ਕਰੋਨਾਵਾਇਰਸ ਦੀ ਥਾਂ ਭੁੱਖਮਰੀ ਨੇ ਡਰਾਏ ਦਿਹਾੜੀਦਾਰ ਮਜ਼ਦੂਰ !    ਜਦੋਂ ਤੱਕ ਕਰੋਨਾ ਦਾ ਪ੍ਰਕੋਪ, ਸਾਡੇ ਘਰ ਆਉਣ ’ਤੇ ਰੋਕ !    ਏਮਸ ਵੱਲੋਂ ਹੈਲਥ ਕੇਅਰ ਵਰਕਰਾਂ ਲਈ ਕੋਵਿਡ-19 ਦਸਤਾਵੇਜ਼ ਜਾਰੀ !    ਫ਼ੌਜੀਆਂ ਵੱਲੋਂ ਇਕ ਦਿਨ ਦੀ ਤਨਖਾਹ ਦਾਨ ਵਿੱਚ ਦੇਣ ਦਾ ਐਲਾਨ !    ਅਫ਼ਵਾਹਾਂ ਤੇ ਲੌਕਡਾਊਨ ਨੇ ਠੁੰਗਗਿਆ ਪੋਲਟਰੀ ਕਾਰੋਬਾਰ !    ਪਾਕਿਸਤਾਨ ’ਚ ਕਰੋਨਾਵਾਇਰਸ ਕੇਸਾਂ ਦੀ ਗਿਣਤੀ 1526 ਹੋਈ !    ਨੈਤਿਕ ਕਦਰਾਂ ਹੀ ਕੰਨਿਆ ਪੂਜਾ !    ਬਹਾਵਲਪੁਰ: ਖ਼ੂਬਸੂਰਤ ਅਤੀਤ, ਬਦਸੂਰਤ ਵਰਤਮਾਨ... !    ਅਖ਼ਬਾਰ ਆ ਨਹੀਂ ਰਹੀ, ਤੁਸੀਂ ਵੀ ਖ਼ਬਰਾਂ ਪੜ੍ਹਨੀਆਂ ਬੰਦ ਕਰ ਦਿਓ !    ਸ਼ਾਹੀਨ ਬਾਗ਼ ਵਿੱਚ ਦੁਕਾਨ ਨੂੰ ਅੱਗ ਲੱਗੀ !    

ਹਾੜ੍ਹ

Posted On June - 15 - 2019

ਚਿੱਤਰਕਾਰ: ਸਿਧਾਰਥ

ਦੇਸੀ ਮਹੀਨਿਆਂ ਦੀ ਲੜੀ ਤਹਿਤ ਸੰਗਰਾਂਦ ਵਾਲੇ ਦਿਨ, ਮਹੀਨੇ ਬਾਰੇ ਜਾਣਕਾਰੀ ਦਿੰਦਾ ਲੇਖ ਪੇਸ਼ ਹੈ। ਡਾ. ਹਰਪਾਲ ਸਿੰਘ ਪੰਨੂ ਐਤਕੀਂ ਹਾੜ੍ਹ ਮਹੀਨੇ ਬਾਰੇ ਵਾਕਿਫ਼ ਕਰਵਾ ਰਹੇ ਹਨ:

