ਅਯੁੱਧਿਆ ਕੇਸ: ਸਾਰੇ ਸਵਾਲ ਸਾਡੇ ਤੋਂ ਹੀ ਕਿਉਂ? !    ਜਾਪਾਨ ’ਚ ਸਮੁੰਦਰੀ ਤੂਫ਼ਾਨ ਨਾਲ ਮਰਨ ਵਾਲਿਆਂ ਦੀ ਗਿਣਤੀ 56 ਹੋਈ !    ਆਵਲਾ ਖ਼ਿਲਾਫ਼ ਚੋਣ ਕਮਿਸ਼ਨ ਕੋਲ ਸ਼ਿਕਾਇਤ !    ਅਕਾਲੀ ਦਲ ਦਾ ਰਾਜਸੀ ਵਿੰਗ ਹੈ ਸ਼੍ਰੋਮਣੀ ਕਮੇਟੀ: ਰੰਧਾਵਾ !    ਗੁਰਬੱਤ ਵੀ ਨਹੀਂ ਰੋਕ ਸਕੀ ਬੂਟ ਪਾਲਿਸ਼ ਵਾਲੇ ਸਨੀ ਦਾ ਰਾਹ !    ਪੁਲੀਸ ਵੱਲੋਂ ਪਿੰਡਾਂ ’ਚ ਤਲਾਸ਼ੀ ਮੁਹਿੰਮ ਜਾਰੀ !    ਪ੍ਰਕਾਸ਼ ਪੁਰਬ ਸਮਾਗਮਾਂ ਨੂੰ ਤਾਰਪੀਡੋ ਕਰ ਰਿਹੈ ਬਾਦਲ ਦਲ: ਸਰਨਾ !    ਪਾਦਰੀ ਕੇਸ: ਮੁਹਾਲੀ ਅਦਾਲਤ ਨੇ ਨਿਰਮਲ ਤੇ ਸੁਰਿੰਦਰਪਾਲ ਭਗੌੜੇ ਐਲਾਨੇ !    ਦਿੱਲੀ ਦੇ ਚਾਰ ਸਟੇਡੀਅਮ ਸਾਰਿਆਂ ਲਈ ਖੋਲ੍ਹਣ ਦਾ ਫ਼ੈਸਲਾ !    ਪੰਜਾਬ ਨੇ ਕੌਮੀ ਸੀਨੀਅਰ ਤੇ ਜੂਨੀਅਰ ਗਤਕਾ ਚੈਂਪੀਅਨਸ਼ਿਪ ਜਿੱਤੀ !    

