ਸਰਕਾਰੀ ਸਕੂਲਾਂ ਵਿੱਚ ਤਕਨਾਲੋਜੀ ਦੀ ਵਰਤੋਂ !    ਡਾਕਟਰਾਂ ਤੇ ਮਰੀਜ਼ਾਂ ਵਿੱਚ ਮਜ਼ਬੂਤ ਰਿਸ਼ਤਿਆਂ ਦੀ ਜ਼ਰੂਰਤ !    ਅਜੋਕੀ ਸਿੱਖਿਆ ਤੇ ਬੌਧਿਕ ਵਿਕਾਸ !    ਖ਼ਰਾਬ ਮੌਸਮ ਕਾਰਨ 26 ਉਡਾਣਾਂ ’ਚ ਤਬਦੀਲੀ !    370: ਸੁਪਰੀਮ ਕੋਰਟ ਵੱਲੋਂ ਪਟੀਸ਼ਨਾਂ ਸੱਤ ਮੈਂਬਰੀ ਬੈਂਚ ਕੋਲ ਭੇਜਣ ਦਾ ਸੰਕੇਤ !    ਕਤਲ ਮਾਮਲਾ: ਮੁਲਜ਼ਮਾਂ ਦੀ ਗ੍ਰਿਫ਼ਤਾਰੀ ਲਈ ਆਵਾਜਾਈ ਰੋਕੀ !    ਭਾਰਤ-ਅਮਰੀਕਾ ਵਿਚਾਲੇ 2+2 ਗੱਲਬਾਤ 18 ਨੂੰ !    ਸੀਬੀਆਈ ਵੱਲੋਂ 13 ਟਿਕਾਣਿਆਂ ’ਤੇ ਛਾਪੇ !    ਅਤਿਵਾਦੀ ਹਮਲੇ ’ਚ ਨਾਈਜਰ ਦੇ 71 ਫੌਜੀ ਹਲਾਕ !    ਛੱਤੀਸਗੜ੍ਹ ’ਚ ਦੋ ਨਕਸਲੀ ਹਲਾਕ !    

ਬਾਬਾ ਨਾਨਕ ਦਾ ਸਹਿ-ਯਾਤਰੀ ਭਾਈ ਮਰਦਾਨਾ

Posted On June - 2 - 2019

ਲੇਖ ਲੜੀ – ੫

ਗੁਰੂ ਨਾਨਕ ਦੇਵ ਜੀ ਨੇ ਪੰਜਾਬ ਤੇ ਹਿੰਦੋਸਤਾਨ ਦੀ ਚਿੰਤਨ ਧਾਰਾ ਵਿਚ ਉਹ ਸੁਰਾਂ ਤੇ ਤਰਬਾਂ ਛੇੜੀਆਂ ਜਿਨ੍ਹਾਂ ਦਾ ਖ਼ਾਸਾ ਸਮਾਜ ਨੂੰ ਬਦਲ ਦੇਣ ਵਾਲਾ ਸੀ। ਬਾਬਾ ਨਾਨਕ ਦੇ ਅਣਥੱਕ ਸਫ਼ਰ ਵਿਚ ਭਾਈ ਮਰਦਾਨਾ ਉਨ੍ਹਾਂ ਦਾ ਸਾਥੀ ਸੀ। ਬਾਬਾ ਜੀ ਨਾਲ ਸਭ ਤੋਂ ਲੰਮਾ ਸਮਾਂ ਬਿਤਾਉਣ ਤੇ ਉਨ੍ਹਾਂ ਨੂੰ ਸਭ ਤੋਂ ਨੇੜਿਉਂ ਦੇਖਣ ਦਾ ਮਾਣ ਵੀ ਭਾਈ ਮਰਦਾਨੇ ਨੂੰ ਹਾਸਲ ਹੈ। ਬਾਬਾ ਨਾਨਕ ਵਾਂਗ ਮਰਦਾਨੇ ਦੇ ਜੀਵਨ ਦੇ ਵੇਰਵੇ ਵੀ ਸਾਨੂੰ ਜਨਮ ਸਾਖੀਆਂ ਰਾਹੀਂ ਹੀ ਮਿਲਦੇ ਹਨ। ‘ਪੰਜਾਬੀ ਟ੍ਰਿਬਿਊਨ’ ਵੱਲੋਂ ਗੁਰੂ ਨਾਨਕ ਦੇਵ ਜੀ ਬਾਰੇ ਛਾਪੇ ਜਾ ਰਹੇ ਲੇਖਾਂ ਦੀ ਲੜੀ ਵਿਚ ਉਨ੍ਹਾਂ ਦੇ ਅਦੁੱਤੀ ਸਾਥੀ ਭਾਈ ਮਰਦਾਨਾ ਬਾਰੇ ਪ੍ਰਸਿੱਧ ਨਾਵਲਕਾਰ ਜਸਬੀਰ ਮੰਡ ਦਾ ਲੇਖ ਪੇਸ਼ ਕਰ ਰਹੇ ਹਾਂ।

ਜਸਬੀਰ ਮੰਡ

ਬਾਬਾ ਨਾਨਕ ਤੇ ਮਰਦਾਨਾ ਉਜਾੜ ਵਿਚ
ਤਬ ਬਾਬਾ ਨਾਨਕ ਅਉਝੜਿ ਅਉਝੜਿ ਚਲਿਆ। ਰਾਹੁ ਚਲੈ ਨਾਹੀ। ਵਸਦੀ ਵੜੇ ਨਾਹੀ। ਤਾ ਮਰਦਾਨੇ ਕਹਿਆ ਜੀ ਮੇਰਾ ਘਟੁ ਭੁਖਿ ਨਾਲਿ ਮਿਲਿ ਗਈਆ ਹੈ। ਤਾ ਬਾਬੇ ਆਖਿਆ ਇਸ ਰੁਖ ਦੇ ਫਲ ਤੂ ਖਾਹਿ। ਰਜਿ ਕਰਿ। ਪਰ ਪਲੇ ਬਨੇ ਨਾਹੀ। ਮਰਦਾਨਾ ਪਿਛੈ ਢਹਿ ਪਇਆ। ਜੀਉ ਪਾਤਿਸਾਹਿ ਤੁਧੁ ਜੋ ਆਖਿਆ ਸੀ ਪਲੈ ਬਨੈ ਨਾਹੀ। ਮੈ ਕਢਿ ਖਾਵਣਿ ਲਗਾ ਮੇਰਾ ਬੁਰਾ ਹਾਲੁ ਹੋਇਆ। ਮਰਦਾਨਿਆ ਤਹੁ ਬੁਰਾ ਕੀਤਾ ਸੀ ਏਹੁ ਬਿਖ ਫਲ ਸੇ। ਪਰੁ ਵਚਨਿ ਪਾਇ ਅੰਮ੍ਰਿਤ ਫਲ ਹੋਏ ਸੇ।
ਚਿੱਤਰ: ਬੀ-40 ਜਨਮਸਾਖੀ ਗੁਰੂ ਬਾਬਾ ਨਾਨਕ