ਡਾ. ਹਰਪਾਲ ਸਿੰਘ ਪੰਨੂ

ਸੰਸਕ੍ਰਿਤ ਵਿਚ ਆਸ਼ਾੜ, ਬਿਕ੍ਰਮੀ ਸੰਮਤ ਦਾ ਚੌਥਾ ਮਹੀਨਾ ਹਾੜ੍ਹ ਹੈ। ਜੇਠ ਅਤੇ ਹਾੜ੍ਹ ਦੋ ਮਹੀਨੇ ਧਰਤੀ ਭੱਠੀ ਬਣ ਜਾਂਦੀ ਹੈ। ਮਾਂ ਕਿਹਾ ਕਰਦੀ- ਪੀਲਾਂ ਪਕਾਣ ਲਈ ਰੱਬ ਨੇ ਤਵੀ ਤਪਾਅ ਲਈ ਹੈ। ਰਾੜੇ ਅੱਖਰ ਦੇ ਪੈਰ ਹੇਠੋਂ ਅੱਧਾ ਹਹਾ ਹਟਾ ਦੇਈਏ ਤਾਂ ਸ਼ਬਦ ਬਣਦਾ ਹੈ ਹਾੜ, ਇਸ ਦਾ ਮਾਅਨਾ ਹੈ ਪ੍ਰੇਤ, ਜਿੰਨ। ਇਨ੍ਹੀਂ ਦਿਨੀਂ ਕੱਲਰਾਂ, ਰੋਹੀਆਂ ਵਿਚ ਹਾੜ ਬੋਲਦੇ ਅਸੀਂ ਆਪ ਸੁਣੇ। ਫਰਾਂਹ ਦੇ ਰੁੱਖ ਸੀਟੀਆਂ ਮਾਰਦੇ, ਜਿਵੇਂ ਅਜਗਰ ਫੁੰਕਾਰਦੇ, ਜਿੰਨ ਦਹਾੜਦੇ ਹੋਣ, ਗਰਮ ਲੂਆਂ ਜਿਸਮ ਝੁਲਸਦੀਆਂ ਹੋਈਆਂ ਲੰਘਦੀਆਂ। ਦੁਪਹਿਰੇ ਖੇਤ ਰੋਟੀ ਲੈ ਕੇ ਜਾਂਦਿਆਂ ਸਿਵਿਆਂ ਤੋਂ ਪਰੇ ਹਟ ਕੇ, ਵਲ ਪਾ ਕੇ ਲੰਘਦੇ। ਮੈਂ ਆਪਣੇ ਚਾਚੇ ਦੇ ਮੁੰਡੇ ਨੂੰ ਆਖਦਾ- ਮੈਂ ਤਾਂ ਬਚ ਜਾਊਂਗਾ ਕਿਉਂਕਿ ਕੜਾ ਪਹਿਨਿਆ ਹੋਇਆ ਹੈ, ਤੂੰ ਕੀ ਕਰੇਂਗਾ ਜੇ ਜਿੰਨ ਟੱਕਰਿਆ? ਉਹ ਫਖ਼ਰ ਨਾਲ ਜੇਬ ਉੱਪਰ ਲੱਗਾ ਨਿੱਕਾ ਬਕਸੂਆ ਦਿਖਾ ਕੇ ਆਖਦਾ- ਆਹ ਦੇਖ ਲੋਹਾ, ਦੇਖਣ ਸਾਰ ਜਿੰਨ ਥਰ-ਥਰ ਕੰਬਣ ਲਗ ਜਾਂਦੈ। ਮੈਂ ਸੋਚਦਾ, ਇਸੇ ਕਰਕੇ ਗੁਰੂ ਮਹਾਰਾਜ ਨੇ ਸਰਬਲੋਹ ਵਰਤਣ ਦਾ ਹੁਕਮ ਕੀਤਾ।
ਸਰਦੀਆਂ ਵਿਚ ਵੀ ਕਿਧਰੇ ਜਾਵਾਂ, ਪਾਣੀ ਦੀ ਬੋਤਲ ਮੈਂ ਨਾਲ ਰਖਦਾਂ। ਭਾਈ ਮਰਦਾਨੇ ਨੂੰ ਬਾਬਾ ਜੀ ਦਾ ਹੁਕਮ ਸੀ- ਪੈਸਾ ਟਕਾ, ਖਾਣ ਪੀਣ, ਪਹਿਨਣ ਦੀ ਕੋਈ ਵਸਤ ਨਾਲ ਨਹੀਂ ਚੁੱਕਣੀ। ਇਨ੍ਹਾਂ ਮਹੀਨਿਆਂ ਵਿਚ ਏਸ਼ੀਆ ਦੀਆਂ ਲੰਮੀਆਂ ਵਾਟਾਂ ਕਿਵੇਂ ਤੈਅ ਕੀਤੀਆਂ ਹੋਣਗੀਆਂ? ਪ੍ਰਾਚੀਨ ਪੰਥ-ਪ੍ਰਕਾਸ਼ ਵਿਚ ਭਾਈ ਰਤਨ ਸਿੰਘ ਭੰਗੂ ਦਾ ਕਥਨ-
ਬਾਬੇ ਕੀ ਗਤਿ ਬਾਬਉ ਜਾਣੈ।
ਕੈ ਜਾਣੈ ਜੋ ਨਾਲ ਫਿਰਾਣੈ।
(ਬਾਬੇ ਦੀ ਕੁਦਰਤ ਬਾਬਾ ਜਾਣਦਾ ਹੈ ਜਾਂ ਫਿਰ ਉਹ ਜਾਣਦਾ ਹੈ ਜੋ ਨਾਲ ਨਾਲ ਫਿਰਦਾ ਰਿਹਾ।)
ਹਾੜ੍ਹ ਮਹੀਨੇ ਤੁਰੇ ਜਾਂਦਿਆਂ ਭਾਈ ਮਰਦਾਨਾ ਨੂੰ ਪਿਆਸ ਲੱਗੀ, ਪਾਣੀ ਮੰਗਿਆ, ਬਾਬਾ ਜੀ ਨੇ ਕਿਹਾ- ਇੱਥੇ ਜੰਗਲਾਂ ਰੋਹੀਆਂ ਵਿੱਚ ਕਿੱਥੇ ਪਾਣੀ? ਭਾਈ ਨੇ ਬੇਵਸੀ ਜ਼ਾਹਰ ਕੀਤੀ ਤਾਂ ਬਾਬਾ ਜੀ ਨੇ ਕਿਹਾ- ਅਹੁ ਦੇਖੋ, ਗਿੱਦੜਾਂ ਦੀ ਡਾਰ ਭੱਜੀ ਜਾ ਰਹੀ ਹੈ, ਜੀਭਾਂ ਲਮਕਦੀਆਂ ਹਨ, ਪਿਆਸੇ ਹਨ, ਇਨ੍ਹਾਂ ਨੂੰ ਪਤਾ ਹੈ ਪਾਣੀ ਦਾ। ਇਨ੍ਹਾਂ ਪਿੱਛੇ ਚੱਲੀਏ। ਦੋ ਤਲਾਬ ਦੇਖੇ, ਗਿੱਦੜ ਪਹਿਲੇ ਤਲਾਬ ਦਾ ਪਾਣੀ ਸੁੰਘ ਕੇ ਛੱਡ ਗਏ, ਅਗਲੇ ਤਲਾਬ ਤੋਂ ਪਾਣੀ ਪੀਣ ਲੱਗੇ। ਬਾਬਾ ਜੀ ਨੇ ਕਿਹਾ- ਚੱਖ ਕੇ ਦੇਖੋ ਭਾਈ, ਪਹਿਲੇ ਤਲਾਬ ਦਾ ਪਾਣੀ ਪੀਣ ਯੋਗ ਨਹੀਂ। ਭਾਈ ਮਰਦਾਨਾ ਨੇ ਚੱਖਿਆ, ਦੱਸਿਆ- ਹਾਂ ਜੀ ਕੌੜਾ ਹੈ। ਅਗਲੇ ਤਲਾਬ ਦਾ ਮਿੱਠਾ ਪਾਣੀ ਪੀਕੇ ਬਾਬਾ ਜੀ ਨੇ ਕਿਹਾ- ਆਦਮੀ ਸੁੰਘ ਕੇ ਸੁਆਦ ਨਹੀਂ ਪਛਾਣ ਸਕਦਾ, ਪਸ਼ੂ ਪਛਾਣ ਜਾਂਦੇ ਨੇ, ਆਦਮੀ ਆਪਣੀ ਅਕਲ ‘ਤੇ ਕਿਸ ਵਾਸਤੇ ਮਾਣ ਕਰਦੈ ਫਿਰ?

ਮੋਹਨ ਰਾਕੇਸ਼ (1925-72), ਜੰਡ ਵਾਲੀ ਗਲੀ, ਅੰਮ੍ਰਿਤਸਰ ਜੰਮਿਆ ਪਲਿਆ, ਪੰਜਾਬੀ ਵਿਚ ਨਹੀਂ, ਹਿੰਦੀ ਵਿਚ ਨਿੱਗਰ ਸਾਹਿਤ ਦੀ ਰਚਨਾ ਕੀਤੀ ਪਰ ਉਸ ਪਾਗਲ ਨੇ ਹਿੰਦੀ ਵਿਚ ਲਿਖਣਾ ਸੀ ਲਿਖੀ ਜਾਂਦਾ, ਏਨੀ ਔਖੀ ਹਿੰਦੀ ਕਿਉਂ ਲਿਖੀ? ਚੰਦਰਧਰ ਸ਼ਰਮਾ ਗੁਲੇਰੀ ਦੀ ਉਸ ਨੇ ਕਹਾ ਥਾ ਜਾਂ ਕ੍ਰਿਸ਼ਨਾ ਸੋਬਤੀ ਦੀ ਜ਼ਿੰਦਗੀਨਾਮਾ ਵਰਗੀ ਹਿੰਦੀ ਲਿਖਦਾ? ਉਸ ਦਾ ਨਾਟਕ ਹਾੜ੍ਹ ਦਾ ਇਕ ਦਿਨ ਪੜ੍ਹ ਕੇ ਦੇਖਣਾ, ਦੰਗ ਰਹਿ ਜਾਓਗੇ। ਮਣੀਕੌਲ ਨੇ 1971 ਵਿਚ ਇਸ ਉਪਰ ਫਿਲਮ ਬਣਾਈ ਜਿਸ ਨੂੰ ਫਿਲਮ ਫੇਅਰ ਦਾ ਪਹਿਲਾ ਇਨਾਮ ਮਿਲਿਆ। ਇਕ ਨਹੀਂ, ਹਾੜ੍ਹ ਦੇ ਤਿੰਨ ਦਿਨ ਦਿਖਾਏ ਹਨ, ਇਕ ਇਕ ਦਿਨ ਵਿਚਕਾਰ ਮੁੱਦਤਾਂ ਦੇ ਵਕਫ਼ੇ। ਗਰਾਂ ਦੀ ਕੁੜੀ ਮੱਲਿਕਾ ਦੀ ਕਾਲੀਦਾਸ ਨਾਲ ਸ਼ਾਂਤ, ਖਾਮੋਸ਼ ਪ੍ਰੀਤ। ਕਾਲੀਦਾਸ ਨੂੰ ਰਾਜਕਵੀ ਦੇ ਸਨਮਾਨ ਨਾਲ ਨਿਵਾਜ ਕੇ ਉਜੈਨ ਦੇ ਮਹਾਰਾਜੇ ਨੇ ਪਹਿਲਾਂ ਮਹਿਲਾਂ ਵਿਚ ਰੱਖਿਆ, ਫਿਰ ਕਸ਼ਮੀਰ ਦਾ ਹਾਕਮ ਥਾਪ ਕੇ ਸ਼੍ਰੀਨਗਰ ਭੇਜ ਦਿੱਤਾ। ਉਹ ਭੁੱਲ ਗਿਆ ਮੱਲਿਕਾ ਨਾਮ ਦੀ ਕੋਈ ਕੁੜੀ ਹੋਇਆ ਕਰਦੀ ਸੀ। ਮੱਲਿਕਾ ਭੋਜ-ਪੱਤੇ ਇਕੱਠੇ ਕਰਦੀ ਰਹਿੰਦੀ, ਸਿਉਂ ਸਿਉਂ ਕੇ ਕਿਤਾਬ ਬਣਾਉਂਦੀ ਰਹਿੰਦੀ- ਇਨ੍ਹਾਂ ਕੋਰੇ ਵਰਕਿਆਂ ਉੱਤੇ ਮਹਾਂਕਵੀ ਰਚਨਾ ਕਰੇਗਾ ਤਾਂ ਉਸ ਵਿਚ ਮੇਰਾ ਹਿੱਸਾ ਵੀ ਤਾਂ ਹੋਵੇਗਾ ਨਾ! ਬੱਦਲਾਂ ਵੱਲ ਦੇਖ ਕੇ ਮਾਂ ਨੂੰ ਆਖਦੀ- ਸਾਰੇ ਬੱਦਲ ਉਜੈਨੀ ਵੱਲ ਕਿਉਂ ਜਾਂਦੇ ਨੇ ਮਾਂ? ਫਿਰ ਪਰਤਦੇ ਵੀ ਨਹੀਂ।
ਮੁੱਦਤ ਬਾਦ ਕਾਲੀਦਾਸ ਢਲਦੀ ਉਮਰੇ ਪਿੰਡ ਪੁੱਜਾ, ਮੱਲਿਕਾ ਦੇ ਘਰ ਗਿਆ। ਮੱਲਿਕਾ ਨੇ ਕਿਹਾ- ਯਕੀਨ ਨਹੀਂ ਕਿ ਤੂੰ, ਤੂੰ ਹੀ ਹੈਂ। ਤੈਨੂੰ ਦੇਖਣ ਵਾਲੀ ਮੈਂ, ਮੈਂ ਹੀ ਹਾਂ ਕਿ ਕੋਈ ਹੋਰ ਹੈ? ਕਾਲੀਦਾਸ ਦਾ ਜਵਾਬ- ਦ੍ਰਿੱਸ਼ ਓਨੇ ਨਹੀਂ ਬਦਲਦੇ ਮੱਲਿਕਾ ਜਿੰਨੀ ਦ੍ਰਿਸ਼ਟੀ ਬਦਲਦੀ ਹੈ।
ਕੋਰੇ ਕਾਗਜ਼ਾਂ ਦਾ ਗ੍ਰੰਥ ਕਾਲੀਦਾਸ ਨੂੰ ਫੜਾਉਂਦੀ ਹੈ- ਇਸ ਉਪਰ ਤੂੰ ਕਾਵਿ-ਨਾਟ ਲਿਖਣੇ ਸਨ ਕਾਲੀਦਾਸ। ਕਾਲੀਦਾਸ ਦੇਖਦਾ ਹੈ, ਥਾਂ ਥਾਂ ਸੁੱਕੀਆਂ ਰੰਗ ਬਰੰਗੀਆਂ ਫੁਲਪੱਤੀਆਂ ਹਨ, ਥਾਂ ਥਾਂ ਸੁੱਕੇ ਹੰਝੂਆਂ ਦੇ ਨਿਸ਼ਾਨ ਹਨ। ਕਾਲੀਦਾਸ ਆਖਦਾ ਹੈ- ਕੋਰੇ ਨਹੀਂ ਇਹ ਵਰਕੇ ਮੱਲਿਕਾ, ਇਨ੍ਹਾਂ ਉਪਰ ਤੇਰਾ ਮਹਾਂਕਾਵਿ ਲਿਖਿਆ ਜਾ ਚੁਕੈ, ਅਨੰਤ ਸਰਗਾਂ ਦਾ ਅਮਰ ਮਹਾਂਕਾਵਿ। ਮੈਂ ਇਸ ਉੱਪਰ ਹੁਣ ਕੀ ਲਿਖਣੈ?
