ਅੰਮ੍ਰਿਤਸਰ ਬਣਿਆ ਗਲੋਬਲ ਸ਼ਹਿਰੀ ਹਵਾ ਪ੍ਰਦੂਸ਼ਣ ਅਬਜ਼ਰਵੇਟਰੀ ਦਾ ਮੈਂਬਰ !    ਕਾਰੋਬਾਰੀ ਦੀ ਪਤਨੀ ਨੂੰ ਬੰਦੀ ਬਣਾ ਕੇ ਨੌਕਰ ਨੇ ਲੁੱਟੇ 60 ਲੱਖ !    ਹਾਂਗਕਾਂਗ ਓਪਨ: ਸਿੰਧੂ ਜਿੱਤੀ, ਸਾਇਨਾ ਹਾਰੀ !    ਆਜ਼ਾਦੀ ਸੰਘਰਸ਼ ਵਿੱਚ ਗੁਰੂ ਹਰੀ ਸਿੰਘ ਦਾ ਯੋਗਦਾਨ !    ਮਹਾਰਾਜਾ ਰਣਜੀਤ ਸਿੰਘ ਦੇ ਰਾਜ ਵਿੱਚ ਵਿੱਦਿਆ ਪ੍ਰਬੰਧ !    ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਸ਼ਤਾਬਦੀ ਵਰ੍ਹਾ !    ਗਾਜ਼ਾ ’ਚ ਇਜ਼ਰਾਇਲੀ ਹਵਾਈ ਹਮਲੇ ’ਚ ਇਸਲਾਮਿਕ ਕਮਾਂਡਰ ਦੀ ਮੌਤ !    ਬੀਕਾਨੇਰ: ਹਾਦਸੇ ’ਚ 7 ਮੌਤਾਂ !    ਕਸ਼ਮੀਰ ’ਚ ਪੱਤਰਕਾਰਾਂ ਵੱਲੋਂ ਪ੍ਰਦਰਸ਼ਨ !    ਉੱਤਰਾਖੰਡ ’ਚ ਭੁਚਾਲ ਦੇ ਝਟਕੇ !    

