ਅਯੁੱਧਿਆ ਕੇਸ: ਸਾਰੇ ਸਵਾਲ ਸਾਡੇ ਤੋਂ ਹੀ ਕਿਉਂ? !    ਜਾਪਾਨ ’ਚ ਸਮੁੰਦਰੀ ਤੂਫ਼ਾਨ ਨਾਲ ਮਰਨ ਵਾਲਿਆਂ ਦੀ ਗਿਣਤੀ 56 ਹੋਈ !    ਆਵਲਾ ਖ਼ਿਲਾਫ਼ ਚੋਣ ਕਮਿਸ਼ਨ ਕੋਲ ਸ਼ਿਕਾਇਤ !    ਅਕਾਲੀ ਦਲ ਦਾ ਰਾਜਸੀ ਵਿੰਗ ਹੈ ਸ਼੍ਰੋਮਣੀ ਕਮੇਟੀ: ਰੰਧਾਵਾ !    ਗੁਰਬੱਤ ਵੀ ਨਹੀਂ ਰੋਕ ਸਕੀ ਬੂਟ ਪਾਲਿਸ਼ ਵਾਲੇ ਸਨੀ ਦਾ ਰਾਹ !    ਪੁਲੀਸ ਵੱਲੋਂ ਪਿੰਡਾਂ ’ਚ ਤਲਾਸ਼ੀ ਮੁਹਿੰਮ ਜਾਰੀ !    ਪ੍ਰਕਾਸ਼ ਪੁਰਬ ਸਮਾਗਮਾਂ ਨੂੰ ਤਾਰਪੀਡੋ ਕਰ ਰਿਹੈ ਬਾਦਲ ਦਲ: ਸਰਨਾ !    ਪਾਦਰੀ ਕੇਸ: ਮੁਹਾਲੀ ਅਦਾਲਤ ਨੇ ਨਿਰਮਲ ਤੇ ਸੁਰਿੰਦਰਪਾਲ ਭਗੌੜੇ ਐਲਾਨੇ !    ਦਿੱਲੀ ਦੇ ਚਾਰ ਸਟੇਡੀਅਮ ਸਾਰਿਆਂ ਲਈ ਖੋਲ੍ਹਣ ਦਾ ਫ਼ੈਸਲਾ !    ਪੰਜਾਬ ਨੇ ਕੌਮੀ ਸੀਨੀਅਰ ਤੇ ਜੂਨੀਅਰ ਗਤਕਾ ਚੈਂਪੀਅਨਸ਼ਿਪ ਜਿੱਤੀ !    

ਹਮੇਸ਼ਾਂ ਜ਼ਿੰਦਾ ਰਹੇਗਾ ਨਾਟਕ ‘ਟੋਆ’