ਨਮ ਸਾਖੀਆਂ ਸੰਸਕਾਰਾਂ ਦੀ ਸਾਦਗੀ ਨੂੰ ਨਹੀਂ ਛੇੜਦੀਆਂ। ਮਰਦਾਨਾ ਸ਼ਾਇਦ ਇਸੇ ਕਰਕੇ ਇਨ੍ਹਾਂ ਵਿਚ ਇਤਿਹਾਸ ਦੀਆਂ ਖਾਲੀ ਥਾਵਾਂ ਵਿਚ ਖੜ੍ਹਾ ਦਿਸਦਾ ਹੈ। ਰੂਹਾਨੀ ਚਿਹਰਿਆਂ ਦੇ ਆਲੇ-ਦੁਆਲੇ ਬੜੇ ਮਿਥਿਹਾਸਕ ਘੇਰੇ ਹੁੰਦੇ ਨੇ। ਇਨ੍ਹਾਂ ਘੇਰਿਆਂ ਵਿਚ ਕਿੱਥੇ ਰੂਹਾਨੀਅਤ ਹੈ ਤੇ ਕਿੱਥੇ ਮਿੱਥ; ਜਨਮ ਸਾਖੀਆਂ ਇਸ ਸੋਝੀ ਨੂੰ ਵੀ ਨਹੀਂ ਛੇੜਦੀਆਂ। ਇਸ ਤਰ੍ਹਾਂ ਜਨਮ ਸਾਖੀਆਂ ਮਿੱਥ ਤੇ ਇਤਿਹਾਸ ਦਾ ਮੇਲ-ਜੋਲ ਕਰਾ ਆਪ ਦਰਸ਼ਕ ਬਣ ਜਾਂਦੀਆਂ ਨੇ। ਭਾਵੇਂ ਇਤਿਹਾਸ ਨੇ ਮਰਦਾਨੇ ਨੂੰ ਸਿਰਫ਼ ਰਬਾਬੀ ਤਕ ਸੀਮਿਤ ਰੱਖਣ ਦੀ ਕੋਸ਼ਿਸ਼ ਕੀਤੀ, ਪਰ ਇਹ ਮਿੱਥ ਲਗਾਤਾਰ ਟੁੱਟਦੀ ਰਹੀ। ਜਦੋਂ ਵੀ ਬਾਬਾ ਲੋਕ ਮਨਾਂ ’ਚੋਂ ਬੋਲਿਆ, ‘‘ਬਾਣੀ ਆਈ ਏ, ਰਬਾਬ ਵਜਾ ਮਰਦਾਨਿਆ।’’ ਅਚਾਨਕ ਮਰਦਾਨਾ ਇਤਿਹਾਸ ਦੀਆਂ ਖਾਲੀ ਥਾਵਾਂ ’ਚੋਂ ਲਿਸ਼ਕਣ ਲੱਗ ਪੈਂਦਾ ਹੈ। ਇਹ ਲਿਸ਼ਕਾਰਾ ਕਿੱਥੋਂ ਆਉਂਦਾ ਹੈ? ਇਹ ਲਿਸ਼ਕ ਬਾਬੇ ਦੀ ਹੈ। ਏਨਾ ਅਣਗੌਲਿਆ ਹੋਣ ਦੇ ਬਾਵਜੂਦ ਉਹਦੀ ਸੂਝ ਤੇ ਸਾਦਗੀ ਦਾ ਸੰਜਮ ਉੱਭਰ ਕੇ ਸਾਹਮਣੇ ਆਉਣਾ ਸ਼ੁਰੂ ਹੋ ਜਾਂਦਾ ਹੈ। ਲੋਕ-ਮਨਾਂ ਦੀ ਗੂੰਜ ਸਮੇਤ ਮਰਦਾਨਾ ਰਬਾਬ ਨਾਲ ਫਿਰ ਸਾਬਤ-ਸਬੂਤਾ ਖੜ੍ਹਾ ਦਿਸਦਾ ਹੈ।
ਮਰਦਾਨਾ ਜਿੰਨਾ ਅਣਗੌਲਿਆ ਰਿਹਾ, ਓਨੀ ਹੀ ਉਹ ਇਹ ਮਿੱਥ ਵੀ ਤੋੜਦਾ ਰਿਹਾ ਕਿ ਇਕ ਗਰੀਬ ਮਰਾਸੀ, ਡੂਮ ਦੀ ਪੁੱਛ ਗੁਰੂ ਨਾਨਕ ਤਕ ਵੀ ਪੁੱਜ ਸਕਦੀ ਹੈ। ਮਰਦਾਨਾ ਲੋਕ-ਮਨਾਂ ਨੂੰ ਬਾਬੇ ਦੀ ਹਲੀਮੀ, ਮਿੱਤਰਤਾ ਤੇ ਦਾਰਸ਼ਨਿਕਤਾ ਦੀ ਯਾਦ ਦਿਵਾਉਂਦਾ ਰਿਹਾ। ਸ਼ਾਇਦ ਇਸੇ ਕਰਕੇ ਗੁਰੂ ਨਾਨਕ ਦੀ ਗੱਲ ਤੁਰਦਿਆਂ ਪਤਾ ਹੀ ਨਹੀਂ ਲੱਗਦਾ, ਮਰਦਾਨਾ ਕਿਧਰੋਂ ਆ ਪਹੁੰਚਦਾ ਹੈ। ਪਰ ਜਦੋਂ ਵੀ ਬਾਬਾ ਖ਼ਤਰਿਆਂ ਵਿੱਚੋਂ ਲੰਘਿਆ – ਉਹ ਚਾਹੇ ਵਲੀ ਕੰਧਾਰੀ ਦਾ ਪੱਥਰ ਸੀ, ਚਾਹੇ ਮਲਿਕ ਭਾਗੋ ਦੀ ਧੌਂਸ ਸੀ, ਚਾਹੇ ਕੌਡੇ ਰਾਖਸ਼ ਦੀ ਦਹਿਸ਼ਤ ਸੀ – ਇਨ੍ਹਾਂ ਖ਼ਤਰਿਆਂ ਦੇ ਕਾਂਬੇ ਜਦੋਂ ਲੋਕ ਮਨਾਂ ਕੋਲ ਪਹੁੰਚੇ ਤਾਂ ਉਨ੍ਹਾਂ ਇਹ ਸਾਰੇ ਡਰ ਮਰਦਾਨੇ ਨੂੰ ਸੌਂਪ ਦਿੱਤੇ। ਕਿਉਂਕਿ ਮਰਦਾਨਾ ਉਨ੍ਹਾਂ ਵਿੱਚੋਂ ਹੀ ਸੀ, ਇਸ ਕਰਕੇ ਕੁਝ ਵੀ ਜਦੋਂ ਜੀਵਤ ਵਿਅਕਤੀ ਵਰਗਾ ਵਾਪਰਦਾ, ਉਹ ਮਰਦਾਨੇ ਨਾਲ ਹੀ ਵਾਪਰਦਾ। ਚਾਹੇ ਉਹ ਭੁੱਖ ਤੇ ਪਿਆਸ ਹੀ ਕਿਉਂ ਨਾ ਹੋਵੇ। ਇਸ ਤਰ੍ਹਾਂ ਮਰਦਾਨਾ ਜਿੱਥੇ ਲੋਕ ਮਨਾਂ ਦਾ ਦਿਲਾਸਾ ਤੇ ਸਹਾਰਾ ਬਣਿਆ, ਉੱਥੇ ਉਨ੍ਹਾਂ ਦਾ ਸਾਹਸ ਵੀ ਬਣਿਆ। ਇਸੇ ਕਰਕੇ ਮਰਦਾਨਾ ਕਦੇ ਭੁੱਲਿਆ ਹੋਇਆ ਵੀ ਨਹੀਂ ਭੁੱਲਦਾ।
ਪਰ ਮਰਦਾਨੇ ਲਈ ਇਹ ਰਾਹ ਸੌਖਾ ਨਹੀਂ ਸੀ। ਉਹਨੇ ਇਕ ਜਾਗੀ ਹੋਈ ਰੂਹ ਨਾਲ ਮੱਥਾ ਲਾਇਆ ਸੀ ਜੋ ਖ਼ਤਰਿਆਂ ਨਾਲ ਭਰੀ ਪਈ ਸੀ। ਉਹ ਸੋਝੀਆਂ ਦੀ ਮਾਂ ਨਾਲ ਤੁਰ ਰਿਹਾ ਸੀ। ਇੱਥੇ ਜੀਵਨ ਤੇ ਮੌਤ ਵਿਚਾਲੇ ਕੋਈ ਸਮਝੌਤਾ ਨਹੀਂ ਸੀ ਚੱਲ ਸਕਦਾ। ਇਸ ਰਾਹ ਉੱਤੇ ਤੁਰਨਾ ਆਪੇ ਸਹੇੜੇ ਖ਼ਤਰਿਆਂ ਵਾਂਗ ਸੀ। ਫਿਰ ਵੀ ਮਰਦਾਨਾ ਬਾਬੇ ਨਾਲ ਤੁਰਿਆ। ਉਸ ਨੇ ਬੋਲਣ ਤੋਂ ਅੱਕੇ, ਜ਼ੁਲਮ ਤੋਂ ਥੱਕੇ ਰਾਹਾਂ ਦੇ ਬੇਸੁਰੇ ਰੁੱਖੇਪਣ ਨੂੰ ਬਾਬੇ ਦੀ ਸੰਗਤ ਨਾਲ ਸੰਗੀਤਮਈ ਕੀਤਾ ਤੇ ਪੰਜਾਬ ਦੀ ਰੂਹਾਨੀਅਤ ਦਾ ਸਾਹਸ ਬਣਿਆ।
ਮਰਦਾਨਾ ਦੁਨੀਆਂ ਦੇ ਸਭ ਤੋਂ ਖ਼ੁਸ਼ਨਸੀਬ ਉਨ੍ਹਾਂ ਲੋਕਾਂ ਵਿੱਚੋਂ ਇਕ ਸੀ ਜਿਸ ਨੂੰ ਅੱਧੀ ਸਦੀ ਤੋਂ ਜ਼ਿਆਦਾ ਬਾਬੇ ਨਾਲ ਰਹਿਣ ਦਾ ਮੌਕਾ ਮਿਲਿਆ। ਇਹ ਅਨੋਖਾ ਚਿਹਰਾ ਜਿਸ ਨੂੰ ਗੁਰੂ ਨੇ ਉਹਨੂੰ ਆਪਣੀ ਮੌਲਿਕਤਾ ’ਚ ਹੀ ਵਧਣ ਫੁੱਲਣ ਦਾ ਮੌਕਾ ਦਿੱਤਾ ਤੇ ਇਹ ਅਨੋਖਾ ਅਵਸਰ ਇਸ ਸ਼ਾਗਿਰਦ ਨੇ ਜੀਵਨ ਭਰ ਰੱਜ ਕੇ ਮਾਣਿਆ। ਇਸ ਲੰਬੇ ਸਾਥ ਵਿਚ ਉਹ ਲਗਪਗ ਸਾਢੇ ਤਿੰਨ ਦਹਾਕੇ ਆਪਣੇ ਗੁਰੂ ਨਾਲ ਤੁਰਿਆ ਸੀ। ਇਹ ਸਫ਼ਰ ਕੋਈ ਸੌਖੇ ਨਹੀਂ ਸਨ। ਇਨ੍ਹਾਂ ਅਣਜਾਣ ਰਾਹਾਂ, ਅਣਜਾਣ ਲੋਕਾਂ ਤੇ ਅਚਨਚੇਤ ਚੁਣੌਤੀਆਂ ਨੇ ਬਾਬੇ ਨਾਲ ਤੁਰਨ ਦੇ ਅਰਥ ਸਮਝਾਏ। ਬਾਹਰੋਂ ਗੁਰੂ ਤੇ ਚੇਲਾ ਅਲੱਗ ਦਿਸਦੇ, ਰਾਹੀਆਂ ਨੂੰ ਅਚੰਭਿਤ ਕਰਦੇ ਲੰਘਦੇ। ਮਰਦਾਨੇ ਨੂੰ ਇਹ ਵਾਰ-ਵਾਰ ਪੁੱਛਿਆ ਗਿਆ, ‘‘ਤੂੰ ਕੌਣ ਏਂ? ਤੂੰ ਆਪਣੇ ਗੁਰੂ ਤੋਂ ਵੱਖਰਾ ਕਿਉਂ ਦਿਸਦਾ ਏਂ?’’ ਮਰਦਾਨੇ ਨੇ ਸੱਚ ਨੂੰ ਦੋਫਾੜ ਕਰਨ ਵਾਲੀ ਇਹ ਚੁਣੌਤੀ ਵਾਰ-ਵਾਰ ਝੱਲੀ। ਪਰ ਉਹ ਇਸ ਵੱਖਰਤਾ ਦੇ ਜਸ਼ਨ ਵਿਚ ਆਪਣੇ ਗੁਰੂ ਨਾਲ ਝੂਮ-ਝੂਮ ਕੇ ਤੁਰਿਆ। ਦਿਸਣ ਦੇ ਇਨ੍ਹਾਂ ਪਾੜਿਆਂ ਨੂੰ ਉਸ ਦੇ ਨਾਲ ਤੁਰਦਾ ਬਾਬਾ ‘ਸਭਨਾਂ ਦਾ ਸੱਚ ਇਕ ਹੈ’ ਦਾ ਪਾਠ ਪੜ੍ਹਾਉਂਦਾ ਮਰਦਾਨੇ ਦਾ ਸਾਹਸ ਬਣਦਾ ਰਿਹਾ। ਫਿਰ ਵੀ ਮਰਦਾਨਾ ਇਤਿਹਾਸ ਵਿਚ ਕਿਸੇ ਅਣਗੌਲੇ ਸੱਚ ਦੇ ਰਹੱਸ ਵਾਂਗ ਹੀ ਜੀਵਿਆ। ਆਪਣੇ ਗੁਰੂ ਦਾ ਸਭ ਤੋਂ ਵੱਡਾ ਗਵਾਹ ਜਿਸ ਨੇ ਉਹਦੇ ਸਾਹਮਣੇ ਉਹਨੂੰ ਹੀ ਗਾ-ਗਾ ਸੁਗੰਧਿਤ ਕੀਤਾ। ਫਿਰ ਉਹਦੇ ਨਾ ਹੋਣ ਦਾ ਬੇ-ਸੁਰਾਪਣ ਕਿਸ ਪਾਸਿਉਂ ਆਇਆ? ਕਿਤੇ ਪੰਜਾਬ ਨੇ ਬਾਬੇ ਨੂੰ ਸਮਝਣ ਦੀ ਸਭ ਤੋਂ ਵੱਡੀ ਗ਼ਲਤੀ ਇਹੋ ਤਾਂ ਨਹੀਂ ਕੀਤੀ?
ਬਹੁਤ ਸਾਰੇ ਪ੍ਰਸੰਗਾਂ ਵਿਚ ਤਿੰਨ ਪ੍ਰਸੰਗਾਂ ਨਾਲ ਬਾਬਾ ਸਾਡੇ ਦਿਲਾਂ ਦੀ ਧੜਕਣ ਬਣਿਆ। ਪਹਿਲਾ ਗੁਰਬਾਣੀ ਰਾਹੀਂ, ਦੂਜਾ ਜਨਮ ਸਾਖੀਆਂ ਰਾਹੀਂ ਤੇ ਤੀਜਾ ਲੋਕ ਮਨਾਂ ਅੰਦਰ ਚਲਦੇ ਸੰਵਾਦ ਰਾਹੀਂ। ਬਾਬੇ ਨੇ ਜਿੱਥੇ ਆਪਣੀ ਹਜ਼ੂਰੀ ਵਿਚ ਬੈਠਣ ਦਾ ਜਸ਼ਨ ਸਿਖਾਇਆ, ਉੱਥੇ ਸਫ਼ਰਾਂ ਦੇ ਅਨੁਭਵ ਨੂੰ ਵੀ ਜੀਅ ਕੇ ਵਿਖਾਇਆ। ਬਾਬਾ ਸਮਾਧੀ ਦੀ ਇਕ ਜਗ੍ਹਾ ਟਿਕੇ ਰਹਿਣ ਦੀ ਮਿੱਥ ਹੀ ਨਹੀਂ ਤੋੜਦਾ ਸਗੋਂ ‘ਉਦਾਸੀਆਂ’ ਰਾਹੀਂ ਇਕਾਗਰਤਾ ਨੂੰ ਗਤੀ ਵੀ ਦੇਂਦਾ ਹੈ। ਉਦਾਸੀਆਂ ਸਿਰਫ਼ ਫ਼ਾਸਲੇ ਤੈਅ ਕਰਨੇ ਹੀ ਨਹੀਂ ਸਨ, ਗਿਆਨ ਨੂੰ ਗਤੀਸ਼ੀਲ ਕਰਨਾ ਵੀ ਸੀ। ਇਸ ਗਤੀ ਵਿਚ ‘ਸਮਝਣਾ’ ਤੇ ‘ਜਾਣਨਾ’ ਦੇ ਸੰਵਾਦਾਂ ਨੂੰ ‘ਕੁਝ ਕਹੀਏ, ਕੁਝ ਸੁਣੀਏਂ’ ਨਾਲ ਜੋੜਿਆ। ਬਾਬੇ ਨੇ ਸਫ਼ਰਾਂ ਵਿਚ ਰੂਹਾਨੀਅਤ ਦੇ ਸਭ ਤੋਂ ਵੱਡੇ ਅੜਿੱਕੇ ‘ਸੋਝੀ ਦਾ ਉਪਯੋਗ ਕਿਵੇਂ ਹੋਵੇ’ ਨੂੰ ਸੰਵਾਦ ਰਾਹੀਂ ਜਨ-ਸਮੂਹਾਂ ਨਾਲ ਸਾਂਝਿਆਂ ਕੀਤਾ। ਜਿਵੇਂ ਰਾਮ ਤੇ ਕ੍ਰਿਸ਼ਨ ਦਾ ਜੀਵਨ ਜੰਗ, ਹਿੰਸਾ ਤੇ ਸਮਾਜਿਕ ਕਲੇਸ਼ਾਂ ਦਾ ਬਹੁਤ ਹੀ ਰੌਚਕ ਰਿਹਾ, ਪਰ ਫਿਰ ਵੀ ਇਸ ਰੌਚਕਤਾ ਤੋਂ ਬਿਨਾਂ ਬਾਬਾ ਲੋਕ ਮਨਾਂ ਦਾ ਸਿਰਮੌਰ ਕਿਵੇਂ ਬਣਿਆ? ਇਹ ਬਾਬੇ ਦੇ ‘ਹੋਣ’ ਦੀ ਅਦਾ ਸੀ। ਬਾਬਾ ਪੰਜਾਬ ਦੇ ਹਿੰਸਕ ਇਤਿਹਾਸ ਵਿਚ ਇਕ ਅਜਿਹਾ ਚਿਹਰਾ ਹੈ ਜਿਸ ਦਾ ਮੁਹਾਂਦਰਾ ਜੰਗੀ ਅਨੁਭਵਾਂ ਦੇ ਖ਼ੌਫ਼ ਤੋਂ ਬਿਲਕੁਲ ਹੀ ਅਲੱਗ, ਸ਼ਾਂਤ ਤੇ ਕੋਮਲ ਰੂਪ ਲੈ ਕੇ ਆਇਆ ਸੀ। ਉਹ ਕਿਸੇ ਵੀ ਜੰਗੀ ਲਾਮ-ਲਸ਼ਕਰ ਤੋਂ ਬਿਨਾਂ ਆਇਆ। ਪਰ ਉਹ ਸੰਵਾਦ ਵਿਚ ਨਿਡਰਤਾ ਨਾਲ ਗੂੰਜਿਆ। ਪੰਜਾਬ ਨੂੰ ਇਸ ਚਿਹਰੇ ਨੇ ਇਕਦਮ ਮੋਹ ਲਿਆ।

ਚੜਿਆ ਸੋਧਣਿ ਧਰਿਤੀ ਲੁਕਾਈ

ਮਰਦਾਨੇ ਨੇ ਬਾਬੇ ਦੀ ਨਿਰਭੈਤਾ ਦੇ ਕਾਂਬੇ ਝੱਲੇ। ਕੋਈ ਮਹਾਂ-ਸੂਰਬੀਰ ਹੀ ਚੁਫ਼ੇਰੇ ਫੈਲੇ ਖ਼ੌਫ਼ ਵਿਚ ਬਾਬੇ ਦੇ ਗਰਜਦੇ ਚਿਹਰੇ ਨਾਲ ਤੁਰ ਸਕਦਾ ਸੀ। ਬਾਬਰ ਦੇ ਹਮਲੇ ਦੌਰਾਨ ਲੰਬੇ ਸਮੇਂ ਤਕ ਪੰਜਾਬ, ਜਿਸ ਤਰ੍ਹਾਂ ਸਹਿਮ ਗਿਆ ਸੀ, ਜਿਸ ਤਰ੍ਹਾਂ ਹਰ ਕੋਈ ਸਫ਼ਰਾਂ ਨੂੰ ਭੈਅ ਮੰਨਣ ਲੱਗ ਪਿਆ ਸੀ, ਕੁਝ ਵੀ ਕਹਿਣ ਨੂੰ ਖ਼ਤਰਾ ਮੰਨ ਲਿਆ ਗਿਆ ਸੀ, ਉਸ ਸਮੇਂ ਮਰਦਾਨਾ ਬਾਬੇ ਨਾਲ ਤੁਰਿਆ। ਸਿਰਫ਼ ਤੁਰਿਆ ਹੀ ਨਹੀਂ ਸਗੋਂ ਜਬਰ ਤੇ ਬੇਇਨਸਾਫ਼ੀ ਨੂੰ ਬਾਬੇ ਨਾਲ ਮਿਲ ਕੇ ਸ਼ਰੇਆਮ ਗਾਇਆ। ਜਦੋਂ ਚੁਫ਼ੇਰਾ ਬੋਲਣ ਦੇ ਸਹਿਮ ਵਿਚ ਸੀ, ਉਸ ਦੇ ਸਮਾਨ-ਅੰਤਰ ਬਾਬੇ ਦੇ ਵਿਦਰੋਹੀ ਬੋਲਾਂ ਨੂੰ ਰਿਦਮ ਦਿੱਤਾ। ਜਿੱਥੇ ਕੋਈ ਚੂੰ ਕਰਨ ਦੀ ਜੁਅੱਰਤ ਨਹੀਂ ਸੀ ਕਰ ਰਿਹਾ, ਉੱਥੇ ਕੰਨਾਂ ਵਿਚ ਸਾਹਸ ਪੈਦਾ ਕੀਤਾ। ਤਦੇ ਬਾਬਾ ਉਹਨੂੰ ‘ਭਾਈ ਮਰਦਾਨਾ’ ਦੇ ਰੁਤਬੇ ਨਾਲ ਸੱਦਦਾ ਸੀ। ਮਰਦਾਨਾ ਪੰਜਾਬ ਦੇ ਜਨ-ਸਾਧਾਰਨ ਦੀ ਰੂਹਾਨੀਅਤ ਦਾ ਸਾਹਸ ਬਣਿਆ।
ਬਾਬੇ ਨੇ ਸਫ਼ਰਾਂ ਨੂੰ ਜਿੱਥੇ ਇਕ ਜੀਵਤ ਚਿੰਤਨ ਦੀ ਵਿਧੀ ਵਜੋਂ ਵਰਤਿਆ, ਉੱਥੇ ਸੰਗੀਤ ਨੂੰ ਸੰਵਾਦ ਦੀ ਨਿਮਰਤਾ ਵਜੋਂ ਉਭਾਰਿਆ। ਦੋਵਾਂ ਵਿਧੀਆਂ ਵਿਚ ਮਰਦਾਨਾ ਇਕ ਪੁਲ ਵਾਂਗ ਖੜ੍ਹਾ ਦਿਸਦਾ ਹੈ। ਇਸੇ ਕਰਕੇ ਮਰਦਾਨੇ ਦੀ ਯਾਦ ਇਕ ਗਵਾਹ ਵਜੋਂ ਵੀ ਲੋਕ ਮਨਾਂ ਨੇ ਸਾਂਭ ਕੇ ਰੱਖੀ ਹੈ। ਦੁਨਿਆਵੀ ਲੋਕਾਈ ਕੋਲੋਂ ਜਿਸ ਤਰ੍ਹਾਂ ਇਹ ਜੋੜੀ ਝੂਮ-ਝੂਮ ਕੇ ਲੰਘੀ ਸੀ, ਇਹਨੇ ਪੰਜਾਬ ਦੇ ਰੁੱਖੇ ਤੇ ਕੜਕ ਸੁਭਾਅ ਵਿਚ ਸਦਾ ਲਈ ਹਲੀਮੀ ਭਰ ਦਿੱਤੀ। ਜਿੱਥੇ ਸੰਵਾਦ ਦੇ ਵੱਡੇ ਮੌਕੇ ਪੈਦਾ ਕੀਤੇ, ਉੱਥੇ ਅਨੁਭਵਾਂ ਨੂੰ ਸਫ਼ਰਾਂ ਦੇ ਖ਼ੌਫ਼ ’ਚੋਂ ਬਾਹਰ ਕੱਢਿਆ। ਜੀਵਨ ਭਰ ਬਾਬਾ ਤੋਰਾਂ ਵਿਚ ਰਿਹਾ, ਸਫ਼ਰਾਂ ਵਿਚ ਰਿਹਾ, ਪਰ ਫਿਰ ਵੀ ਲੋਕ ਮਨਾਂ ਵਿਚ ਸਹਿਜ ਤੋਂ ਮਹਾਂ ਸਹਿਜ ਵੱਲ ਜਾਂਦਾ ਦਿਸਿਆ। ਬਾਬੇ ਨੇ ਯਾਤਰਾ ਰਾਹੀਂ ਭਟਕਣ ਵਰਗੀ ਮਨੋ-ਅਵਸਥਾ ’ਚੋਂ ਪੰਜਾਬ ਨੂੰ ਬਾਹਰ ਕੱਢਿਆ ਤੇ ਸਦਾ ਲਈ ਸਫ਼ਰਾਂ ਨੂੰ ‘ਉਦਾਸੀਆਂ’ ਵਰਗੇ ਗਹਿਰ ਗੰਭੀਰ ਅਨੁਭਵ ਨਾਲ ਜੋੜਿਆ। ਮਰਦਾਨਾ ਇਨ੍ਹਾਂ ਸਫ਼ਰਾਂ ਦੀ ਧੜਕਣ ਬਣਿਆ। ਇਹ ਬਾਬੇ ਦੇ ਹਜ਼ਾਰਾਂ ਮੀਲਾਂ ਦੇ ਸਫ਼ਰਾਂ ਦੀ ਚਿਣਗ ਸੀ ਜਿਸ ਵਿਚ ਸੱਚ ਨੂੰ ਹਰ ਕਿਸੇ ਕੋਲ ਪਹੁੰਚਾਉਣ ਦੀ ਚੇਸ਼ਟਾ ਸੀ।
ਮਰਦਾਨਾ ਸੁਣਨ ਤੇ ਪੁੱਛਣ ਦੀ ਸਾਧਨਾ ਵਿਚ ਜੀਵਿਆ। ਇਸ ਪੁੱਛਣ ਦੀ ਤੋਰ ਵਿਚ ਜੋ ਉੱਤਰ ਉਸ ਨੂੰ ਗੁਰੂ ਕੋਲੋਂ ਸੁਣੇ, ਉਨ੍ਹਾਂ ਉੱਤਰਾਂ ਦੀਆਂ ਧੁਨਾਂ ਵੀ ਗੁਰੂ ਨੇ ਮਰਦਾਨੇ ਕੋਲੋਂ ਹੀ ਸੁਣੀਆਂ। ਸੰਵਾਦ ਦੀ ਇਹ ਅਨੋਖੀ ਖੇਡ ਸੀ ਕਿ ਜੋ ਉੱਤਰ ਉਹਨੂੰ ਬਾਬੇ ਕੋਲੋਂ ਸੁਣੇ, ਉਹ ਦੁਬਾਰਾ ਕਾਵਿਕ ਰੂਪ ਵਿਚ ਵੀ ਸੁਣੇ। ਦੋਵਾਂ ਨੇ ਮਿਲ ਕੇ ਉਹਨੂੰ ਗਾਇਆ ਵੀ ਤੇ ਉਨ੍ਹਾਂ ਵਿਚਲੀ ਗਹਿਰੀ ਧੁਨ ਬਾਬਤ ਇਕ ਦੂਜੇ ਕੋਲੋਂ ਪੁੱਛਿਆ ਵੀ। ਇਸ ਤਰ੍ਹਾਂ ਮਰਦਾਨਾ ਦਾਰਸ਼ਨਿਕ ਜਿੱਤਾਂ ਵਿਚ ਵਾਰ-ਵਾਰ ਝੂਮਿਆ। ਪਰ ਏਨੇ ਕੋਮਲ ਭਾਵਾਂ ਤੋਂ ਬਾਹਰ ਉਹ ਅੰਤਿਮ ਸੱਚ ਦੇ ਵਿਦਰੋਹ ਨਾਲ ਵੀ ਘੁੰਮ ਰਿਹਾ ਸੀ। ਇਹ ਹਜ਼ਾਰਾਂ ਮੀਲਾਂ ਦਾ ਸਫ਼ਰ ਜੀਵਤ ਸੁਆਸਾਂ ਵਾਂਗ ਸੀ ਜਿਸ ਵਿਚ ਮਰਦਾਨੇ ਨੂੰ ਕਦੇ ਸੰਗੀਤ ਦੀ ਕੋਮਲਤਾ ਵਿਚ ਉਤਰਨਾ ਪੈਂਦਾ, ਕਦੇ ਸਮਾਜ ਦੇ ਸਭ ਤੋਂ ਤਾਕਤਵਰ, ਖ਼ੌਫ਼ਨਾਕ ਚਿਹਰਿਆਂ ਸਾਹਮਣੇ ਸੂਰਬੀਰਾਂ ਵਾਂਗ ਖੜ੍ਹਨਾ ਪੈਂਦਾ। ਉਹ ਅਜਿਹੇ ਗੁਰੂ ਨਾਲ ਤੁਰ ਰਿਹਾ ਸੀ ਜਿਸ ਦੀ ਨਜ਼ਰ ਸਿਰਫ਼ ਸੱਚ ਉੱਤੇ ਟਿਕੀ ਸੀ। ਇਕ ਅਜਿਹਾ ਸੱਚ, ਜੋ ਆਪਣੇ ‘ਹੋਣ’ ਨੂੰ ਗਾ-ਗਾ ਸੁਣਾਉਂਦਾ ਲੰਘ ਰਿਹਾ ਸੀ।

