ਅਯੁੱਧਿਆ ਕੇਸ: ਸਾਰੇ ਸਵਾਲ ਸਾਡੇ ਤੋਂ ਹੀ ਕਿਉਂ? !    ਜਾਪਾਨ ’ਚ ਸਮੁੰਦਰੀ ਤੂਫ਼ਾਨ ਨਾਲ ਮਰਨ ਵਾਲਿਆਂ ਦੀ ਗਿਣਤੀ 56 ਹੋਈ !    ਆਵਲਾ ਖ਼ਿਲਾਫ਼ ਚੋਣ ਕਮਿਸ਼ਨ ਕੋਲ ਸ਼ਿਕਾਇਤ !    ਅਕਾਲੀ ਦਲ ਦਾ ਰਾਜਸੀ ਵਿੰਗ ਹੈ ਸ਼੍ਰੋਮਣੀ ਕਮੇਟੀ: ਰੰਧਾਵਾ !    ਗੁਰਬੱਤ ਵੀ ਨਹੀਂ ਰੋਕ ਸਕੀ ਬੂਟ ਪਾਲਿਸ਼ ਵਾਲੇ ਸਨੀ ਦਾ ਰਾਹ !    ਪੁਲੀਸ ਵੱਲੋਂ ਪਿੰਡਾਂ ’ਚ ਤਲਾਸ਼ੀ ਮੁਹਿੰਮ ਜਾਰੀ !    ਪ੍ਰਕਾਸ਼ ਪੁਰਬ ਸਮਾਗਮਾਂ ਨੂੰ ਤਾਰਪੀਡੋ ਕਰ ਰਿਹੈ ਬਾਦਲ ਦਲ: ਸਰਨਾ !    ਪਾਦਰੀ ਕੇਸ: ਮੁਹਾਲੀ ਅਦਾਲਤ ਨੇ ਨਿਰਮਲ ਤੇ ਸੁਰਿੰਦਰਪਾਲ ਭਗੌੜੇ ਐਲਾਨੇ !    ਦਿੱਲੀ ਦੇ ਚਾਰ ਸਟੇਡੀਅਮ ਸਾਰਿਆਂ ਲਈ ਖੋਲ੍ਹਣ ਦਾ ਫ਼ੈਸਲਾ !    ਪੰਜਾਬ ਨੇ ਕੌਮੀ ਸੀਨੀਅਰ ਤੇ ਜੂਨੀਅਰ ਗਤਕਾ ਚੈਂਪੀਅਨਸ਼ਿਪ ਜਿੱਤੀ !    

