ਹੜ੍ਹ ਪੀੜਤਾਂ ਦੀ ਮਦਦ ਲਈ ਪੰਜ ਮੰਤਰੀਆਂ ਦੀ ਡਿਊਟੀ ਲਾਈ !    ਆਨੰਦਪੁਰ ਸਾਹਿਬ ਦਾ ਪਿੰਡ ਹਰਸਾ ਬੇਲਾ ਪਾਣੀ ਵਿੱਚ ਘਿਰਿਆ !    ਪ੍ਰਕਾਸ਼ ਪੁਰਬ: ਭਾਰਤ-ਪਾਕਿ ਤਣਾਅ ਕਾਰਨ ਘਟ ਸਕਦੀ ਹੈ ਸੰਗਤ ਦੀ ਗਿਣਤੀ !    ਗੁਰੂ ਰਵਿਦਾਸ ਮੰਦਰ ਢਾਹੁਣ ’ਤੇ ਸਿਆਸਤ ਗਰਮਾਈ !    ਮਹਾਨ ਕਿਸਾਨ ਆਗੂ ਅਤੇ ਸੰਘਰਸ਼ੀ ਯੋਧਾ ਜਗੀਰ ਸਿੰਘ ਜੋਗਾ !    ਸਾਉਣੀ ਰੁੱਤ ਦੇ ਪਿਆਜ਼ ਦੀ ਕਾਸ਼ਤ ਦੇ ਨੁਕਤੇ !    ਝੋਨੇ ਦੀ ਸ਼ੀਥ ਬਲਾਈਟ ਤੇ ਝੂਠੀ ਕਾਂਗਿਆਰੀ !    ਗੋਲਚੀ ਗੁਰਪ੍ਰੀਤ ਸੰਧੂ ਤੇ ਥਰੋਅਰ ਤੇਜਿੰਦਰਪਾਲ ਤੂਰ ਦੀ ਅਰਜੁਨਾ ਐਵਾਰਡ ਲਈ ਚੋਣ !    ਸੁਰਾਂ ਦੀ ਮਿਠਾਸ ਦਾ ਨੱਕਾਸ਼ !    ਸ਼ਾਹਕਾਰ ਨਗ਼ਮਿਆਂ ਦੀ ਗਾਇਕਾ ਮੁਨੱਵਰ ਸੁਲਤਾਨਾ !    

ਜ਼ਿੰਦਗੀ ਦੀ ਬਾਜ਼ੀ ਫ਼ਤਹਿ ਨਾ ਕਰ ਸਕਿਆ ਫ਼ਤਹਿਵੀਰ

Posted On June - 12 - 2019

ਬੀਰ ਇੰਦਰ ਸਿੰਘ ਬਨਭੌਰੀ
ਸੁਨਾਮ ਊਧਮ ਸਿੰਘ ਵਾਲਾ, 11 ਜੂਨ
ਸਰਕਾਰ ਤੇ ਪ੍ਰਸ਼ਾਸਨ ਵੱਲੋਂ 109 ਘੰਟੇ ਵੱਖ-ਵੱਖ ‘ਜੁਗਾੜ’ ਕਰ ਕੇ ਚਲਾਏ ਬਚਾਅ ਕਾਰਜਾਂ ਤੋਂ ਬਾਅਦ ਬੋਰਵੈੱਲ ਵਿਚੋਂ ਬਾਹਰ ਕੱਢਿਆ ਫ਼ਤਹਿਵੀਰ ਅਖ਼ੀਰ ਜ਼ਿੰਦਗੀ ਦੀ ਬਾਜ਼ੀ ਹਾਰ ਗਿਆ। ਅੱਜ ਸੁਵੱਖਤੇ ਕਰੀਬ ਸਵਾ ਪੰਜ ਵਜੇ ਐਨਡੀਆਰਐੱਫ ਵੱਲੋਂ ਦੋ ਸਾਲਾ ਬੱਚੇ ਨੂੰ 120 ਫੁੱਟ ਡੂੰਘੇ ਬੋਰ ’ਚੋਂ ਬਾਹਰ ਕੱਢਿਆ ਗਿਆ ਤੇ ਤੁਰੰਤ ਪੀਜੀਆਈ (ਚੰਡੀਗੜ੍ਹ) ਲਿਜਾਇਆ ਗਿਆ। ਉੱਥੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ ਗਿਆ। ਇਸ ਤੋਂ ਬਾਅਦ ਪਿੰਡ ਸ਼ੇਰੋਂ ਦੇ ਸ਼ਮਸ਼ਾਨਘਾਟ ’ਚ ਫ਼ਤਹਿ ਦਾ ਅੰਤਿਮ ਸੰਸਕਾਰ ਕਰ ਦਿੱਤਾ ਗਿਆ। ਬੱਚੇ ਦੀ ਮੌਤ ਦੀ ਖ਼ਬਰ ਸੁਣਦਿਆਂ ਹੀ ਲੋਕ ਭਗਵਾਨਪੁਰਾ ਿਪੰਡ ’ਚ ਪੀੜਤ ਪਰਿਵਾਰ ਦੇ ਘਰ ਇਕੱਠੇ ਹੋਣੇ ਸ਼ੁਰੂ ਹੋ ਗਏ। ਨਿੱਕੇ ਜਿਹੇ ਲੱਕੜ ਦੇ ਤਾਬੂਤ ਵਿਚ ਲਿਆਂਦੀ ਫ਼ਤਹਿਵੀਰ ਦੀ ਦੇਹ ਨੂੰ ਦੇਖ ਕੇ ਪਿੰਡ ਭਗਵਾਨਪੁਰਾ ਦੇ ਹਰ ਵਿਅਕਤੀ ਦੀਆਂ ਅੱਖਾਂ ਨਮ ਹੋ ਗਈਆਂ। ਲੋਕਾਂ ਦਾ ਕਹਿਣਾ ਸੀ ਕਿ ਫ਼ਤਹਿਵੀਰ ਦੀ ਮੌਤ ਤਾਂ ਪਹਿਲਾਂ ਹੀ ਬਚਾਅ ਕਾਰਜਾਂ ਵਿਚ ਪ੍ਰਸ਼ਾਸਨ ਵੱਲੋਂ ਵਰਤੀ ਢਿੱਲ ਕਾਰਨ ਹੋ ਗਈ ਸੀ। ਉਨ੍ਹਾਂ ਕਿਹਾ ਕਿ ਬੱਚੇ ਨੂੰ ਬਚਾਉਣ ਲਈ ਤਕਨੀਕ ਵਿਹੂਣੇ ਰਾਹਤ ਕਾਰਜ ਕੀਤੇ ਜਾ ਰਹੇ ਸਨ ਤੇ ਹੁਣ ਸਿਰਫ਼ ਆਪਣੀ ਸਾਖ਼ ਬਚਾਉਣ ਲਈ ਹੀ ਪ੍ਰਸ਼ਾਸਨ ਉਸ ਦੀ ਦੇਹ ਨੂੰ ਪੀਜੀਆਈ ਲੈ ਗਿਆ। ਮੌਕੇ ’ਤੇ ਮੌਜੂਦ ਲੋਕਾਂ ਮੁਤਾਬਕ ਐਨਡੀਆਰਐੱਫ ਦੀ ਟੀਮ ਜਦ ਰਾਹਤ ਕਾਰਜਾਂ ਦੌਰਾਨ ਬਿਲਕੁਲ ਬੇਬੱਸ ਹੋ ਗਈ ਤਾਂ ਮੰਗਵਾਲ ਪਿੰਡ ਦੇ ਗੁਰਿੰਦਰ ਸਿੰਘ ਨੇ ਕੁੰਡੀ ਵਾਲੀ ਰਾਡ ਦੇ ਨਾਲ ਬੱਚੇ ਨੂੰ ਬਾਹਰ ਕੱਢਿਆ। ਪਿੰਡ ਵਾਲਿਆਂ ਦਾ ਕਹਿਣਾ ਸੀ ਕਿ ਜੇ ਇਸੇ ਤਰ੍ਹਾਂ ਬੱਚੇ ਨੂੰ ਬਾਹਰ ਕੱਢਿਆ ਜਾਣਾ ਸੀ ਤਾਂ ਪਹਿਲਾਂ ਵੀ ਇਹ ਢੰਗ ਵਰਤਿਆ ਜਾ ਸਕਦਾ ਸੀ। ਲੋਕਾਂ ਮੁਤਾਬਕ ਗੁਰਿੰਦਰਇਸ ਤੋਂ ਪਹਿਲਾਂ ਵੀ ਬਚਾਅ ਟੀਮ ਨੂੰ ਫ਼ਤਹਿ ਨੂੰ ਬਾਹਰ ਕੱਢਣ ਲਈ ਉਸ ਦੀ ਮਦਦ ਲੈਣ ਬਾਰੇ ਕਹਿੰਦਾ ਰਿਹਾ ਪਰ ਉਸ ਦੀ ਮਦਦ ਨਹੀਂ ਲਈ ਗਈ। ਬੱਚੇ ਨੂੰ ਬੋਰ ਵਿਚੋਂ ਉਸ ਦੇ ਹੱਥਾਂ ਨੂੰ ਕਲੈਂਪ ਲਾ ਕੇ ਕੱਢਿਆ ਗਿਆ। ਰਾਹਤ ਕਾਰਜਾਂ ਵਿਚ ਜੁਟੀ ਟੀਮ ਨੇ ਬੱਚੇ ਨੂੰ ਬੋਰ ਵਿਚ ਬਾਹਰ ਕੱਢਣ ਲਈ ਇਸ ਦੇ ਬਰਾਬਰ ਹੀ ਪੁਟਾਈ ਕੀਤੀ ਸੀ। ਗੁਰਿੰਦਰ ਨੇ ਉਸੇ ਬੋਰ ਰਾਹੀਂ ਫਤਹਿਵੀਰ ਨੂੰ ਬਾਹਰ ਕੱਢਿਆ ਜਿਸ ਰਾਹੀਂ ਉਹ ਡਿੱਗਿਆ ਸੀ। ਚੰਡੀਗੜ੍ਹ ਤੋਂ ਹੈਲੀਕਾਪਟਰ ਰਾਹੀਂ ਲਿਆਂਦੀ ਬੱਚੇ ਦੀ ਦੇਹ ਦਾ ਸਸਕਾਰ ਕਿਸੇ ਅਣਸੁਖਾਵੀਂ ਘਟਨਾ ਦੇ ਡਰੋਂ ਕਾਫ਼ੀ ਤੇਜ਼ੀ ਨਾਲ ਕਰੀਬ ਸਵਾ ਇੱਕ ਵਜੇ ਹੀ ਕਰਵਾ ਦਿੱਤਾ ਗਿਆ। ਜਦਕਿ ਸੋਸ਼ਲ ਅਤੇ ਹੋਰ ਮੀਡੀਆ ਤੇ ਸਸਕਾਰ ਦੀ ਖ਼ਬਰ ਬਾਅਦ ਦੁਪਹਿਰ 3 ਵਜੇ ਦੇ ਕਰੀਬ ਵਾਇਰਲ ਹੋ ਰਹੀ ਸੀ। ਫ਼ਤਹਿਵੀਰ ਦੇ ਪਰਿਵਾਰਕ ਮੈਂਬਰਾਂ ਤੇ ਰਿਸ਼ਤੇਦਾਰਾਂ ਨੇ ਬੱਚੇ ਦੀ ਮੌਤ ਲਈ ਪ੍ਰਸ਼ਾਸਨਿਕ ਅਣਗਹਿਲੀ ਨੂੰ ਜ਼ਿੰਮੇਵਾਰ ਠਹਿਰਾਇਆ ਤੇ ਕਿਹਾ ਕਿ ਕਈ ਦਿਨ ਸਿਰਫ਼ ਹਨੇਰੇ ਵਿਚ ਹੀ ਤੀਰ ਚਲਾਏ ਗਏ ਤੇ ਢੁੱਕਵੀਂ ਤਕਨੀਕ ਨਹੀਂ ਵਰਤੀ ਗਈ। ਲੋਕ ਮਨਾਂ ਵਿਚ ਫ਼ਤਹਿ ਦੀ ਮੌਤ ਦਾ ਐਨਾ ਰੋਹ ਸੀ ਕਿ ਪੀੜਤ ਪਰਿਵਾਰ ਨਾਲ ਦੁੱਖ ਪ੍ਰਗਟਾਉਣ ਪਹੁੰਚੇ ਆਈਜੀ ਏ.