ਜਸਬੀਰ ਮੰਡ

ਸੰਗੀਤ ਬਾਬੇ ਦੇ ਕਹਿਣ ਦੀ ਵਿਧੀ ਹੈ। ਲੰਬੇ ਸਫ਼ਰਾਂ ਦੌਰਾਨ ਅਲੱਗ-ਅਲੱਗ ਭਾਸ਼ਾਵਾਂ ਆਈਆਂ ਹੋਣਗੀਆਂ। ਬਾਬੇ ਨੇ ਸੰਗੀਤ ਦੀ ਇਕ ਸਰਬ-ਸਾਂਝੀ ਧੁਨੀ ਨਾਲ ਸੰਵਾਦ ਰਚਾਇਆ। ਦੁਨੀਆਂ ਦੇ ਇਤਿਹਾਸ ਵਿਚ ਸ਼ਾਇਦ ਹੀ ਕਿਤੇ ਵਾਪਰਿਆ ਹੋਵੇ ਕਿ ਕਿਸੇ ਕੌਮ ਦੇ ਮੋਢੀ ਨੇ ਉਹਦੀ ਪਾਲਣਾ-ਪੋਸ਼ਣਾ ਏਨੀ ਸੰਗੀਤਮਈ ਕੀਤੀ ਹੋਵੇ। ਬਾਬੇ ਨੇ ਪਹਿਲੀ ਵਾਰ ਰੂਹਾਨੀ ਛਿਣਾਂ ਨੂੰ ਸਮਾਧੀ ਤੋਂ ਬਾਹਰ ਸੰਵਾਦ ਵਿਚ ਲਿਆਂਦਾ ਤੇ ਉਸ ਸੰਵਾਦ ਨੂੰ ਸੁਰ-ਬੱਧ ਵੀ ਕੀਤਾ। ਅਸੀਂ ਅਕਸਰ ਵੱਡਿਆਂ ਦੇ ਸੱਚ ਨੂੰ ਭੈਅਮਈ ਬਣਾ ਲੈਂਦੇ ਹਾਂ ਤੇ ਸਿਰਫ਼ ਤੇ ਸਿਰਫ਼ ਉਹਦੇ ਲਈ ਹੀ ਰਾਖਵਾਂ ਰੱਖ ਲੈਂਦੇ ਹਾਂ ਤੇ ਸੱਚ ਨੂੰ ਦੋਫਾੜ ਕਰਕੇ ਜੀਣ ਲੱਗ ਪੈਂਦੇ ਹਾਂ, ਜਦੋਂਕਿ ਬਾਬਾ ਹਮੇਸ਼ਾ ਅਜਿਹੇ ਪਾੜਿਆਂ ਨੂੰ ਸਾਰੀ ਉਮਰ ਪੂਰਦਾ ਰਿਹਾ ਤੇ ‘ਸਭਨਾਂ ਦਾ ਸੱਚ ਇਕ ਹੈ’ ਦਾ ਪਾਠ ਪੜ੍ਹਾਉਂਦਾ ਰਿਹਾ। ਜਦੋਂ ਪੂਰਾ ਪੰਜਾਬ ਜੰਗੀ ਅਨੁਭਵਾਂ ਦੇ ਨਾਜ਼ੁਕ ਦੌਰ ਵਿਚ ਬਾਬਰ ਹੱਥੋਂ ਕੰਬ ਰਿਹਾ ਸੀ, ਉਦੋਂ ਵੀ ਬਾਬੇ ਨੇ ਸਹਿਜ, ਸੰਜਮ ਤੇ ਸਾਦਗੀ ਦੀਆਂ ਝਲਕਾਂ ਵਿਖਾਈਆਂ। ਵਿਦਰੋਹ ਨੂੰ ਕਾਵਿਕ ਤੇ ਸੰਗੀਤਮਈ ਹੋਣ ਦਿੱਤਾ। ‘‘ਹੋਰ ਵੀ ਉਠਸੀ ਮਰਦ ਕਾ ਚੇਲਾ।’’ ਬਾਬੇ ਤੋਂ ਬਿਨਾਂ ਪੰਜਾਬ ਦਾ ਹਿੰਸਕ ਚਿਹਰਾ ਪਤਾ ਨਹੀਂ ਕਿੰਨਾ ਵਹਿਸ਼ੀ ਹੋ ਜਾਂਦਾ! ਯੁਗ ਪੁਰਸ਼ ਤੁਹਾਨੂੰ ਜ਼ਿਆਦਾ ਬਦਲਣ ਲਈ ਨਹੀਂ ਕਹਿੰਦੇ ਸਗੋਂ ਉਨ੍ਹਾਂ ਨੂੰ ਵੇਖ ਕੇ ਤੁਸੀਂ ਬਦਲਣ ਲੱਗ ਪੈਂਦੇ ਹੋ। ਬਾਬੇ ਨੇ ਅਜਿਹੀ ਹੀ ਇਕ ਸੂਖ਼ਮ ਵਿਧੀ ਸ਼ਬਦ ਤੇ ਧੁਨ ਵਿਚਾਲੇ ਪੈਦਾ ਕੀਤੀ। ਇਸ ਸ਼ਬਦ ਤੇ ਧੁਨੀ ਵਿਚਕਾਰ ਮਰਦਾਨਾ ਇਕ ਵਾਰ ਫਿਰ ਰਬਾਬ ਫੜੀ ਲਿਸ਼ਕਦਾ ਹੈ।
ਬਾਬੇ ਨੇ ਸਫ਼ਰਾਂ ਦੇ ਬੇਸੁਰੇ, ਰੁੱਖੇਪਣ ਨੂੰ ਸੰਗੀਤ ਨਾਲ ਸੁਰਬੱਧ ਕੀਤਾ ਤੇ ਇਸ ਧਰਤੀ ਉੱਤੇ ਇਕ ਜਗ੍ਹਾ ਤੋਂ ਦੂਜੀ ਜਗ੍ਹਾ ਜਾਣ ਦੇ ਉਤਸ਼ਾਹ ਨੂੰ ਕਾਵਿਮਈ ਕਰ ਦਿੱਤਾ। ਇਨ੍ਹਾਂ ਸਫ਼ਰਾਂ ’ਚੋਂ ਲੰਘਦਿਆਂ ਵੇਖਣ ਤੇ ਸਮਝਣ ਦੀ ਦ੍ਰਿਸ਼ਟੀ ਨੂੰ ‘ਹੋਣ’ ਦੀ ਖ਼ੂਬਸੂਰਤੀ ਨਾਲ ਨਿਵਾਜਿਆ। ਸੋਚਣ ਦੇ ਨਵੇਂ ਦੁਆਰ ਖੋਲ੍ਹੇ ਤੇ ਸੰਗੀਤ ਨਾਲ ਦਾਰਸ਼ਨਿਕਤਾ ਨੂੰ ਕੋਮਲ ਕੀਤਾ। ਬਾਬੇ ਨੇ ਜੀਵਨ ਦੀ ਤੋਰ ਨਾਲ ਇਤਿਹਾਸ ਦੀਆਂ ਖਾਲੀ ਥਾਵਾਂ ਨੂੰ ਸੁੰਨਸਾਨ ਤੇ ਕਲਪਨਾਹੀਣ ਨਹੀਂ ਬਣਨ ਦਿੱਤਾ ਸਗੋਂ ਉਹ ਸਭ ਖਾਲੀ ਥਾਵਾਂ ਸੰਗੀਤ ਦੀਆਂ ਧੁਨਾਂ ਨਾਲ ਅਰਥ-ਭਰਪੂਰ ਬਣਾਈਆਂ। ਇੱਥੇ ਵੀ ਮਰਦਾਨਾ ਚੁੱਪ-ਚੁਪੀਤੇ ਇਸ ਮਹਾਂ-ਕਾਰਜ ਵਿਚ ਸ਼ਾਮਲ ਦਿਸਦਾ ਹੈ।
ਬਾਬਾ ਸਵੈ ਦੀ ਇਕਾਗਰਤਾ ਨਾਲ ਸਮੂਹ ਨੂੰ ਸੰਗਤ ਦੀ ਤਾਕਤ ਬਖ਼ਸ਼ਦਾ ਲੰਘਿਆ। ਬਾਬਾ ਜਿਸ ਤਰ੍ਹਾਂ ਸਾਡੇ ਅੰਦਰ ਸਮਾਇਆ ਹੈ, ਉਹ ਹੈ ਬਾਬੇ ਦਾ ‘ਹੋਣਾ’। ਸਾਡੇ ਦਿਲਾਂ ਵਿਚ ਬਾਬੇ ਦੇ ‘ਹੋਣ’ ਦੀ ਬਹੁਤ ਗਹਿਰੀ ਕਾਵਿਕ ਸ਼ੈਲੀ ਹੈ। ਬਾਬੇ ਨੇ ਜੀਵਨ ਨੂੰ ਗਾ ਕੇ ਕਹਿਣ ਦੀ ਵਿਧੀ ਦੱਸੀ ਤੇ ਸੋਚਣ ਨੂੰ ਰਿਦਮ ਦਿੱਤਾ। ਇਤਿਹਾਸ ਵਿਚ ਬਾਬਾ ਜਿੱਥੇ ਦਿਸਦਾ ਨਹੀਂ, ਉੱਥੇ ਉਹਦੀ ਧੁਨ ਸੁਣਦੀ ਹੈ। ਜਿੱਥੇ ਧੁਨ ਸੁਣਦੀ ਹੈ, ਉੱਥੇ ਮਰਦਾਨਾ ਹੀ ਖੜ੍ਹਾ ਦਿਸਦਾ ਹੈ।
(ਜਸਬੀਰ ਮੰਡ ਨੇ ਭਾਈ ਮਰਦਾਨਾ ਬਾਰੇ ਨਾਵਲ ‘ਬੋਲ ਮਰਦਾਨਿਆ’ ਲਿਖਿਆ। ਇਹ ਨਾਵਲ ਬਾਬਾ ਨਾਨਕ ਤੇ ਭਾਈ ਮਰਦਾਨੇ ਦੇ ਸਾਥ ਨੂੰ ਸ਼ਬਦੀ ਜਾਮਾ ਪਹਿਨਾਉਣ ਦਾ ਸਾਰਥਕ ਯਤਨ ਹੈ।)