ਹੁਣ ਨਹੀਂ ਬੈਠਦੇ ਗੌਣ

Posted On June - 22 - 2019

ਰਜਿੰਦਰ ਕੌਰ

ਪੰਜਾਬ ਵਿਚ ਜਦੋਂ ਕਿਸੇ ਘਰ ਵਿਆਹ ਹੁੰਦਾ ਹੈ ਤਾਂ ਉਸ ਤੋਂ ਪਹਿਲਾਂ ਕਈ ਰਸਮਾਂ ਨਿਭਾਈਆਂ ਜਾਂਦੀਆਂ ਹਨ। ਜਿਹੜੀਆਂ ਪੀੜ੍ਹੀ ਦਰ ਪੀੜ੍ਹੀ ਚੱਲਦੀਆਂ ਹਨ। ਕੁਝ ਕੁ ਰਸਮਾਂ ਸਮੇਂ ਨਾਲ ਬਦਲਦੀਆਂ ਵੀ ਰਹਿੰਦੀਆਂ ਹਨ, ਜੋ ਕੁਦਰਤ ਦਾ ਨਿਯਮ ਹੈ, ਪਰ ਹੁਣ ਜਿਸ ਤੇਜ਼ੀ ਨਾਲ ਬਦਲਾਅ ਆਇਆ ਹੈ, ਪਹਿਲਾਂ ਇਸ ਤਰ੍ਹਾਂ ਕਦੇ ਨਹੀਂ ਸੀ ਹੋਇਆ। ਹੁਣ ਪੰਜਾਬ ਦੇ ਵਿਆਹਾਂ ਵਿਚੋਂ ਕਈ ਰਸਮਾਂ ਲੋਪ ਹੋ ਗਈਆਂ ਹਨ। ਜਿਨ੍ਹਾਂ ਵਿਚੋਂ ਗੌਣ ਬਿਠਾਉਣਾ ਵੀ ਅਹਿਮ ਰਸਮ ਹੁੰਦੀ ਸੀ।
ਦੋ ਤਿੰਨ ਦਹਾਕੇ ਪਹਿਲਾਂ ਦੀ ਗੱਲ ਹੈ ਜਦੋਂ ਵਿਆਹਾਂ ’ਤੇ ਰੌਲਾ ਨਹੀਂ ਰੌਣਕ ਹੁੰਦੀ ਸੀ। ਜਦੋਂ ਕਿਸੇ ਘਰ ਵਿਆਹ ਦੀ ਚਿੱਠੀ ਆਉਂਦੀ ਜਾਂ ਭੇਜੀ ਜਾਂਦੀ, ਉਸ ਦਿਨ ਤੋਂ ਘਰ ਵਿਚ ਰੌਣਕ ਲੱਗ ਜਾਂਦੀ। ਸਭ ਤੋਂ ਪਹਿਲਾਂ ਸਾਰੇ ਜ਼ੱਦੀ ਪੁਸਤੀ ਲਾਗੀ ਬੁਲਾਏ ਜਾਂਦੇ, ਫਿਰ ਲਾਗੀ ਸੱਦਾ ਦਿੰਦਾ ਤੇ ਸਾਰਾ ਸ਼ਰੀਕਾ ਭਾਈਚਾਰਾ ਵਿਆਹ ਵਾਲੇ ਘਰ ਇਕੱਠਾ ਹੁੰਦਾ ਤੇ ਉੱਚੀ ਆਵਾਜ਼ ਵਿਚ ਵਿਆਹ ਦੀ ਚਿੱਠੀ ਪੜ੍ਹੀ ਜਾਂਦੀ। ਇਸ ਤਰ੍ਹਾਂ ਸਭ ਨੂੰ ਦਿਨ ਵਾਰ ਪਤਾ ਲੱਗ ਜਾਂਦਾ। ਉਦੋਂ ਵਿਆਹ ਦਾ ਚਾਅ ਸਾਰੇ ਭਾਈਚਾਰੇ ਨੂੰ ਬਰਾਬਰ ਹੁੰਦਾ ਸੀ, ਨਾ ਕਿ ਇਕ ਘਰ ਵਿਚ। ਸਾਰੇ ਰਲ ਕੇ ਇਸਦੀ ਤਿਆਰੀ ਵਿਚ ਜੁੱਟ ਜਾਂਦੇ।
ਗੌਣ ਦੀ ਰਸਮ ਲਈ ਹਰੇਕ ਘਰ ਆਪਣੀ ਮਰਜ਼ੀ ਅਨੁਸਾਰ ਦਿਨ ਰੱਖਦਾ, ਕੋਈ ਗਿਆਰਾਂ, ਕੋਈ ਨੌਂ ਤੇ ਕੋਈ ਸੱਤ ਦਿਨ ਪਹਿਲਾਂ ਗੌਣ ਬਿਠਾਉਂਦਾ। ਘਰ ਦੀ ਲਾਗਣ ਚਾਈਂ ਚਾਈਂ ਸੱਦਾ ਦਿੰਦੀ, ‘ਅੱਜ ਵਿਆਹ ਵਾਲੇ ਘਰ ਗੌਣ ਦਾ ਸੱਦਾ ਜੀ।’ ਸਭ ਨੂੰ ਚਾਅ ਚੜ੍ਹ ਜਾਂਦਾ। ਸੁਆਣੀਆਂ ਸਾਰਾ ਦਿਨ ਘਰ ਦਾ ਕੰਮ ਕਾਰ ਕਰਦੀਆਂ ਤੇ ਨਾਲ ਗੀਤ ਵੀ ਯਾਦ ਕਰਦੀਆਂ ਰਹਿੰਦੀਆਂ ਜੋ ਉਨ੍ਹਾਂ ਰਾਤ ਨੂੰ ਵਿਆਹ ਵਾਲੇ ਘਰ ਗਾਉਣੇ ਹੁੰਦੇ। ਇਸ ਨਾਲ ਖ਼ੂਬ ਦਿਮਾਗ਼ੀ ਕਸਰਤ ਹੁੰਦੀ।