ਹਰੀਏ ਨੀ ਰਸ ਭਰੀਏ ਖਜੂਰੇ…

Posted On June - 29 - 2019

ਪ੍ਰੋ. ਬੇਅੰਤ ਸਿੰਘ ਬਾਜਵਾ

ਪੰਜਾਬੀ ਵਿਆਹਾਂ ਵਿਚ ਜਿੱਥੇ ਹੋਰ ਰਸਮਾਂ ਨਿਭਾਈਆਂ ਜਾਂਦੀਆਂ ਹਨ, ਉੱਥੇ ਹੀ ਸੁਹਾਗ, ਘੋੜੀਆਂ, ਸਿੱਠਣੀਆਂ, ਬੋਲੀਆਂ ਆਦਿ ਵੀ ਗਾਈਆਂ ਜਾਂਦੀਆਂ ਹਨ। ਵਿਆਹ ਵਿਚ ਸੁਹਾਗ ਦੇ ਗੀਤ ਗਾਉਣੇ ਖ਼ਾਸ ਅਹਿਮੀਅਤ ਰੱਖਦੇ ਹਨ। ਸੁਹਾਗ ਕੁੜੀ ਦੇ ਵਿਆਹ ਵੇਲੇ ਕੁੜੀ ਦੇ ਪਰਿਵਾਰ ਅਤੇ ਰਿਸ਼ਤੇਦਾਰਾਂ ਵੱਲੋਂ ਗਾਏ ਜਾਣ ਵਾਲੇ ਗੀਤਾਂ ਨੂੰ ਕਿਹਾ ਜਾਂਦਾ ਹੈ, ਜਦੋਂ ਕਿ ਮੁੰਡੇ ਦੇ ਘਰ ਗਾਏ ਜਾਣ ਵਾਲੇ ਗੀਤਾਂ ਨੂੰ ਘੋੜੀਆਂ ਕਿਹਾ ਜਾਂਦਾ ਹੈ। ਸੁਹਾਗ ਦਾ ਸ਼ਬਦਿਕ ਅਰਥ ਹੈ ‘ਖੁਸ਼ਨਸੀਬੀ’ ਭਾਵ ‘ਚੰਗੇ ਭਾਗ’। ਲੋਕ ਸਾਹਿਤ ਦੇ ਸੰਦਰਭ ਵਿਚ ਸੁਹਾਗ ਤੋਂ ਭਾਵ ਅਜਿਹੇ ਖੁਸ਼ੀਆਂ ਭਰੇ ਲੋਕ ਗੀਤ ਹਨ ਜਿਹੜੇ ਕੁੜੀ ਦੇ ਵਿਆਹ ਨਾਲ ਸਬੰਧਿਤ ਹਨ।
ਪੰਜਾਬੀ ਸੱਭਿਆਚਾਰ ਵਿਚ ਕੁੜੀ ਦੇ ਵਿਆਹ ਤੋਂ ਇੱਕੀ ਦਿਨ ਪਹਿਲਾਂ, ਗਿਆਰਾਂ ਦਿਨ ਪਹਿਲਾਂ ਜਾਂ ਸੱਤ ਦਿਨ ਪਹਿਲਾਂ ਵਿਆਹ ਵਾਲੀ ਕੁੜੀ ਦੇ ਘਰ ਵਿਚ ਸੁਹਾਗ ਗਾਉਣੇ ਸ਼ੁਰੂ ਹੋ ਜਾਂਦੇ ਹਨ। ਇਹ ਗੀਤ ਆਂਢ-ਗੁਆਂਢ ਦੀਆਂ ਕੁੜੀਆਂ ਅਤੇ ਰਿਸ਼ਤੇਦਾਰਨੀਆਂ ਵਿਆਹ ਵਾਲੀ ਕੁੜੀ ਦੇ ਘਰ ਰਾਤ ਨੂੰ ਇਕੱਠੀਆਂ ਹੋ ਕੇ ਢੋਲਕੀ ਨਾਲ ਗਾਉਂਦੀਆਂ ਹਨ। ਇਨ੍ਹਾਂ ਵਿਚ ਜਵਾਨ ਹੋ ਰਹੀਆਂ ਕੁੜੀਆਂ ਦੀਆਂ ਆਸਾਂ, ਸੁਪਨਿਆਂ ਅਤੇ ਚਾਵਾਂ ਮਲ੍ਹਾਰਾਂ ਦਾ ਭਰਪੂਰ ਪ੍ਰਗਟਾਵਾ ਹੁੰਦਾ ਹੈ। ਇਨ੍ਹਾਂ ਲੋਕ ਗੀਤਾਂ ਵਿਚ ਵਿਆਹੀ ਜਾਣ ਵਾਲੀ ਕੁੜੀ ਦੇ ਪੇਕੇ ਪਰਿਵਾਰ ਦੇ ਜੀਆਂ ਨਾਲ ਵੱਖ ਵੱਖ ਰਿਸ਼ਤੇ ਅਤੇ ਫਿਰ ਸਹੁਰੇ ਘਰ ਵਿਚ ਨਵੇਂ ਬਣੇ ਰਿਸ਼ਤਿਆਂ ਬਾਰੇ ਵਾਰ ਵਾਰ ਜ਼ਿਕਰ ਕੀਤਾ ਜਾਂਦਾ ਹੈ। ਇਨ੍ਹਾਂ ਵਿਚ ਕਿਤੇ ਰਿਸ਼ਤਿਆਂ ਦੇ ਤਾਣੇ ਬਾਣੇ ਦਾ ਨਿੱਘ ਹੈ ਅਤੇ ਕਿਤੇ ਤਣਾਅ ਦਾ ਅਹਿਸਾਸ ਹੁੰਦਾ ਹੈ।
ਇਨ੍ਹਾਂ ਵਿਚ ਕੁੜੀ ਦਾ ਆਪਣੇ ਮਾਪਿਆਂ ਪ੍ਰਤੀ ਸੁਨੇਹ, ਮੁਹੱਬਤ, ਪੇਕੇ ਘਰ ਨਾਲ ਜੁੜੀਆਂ ਉਸ ਦੀਆਂ ਕਦੀ ਨਾ ਭੁੱਲਣ ਵਾਲੀਆਂ ਯਾਦਾਂ ਅਤੇ ਵਰ ਅਤੇ ਘਰ ਸਬੰਧੀ ਜਜ਼ਬਾਤਾਂ ਦਾ ਜ਼ਿਕਰ ਹੁੰਦਾ ਹੈ। ਕੁਝ ਦਿਨਾਂ ਤਕ ਕੁੜੀ ਨੇ ਬੇਗ਼ਾਨੇ ਘਰ ਚਲੀ ਜਾਣਾ ਹੈ। ਵਿਛੋੜੇ ਦੇ ਭਾਵਾਂ ਨੂੰ ਪ੍ਰਗਟ ਕਰਨ ਵਾਲਾ ਸੁਹਾਗ ਗੀਤ ਹੈ :
ਸਾਡਾ ਚਿੜੀਆਂ ਦਾ ਚੰਬਾ ਵੇ
ਬਾਬਲ ਅਸਾਂ ਉੱਡ ਜਾਣਾ।
ਸਾਡੀ ਲੰਬੀ ਉਡਾਰੀ ਵੇ
ਬਾਬਲ ਕਿਹੜੇ ਦੇਸ ਜਾਣਾ।