ਮੇਘਦੂਤ ਦੇ ਕਰਤਾ ਕਾਲੀਦਾਸ ਦੀ ਕਥਾ ਰਚਣ ਵੇਲੇ ਰਾਕੇਸ਼ ਨੇ ਸਾਵਣ ਦਾ ਮਹੀਨਾ ਕਿਉਂ ਨਹੀਂ ਚੁਣਿਆ, ਹਾੜ੍ਹ ਦਾ ਕਿਉਂ? ਕਿਉਂਕਿ ਕਥਾ ਉਸ ਨੇ ਕਾਲੀਦਾਸ ਦੀ ਨਹੀਂ, ਮੱਲਿਕਾ ਦੀ ਸੁਣਾਉਣੀ ਸੀ ਜਿਸ ਦੇ ਜੀਵਨ ਵਿਚ ਸਾਵਣ ਹੈ ਈ ਨਹੀਂ ਸੀ। ਕਾਲੀਦਾਸ ਦੀ ਕਥਾ ਅਗਲੇ ਮਹੀਨੇ ਸਾਵਣ ਦੀ ਸੰਗਰਾਂਦ ਦੇ ਦਿਨ ਮੈਂ ਸੁਣਾਵਾਂਗਾ ਪਾਠਕੋ, ਉਡੀਕਣਾ। ਜਿਹੋ ਜਿਹਾ ਕਾਲੀਦਾਸ ਉਹੋ ਜਿਹਾ ਟੈਗੋਰ। ਟੈਗੋਰ ਦਾ ਵਾਕ- ਨਿੱਕਾ ਬੱਦਲ ਹੌਲੀ ਹੌਲੀ ਉੱਡਦਾ ਜਾਂਦਾ ਦੇਖਿਆ, ਕੋਈ ਕੋਈ ਬੂੰਦ ਵੀ ਡਿੱਗੀ। ਝਿੜਕਾਂ ਖਾਕੇ ਬੱਚਾ ਜਿਵੇਂ ਨੀਵੀਂ ਪਾਈ ਤੁਰਿਆ ਜਾਂਦਾ ਹੋਵੇ।
ਪੰਜ ਸਾਲ ਪਹਿਲਾਂ ਫੋਨ ਆਇਆ- ਜੀ ਤੁਸੀਂ ਮੈਨੂੰ ਨਹੀਂ ਜਾਣਦੇ। ਮੇਰਾ ਨਾਮ ਬੂਟਾ ਸਿੰਘ ਹੈ, ਤੁਹਾਡੀ ਲਿਖੀ ਬਾਬਾ ਬੰਦਾ ਸਿੰਘ ਦੀ ਸਾਖੀ ਪੜ੍ਹ ਕੇ ਹਟਿਆਂ। ਉਸ ਵਿਚ ਇਕ ਯੋਧੇ ਫਤਿਹ ਸਿੰਘ ਦਾ ਜ਼ਿਕਰ ਹੈ ਜਿਸ ਨੇ ਸੂਬਾ ਸਰਹਿੰਦ ਵਜ਼ੀਰ ਖਾਨ ਦੀ ਗਰਦਣ ਉਡਾਈ ਸੀ। ਉਹ ਮੇਰੇ ਬਾਬਾ ਜੀ ਸਨ। ਮੇਰਾ ਪਿੰਡ ਚੱਕ ਫਤਿਹ ਸਿੰਘ ਵਾਲਾ ਹੈ।
ਮੈਂ ਕਿਹਾ- ਏਸ ਖਾਨਦਾਨ ਨੂੰ ਮੇਰਾ ਨਮਸਕਾਰ, ਮਿਲ ਕੇ ਬਾਕੀ ਗੱਲਾਂ ਸੁਣਾਗਾ, ਫੋਨ ਉਪਰ ਨਹੀਂ। ਮਿਲੇ, ਜਾਣਕਾਰੀ ਮਿਲੀ। ਚਾਰ ਭਰਾ ਸਨ, ਸਭ ਤੋਂ ਵੱਡੇ ਰਾਮ ਸਿੰਘ, ਸਭ ਤੋਂ ਛੋਟੇ ਫਤਿਹ ਸਿੰਘ। ਇਲਾਕੇ ਨੂੰ ਪਤਾ ਸੀ ਦਸਮ ਪਾਤਸ਼ਾਹ ਤਲਵੰਡੀ ਠਹਿਰੇ ਹੋਏ ਹਨ। ਇਕ ਸਵੇਰ ਫਤਿਹ ਸਿੰਘ ਉਠੇ, ਇਸ਼ਨਾਨ ਕੀਤਾ, ਘੋੜਾ ਬੀੜਿਆ, ਤਲਵੰਡੀ ਪੁੱਜੇ, ਮਹਾਰਾਜ ਦੇ ਦਰਸ਼ਨ ਕੀਤੇ, ਬਚਨ ਸੁਣੇ, ਬੇਨਤੀ ਕੀਤੀ- ਹਜ਼ੂਰ ਮੇਰਾ ਪਿੰਡ ਨੇੜੇ ਹੀ ਹੈ, ਉਥੇ ਚਰਨ ਪਾਓ। ਮਹਾਰਾਜ ਨੇ ਹਾਂ ਕਰ ਦਿੱਤੀ। ਖ਼ੁਸ਼ ਖ਼ੁਸ਼ ਫਤਿਹ ਸਿੰਘ ਵਾਪਸ ਆਏ, ਸਾਰੀ ਗੱਲ ਦੱਸੀ। ਭਾਈ ਰਾਮ ਸਿੰਘ ਗੁੱਸੇ ਹੋ ਗਏ, ਕਿਹਾ- ਪਹਿਲਾਂ ਘਰ ਸਲਾਹ ਕਿਉਂ ਨਹੀਂ ਕੀਤੀ? ਫਤਿਹ ਸਿੰਘ ਨੇ ਕਿਹਾ- ਕੁੱਝ ਗ਼ਲਤ ਹੋ ਗਿਆ ਭਾਈ?
-ਗ਼ਲਤ ਤਾਂ ਹੋ ਈ ਗਿਆ ਸਭ ਕੁੱਝ। ਪਹਿਲਾਂ ਪਰਿਵਾਰ ਨਾਲ ਸਲਾਹ ਕਰਨੀ ਸੀ, ਪਰਿਵਾਰ ਹਾਮੀ ਭਰਦਾ ਫਿਰ ਪਿੰਡ ਦਾ ਇਕੱਠ ਕਰਨਾ ਸੀ। ਇਹ ਨਹੀਂ ਸੋਚਿਆ ਉਹ ਕਿੱਡੀ ਵੱਡੀ ਹਸਤੀ ਹਨ। ਆਪਾਂ ਉਨ੍ਹਾ ਨੂੰ ਬਿਠਾਵਾਂਗੇ ਕਿੱਥੇ, ਖੁਆਵਾਂਗੇ ਪਿਲਾਵਾਂਗੇ ਕੀ? ਆਪਾਂ ਭਾਈ ਡੱਲਾ ਸਿੰਘ ਜਿੱਡੇ ਜ਼ਿਮੀਂਦਾਰ ਕਿੱਥੇ ਆਂ?
ਫਤਿਹ ਸਿੰਘ ਸਾਰਾ ਦਿਨ ਸਾਰੀ ਰਾਤ ਬੇਚੈਨ ਰਹੇ। ਉੱਠੇ, ਘੋੜਾ ਬੀੜਿਆ, ਤਲਵੰਡੀ ਪੁੱਜੇ। ਮਹਾਰਾਜ ਨੂੰ ਮੱਥਾ ਟੇਕਿਆ। ਕਿਹਾ- ਤੁਸੀਂ ਤਾਂ ਦਿਆਲੂ ਹੋ ਮਹਾਰਾਜ, ਗ਼ਰੀਬਾਂ ਦੀ ਬੇਨਤੀ ਮੰਨ ਲੈਂਦੇ ਹੋ। ਇਸ ਕਰਕੇ ਦੁਬਾਰਾ ਹਾਜ਼ਰ ਹੋਇਆ ਹਾਂ ਕਿ ਗਰਮੀ ਬਹੁਤ ਹੈ, ਮਿੱਟੀ ਨਾਲ ਭਰੀਆਂ ਨ੍ਹੇਰੀਆਂ ਵਗਦੀਆਂ ਹਨ, ਜੇ ਬਾਰਸ਼ਾਂ ਖੁੱਲ੍ਹੀਆਂ ਤੋਂ ਚੁਮਾਸੇ ਵਿਚ ਚਰਨ ਪਾਓਂ ਤਾਂ ਵਧੀਕ ਠੀਕ ਨਾ ਰਹੇ? ਮਹਾਰਾਜ ਹੱਸ ਪਏ, ਫੁਰਮਾਇਆ- ਜਿਹੋ-ਜਿਹਾ ਰੁੱਖਾ-ਸੁੱਖਾ ਤੁਸੀਂ ਖਾਂਦੇ ਹੋ ਭਾਈ, ਉਹੋ ਜਿਹਾ ਛਕਾਂਗੇ ਤੁਹਾਡੇ ਕੋਲ, ਜਾਓ ਤਿਆਰੀਆਂ ਕਰੋ, 18 ਜੇਠ ਨੂੰ ਆਵਾਂਗੇ, ਇਕ ਹਫ਼ਤਾ 25 ਜੇਠ ਤਕ ਰਹਾਂਗੇ। ਭਾਈ ਜੀ ਨੇ ਪਰਤ ਕੇ ਹੁਕਮ ਸੁਣਾ ਦਿੱਤਾ। ਹੁਣ ਕਾਹਦਾ ਕਿੰਤੂ ਪ੍ਰੰਤੂ? ਗੁਆਂਢੀ ਪਿੰਡਾਂ ਦੇ ਇਕੱਠ ਹੋਏ, ਰਸਦਾਂ ਆਉਣ ਲੱਗੀਆਂ, ਸੰਗਤ ਵਾਸਤੇ ਦਰੀਆਂ ਚਾਦਰਾਂ ਆਉਣ ਲੱਗੀਆਂ। ਆਬਾਦੀਓਂ ਬਾਹਰ ਛੱਪੜ ਕਿਨਾਰੇ ਘਾਹ ਫੂਸ, ਝਾੜੀਆਂ ਸਾਫ਼ ਕੀਤੇ, ਜਿੱਧਰੋਂ ਸਵਾਰੀ ਆਉਣੀ ਸੀ ਉਸ ਪਾਸੇ ਪਹੇ ਉਪਰ ਪਾਣੀ ਦਾ ਛਿੜਕਾਅ ਕੀਤਾ। ਆਖਰ ਘੋੜਾ ਦਿੱਸਿਆ, ਸੰਗਤ ਸਾਵਧਾਨ ਹੋਈ, ਅੱਗੇ ਵਧ ਕੇ ਸਭ ਤੋਂ ਪਹਿਲਾਂ ਫਤਿਹ ਸਿੰਘ ਨੇ ਰਕਾਬ ਉਪਰ ਮੱਥਾ ਰੱਖਿਆ, ਅਸੀਸ ਮਿਲੀ, ਸਵੇਰ ਦਾ ਸਮਾਂ ਸੀ, ਹਵਾ ਦਾ ਠੰਢਾ ਬੁੱਲਾ ਆਇਆ, ਹੱਸ ਕੇ ਮਹਾਰਾਜ ਬੋਲੇ- ਤੁਸੀਂ ਤਾਂ ਕਹਿੰਦੇ ਸੀ ਗਰਮੀ ਹੈ, ਮਿੱਟੀ ਆਲੀਆਂ ਨ੍ਹੇਰੀਆਂ ਹਨ, ਇੱਥੇ ਤਾਂ ਫਤਿਹ ਸਿੰਘ ਪਾਉਂਟਾ ਸਾਹਿਬ ਬਣਿਆ ਪਿਐ? ਜਿੱਥੇ ਹਜ਼ੂਰ ਬਿਰਾਜਮਾਨ ਹੋਏ, ਉੱਥੇ ਹੁਣ ਇਤਿਹਾਸਕ ਗੁਰਦੁਆਰਾ ਹੈ ਜਿਸ ਦਾ ਨਾਮ ਪਾਉਂਟਾ ਸਾਹਿਬ ਹੈ।
ਮਹਾਰਾਜ ਦਾ ਪੁਰਾਣਾ ਚੋਲਾ ਪਿਆ ਹੈ, ਮਾਤਾ ਸੁੰਦਰੀ ਜੀ ਦਾ ਪੁਰਾਣਾ ਲਿਬਾਸ ਪਿਆ ਹੈ, ਨਵੇਂ ਸਿਲਵਾ ਕੇ ਭੇਟ ਕੀਤੇ ਸਨ। ਭਾਈ ਫਤਿਹ ਸਿੰਘ ਦੀ ਉਹ ਕਿਰਪਾਨ ਪਈ ਹੈ ਜਿਸ ਨਾਲ ਸੂਬਾ ਸਰਹਿੰਦ ਦਾ ਮਾਣ ਤਾਨ ਹੋਇਆ ਸੀ।
ਆਸਾੜੁ ਭਲਾ ਸੂਰਜੁ ਗਗਨਿ ਤਪੈ॥ ਧਰਤੀ ਦੂਖ ਸਹੈ ਸੋਖੈ ਅਗਨਿ ਭਖੈ॥ ਅਗਨਿ ਰਸੁ ਸੋਖੈ ਮਰੀਐ ਧੋਖੈ ਭੀ ਸੋ ਕਿਰਤੁ ਨ ਹਾਰੇ॥ ਰਥੁ ਫਿਰੈ ਛਾਇਆ ਧਨ ਤਾਕੈ ਟੀਡੁ ਲਵੈ ਮੰਝ ਬਾਰੇ॥ ਅਵਗਣ ਬਾਧਿ ਚਲੀ ਦੁਖੁ ਆਗੈ ਸੁਖੁ ਤਿਸੁ ਸਾਚੁ ਸਮਾਲੇ॥ ਨਾਨਕ ਜਿਸ ਨੋ ਇਹੁ ਮਨੁ ਦੀਆ ਮਰਣੁ ਜੀਵਣੁ ਪ੍ਰਭ ਨਾਲੇ॥ ਤੁਖਾਰੀ ਮ.1, ਪੰਨਾ-1109
(ਹਾੜ੍ਹ ਦਾ ਮਹੀਨਾ ਚੰਗਾ ਹੈ, ਅਸਮਾਨੀ ਸੂਰਜ ਤਪਦਾ ਹੈ। ਧਰਤੀ ਧੁੱਪ ਦਾ ਦੁੱਖ ਸਹਿੰਦੀ ਹੈ, ਸੂਰਜ ਜਲ ਸੁਕਾ ਦਿੰਦਾ ਹੈ, ਧਰਤੀ ਅਗਨੀ ਵਾਂਗ ਤਪਦੀ ਹੈ, ਜੀਅ ਜੰਤ ਧੁਖ ਧੁਖ ਮਰਦੇ ਹਨ ਤਾਂ ਵੀ ਸੂਰਜ ਆਪਣਾ ਕਰਤੱਬ ਨਹੀਂ ਛਡਦਾ। ਸੂਰਜ ਦਾ ਰਥ ਫਿਰਦਾ ਹੈ, ਜੀਵ ਇਸਤ੍ਰੀ ਛਾਂ ਭਾਲਦੀ ਹੈ। ਬਾਰ ਦੇ ਇਲਾਕੇ ਵਿਚ ਬੀਂਡੇ ਗਾਉਂਦੇ ਹਨ। ਔਗਣਾ ਦੀ ਪੰਡ ਚੁਕੀ ਇਸਤ੍ਰੀ ਚੱਲ ਪੈਂਦੀ ਹੈ, ਪਰਲੋਕ ਵਿਚ ਵੀ ਦੁੱਖ ਮਿਲੇਗਾ। ਸੁੱਖ ਉਸ ਨੂੰ ਮਿਲੇਗਾ ਜੋ ਮਾਲਕ ਨੂੰ ਚੇਤੇ ਰੱਖੇਗਾ। ਜਿਸ ਨੂੰ ਸਿਮਰਨ ਕਰਨ ਵਾਲਾ ਮਨ ਮਿਲ ਗਿਆ, ਉਹ ਜਿਉਂਦੀ ਵੀ, ਮੋਈ ਵੀ ਰੱਬੀ ਸੰਗਤ ਮਾਣਦੀ ਹੈ।)
ਸੰਪਰਕ: 94642-51454