ਐੱਸ. ਰਾਏ ਨੂੰ ਲੋਕਾਂ ਨੇ ਪੀੜਤ ਪਰਿਵਾਰ ਦੇ ਘਰ ਦੇ ਬਾਹਰੋਂ ਹੀ ਮੋੜ ਦਿੱਤਾ। ਸਸਕਾਰ ਮੌਕੇ ਕੋਈ ਵੀ ਪ੍ਰਸ਼ਾਸਨਿਕ ਜਾਂ ਸਿਆਸੀ ਨੁਮਾਇੰਦਾ ਹਾਜ਼ਰ ਨਹੀਂ ਸੀ। ਜਦਕਿ ਪੁਲੀਸ ਫੋਰਸ ਵੱਡੀ ਗਿਣਤੀ ਵਿਚ ਤਾਇਨਾਤ ਕੀਤੀ ਗਈ ਸੀ। ਜ਼ਿਕਰਯੋਗ ਹੈ ਕਿ 6 ਜੂਨ ਨੂੰ ਬਾਅਦ ਦੁਪਹਿਰ ਕਰੀਬ 4 ਵਜੇ ਜ਼ਿਲ੍ਹਾ ਸੰਗਰੂਰ ਦੀ ਤਹਿਸੀਲ ਸੁਨਾਮ ਦੇ ਪਿੰਡ ਭਗਵਾਨਪੁਰਾ ਦੇ ਕਿਸਾਨ ਸੁਖਵਿੰਦਰ ਸਿੰਘ ਦਾ ਦੋ ਸਾਲਾ ਇਕਲੌਤਾ ਪੁੱਤਰ ਫ਼ਤਹਿਵੀਰ ਸਿੰਘ ਖੇਡਦਾ ਹੋਇਆ ਘਰ ਦੇ ਸਾਹਮਣੇ ਹੀ ਖੇਤ ਵਿਚਲੇ ਇੱਕ ਖੁੱਲ੍ਹੇ ਬੋਰਵੈੱਲ ਵਿਚ ਡਿੱਗ ਗਿਆ ਸੀ।

ਫ਼ਤਹਿਵੀਰ ਦੇ ਸਸਕਾਰ ਮੌਕੇ ਇਕੱਤਰ ਇਲਾਕੇ ਦੇ ਲੋਕ।

ਬੱਚੇ ਦੀ ਮੌਤ ਕੁਝ ਦਿਨ ਪਹਿਲਾਂ ਹੀ ਹੋ ਗਈ ਸੀ
ਪੋਸਟਮਾਰਟਮ ਮੁਤਾਬਕ ਫ਼ਤਹਿਵੀਰ ਦੀ ਮੌਤ ਕੁਝ ਦਿਨ ਪਹਿਲਾਂ ਹੀ ਹੋ ਗਈ ਸੀ। ਪੀਜੀਆਈ ਵਿਚ ਵੀ ਕਰੜੇ ਸੁਰੱਖਿਆ ਪ੍ਰਬੰਧ ਕੀਤੇ ਗਏ ਸਨ ਕਿਉਂਕਿ ਉੱਥੇ ਮੌਜੂਦ ਕੁਝ ਪ੍ਰਦਰਸ਼ਨਕਾਰੀ ਬਚਾਅ ਕਾਰਜਾਂ ਵਿਚ ‘ਦੇਰੀ’ ਦੀ ਨਿਖੇਧੀ ਕਰ ਰਹੇ ਸਨ। ਫ਼ਤਹਿਵੀਰ ਦਾ ਪੋਸਟਮਾਰਟਮ ਫੋਰੈਂਸਿਕ ਮੈਡੀਸਿਨ ਵਿਭਾਗ ਦੇ ਡਾ. ਵਾਈ.ਐੱਸ ਬਾਂਸਲ ਤੇ ਡਾ. ਸੇਂਥਿਲ ਕੁਮਾਰ ਨੇ ਕੀਤਾ। ਵਿਸਤਾਰ ਵਿਚ ਪੋਸਟਮਾਰਟਮ ਰਿਪੋਰਟ ਤਿਆਰ ਕੀਤੀ ਜਾ ਰਹੀ ਹੈ ਤੇ ਜਲਦੀ ਹੀ ਜਾਂਚ ਅਧਿਕਾਰੀ ਨੂੰ ਸੌਂਪੀ ਜਾਵੇਗੀ। ਬੱਚੇ ਨੂੰ ਸਵੇਰੇ ਕਰੀਬ ਸਾਢੇ ਸੱਤ ਵਜੇ ਪੀਜੀਆਈ ਲਿਆਂਦਾ ਗਿਆ ਸੀ। ਉਸ ਵੇਲੇ ਨਾ ਤਾਂ ਉਸ ਦੀ ਨਬਜ਼ ਚੱਲ ਰਹੀ ਸੀ, ਨਾ ਉਹ ਸਾਹ ਲੈ ਰਿਹਾ ਸੀ ਤੇ ਨਾ ਹੀ ਦਿਲ ਧੜਕ ਰਿਹਾ ਸੀ। -ਪੀਟੀਆਈ