Posted On June - 22 - 2019

ਰਾਸ ਰੰਗ

ਡਾ. ਸਾਹਿਬ ਸਿੰਘ

ਉਹ ਕਹਿੰਦੇ ਹਨ ਕਿ ਸਾਧਾਰਨ ਇਕ ਲਕੀਰੀ ਬਿਰਤਾਂਤ ਵਾਲੇ ਨਾਟਕਾਂ ਦੀ ਉਮਰ ਲੰਬੀ ਨਹੀਂ ਹੁੰਦੀ। ‘ਟੋਆ’ ਨਾਟਕ ਉਨ੍ਹਾਂ ਇਸੇ ਖਾਤੇ ’ਚ ਰੱਖਿਆ ਸੀ ਤੇ ਇਹ ਵੀ ਕਿਹਾ ਸੀ ਕਿ ਅਲੂਏਂ ਰੰਗਕਰਮੀਆਂ ਦੀ ਮੁੱਢਲੀ ਰੰਗਮੰਚੀ ਮਸ਼ਕ ਦਾ ਸਾਧਨ ਹੈ ਨਾਟਕ ‘ਟੋਆ’। ਹੋ ਸਕਦੈ ਉਹ ਸੱਚ ਕਹਿੰਦੇ ਹੋਣ, ਪਰ ਧਿਆਨ ਦੇਣ ਵਾਲੀ ਗੱਲ ਇਹ ਹੈ ਕਿ ਸਾਧਾਰਨ, ਸਾਦਾ, ਸਤਹੀ ਅਗਰ ਸ਼ਬਦ ਤਿੰਨ ਹਨ ਤਾਂ ਇਨ੍ਹਾਂ ਦੇ ਅਰਥ ਵੀ ਤਾਂ ਵੱਖਰੇ ਹੋਣਗੇ। ਸ਼ਾਇਦ ਅਸੀਂ ਸਾਦਾ ਤੇ ਸਾਧਾਰਨ ਵਿਚਾਲੇ ਉਸਰੀ ਮਹੀਨ ਲਕੀਰ ਨੂੰ ਅਣਗੋਲਿਆਂ ਕਰਕੇ ਸਤਹੀ ਦਾ ਠੱਪਾ ਲਾਉਂਦੇ ਰਹੇ। ਪਰ ਇਹ ਸਾਦਾ ਨਾਟਕ ‘ਟੋਆ’ ਬਾਜ਼ੀ ਮਾਰ ਗਿਆ। ਅੱਜ ਜਦੋਂ ਦੋ ਸਾਲ ਦਾ ਬਾਲ ਫਤਿਹਵੀਰ ਖੁੱਲ੍ਹੇ ਛੱਡੇ ਟੋਏ ਅੰਦਰਲੇ ਡਰਾਉਣੇ ਹਨੇਰੇ ਨੇ ਨਿਗਲ ਲਿਆ ਤਾਂ ‘ਟੋਆ’ ਨਾਟਕ ਇਕ ਵਾਰ ਫਿਰ ਸਿਮਰਤੀਆਂ ਵਿਚ ਗੂੰਜ ਉਠਿਆ। ਫ਼ਰਕ ਸਿਰਫ਼ ਇੰਨਾ ਕਿ ਇਸ ਵਾਰ ਇਹ ਨਾਟਕ ਰੰਗਮੰਚ ਦੇ ਕਲਾਕਾਰਾਂ ਨੇ ਨਹੀਂ, ਸਗੋਂ ਸਮਾਜਿਕ- ਰਾਜਨੀਤਕ ਤਾਣੇ-ਬਾਣੇ ਦੇ ਵੱਖੋ-ਵੱਖਰੇ ਪੌਡਿਆਂ ’ਤੇ ਖੜ੍ਹੇ ਅਸਲ ਖਿਡਾਰੀਆਂ ਨੇ ਖੇਡਿਆ, ਪਰ ਟੋਏ ’ਚ ਡਿੱਗਿਆ ਫਤਿਹ ‘ਫਤਿਹ’ ਹਾਸਲ ਨਾ ਕਰ ਸਕਿਆ, ਬਿਲਕੁਲ ਨਾਟਕ ਦੇ ਕਿਰਦਾਰ ਵਾਂਗ ਜਿਸ ਨਾਲ ਗੱਲਾਂ ਸਾਰੇ ਕਰਦੇ ਹਨ, ਪਰ ਬਾਹਰ ਕੋਈ ਨਹੀਂ ਕੱਢਦਾ।