ਚੜ੍ਹਿਆ ਹਾੜ ਮਹੀਨਾ ਕੜਕਦਾ, ਮੇਰੇ ਅੰਦਰ ਭਾਂਬੜ ਭੜਕਦਾ,
ਇਸ ਬਿਰਹੋਂ ਸੂਰਜ ਚਾੜ੍ਹਿਆ, ਮੈਨੂੰ ਪਿਆਰੇ ਦਿਲੋਂ ਵਿਸਾਰਿਆ,
ਮੈਂ ਮੌਤੋਂ ਗੁਜ਼ਰੀ ਲੰਘ ਕੇ, ਕੇਹੀ ਬਰਛੀ ਲਾਈਆਂ ਸਾਰ ਦੀ।

ਮੈਨੂੰ ਹਿਜਰੀ ਆਤਸ਼ ਚਾੜ੍ਹਿਆ, ਅਤੇ ਤਪਨ ਸਿਕਨ ਸਾੜਿਆ,
ਮੈਂ ਰੋ ਰੋ ਨਿਤ ਪੁਕਾਰਿਆ, ਝਬ ਮਿਲੀ ਨੂੰ ਸਜਣ ਪਿਆਰਿਆ,
ਮੈਂ ਆਪਣਾ ਆਪ ਸ਼ਿੰਗਾਰਿਆ, ਕਰ ਆਸ ਪੂਰੇ ਨਿਰਧਾਰ ਦੀ।

