗਈ ਸੀ ਦੁਸ਼ਮਣੀ।

ਰਹਿਬਰਾਂ ਦੇ ਨਾਲ ਸਾਡੀ ਨਾ ਬਣੀ,
ਰਸਤਿਆਂ ’ਤੇ ਸਹਿਮਤੀ ਨਾ ਹੋ ਸਕੀ।

ਨੀਤੀਆਂ ਵਿੱਚ ਨੁਕਸ ਕਿੱਥੇ ਸੋਚੀਏ,
ਹਰ ਗੁਆਂਢੀ ਨਾਲ ਸਾਡੀ ਖਟਪਟੀ।

ਜ਼ਿੰਦਗੀ ਵਿੱਚ ਆਉਣ ਹਾਰਾਂ ਮੁਸ਼ਕਲਾਂ,
ਮੁਸ਼ਕਲਾਂ ਦਾ ਹੱਲ ਪਰ ਨਾ ਖ਼ੁਦਕੁਸ਼ੀ।

ਚਾਪਲੂਸੀ ਭਾਲਦਾ ਹੈ ਹਰ ਬਸ਼ਰ,
ਖ਼ੁਦ ਖ਼ੁਦਾ ਵੀ ਭਾਲਦਾ ਹੈ ਬੰਦਗੀ।

ਸਖਤਿਆਂ ਦਾ ਸਿਤਮ ਕਰਦੀ ਸਹਿਣ ਨਾ,
ਖ਼ੂਨ ਸਾਡੇ ਵਿੱਚ ਜਿਹੜੀ ਹੈ ਕਣੀ।
ਸੰਪਰਕ: 98768-73735


Comments Off on ਕਾਵਿ ਕਿਆਰੀ
1 Star2 Stars3 Stars4 Stars5 Stars (No Ratings Yet)
Loading...
Both comments and pings are currently closed.

Comments are closed.

Available on Android app iOS app
Powered by : Mediology Software Pvt Ltd.