ਪ੍ਰੋ. ਬੇਅੰਤ ਸਿੰਘ ਬਾਜਵਾ

ਸੁਹਾਗ ਦੇ ਲੋਕ ਗੀਤਾਂ ਵਿਚ ਧੀ ਲਈ ਬਾਬਲ ਰਾਜਾ ਹੈ। ਉਸ ਦਾ ਘਰ ਮਹਿਲ ਹੈ। ਬਾਹਰ ਬਾਗ਼ ਹਨ ਅਤੇ ਜਿਸ ਵਿਚ ਚੰਦਨ ਦੇ ਰੁੱਖ ਹਨ ਤੇ ਤਲਾਬ ਹਨ ਤੇ ਚੰਬਾ ਖਿੜਦਾ ਹੈ। ਇਸ ਤਰ੍ਹਾਂ ਬਾਬਲ ਇਕ ਰਾਜੇ ਵਾਂਗ ਹੈ, ਪਰ ਉਹ ਧੀ ਵਿਆਹੁਣ ਲੱਗਿਆ ਮੰਨੋ ਨਿਵ ਜਾਂਦਾ ਹੈ। ਧੀ ਦੇ ਪੇਕੇ ਪਰਿਵਾਰ ਤੋਂ ਵਿਛੜਨ ਦੀ ਘੜੀ ਬਹੁਤ ਭਾਵੁਕਤਾ ਵਾਲੀ ਹੁੰਦੀ ਹੈ। ਉਸ ਮੌਕੇ ਇਕੱਲਾ ਬਾਬਲ ਹੀ ਨਹੀਂ, ਸਾਰਾ ਪਰਿਵਾਰ ਤੇ ਸਾਕ ਸਬੰਧੀ ਰੋਂਦੇ ਹਨ। ਸੁਹਾਗ ਗਾਉਣ ਵਾਲੇ ਦੀ ਉਪ ਭਾਸ਼ਾ ਅਨੁਸਾਰ ਸ਼ਬਦਾਂ ਦਾ ਰੂਪ ਕੁਝ ਬਦਲ ਜਾਂਦਾ ਹੈ। ਜਿਵੇਂ ਦਾੜ੍ਹੀ ਤੋਂ ਦਾਅੜੀ, ਦੇਵੀਂ ਤੋਂ ਦੇਈਂ, ਨਿਵਿਆਂ ਤੋਂ ਨਿਮਿਆਂ। ਇਸੇ ਤਰ੍ਹਾਂ ਰਸ ਦੀ ਲੋੜ ਅਨੁਸਾਰ ਸਾਡੜੇ (ਸਾਡੇ), ਬੇਟੜੀ (ਬੇਟੀ), ਵੱਡੜਾ (ਵੱਡਾ), ਬਾਹਲੜੇ (ਬਹੁਤੇ), ਡੱਬੜੇ (ਡੱਬੇ), ਹੁੰਦੜੀ (ਹੁੰਦੀ) ਆਦਿ ਸ਼ਬਦ ਵਰਤੇ ਜਾਂਦੇ ਹਨ।
ਸੁਹਾਗ ਦੇ ਗੀਤ ਭਾਵ ਅਤੇ ਬਣਤਰ ਪੱਖੋਂ ਸਰਲ ਹਨ। ਇਨ੍ਹਾਂ ਵਿਚ ਦੁਹਰਾ ਹੈ। ਪ੍ਰਕਿਰਤੀ ਦੀਆਂ ਨਿਰਮਲ ਛੋਹਾਂ ਹਨ ਅਤੇ ਗਾਉਣ ਲਈ ਲੈਅ ਤੇ ਰਵਾਨੀ ਹੈ। ਜਿਸ ਦੀ ਝਲਕ ਹੇਠ ਦਿੱਤੀਆਂ ਸੁਹਾਗ ਦੀਆਂ ਵੰਨਗੀਆਂ ਵਿਚ ਮਿਲਦੀ ਹੈ:
ਚੜ੍ਹ ਚੁਬਾਰੇ ਸੁੱਤਿਆ ਬਾਬਲ,
ਆਈ ਬਨੇਰੇ ਦੀ ਛਾਂ।
ਤੂੰ ਸੁੱਤਾ ਲੋਕੀਂ ਜਾਗਦੇ,
ਘਰ ਬੇਟੜੀ ਹੋਈ ਮੁਟਿਆਰ।
ਛੰਨਾ ਤਾਂ ਭਰਿਆ ਦੁੱਧ ਦਾ ਵਾਰੀ,
ਨਾਵਣ ਚੱਲੀ ਆਂ ਤਲਾ।
ਮੈਲ ਹੋਵੇ ਝੱਟ ਝੜ ਜਾਵੇ ਵਾਰੀ,
ਰੂਪ ਨਾ ਝੜਿਆ ਜਾ।
ਮਾਏ ਨੀਂ ਸੁਣ ਮੇਰੀਏ ਵਾਰੀ,
ਬਾਬਲ ਮੇਰੇ ਨੂੰ ਸਮਝਾ।
ਸਾਡੇ ਤਾਂ ਹਾਣ ਦੀਆਂ ਸਾਵਰੇ ਵਾਰੀ,
ਸਾਡੜੇ ਮਨ ਵਿਚ ਚਾ।
ਬਾਬਲ ਰੋਂਦੇ ਦੀ ਦਾੜ੍ਹੀ ਭਿੱਜੀ ਵਾਰੀ,