ਮੈਂ ਪੈਧੀ ਪਚਰੀ ਰਹਿ ਗਈ, ਕਾਈ ਗੰਢ ਤੁਸਾਂ ਦਿਲ ਬਹਿ ਗਈ,
ਮੇਰਾ ਹੋਇਆ ਚੋਲਾ ਨਾਰ ਜਿਉਂ, ਦੋ ਜ਼ੁਲਫ਼ਾਂ ਡੰਗਣ ਮਾਰ ਕਿਉਂ,
ਮੈਨੂੰ ਹਾਰ ਸ਼ਿੰਗਾਰ ਨਾ ਭਾਉਂਦਾ, ਨਹੀਂ ਤਾਕਤ ਹੈ ਗੁਫ਼ਤਾਰ ਦੀ।

ਸੁਖ ਸਉਣ ਜੋ ਕੰਤਾਂ ਵਾਲੀਆਂ, ਅਸਾਂ ਰਾਤੀਂ ਤਨਹਾ ਜਾਲੀਆਂ,
ਬ੍ਰਿਹੁੰ ਡੰਗ ਅਠੂਹੇਂ ਮਾਰਦੇ, ਲੋਕ ਦੇਣ ਉਲਾਂਭੇ ਯਾਰ ਦੇ,
ਮੈਂ ਕਿਤ ਵਲ ਕੂਕਾ ਜਾਇਕੇ, ਦਰ ਤੇਰੇ ਰਾਜ਼ ਪੁਕਾਰਦੀ।
ਤੇਰੀ ਵਾਉ ਠੰਢੀ ਮੈਂ ਥੀਂਵਦੀ, ਤੇਰਾ ਨਾਮ ਸੁਣੇ ਸੁਣ ਜੀਵਦੀ,
ਮੇਰਾ ਤੇਰਾ ਬਾਝੋਂ ਕੌਣ ਹੈ, ਸਾਨੂੰ ਕੁਛ ਆਰਾਮ ਨਾ ਸੌਣ ਹੈ,
ਨਿਤ ਗਲੀਆਂ ਦੇ ਵਿਚ ਭੌਣ ਹੈ, ਧਰ ਓਟ ਤੇਰੇ ਦਰਬਾਰ ਦੀ।

ਧੋਇ ਪੈਰ ਤੁਸਾਡੇ ਪੀਵਨੀਂ ਹਾਂ, ਤੇਰਾ ਨਾਮ ਸੁਣੋਂ ਮੈਂ ਜੀਵਨੀ ਹਾਂ।
ਗੁਣ ਤੇਰੇ ਬੈਠੀ ਗਾਂਵਦੀ ਸ਼ੌਕ ਤੇਰੇ ਜੀਉ ਵਲਾਉਂਦੀ।
ਬਿਨ ਤੇਰੇ ਪਿਆਰਿਆ ਸੱਜਣਾ, ਕੁਝ ਖ਼ਬਰ ਨਹੀਂ ਸੰਸਾਰ ਦੀ।੪।
– ਖ਼ਵਾਜਾ ਫ਼ਰਦ ਫਕੀਰ
***
ਦੋਹਰਾ- ਹਾੜ ਜੁ ਪੀਆ ਘਰਿ ਨਹੀਂ, ਘਰਿ ਦਹਿ ਬਹੇ ਬਲਾਇ।
ਅੱਖੀਆਂ ਭੀ ਘਰਿ ਛੋਡਿਆ, ਦਰਿ ਪਿਪਣੀਆਂ ਛਾਪੇ ਲਾਇ।
ਝੁਲਨਾ- ਆਇ ਅਹਾੜ ਅਰਾਮ ਕਰਾਰੁ ਗਇਆ,
ਨਹੀਂ ਅੰਦਰ ਬਾਹਰਿ ਥਾਂਉਂ ਮੈਨੂੰ।
ਠੰਢਾ ਪਾਣੀ ਲਗੇ ਮੈਂ ਤੱਤੇ ਜਿਹਾ,
ਜਿਹੀ ਧੁੱਪ ਲਗੇ ਤੋਹੀ ਛਾਂਉਂ ਮੈਨੂੰ।
ਵਾਉ ਬਾਝ ਨਾ ਸਾਈਂ ਸਾੜਦੀ ਏਂ,
ਘਿਰੀ ਕੋਠੀ ਘਰੀ ਰਾਉ ਮੈਨੂੰ!
ਭੱਠ ਹਾੜ ਮਹੀਨਾ ਕਮੀਨਾ ਸਈਓ,
ਕੋਈ ਵਤ ਨਾ ਘਿੰਨੋ ਨਾਂਉਂ ਮੈਨੂੰ।੫। – ਸੱਯਦ ਸ਼ਾਹ ਮੁਰਾਦ
***
ਦੋਹਰਾ- ਚੜ੍ਹਤ ਮਹੀਨੇ ਹਾੜ ਦੇ, ਹਾਹੁੜੇ ਕਰਦਾ ਜੀਉ,
ਕਾਸਦ ਭੇਜੋ ਤੁਮ ਸਖੀ, ਜੋ ਆਨਿ ਮਿਲਾਵੈ ਪੀਉ।੧।