ਸੁਨਾਮ ਬੰਦ; ਪ੍ਰਸ਼ਾਸਨ ਖ਼ਿਲਾਫ਼ ਨਾਅਰੇਬਾਜ਼ੀ
ਫ਼ਤਹਿਵੀਰ ਦੀ ਮੌਤ ਤੋਂ ਬਾਅਦ ਰੋਹ ’ਚ ਆਏ ਲੋਕਾਂ ਨੇ ਅੱਜ ਇੱਥੋਂ ਦੇ ਆਈਟੀਆਈ ਚੌਕ ’ਚ ਧਰਨਾ ਲਾ ਦਿੱਤਾ। ਦੋ ਸਾਲਾ ਬੱਚੇ ਦੀ ਮੌਤ ਲਈ ਪ੍ਰਸ਼ਾਸਨ ਨੂੰ ਜ਼ਿੰਮੇਵਾਰ ਮੰਨਦਿਆਂ ਉਨ੍ਹਾਂ ਮੰਗ ਕੀਤੀ ਕਿ ਜ਼ਿੰਮੇਵਾਰੀ ਤੈਅ ਕਰ ਕੇ ਕੇਸ ਦਰਜ ਕੀਤੇ ਜਾਣ। ਰੋਸ ਵਜੋਂ ਸੁਨਾਮ ਸ਼ਹਿਰ ਵੀ ਮੁਕੰਮਲ ਤੌਰ ’ਤੇ ਬੰਦ ਰਿਹਾ। ਸ਼ਾਮ ਤੱਕ ਸ਼ਹਿਰ ਦੀਆਂ ਦੁਕਾਨਾਂ ਵੀ ਬੰਦ ਹੀ ਸਨ। ਪਿੰਡ ਛਾਜਲੀ ਵਿਚ ਸੀਪੀਆਈਐਮਐਲ ਲਿਬਰੇਸ਼ਨ ਅਤੇ ਮਜ਼ਦੂਰ ਮੁਕਤੀ ਮੋਰਚਾ ਦੇ ਸੂਬਾਈ ਆਗੂ ਗੋਬਿੰਦ ਸਿੰਘ ਛਾਜਲੀ ਦੀ ਅਗਵਾਈ ਹੇਠ ਸੁਨਾਮ ਲਹਿਰਾ ਮੁੱਖ ਮਾਰਗ ’ਤੇ ਕਰੀਬ ਦੋ ਘੰਟੇ ਆਵਾਜਾਈ ਠੱਪ ਕਰਕੇ ਪ੍ਰਸ਼ਾਸਨ ਖ਼ਿਲਾਫ਼ ਨਾਅਰੇਬਾਜ਼ੀ ਕੀਤੀ ਗਈ। ਉਹ ਜ਼ਿੰਮੇਵਾਰ ਪ੍ਰਸ਼ਾਸਨਿਕ ਅਧਿਕਾਰੀਆਂ ਖ਼ਿਲਾਫ਼ ਬਣਦੀ ਕਾਰਵਾਈ ਦੀ ਮੰਗ ਕਰ ਰਹੇ ਸਨ।

ਕੈਪਟਨ ਨੇ ਅਫ਼ਸੋਸ ਪ੍ਰਗਟਾਇਆ
ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਬੱਚੇ ਦੀ ਮੌਤ ’ਤੇ ਡੂੰਘੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ। ਉਨ੍ਹਾਂ ਕਿਹਾ ਕਿ ਪ੍ਰਮਾਤਮਾ ਪਰਿਵਾਰ ਨੂੰ ਇਸ ਭਾਣੇ ਨੂੰ ਮੰਨਣ ਦਾ ਬਲ ਬਖ਼ਸ਼ੇ। ਕੈਪਟਨ ਨੇ ਕਿਹਾ ਕਿ ਸਾਰੇ ਡਿਪਟੀ ਕਮਿਸ਼ਨਰਾਂ ਕੋਲੋਂ ਅਜਿਹੇ ਖੁੱਲ੍ਹੇ ਬੋਰਾਂ ਬਾਰੇ ਰਿਪੋਰਟ ਮੰਗੀ ਗਈ ਹੈ ਤਾਂ ਕਿ ਅਗਾਂਹ ਤੋਂ ਅਜਿਹੇ ਹਾਦਸੇ ਨਾ ਵਾਪਰ ਸਕਣ। -ਪੀਟੀਆਈ