ਮਾਈ ਨੇ ਦਰਿਆ ਚਲਾ।
ਵੀਰੇ ਰੋਂਦੇ ਦਾ ਰੁਮਾਲ ਭਿੱਜਾ ਵਾਰੀ,
ਭਾਬੋ ਦੇ ਮਨ ਵਿਚ ਚਾ।
* ਹਰੀਏ ਨੀ ਰਸ ਭਰੀਏ ਖਜੂਰੇ,
ਕਿਹਨੇ ਦਿੱਤਾ ਐਡੀ ਦੂਰੇ।
ਬਾਬਲ ਮੇਰਾ ਦੇਸਾਂ ਦਾ ਰਾਜਾ,
ਓਸੇ ਦਿੱਤਾ ਐਡੀ ਦੂਰੇ।
ਮਾਤਾ ਮੇਰੀ ਮਹਿਲਾਂ ਦੀ ਰਾਣੀ।
ਦਾਜ ਦਿੱਤਾ ਗੱਡ ਪੂਰੇ।
ਹਰੀਏ ਨੀ ਰਸ ਭਰੀਏ ਖਜੂਰੇ,
ਕਿਹਨੇ ਦਿੱਤਾ ਐਡੀ ਦੂਰੇ।
ਅਜੋਕੇ ਵਿਆਹਾਂ ਵਿਚ ਸੁਹਾਗ ਦੇ ਗੀਤ ਬਹੁਤ ਘੱਟ ਹੀ ਗਾਏ ਜਾਂਦੇ ਹਨ। ਸਿਰਫ਼ ਖਾਨਾਪੂਰਤੀ ਲਈ ਹੀ ਇਕ ਦਿਨ ਔਰਤਾਂ ਵਿਆਹ ਵਾਲੀ ਕੁੜੀ ਦੇ ਘਰ ਇਕੱਤਰ ਹੋ ਕੇ ਗੀਤ ਗਾਉਂਦੀਆਂ ਹਨ। ਜੋ ਸਿਰਫ਼ ਦੋ ਤਿੰਨ ਘੰਟੇ ਹੀ ਗਾਏ ਜਾਂਦੇ ਹਨ। ਪਹਿਲਾਂ ਜਦੋਂ ਗੀਤ ਗਾ ਕੇ ਔਰਤਾਂ/ਕੁੜੀਆਂ ਆਪੋ ਆਪਣੇ ਘਰਾਂ ਨੂੰ ਪਰਤਦੀਆਂ ਸਨ ਤਾਂ ਉਨ੍ਹਾਂ ਨੂੰ ਕੁੜੀ ਦੇ ਪਰਿਵਾਰ ਵੱਲੋਂ ਸ਼ਗਨ ਵਜੋਂ ਗੁੜ ਵੰਡਿਆ ਜਾਂਦਾ ਸੀ। ਖ਼ੈਰ ਹੁਣ ਤਾਂ ਅਜਿਹਾ ਕੁਝ ਨਹੀਂ ਰਿਹਾ।
ਪੰਜਾਬੀ ਵਿਰਾਸਤ ਵਿਚ ਸੁਹਾਗ ਦੀ ਅਹਿਮ ਥਾਂ ਹੈ। ਇਸ ਨੂੰ ਅਜੋਕੀ ਪੀੜ੍ਹੀ ਪੱਛਮੀ ਸੱਭਿਆਚਾਰ ਦੀ ਲਪੇਟ ਵਿਚ ਆ ਕੇ ਭੁੱਲਦੀ ਜਾ ਰਹੀ ਹੈ। ਲੋੜ ਹੈ ਸੁਹਾਗ ਵਰਗੀਆਂ ਪੰਜਾਬੀ ਵੰਨਗੀਆਂ ਨੂੰ ਜਿਉਂਦੇ ਰੱਖਣ ਦੀ ਤਾਂ ਜੋ ਆਉਣ ਵਾਲੀ ਪੀੜ੍ਹੀ ਪੰਜਾਬ ਦੀ ਅਮੀਰ ਵਿਰਾਸਤ ਨੂੰ ਜਾਣ ਸਕੇ।

ਸੰਪਰਕ:70878-00168


Comments Off on ਹਰੀਏ ਨੀ ਰਸ ਭਰੀਏ ਖਜੂਰੇ…
1 Star2 Stars3 Stars4 Stars5 Stars (No Ratings Yet)
Loading...
Both comments and pings are currently closed.

Comments are closed.

Available on Android app iOS app
Powered by : Mediology Software Pvt Ltd.