ਇਹ ਗੱਲ 75-76 ਦੀ ਐ, ਅਫਸਾਨਾ-ਨਿਗਾਰ ਕ੍ਰਿਸ਼ਨ ਚੰਦਰ ਹਿੰਦੀ ਵਿਚ ਕਹਾਣੀ ਲਿਖਦਾ ਹੈ ‘ਗੱਡਾ’। ਪੰਜਾਬੀ ਨਾਟਕਕਾਰ ਜਤਿੰਦਰ ਬਰਾੜ ਇਸ ਕਹਾਣੀ ਦਾ ਰੂਪਾਂਤਰਣ ਕਰਦਾ ਹੈ ਤੇ ‘ਟੋਆ’ ਨਾਟਕ ਦੀ ਸਕਰਿਪਟ ਸਾਹਮਣੇ ਆਉਂਦੀ ਹੈ। ਇਹ ਸਕਰਿਪਟ ਸਮਤਾ ਰਸਾਲੇ ਵਿਚ ਛਪਦੀ ਹੈ ਤੇ ਫਿਰ 1978 ’ਚ ਰੰਗਮੰਚ ਦਾ ਪਾਰਸ ਗੁਰਸ਼ਰਨ ਸਿੰਘ ਇਸ ਸਕਰਿਪਟ ਨੂੰ ਛੂੰਹਦਾ ਹੈ ਤੇ ਇਹ ਸੋਨਾ ਬਣ ਜਾਂਦੀ ਹੈ। ਭਾਜੀ ਦੀ ਇਹ ਖਾਸੀਅਤ ਸੀ ਕਿ ਉਹ ਕਿਸੇ ਵੀ ਸਕਰਿਪਟ ਨੂੰ ਰਿੜਕ ਕੇ ਉਸ ਅੰਦਰੋਂ ‘ਇਨਕਲਾਬੀ ਮੱਖਣ’ ਕੱਢ ਲੈਂਦੇ ਸੀ। ਉਨ੍ਹਾਂ ਆਪਣੇ ਕਲਾਕਾਰਾਂ ਦਰਸ਼ਨ ਸਿੰਘ, ਦਲੀਪ, ਸਤਵਿੰਦਰ ਸੋਨੀ, ਮੋਹਨਜੀਤ, ਕੇਵਲ ਧਾਲੀਵਾਲ ਸੰਗ ਰਿਹਰਸਲਾਂ ਆਰੰਭ ਦਿੱਤੀਆਂ। ਹੌਲੀ-ਹੌਲੀ ਨਾਟਕ ਦੀ ਨਵੀਂ ਸਕਰਿਪਟ ਆਕਾਰ ਫੜਨ ਲਗੀ ਤੇ ਨਾਟਕ ਅੰਦਰ ਕਾਵਿਕ ਲੈਅ ਪ੍ਰਵੇਸ਼ ਕਰ ਗਈ। ਕਲਾਕਾਰ ਵੀ ਆਪਣਾ ਯੋਗਦਾਨ ਪਾਉਣ ਲੱਗੇ। ਫਿਰ 1978 ਦੀ ਇਕ ਰਾਤ ਪੰਜਾਬ ਦੀ ਇਕ ਪੇਂਡੂ ਸਟੇਜ ’ਤੇ ‘ਤੂਤਾਂ ਵਾਲਾ ਖੂਹ’ ਨਾਟਕ ਦੀ ਪੇਸ਼ਕਾਰੀ ਤੋਂ ਬਾਅਦ ‘ਟੋਆ’ ਦਾ ਆਗਮਨ ਹੋਇਆ।