ਸੰਪਰਕ: 89688-34726

ਉਠ ਮਰਦਾਨਿਆਂ ਤੂੰ ਚੱਕ ਲੈ ਰਬਾਬ ਭਾਈ

ਉਠ ਮਰਦਾਨਿਆਂ ਤੂੰ ਚੱਕ ਲੈ ਰਬਾਬ ਭਾਈ,
ਚਲ ਕੇ ਤਾਂ ਦੇਖ ਲਈਏ ਰੰਗ ਕਰਤਾਰ ਦੇ।
ਰਾਏ ਤਲਵੰਡੀ ਦੀਆਂ ਵੰਡੀਆਂ ਭੀ ਪੈ ਗਈਆਂ?
ਵਗਦੇ ਨੇ ਹੰਝੂ ਕਿਵੇਂ ਵੇਖ ਰਾਏ ਬੁਲਾਰ ਦੇ।
ਭਾਈਆਂ ਤੋਂ ਭਾਈ ਤੋੜਕੇ ਐਂ ਵੱਖ ਕੀਤਾ,
ਲਹੂਆਂ ਦੇ ਵਹਿਣ ਵਗੇ ਸੁਹਣੀ ਵਿਚ ਬਾਰ ਦੇ।
ਇਧਰ ਉਜਾੜੇ ਰਹੇ ਉਧਰ ਨਾ ਵਸਣ ਜੋਗੇ,
ਧੱਕਾ ਦੇਕੇ ਡੋਬ ਦਿੱਤੇ ਵਿਚ ਡੂੰਘੀ ਧਾਰ ਦੇ।

– ਗਿਆਨੀ ਈਸ਼ਰ ਸਿੰਘ ਦਰਦ

ਹਰਿਭਜਨ ਸਿੰਘ

ਮਰਦਾਨਾ ਬੋਲਦਾ ਹੈ

ਮੇਰਾ ਨਾਨਕ ਇਕੱਲਾ ਰਹਿ ਗਿਆ
ਬਹੁਤ ਦਿਨ ਬੀਤ ਗਏ
ਸੰਗਤ ’ਚ ਮਰਦਾਨਾ ਨਹੀਂ ਆਇਆ
ਮਰਦਾਨਾ ਗੁਰੂ ਦਾ ਯਾਰ ਸੀ
ਉਹਦੇ ਸਦਕਾ ਗੁਰੂ ਦੇ ਆਸੇ-ਪਾਸੇ
ਦੋਸਤੀ ਦੀ ਮਹਿਕ ਸੀ
ਜਦੋਂ ਰਬਾਬ ’ਚੋਂ ਸਰਗਮ ਉਦੈ ਹੁੰਦੀ
ਗੁਰੂ ਦੇ ਬੋਲ ਸਵੇਰੀ ਪੌਣ ਵਾਂਗੂੰ ਜਾਗਦੇ ਹਨ
ਅੱਜ ਵੀ ਸੰਗਤ ਵਿਚ ਗੁਰੂ ਦੇ ਬੋਲ ਨੇ
ਪਰ ਸੁਰ ਨਹੀਂ
ਗੁਰੂ ਦਾ ਸ਼ਬਦ ਹੈ
ਪਰ ਅਰਥ ਗੁੰਮ ਹੋ ਗਿਆ ਹੈ
ਕੀਰਤਨ ਦੀ ਭੀੜ ਹੈ
ਸੰਗੀਤ ਦਾ ਚਿਹਰਾ ਨਹੀਂ ਦਿਸਦਾ
ਕਿਸੇ ਖੂੰਜੇ ’ਚ ਗੁੰਮ-ਸੁੰਮ ਚੁੱਪ ਪਈ ਰਬਾਬ
ਕਈ ਸਾਲਾਂ ਤੋਂ ਇਸ ਦੀ ਤਾਰ ’ਚੋਂ
ਝਨਕਾਰ ਨਹੀਂ ਜਾਗੀ
ਕਿਸੇ ਆਸ਼ਕ ਦੀ ਮਹਿਰਮ ਛੋਹ ਬਿਨਾਂ
ਸਾਜ਼ ’ਚੋਂ ਸੁਰਤਾਲ ਦਾ ਜਾਦੂ ਨਹੀਂ ਉਗਦਾ
ਕੋਈ ਜਾਵੋ ਲਿਆਵੋ ਸਾਜ਼ ਦੇ ਮਹਿਰਮ ਨੂੰ
ਪਾਰੋਂ ਮੋੜ ਕੇ
ਕਿਸੇ ਵੀ ਸਾਜ਼ ਬਿਨ
ਆਵਾਜ਼ ਦਾ ਕੁਝ ਭੇਤ ਨਹੀਂ ਪਾਇਆ
ਮੇਰਾ ਨਾਨਕ ਇਕੱਲਾ ਰਹਿ ਗਿਆ ਹੈ
ਬਹੁਤ ਦਿਨ ਬੀਤ ਗਏ
ਸੰਗਤ ’ਚ ਮਰਦਾਨਾ ਨਹੀਂ ਆਇਆ।
ਕਦੀ ਬਚਪਨ ’ਚ, ਆਪਣੇ ਘਰ
ਮੈਂ ਇਕ ਤਸਵੀਰ ਦੇਖੀ ਸੀ
ਗੁਰੂ ਨਾਨਕ ਦੇ ਲਾਗੇ ਯਾਰ ਮਰਦਾਨਾ ਰਬਾਬੀ ਸੀ
ਮੈਨੂੰ ਤਸਵੀਰ ਵਿਚ ਦੁਨੀਆਂ ਦਾ
ਸਾਰਾ ਅਰਥ ਦਿਸਦਾ ਸੀ
ਇਹ ਦੁਨੀਆਂ ਸੀ-
ਮੇਰੇ ਬਚਪਨ ਜਿਹੀ ਸਾਦਾ
ਕਿਸੇ ਮਿੱਤਰ ਜਿਹੀ ਨਿਰਛਲ
ਅਚਨਚੇਤੇ ਕਿਸੇ ਨਿਰਮੋਹ ਨੇ
ਮਰਦਾਨੇ ਨੂੰ ਤਸਵੀਰੋਂ ਅਲਗ ਕੀਤਾ
ਯਾ ਕਿ ਮਰਦਾਨਾ ਹੀ ਆਪੇ ਦੌੜ ਕੇ
ਤਸਵੀਰ ਵਿੱਚੋਂ ਨਿਕਲ ਤੁਰਿਆ
ਹੁਣ ਜਦੋਂ ਤਸਵੀਰ ਨੂੰ ਤੱਕਦਾ ਹਾਂ
ਜ਼ਿੰਦਗੀ ਦਾ ਨਿੱਘ ਤਨ ’ਚੋਂ ਖਿਸਕ ਜਾਂਦਾ ਹੈ
ਸੁਲਗਦੀ ਦੇਹੀ ’ਚੋਂ ਚਾਨਣ ਜਲਾਵਤਨ ਹੁੰਦੈ
ਦੋੋਸਤੀ ਵਕਤੀ ਜ਼ਰੂਰਤ ਤੋਂ ਸਿਵਾ ਕੁਝ ਵੀ ਨਹੀਂ
ਸ਼ਾਇਦ
ਸ਼ਾਇਰੀ ਸੰਗੀਤ ਦਾ ਰਿਸ਼ਤਾ ਵੀ ਮਨ ਦਾ ਵਹਿਮ ਹੈ
ਜਿਹਨੂੰ ਚਾਨਣ ਸਮਝ ਆਪਣਾ ਕਿਹਾ
ਨਿਕਲੀ ਉਹੋ ਛਾਇਆ
ਮੇਰਾ ਨਾਨਕ ਇਕੱਲਾ ਰਹਿ ਗਿਆ ਹੈ
ਬਹੁਤ ਦਿਨ ਬੀਤ ਗਏ
ਸੰਗਤ ’ਚ ਮਰਦਾਨਾ ਨਹੀਂ ਆਇਆ
ਦੂਰ ਮਰਦਾਨੇ ਦੀ ਨਗਰੀ ’ਚੋਂ
ਕਦੇ ਆਵਾਜ਼ ਆਉਂਦੀ ਏ:
ਮੈਂ ਆਪਣੇ ਸ਼ਹਿਰ ਵਿਚ ਕੱਲਾ
ਮੈਨੂੰ ਨਾਨਕ ਨਹੀਂ ਮਿਲਦਾ
ਜਿਸ ਜਗ੍ਹਾ ਨਾਨਕ ਕਦੀ ਮੱਝੀਂ ਚਰਾਈਆਂ ਸਨ
ਓਸ ਥਾਵੇਂ ਆਦਮੀ ਦੀ ਫ਼ਸਲ ਸਾਰੀ ਉਜੜ ਚੁੱਕੀ ਹੈ
ਕੌਣ ਇਸ ਖੇਤੀ ਨੂੰ ਮੁੜ ਹਰਿਆਂ ਕਰੇ?
ਜਿਸ ਜਗ੍ਹਾ ਨਾਨਕ ਮੇਰੇ ਦੀਆਂ ਯਾਦਗਾਰਾਂ ਨੇ
ਓਸ ਥਾਵੇਂ ਕੌਣ ਉਸ ਨੂੰ ਯਾਦ ਕਰਦਾ ਹੈ?
ਮੇਰੇ ਸੰਗੀਤ ਦੇ ਸੁਰ ਬੇਸੁਰੇ ਨੇ
ਮੈਂ ਆਪਣੇ ਸਫ਼ਰ ਵਿਚ ਹਰ ਥਾਂ ਬੇਤਾਲਾ ਹਾਂ
ਸਫ਼ਰ ਨੂੰ ਮਨਜ਼ਿਲ ਨਹੀਂ
ਪਿਆਸ ਲਈ ਪਾਣੀ ਨਹੀਂ
ਮੈਂ ਆਪਣੇ ਯਾਰ ਦੀ ਨਗਰੀ
’ਚ ਹੀ ਬੇਯਾਰ ਫਿਰਦਾ ਹਾਂ
ਭਟਕਣਾਂ ਦੇ ਦੇਸ ਵਿਚ
ਅਕ-ਕਕੜੀਆਂ ਨੂੰ ਕੌਣ ਅਜ ਮਿੱਠਾ ਕਰੇ?
ਕੋਈ ਆਖੋ ਮੇਰੇ ਨਾਨਕ ਨੂੰ
ਮੇਰੇ ਸ਼ਹਿਰ ਆਵੇ, ਆਪਣੇ ਸ਼ਹਿਰ ਆਵੇ
ਕੋਈ ਆਖੋ ਮੈਨੂੰ ਮੱਕੇ ਉਦਾਸੀ ਫੇਰ ਲੈ ਜਾਵੇ
ਕਿ ਮੈਂ ਤਈਆਰ ਹਾਂ
ਮੁੜ ਦੋਸਤੀ ਦੇ ਸਫ਼ਰ ਤੇ ਤੁਰ ਜਾਣ ਲਈ
ਸਿਰਫ਼ ਤਸਵੀਰ ਵਿਚ ਬਹਿ ਜਾਣ ਦਾ
ਮੌਕਾ ਨਹੀਂ ਆਇਆ
ਮੇਰਾ ਨਾਨਕ ਇਕੱਲਾ ਰਹਿ ਗਿਆ ਹੈ
ਬਹੁਤ ਦਿਨ ਬੀਤ ਗਏ
ਸੰਗਤ ’ਚ ਮਰਦਾਨਾ ਨਹੀਂ ਆਇਆ।


Comments Off on ਬਾਬਾ ਨਾਨਕ ਦਾ ਸਹਿ-ਯਾਤਰੀ ਭਾਈ ਮਰਦਾਨਾ
1 Star2 Stars3 Stars4 Stars5 Stars (No Ratings Yet)
Loading...
Both comments and pings are currently closed.

Comments are closed.

Available on Android app iOS app
Powered by : Mediology Software Pvt Ltd.