ਅਕਾਲੀ ਦਲ ਤੇ ‘ਆਪ’ ਵੱਲੋਂ ਸਰਕਾਰ ਦੀ ਨਿਖੇਧੀ
ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਇਸ ਘਟਨਾ ਨੂੰ ‘ਦਿਨ ਦਿਹਾੜੇ ਹੱਤਿਆ ਤੇ ਅਣਮਨੁੱਖੀ’ ਦੱਸਿਆ ਹੈ। ਉਨ੍ਹਾਂ ਕਿਹਾ ਕਿ ਪੰਜਾਬ ਵਿਚ ਸਰਕਾਰ ਨਾਂ ਦੀ ਕੋਈ ਚੀਜ਼ ਨਹੀਂ ਹੈ। ਉਨ੍ਹਾਂ ਕਿਹਾ ਕਿ ਪੂਰਾ ਰਾਜ ਸੋਗ ਵਿਚ ਡੁੱਬਿਆ ਹੋਇਆ ਸੀ ਤੇ ਮੁੱਖ ਮੰਤਰੀ ਮੌਜ-ਮਸਤੀ ਵਿਚ ਮਗਨ ਸਨ। ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਨੇ ਵੀ ਦੁੱਖ ਪ੍ਰਗਟਾਇਆ ਤੇ ਅਜਿਹੀਆਂ ਘਟਨਾਵਾਂ ਰੋਕਣ ਲਈ ਢੁੱਕਵੇਂ ਕਦਮ ਚੁੱਕਣ ਦੀ ਮੰਗ ਕੀਤੀ। ‘ਆਪ’ ਆਗੂ ਹਰਪਾਲ ਸਿੰਘ ਚੀਮਾ ਨੇ ਕਿਹਾ ਕਿ ਬਚਾਅ ਕਾਰਜਾਂ ਨੂੰ ਸਰਕਾਰੀ ਮਸ਼ੀਨਰੀ ਨੇ ਸਹੀ ਢੰਗ ਨਾਲ ਅਮਲ ’ਚ ਨਹੀਂ ਲਿਆਂਦਾ। -ਪੀਟੀਆਈ

ਸਵਾ ਸੌ ਬੋਰ ਖੁੱਲ੍ਹੇ, ਬੰਦ ਕਰਨ ਦੇ ਹੁਕਮ
ਚੰਡੀਗੜ੍ਹ (ਟਨਸ): ਪੰਜਾਬ ਦੇ 19 ਜ਼ਿਲ੍ਹਿਆਂ ਵਿਚ 130 ਦੇ ਕਰੀਬ ਬੋਰ ਖੁੱਲ੍ਹੇ ਹੋਣ ਦੀਆਂ ਸ਼ਿਕਾਇਤਾਂ ਸਰਕਾਰ ਨੂੰ ਮਿਲੀਆਂ ਹਨ। ਲੋਕਾਂ ਨੇ ਸ਼ਿਕਾਇਤ ਕਰਦਿਆਂ ਆਪਣੇ ਫ਼ੋਨ ਨੰਬਰ ਵੀ ਦਿੱਤੇ ਹਨ। ਸਭ ਤੋਂ ਜ਼ਿਆਦਾ ਸ਼ਿਕਾਇਤਾਂ ਮੁੱਖ ਮੰਤਰੀ ਦੇ ਜ਼ਿਲ੍ਹੇ ਪਟਿਆਲਾ ਤੋਂ ਹਨ ਜਿੱਥੇ 35 ਦੇ ਕਰੀਬ ਬੋਰ ਖੁੱਲ੍ਹੇ ਹਨ। ਲੁਧਿਆਣਾ ’ਚ 20, ਮੁਹਾਲੀ ’ਚ 12 ਅਤੇ ਸੰਗਰੂਰ ’ਚ 12 ਹੀ ਬੋਰ ਖੁੱਲ੍ਹੇ ਹੋਣ ਦੀ ਸੂਚਨਾ ਮਿਲੀ ਹੈ। ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਸੂਬੇ ਭਰ ਵਿਚ ਸਾਰੇ ਖੁੱਲ੍ਹੇ ਬੋਰਾਂ ਨੂੰ ਬੰਦ ਕਰਨ ਦੇ ਹੁਕਮ ਦਿੱਤੇ ਹਨ। ਮੁੱਖ ਸਕੱਤਰ ਦੀ ਅਗਵਾਈ ਵਾਲੇ ਆਫ਼ਤ ਪ੍ਰਬੰਧਨ ਗਰੁੱਪ ਨੂੰ ਅਜਿਹੀਆਂ ਘਟਨਾਵਾਂ ਰੋਕਣ ਲਈ ਐਸਪੀਓਜ਼ (ਸਟੈਂਡਰਡ ਆਪਰੇਟਿੰਗ ਪ੍ਰਾਸੀਜ਼ਰ) ਨੂੰ ਅੰਤਿਮ ਰੂਪ ਦੇਣ ਲਈ ਅਖਿਆ ਗਿਆ ਹੈ। ਰਾਹਤ ਕਾਰਜਾਂ ’ਚ ਕਿਸੇ ਵੀ ਤਰ੍ਹਾਂ ਦੀ ਘਾਟ ਦਾ ਅਧਿਐਨ ਕਰਨ ਤੇ ਭਵਿੱਖ ਵਿੱਚ ਇਸ ਤਰ੍ਹਾਂ ਦੇ ਕਿਸੇ ਵੀ ਮਾਮਲੇ ਵਿਚ ਤੇਜ਼ੀ ਨਾਲ ਕਾਰਵਾਈ ਨੂੰ ਯਕੀਨੀ ਬਣਾਉਣ ਲਈ ਸਿਫ਼ਾਰਸ਼ਾਂ ਦੇਣ ਲਈ ਵੀ ਕਿਹਾ ਗਿਆ ਹੈ। ਖੁੱਲ੍ਹੇ ਬੋਰਾਂ ਬਾਰੇ ਨੰਬਰ 0172-2740397 ’ਤੇ ਸੂਚਨਾ ਦਿੱਤੀ ਜਾ ਸਕਦੀ ਹੈ।


Comments Off on ਜ਼ਿੰਦਗੀ ਦੀ ਬਾਜ਼ੀ ਫ਼ਤਹਿ ਨਾ ਕਰ ਸਕਿਆ ਫ਼ਤਹਿਵੀਰ
1 Star2 Stars3 Stars4 Stars5 Stars (No Ratings Yet)
Loading...
Both comments and pings are currently closed.

Comments are closed.

Available on Android app iOS app
Powered by : Mediology Software Pvt Ltd.