ਫ਼ਿਲਮਾਂ ਵਿਚ ਅਧਿਆਪਕਾਂ ਦੀ ਹਾਜ਼ਰੀ

Posted On June - 15 - 2019

ਜਤਿੰਦਰ ਸਿੰਘ

ਅਧਿਆਪਕ ਸਮਾਜ ਦੀ ਤਸਵੀਰ ਸੰਵਾਰਨ ਵਿਚ ਅਹਿਮ ਭੂਮਿਕਾ ਨਿਭਾਉਂਦਾ ਹੈ। ਇਸ ਲਈ ਅਧਿਆਪਕ ਨੂੰ ਰਾਸ਼ਟਰ ਨਿਰਮਾਤਾ ਦੇ ਤੌਰ ’ਤੇ ਜਾਣਿਆ ਜਾਂਦਾ ਹੈ। ਦੇਸ਼ ਦੇ ਸਾਬਕਾ ਰਾਸ਼ਟਰਪਤੀ ਰਾਧਾਕ੍ਰਿਸ਼ਨਨ, ਦੂਜੇ ਪ੍ਰਧਾਨ ਮੰਤਰੀ ਲਾਲ ਬਹਾਦਰ ਸਾਸ਼ਤਰੀ, ਸਾਬਕਾ ਪ੍ਰਧਾਨ ਮੰਤਰੀ ਡਾ. ਮਨਮੋਹਨ ਸਿੰਘ, ਸਾਬਕਾ ਰਾਸ਼ਟਰਪਤੀ ਏ.ਪੀ.ਜੇ. ਅਬਦੁਲ ਕਲਾਮ, ਮੁਨਸ਼ੀ ਪ੍ਰੇਮ ਚੰਦ, ਰਾਬਿੰਦਰ ਨਾਥ ਟੈਗੋਰ ਵਰਗੀਆਂ ਮਹਾਨ ਸ਼ਖ਼ਸੀਅਤਾਂ ਨੇ ਆਪਣਾ ਜੀਵਨ ਸਫ਼ਰ ਅਧਿਆਪਕ ਦੇ ਤੌਰ ’ਤੇ ਹੀ ਸ਼ੁਰੂ ਕੀਤਾ। ਉਨ੍ਹਾਂ ਦੀਆਂ ਪ੍ਰਾਪਤੀਆਂ ਤੋਂ ਮੁਨਕਰ ਨਹੀਂ ਹੋਇਆ ਜਾ ਸਕਦਾ। ਅਧਿਆਪਕ ਤੋਂ ਬਿਨਾਂ ਚੰਗੇ ਤੇ ਸਿਹਤਯਾਬ ਸਮਾਜ ਦਾ ਤਸੱਵਰ ਕਰਨਾ ਅਸੰਭਵ ਹੈ। ਹਿੰਦੋਸਤਾਨੀ ਦਰਸ਼ਨ ਵਿਚ ਗੁਰੂ-ਸ਼ਿਸ਼ ਪਰੰਪਰਾ ਦੀ ਬਹੁਤ ਮਹਾਨਤਾ ਹੈ।
ਭਾਰਤੀ ਫ਼ਿਲਮਾਂ ਵਿਚ ਵੀ ਅਧਿਆਪਕ ਦੀ ਭੂਮਿਕਾ ਨੂੰ ਉਭਾਰਿਆ ਗਿਆ ਹੈ। ਆਜ਼ਾਦੀ ਤੋਂ ਬਾਅਦ ਹਿੰਦੋਸਤਾਨੀ ਫ਼ਿਲਮਾਂ ਵਿਚ ਅਧਿਆਪਕਾਂ ਦੀ ਭੂਮਿਕਾ ਉਸੇ ਤਰ੍ਹਾਂ ਦੀ ਸੀ ਜਿਸ ਤਰ੍ਹਾਂ ਦੀ ਜ਼ਿੰਮੇਵਾਰੀ ਤੇ ਆਦਰਸ਼ਾਂ ਵਾਲੀ ਹੋਣੀ ਚਾਹੀਦੀ ਸੀ। ‘ਜਾਗ੍ਰਿਤੀ’ (1954) ਫ਼ਿਲਮ ਦਾ ਨਿਰਦੇਸ਼ਨ ਸਤਿਅਨ ਬੋਸ ਨੇ ਕੀਤਾ। ਇਸ ਫ਼ਿਲਮ ਦਾ ਬਹੁਤ ਮਸ਼ਹੂਰ ਗੀਤ ‘ਆਓ ਬੱਚੋਂ ਤੁਮਹੇਂ ਦਿਖਾਏਂ ਝਾਕੀ ਹਿੰਦੋਸਤਾਨ ਕੀ’ ਹੈ। ਇਹ ਫ਼ਿਲਮ ਉਨ੍ਹਾਂ ਬੱਚਿਆਂ ਦੀ ਜ਼ਿੰਦਗੀ ’ਤੇ ਆਧਾਰਿਤ ਹੈ ਜੋ ਘਰੋਂ ਦੂਰ ਰਹਿ ਕੇ ਬੋਰਡਿੰਗ ਸਕੂਲ ਵਿਚ ਸਿੱਖਿਆ ਪ੍ਰਾਪਤ ਕਰਦੇ ਹਨ। ਉਹ ਜਿਹੜੀ ਸਿੱਖਿਆ ਪ੍ਰਾਪਤ ਕਰਦੇ ਹਨ ਉਹ ਕੱਟੜਤਾ ਰਹਿਤ ਹੈ। ਇਹ ਅਧਿਆਪਕ ਤੇ ਵਿਦਿਆਰਥੀ ਦੇ ਆਪਸੀ ਨਿੱਘ, ਸਤਿਕਾਰ ਵਾਲੀਆਂ ਬਿਹਤਰੀਨ ਫ਼ਿਲਮਾਂ ਵਿਚੋਂ ਇਕ ਹੈ। ਦੂਜੀ ਚਰਚਿਤ ਫ਼ਿਲਮ ‘ਦੋ ਆਂਖੇ ਬਾਰਾਂ ਹਾਥ’ (1957) ਹੈ। ਇਸਦੇ ਨਿਰਦੇਸ਼ਕ ਵੀ. ਸ਼ਾਂਤਾਰਾਮ ਸਨ। ਭਾਵੇਂ ਸਿੱਧੇ ਤੌਰ ’ਤੇ ਇਹ ਫ਼ਿਲਮ ਅਧਿਆਪਕ ਤੇ ਵਿਦਿਆਰਥੀ ਸਬੰਧਾਂ ਵਾਲੀ ਨਹੀਂ ਹੈ। ਫਿਰ ਵੀ ਜੇਲ੍ਹ ਵਾਰਡਨ ਤੇ ਖ਼ਤਰਨਾਕ ਕੈਦੀਆਂ ਦਾ ਆਪਸੀ ਰਿਸ਼ਤਾ ਅਧਿਆਪਕ ਤੇ ਵਿਦਿਆਰਥੀ ਵਾਲਾ ਹੀ ਹੈ। ਇਸ ਫ਼ਿਲਮ ਵਿਚ ਜੇਲ੍ਹ ਵਾਰਡਨ ਵੱਲੋਂ ਕੈਦੀਆਂ ਨੂੰ ਜ਼ਿੰਦਗੀ ਨੂੰ ਸਮਝਣ ਤੇ ਜਿਉਣ ਦੇ ਚੰਗੇ ਤਰੀਕਿਆਂ ਵੱਲ ਪ੍ਰੇਰਿਤ ਕੀਤਾ ਜਾਂਦਾ ਹੈ ਤਾਂ ਜੋ ਉਹ ਆਮ ਨਾਗਰਿਕ ਵਾਂਗ ਜੀਅ ਸਕਣ। ਇਨ੍ਹਾਂ ਫ਼ਿਲਮਾਂ ਨੂੰ ਪਹਿਲੇ ਦੌਰ ਦੀਆਂ ਬਿਹਤਰੀਨ ਫ਼ਿਲਮਾਂ ਦੀ ਸ਼੍ਰੇਣੀ ਵਿਚ ਰੱਖਿਆ ਜਾ ਸਕਦਾ ਹੈ।

ਜਤਿੰਦਰ ਸਿੰਘ

ਦੂਜੇ ਦੌਰ ਦੀਆਂ ਫ਼ਿਲਮਾਂ ਵਿਚ ‘ਪਰੀਚੈ’ (1978) ਬੱਚਿਆਂ ਤੇ ਦਾਦੇ ਵਿਚਲੀ ਖਿੱਚੋਤਾਣ ’ਤੇ ਆਧਾਰਿਤ ਹੈ। ਇਸ ਫ਼ਿਲਮ ਦੇ ਮੁੱਖ ਕਿਰਦਾਰ ਦੀ ਭੂਮਿਕਾ ਜਤਿੰਦਰ ਵੱਲੋਂ ਨਿਭਾਈ ਗਈ। ਜਤਿੰਦਰ ਫ਼ਿਲਮ ਵਿਚ ਅਧਿਆਪਕ ਦਾ ਰੋਲ ਅਦਾ ਕਰਦਾ ਹੈ ਅਤੇ ਬੱਚਿਆਂ ਅਤੇ ਦਾਦੇ ਦੇ ਰਿਸ਼ਤੇ ਵਿਚਲੀ ਦੂਰੀ ਤੇ ਮਨ ਮੁਟਾਅ ਨੂੰ ਦੂਰ ਕਰਨ ਦਾ ਯਤਨ ਕਰਦਾ ਹੈ। ਫ਼ਿਲਮ ‘ਇਮਤਿਹਾਨ’ (1974) ਦਾ ਨਿਰਦੇਸ਼ਨ ਮਦਨ ਸਿਨਹਾ ਵੱਲੋਂ ਕੀਤਾ ਗਿਆ। ਇਸ ਫ਼ਿਲਮ ਵਿਚ ਵਿਨੋਦ ਖੰਨਾ ਇਕ ਆਦਰਸ਼ ਪ੍ਰੋਫੈਸਰ ਦਾ ਕਿਰਦਾਰ ਅਦਾ ਕਰਦਾ ਹੈ। ਉਹ ਵਿਦਿਆਰਥੀਆਂ ਦੀ ਬਿਹਤਰੀ ਲਈ ਕਈ ਨਵੇਂ ਤਰੀਕੇ ਲੱਭਦਾ ਤੇ ਵਿਵਹਾਰ ਵਿਚ ਲਿਆਉਂਦਾ ਹੈ। ਦੂਸਰੇ ਦੌਰ ਦੀਆਂ ਫ਼ਿਲਮਾਂ ਨਾਲੋਂ ਪਹਿਲੇ ਦੌਰ ਦੀਆਂ ਫ਼ਿਲਮਾਂ ਵਿਚ ਰੁਮਾਂਸਵਾਦੀ ਤੱਤਾਂ ਦੀ ਭਰਮਾਰ ਵਧੇਰੇ ਨਜ਼ਰ ਆਉਂਦੀ ਹੈ ਅਤੇ ਇਹ ਫ਼ਿਲਮਾਂ ਵਪਾਰਕ ਪੈਂਤੜੇਬਾਜ਼ੀ ਦੇ ਵੀ ਨੇੜੇ ਆ ਜਾਂਦੀਆਂ ਹਨ।
ਤੀਜੇ ਦੌਰ ਦੀਆਂ ਫ਼ਿਲਮਾਂ ਵਿਚ ‘ਮੁੰਨਾ ਭਾਈ ਐੱਮ.ਬੀ.ਬੀ. ਐੱਸ’, ‘ਥ੍ਰੀ ਇਡੀਅਟਸ’, ‘ਮੁਹੱਬਤੇਂ’, ‘ਤਾਰੇ ਜ਼ਮੀਂ ਪਰ’, ‘ਚੱਕ ਦੇ ਇੰਡੀਆ’, ‘ਬਲੈਕ’ ਆਦਿ ਹਨ। ‘ਮੁੰਨਾ ਭਾਈ ਐੱਮ.ਬੀ.ਬੀ. ਐੱਸ’ ਤੇ ‘ਥ੍ਰੀ ਇਡੀਅਟਸ’ ਫ਼ਿਲਮਾਂ ਵਿਚ ਮੌਜੂਦਾ ਸਿੱਖਿਆ ਪ੍ਰਣਾਲੀ ’ਤੇ ਸਿੱਧਾ ਵਿਅੰਗ ਕੀਤਾ ਗਿਆ ਹੈ। ਨਾਲ ਹੀ ਇਸ ਵਿਅੰਗ ਨਾਲ ਅਧਿਆਪਕ ਦੀ ਕਿਰਦਾਰਕੁਸ਼ੀ ਵੀ ਹੋ ਗਈ ਹੈ। ਇਨ੍ਹਾਂ ਫ਼ਿਲਮਾਂ ਵਿਚ ਸਿੱਖਿਆ ਦੇ ਸਾਧਨਾਂ ’ਤੇ ਅਮੀਰ ਲੋਕਾਂ ਦਾ ਕਬਜ਼ਾ ਦਿਖਾਇਆ ਗਿਆ ਹੈ ਅਤੇ ਲੋਕਾਂ ਵਿਚ ਡਾਕਟਰ ਅਤੇ ਇੰਜੀਨਅਰ ਬਣਨ ਦੀ ਦੌੜ ਲੱਗੀ ਹੋਈ ਹੈ, ਪਰ ਜੋ ਅਧਿਆਪਕ ਦਾ ਰੁਤਬਾ ਹੈ, ਉਸ ਨਾਲ ਨਿਆਂ ਨਹੀਂ ਹੋਇਆ ਲੱਗਦਾ ਸਗੋਂ ਦਿਨ-ਬ-ਦਿਨ ਅਧਿਆਪਕ ਦੀ ਕਿਰਦਾਰਕੁਸ਼ੀ ਹੋ ਗਈ ਲੱਗਦੀ ਹੈ। ਫ਼ਿਲਮਸਾਜ਼ ਇਸ ਗੱਲ ਵੱਲੋਂ ਬਿਲਕੁਲ ਬੇਧਿਆਨੇ ਹੋ ਜਾਂਦੇ ਹਨ ਕਿ ਅਧਿਆਪਕ ਨੇ ਸਮਾਜ ਦੀ ਅਗਵਾਈ ਕਰਨੀ ਹੁੰਦੀ ਹੈ, ਇਸ ਲਈ ਉਸ ਦੇ ਕਿਰਦਾਰ ਨਾਲ ਨਿਆਂ ਹੋਣਾ ਲਾਜ਼ਮੀ ਹੈ।
ਪੰਜਾਬੀ ਸਿਨਮਾ ਵਿਚ ਅਧਿਆਪਕ ਦੀ ਸਥਿਤੀ ਜ਼ਿਆਦਾਤਰ ਹਾਸੋਹੀਣੀ ਬਣਾ ਦਿੱਤੀ ਗਈ ਹੈ। ਕੁਝ ਕੁ ਫ਼ਿਲਮਾਂ ਨੂੰ ਛੱਡ ਕੇ ਜਿਵੇਂ ‘ਮਨ ਜੀਤੈ ਜਗ ਜੀਤ’, ‘ਅਰਦਾਸ’ ਤੇ ‘ਹਰਜੀਤਾ’, ਬਾਕੀ ਜ਼ਿਆਦਾਤਰ ਫ਼ਿਲਮਾਂ ਵਿਚ ਅਧਿਆਪਕ ਨੂੰ ਸਹਿਕਰਮੀ ਨਾਲ ਇਸ਼ਕ ਫਰਮਾਉਂਦਾ ਹੀ ਦਿਖਾਇਆ ਗਿਆ ਜਾਂ ਫਿਰ ਫ਼ਿਲਮ ਵਿਚ ਮੁੱਖ ਕਿਰਦਾਰਾਂ ਵੱਲੋਂ ਕਲਾਸ ਰੂਮ ਵਿਚ ਭੱਦੇ ਮਜ਼ਾਕ ਦਾ ਸ਼ਿਕਾਰ ਹੋਣਾ ਪੈਂਦਾ ਹੈ। ਫ਼ਿਲਮਸਾਜ਼ ਸਿੱਖਿਆ ਸੰਸਥਾਵਾਂ ਨੂੰ ਇੰਜ ਪੇਸ਼ ਕਰਦੇ ਹਨ ਜਿਵੇਂ ਇਹ ਵਿੱਦਿਅਕ ਸੰਸਥਾਵਾਂ ਦੀ ਥਾਂ ਆਸ਼ਕੀ ਤੇ ਗੁੰਡਾਗਰਦੀ ਦੇ ਅੱਡੇ ਹੋਣ। ਪੰਜਾਬੀ ਫ਼ਿਲਮਾਂ ਵਿਚ ਸਿੱਖਿਆ ਤੇ ਅਧਿਆਪਕ ਦੇ ਕਿਰਦਾਰ ਨੂੰ ਲੈ ਕੇ ਸੰਵੇਦਨਸ਼ੀਲਤਾ ਵਾਲੀ ਗੱਲ ਨਜ਼ਰ ਨਹੀਂ ਆਉਂਦੀ। ਫ਼ਿਲਮਸਾਜ਼ਾਂ ਦਾ ਇਸ ਤਰ੍ਹਾਂ ਦਾ ਰਵੱਈਆ ਸਮਾਜ ਨੂੰ ਡੂੰਘੇ ਸੰਕਟ ਵੱਲ ਜਾਣ ਦਾ ਸੰਕੇਤ ਕਰਦਾ ਨਜ਼ਰ ਆਉਂਦਾ ਹੈ।

ਸੰਪਰਕ : 94174-78446


Comments Off on ਫ਼ਿਲਮਾਂ ਵਿਚ ਅਧਿਆਪਕਾਂ ਦੀ ਹਾਜ਼ਰੀ
1 Star2 Stars3 Stars4 Stars5 Stars (No Ratings Yet)
Loading...
Both comments and pings are currently closed.

Comments are closed.

Available on Android app iOS app
Powered by : Mediology Software Pvt Ltd.