ਸਾਰੇ ਆਂਢ ਗੁਆਂਢ ਦੀਆਂ ਔਰਤਾਂ ਰਾਤ ਦਾ ਰੋਟੀ ਟੁੱਕ ਨਬੇੜ ਕੇ ਇਕੱਠੀਆਂ ਹੋ ਕੇ ਵਿਆਹ ਵਾਲੇ ਘਰ ਜਾਂਦੀਆਂ। ਕੁਆਰੀਆਂ ਕੁੜੀਆਂ ਤੇ ਬੱਚੇ ਵੀ ਬੜੇ ਚਾਅ ਨਾਲ ਉਨ੍ਹਾਂ ਦੇ ਨਾਲ ਜਾਂਦੇ। ਸਾਰੀਆਂ ਔਰਤਾਂ ਵੱਡੀ ਰਾਤ ਤਕ ਗੀਤ ਗਾਉਂਦੀਆਂ ਰਹਿੰਦੀਆਂ, ਗਿੱਧਾ ਪਾਉਂਦੀਆਂ ਤੇ ਹਾਸਾ ਠੱਠਾ ਕਰਦੀਆਂ। ਉਨ੍ਹਾਂ ਵੱਲੋਂ ਗਾਏ ਜਾਣ ਵਾਲੇ ਲੰਬੀ ਹੇਕ ਵਾਲੇ ਗੀਤ ਬਹੁਤ ਦੂਰ ਤਕ ਲੋਕਾਂ ਦੇ ਕੰਨਾਂ ਵਿਚ ਰਸ ਘੋਲਦੇ ਰਹਿੰਦੇ। ਇਕ ਦੂਸਰੀ ਨੂੰ ਮਖੌਲ ਕਰਦੀਆਂ ਤੇ ਦੁੱਖ ਸੁੱਖ ਸਾਂਝਾ ਕਰਦੀਆਂ। ਉਦੋਂ ਕੋਈ ਕਿਸੇ ਦੇ ਕਹੇ ਦਾ ਗੁੱਸਾ ਵੀ ਨਹੀਂ ਕਰਦਾ ਸੀ।
ਜਦੋਂ ਉਹ ਘਰਾਂ ਨੂੰ ਮੁੜਦੀਆਂ ਤਾਂ ਵਿਆਹ ਵਾਲੇ ਘਰੋਂ ਰਿਵਾਜ ਅਨੁਸਾਰ ਗੁੜ ਜਾਂ ਮਿੱਠੇ ਗੁਲਗਲੇ ਦਿੱਤੇ ਜਾਂਦੇ ਜੋ ਉਹ ਚੁੰਨੀ ਦੇ ਪੱਲੇ ਵਿਚ ਹੀ ਪਵਾ ਲੈਂਦੀਆਂ। ਉਹ ਜ਼ਮਾਨਾ ਸਾਦਗੀ ਵਾਲਾ ਹੁੰਦਾ ਸੀ, ਇਸ ਲਈ ਕਿਸੇ ਤਰ੍ਹਾਂ ਦੀ ਜ਼ਿਆਦਾ ਤਿਆਰੀ ਦੀ ਲੋੜ ਨਹੀਂ ਹੁੰਦੀ ਸੀ। ਜਿਸ ਤਰ੍ਹਾਂ ਉਹ ਘਰ ਵਿਚ ਸਾਦ ਮੁਰਾਦੀਆਂ ਹੁੰਦੀਆਂ ਉਵੇਂ ਹੀ ਗੌਣ ਆ ਜਾਂਦੀਆਂ। ਵਿਆਹ ਵਾਲੇ ਵੀ ਜ਼ਿਆਦਾ ਖ਼ਰਚ ਨਾ ਕਰਦੇ। ਗੁੜ ਘਰ ਦਾ ਹੁੰਦਾ ਸੀ। ਗੁੜ ਵਾਲਾ ਆਟਾ ਗੁੰਨ੍ਹ ਕੇ ਘਰ ਦੇ ਸਰ੍ਹੋਂ ਦੇ ਤੇਲ ਵਿਚ ਤਲੇ ਗੁਲਗਲੇ ਸਿਹਤ ਲਈ ਵੀ ਮਾੜੇ ਨਹੀਂ ਸਨ।
ਪੁਰਖਿਆਂ ਨੇ ਬਹੁਤ ਸੋਚ ਸਮਝ ਕੇ ਹੀ ਇਹ ਸਾਰੀਆਂ ਰਸਮਾਂ ਬਣਾਈਆਂ ਹੋਣਗੀਆਂ। ਪਰ ਹੁਣ ਪੰਜਾਬੀ ਵਿਆਹ ਤੋਂ ਪਹਿਲਾਂ ਜੋ ਸੰਗੀਤ ਦਾ ਪ੍ਰੋਗਰਾਮ ਰੱਖਦੇ ਹਨ, ਉਸ ’ਤੇ ਹੀ ਵਿਆਹ ਜਿੰਨਾ ਖ਼ਰਚ ਕਰ ਦਿੰਦੇ ਹਨ। ਜਿਸ ਤਰ੍ਹਾਂ ਅੱਗੇ ਸੁਆਣੀਆਂ ਨੱਚ ਕੇ ਗਾ ਕੇ ਹਲਕੀਆਂ ਫੁਲਕੀਆਂ ਹੋ ਕੇ ਘਰ ਆਉਂਦੀਆਂ ਸਨ, ਹੁਣ ਉਸਤੋਂ ਉਲਟ ਹੋ ਰਿਹਾ ਹੈ, ਕੰਨ ਪਾੜਵੇਂ ਡੀਜੇ ਦੇ ਰੌਲੇ ਰੱਪੇ ਵਿਚ ਕੋਈ ਕਿਸੇ ਨਾਲ ਕੋਈ ਦੁੱਖ ਸੁਖ ਸਾਂਝੇ ਵੀ ਨਹੀਂ ਕਰ ਸਕਦਾ। ਜ਼ਿਆਦਾ ਉੱਚੀ ਆਵਾਜ਼ ਵਿਚ ਵੱਜਦੇ ਡੀਜੇ ਕਾਰਨ ਸਾਰੇ ਥੱਕ ਟੁੱਟ ਕੇ ਘਰ ਵਾਪਸ ਆਉਂਦੇ ਹਨ। ਬਾਅਦ ਵਿਚ ਵੀ ਦੇਰ ਰਾਤ ਤਕ ਮੁੰਡੀਰ ਸ਼ਰਾਬ ਦੇ ਨਸ਼ੇ ਵਿਚ ਧੁੱਤ ਹੋ ਕੇ ਨੱਚਦੀ ਰਹਿੰਦੀ ਹੈ। ਉੱਚੀ ਆਵਾਜ਼ ਵਿਚ ਚੱਲ ਰਿਹਾ ਡੀਜੇ ਆਸ ਪਾਸ ਦੇ ਲੋਕਾਂ ਦਾ ਵੀ ਜਿਊਣਾ ਦੁੱਭਰ ਕਰ ਦਿੰਦਾ ਹੈ। ਵਿਆਹ ’ਤੇ ਅਸੀਸਾਂ ਦੀ ਥਾਂ ਲੋਕ ਬਦਸੀਸਾਂ ਦਿੰਦੇ ਹਨ। ਫਿਰ ਅਸੀਂ ਅਜਿਹੇ ਬਣਾਉਟੀ ਰੀਤੀ ਰਿਵਾਜ ਕਰਦੇ ਹੀ ਕਿਉਂ ਹਾਂ?
ਪੁਰਖਿਆਂ ਵੱਲੋਂ ਅਪਣਾਏ ਰੀਤੀ ਰਿਵਾਜ ਸਾਡੀ ਸਮਾਜਿਕ ਸਾਂਝ ਨੂੰ ਮਜ਼ਬੂਤ ਕਰਨ ਦਾ ਕੰਮ ਕਰਦੇ ਸਨ। ਉਹ ਸਾਦਗੀ ਅਤੇ ਅਪਣੱਤ ਵਾਲੇ ਸਨ। ਇਨ੍ਹਾਂ ਰੀਤੀ ਰਿਵਾਜਾਂ ਨੂੰ ਕਰਨ ਲਈ ਇਕ ਦੂਸਰੇ ਦੀ ਲੋੜ ਹੁੰਦੀ ਸੀ, ਇੰਜ ਇਹ ਮਾਲਾ ਲੋਕਾਂ ਨੂੰ ਇਕ ਧਾਗੇ ਵਿਚ ਪਰੋ ਕੇ ਰੱਖਦੀ ਸੀ। ਹੁਣ ਜੋ ਸੰਗੀਤ ਦਾ ਪ੍ਰੋਗਰਾਮ ਹੁੰਦਾ ਹੈ, ਪਹਿਲਾਂ ਇਹ ਲੇਡੀ ਸੰਗੀਤ ਦੇ ਨਾਂ ਨਾਲ ਸ਼ੁਰੂ ਹੋਇਆ ਸੀ, ਪਰ ਹੁਣ ਇਸ ਨੂੰ ਸਿਰਫ਼ ਸੰਗੀਤ ਦਾ ਨਾਂ ਦੇ ਦਿੱਤਾ ਹੈ ਤਾਂ ਕਿ ਮਰਦ ਵੀ ਨਾਲ ਆ ਸਕਣ। ਇਸ ’ਤੇ ਖੁੱਲ੍ਹ ਕੇ ਸ਼ਰਾਬ ਵਰਤਾਈ ਜਾਂਦੀ ਹੈ। ਆਓ! ਫਾਲਤੂ ਦਿਖਾਵਾ ਛੱਡ ਕੇ ਅਸੀਂ ਆਪਣੇ ਰੀਤੀ ਰਿਵਾਜ ਅਪਣਾਈਏ।


Comments Off on ਹੁਣ ਨਹੀਂ ਬੈਠਦੇ ਗੌਣ
1 Star2 Stars3 Stars4 Stars5 Stars (No Ratings Yet)
Loading...
Both comments and pings are currently closed.

Comments are closed.

Available on Android app iOS app
Powered by : Mediology Software Pvt Ltd.