ਤਾਂ ਚੜ੍ਹਦੇ ਹਾੜ ਯਾਰੁ ਘਰਿ ਨਾਹੀਂ, ਵਗਦੀਆਂ ਲੋਆਂ ਭੜਕਨਿ ਭਾਹੀਂ,
ਕਿਉ ਕਰਿ ਭਰਮੁ ਦਿਲੇ ਦਾ ਲਾਹੀ, ਨਾ ਕੋਈ ਦਿਸੈ ਆਉਂਦਾ ਰਾਹੀ।
ਅੰਦਰਿ ਬਲਿ ਬਲਿ ਉਠਨਿ ਆਹੀਂ, ਜ਼ਾਲਮ ਬਿਰਹੋਂ ਘੱਤਿ ਕੜਾਹੀ,
ਤੇਲ ਬਿਨੁ ਮੈਂ ਤਲੀ।੧।

ਤਾਂ ਵੇ ਰੱਬਾ! ਮੈਂ ਜਲ ਬਲ ਭਈ ਕਬਾਬ, ਕਿਉਂ ਕਰਿ ਗੁਜ਼ਰੇ ਆਸ ਹਿਸਾਬ,
ਮੇਰਾ ਯਾਰ ਲਦਿ ਅਸਬਾਬ, ਉਠ ਗਯੋਂ ਬਾਲਮ ਛੋਡਿ ਪੰਜਾਬ।
ਹੱਕ ਨਾ ਪਹੁੰਚੀ ਕਿਸੇ ਹਿਸਾਬ, ਜਿਉਂ ਜੋਬਨ ਮੋਤੀ ਦੀ ਆਬ,
ਸੂਲਾਂ ਕੀਤੀ ਮਾਰਿ ਖਰਾਬ, ਵਤਿ ਨਾ ਆਵੈਗਾ ਇਸ ਤਾਬ।
ਰੱਬਾ! ਮੇਰਾ ਮੇਲੀ ਕੰਤੁ, ਸ਼ਿਤਾਬ, ਉਡੀਕਾਂ ਦਰਿ ਖਾਲੀ।੨।

ਰੱਬਾ! ਮੈਂ ਤੱਤੀ ਖ਼ੁਦ ਕਰਮਾਂ ਦੀ, ਇਸ ਜਗ ਜੂਨਿ ਕਟਣ ਨੂੰ ਆਂਦੀ,
ਰਾਤੀ ਦਰਦ ਦਿਨੇ ਦਰਮਾਂਦੀ, ਸੂਲਾਂ ਲੀਤੀ ਘੇਰਿ ਪਵਾਂਦੀ।
ਵਢਿ ਵਢਿ ਪੀੜ ਹੱਡਾਂ ਨੂੰ ਖਾਂਦੀ, ਸਾਹੁਰੁ ਪੇਹਰੁ ਥੋਂ ਸ਼ਰਮਾਂਦੀ,
ਵੜਿ ਮਹਲਾਂ ਵਿਚਿ ਬਹਿ ਕੁਰਲਾਂਦੀ, ਅਡੀ ਲਗਦੀ ਚੋਟੀ ਜਾਂਦੀ।
ਮੇਰੀ ਐਸੀ ਸੇਜ ਫੁੱਲਾਂ ਦੀ, ਚਿਖਿਆ ਜਿਉਂ ਜਲੀ।੩।

ਤਾਂ ਦੇਖ ਹਕੂਮਤਿ ਭਈ ਬਿਤੰਗਾ, ਗਇਓ ਤਨ ਲਾਇ ਤੀਰ ਤੁਫੰਗਾ,
ਉਡਿ ਗਇਓ ਤਨ ਸੂਲਾਂ ਵਿਚਿ ਟੰਗਾ, ਮੈਂ ਕਿਚਰਕੁ ਸੂਲ ਹੰਢਾਵਾਂ ਅੰਗਾ।
ਮੈਂ ਰਹਿੰਦੀ ਨਿਤ ਸੂਲਾਂ ਦੇ ਸੰਗਾ, ਆ ਕਰ ਹੋਇ ਮੇਰਾ ਵੈਦੰਗਾ,
ਜੋ ਕਿਛੁ ਦਾਹੋ ਸੋ ਕਿਛੁ ਮੰਗਾ, ਮਤੁ ਕਹਿ ਛੁਟਾਂ ਇਸ ਪਰਸੰਗਾ।
-ਹਕੂਮਤਿ


Comments Off on ਹਾੜ੍ਹ
1 Star2 Stars3 Stars4 Stars5 Stars (No Ratings Yet)
Loading...
Both comments and pings are currently closed.

Comments are closed.

Manav Mangal Smart School
Available on Android app iOS app
Powered by : Mediology Software Pvt Ltd.