ਨਾਟਕ ਦੀ ਆਰੰਭਤਾ ਤੋਂ ਪਹਿਲਾਂ ਬਾਬਾ ਆਪਣੀ ਤਕਰੀਰ ਨਾਲ ਮੰਚ ਭਖਣ ਲਾ ਦਿੰਦਾ ਹੈ, ‘ਲੋਕੋ, ਹੁਣ ਇਹ ਸਟੇਜ ਇਕ ਟੋਆ ਹੈ, ਮੇਰਾ ਇਕ ਕਲਾਕਾਰ ਇਸ ਟੋਏ ਵਿਚ ਆ ਕੇ ਡਿੱਗੇਗਾ। ਗ਼ਰੀਬੀ, ਅਨਪੜ੍ਹਤਾ, ਬੇਈਮਾਨੀ, ਬੇਰੁਜ਼ਗਾਰੀ, ਭ੍ਰਿਸ਼ਟਾਚਾਰ, ਗੰਦੀ ਸਿਆਸਤ ਦਾ ਟੋਆ ਤੇ ਇਸ ਵਿਚ ਡਿੱਗਿਆ ਬੰਦਾ ਇਕ ਬੰਦਾ ਨਹੀਂ, ਹਿੰਦੋਸਤਾਨ ਦੀ ਗ਼ਰੀਬ ਜਨਤਾ ਹੈ ਜੋ ਟੋਏ ਅੰਦਰ ਡਿੱਗੀ ਹੋਈ ਹੈ… ਤੇ ਪੇਸ਼ ਹੈ ਨਾਟਕ ਟੋਆ।’ ਇਹ ਤਕਰੀਰ ਨਾਟਕ ਦਾ ਸਹਿਜ ਹਿੱਸਾ ਬਣ ਗਈ। ਟੋਏ ’ਚ ਡਿੱਗਾ ਪਾਤਰ ਪੁਕਾਰ ਰਿਹਾ ਹੈ ਕਿ ਮੈਨੂੰ ਬਾਹਰ ਕੱਢੋ। ਪੀ.ਡਬਲਯੂ.ਡੀ. ਦੇ ਕਰਮਚਾਰੀ ਆਉਂਦੇ ਹਨ ਤੇ ਟੋਏ ਦੀ ਲੰਬਾਈ, ਚੌੜਾਈ, ਡੂੰਘਾਈ ਨਾਪ ਕੇ ਚਲੇ ਜਾਂਦੇ ਹਨ। ਸਿਪਾਹੀ ਆਉਂਦਾ ਹੈ ਤੇ ਉਸ ਦਾ ਨਾਮ-ਪਤਾ ਦਰਜ ਕਰਕੇ ਚਲਾਨ ਕੱਟ ਕੇ ਚਲਾ ਜਾਂਦਾ ਹੈ। ਇਕ ਸਾਧੂ ਆਉਂਦਾ ਹੈ ਤੇ ਇਹ ਅਸੀਸ ਦੇ ਕੇ ਚਲਾ ਜਾਂਦਾ ਹੈ ਕਿ ਜਿੱਥੇ ਵੀ ਰਹਿ, ਸੁਖੀ ਰਹਿ ਭਗਤਾ। ਇਕ ਪੱਤਰਕਾਰ ਆਉਂਦਾ ਹੈ ਅਤੇ ਉਸ ਬੰਦੇ ਦੀ ਇੰਟਰਵਿਊ ਕਰਕੇ ਚਲਾ ਜਾਂਦਾ ਹੈ। ਅਖੀਰ ਵਿਚ ਉੱਥੇ ਇਕ ਮੰਤਰੀ ਨੇ ਆਉਣਾ ਹੈ, ਕਰਮਚਾਰੀ ਫੱਟਿਆਂ ਨਾਲ ਟੋਆ ਢਕ ਦਿੰਦੇ ਹਨ। ਮੰਤਰੀ ਆਉਂਦਾ ਹੈ, ਭਾਸ਼ਨ ਕਰਕੇ ਚਲਾ ਜਾਂਦਾ ਹੈ, ਪਰ ਉਹ ਗ਼ਰੀਬ ਬੰਦਾ ਟੋਏ ਵਿਚ ਡਿੱਗਿਆ ਰੋਂਦਾ-ਕੁਰਲਾਉਂਦਾ ਰਹਿ ਜਾਂਦਾ ਹੈ।

ਡਾ. ਸਾਹਿਬ ਸਿੰਘ

1982 ਵਿਚ ਦਿੱਲੀ ਵਿਖੇ ਜਦੋਂ ਨੁੱਕੜ ਨਾਟਕ ਦੀ ਵਰਕਸ਼ਾਪ ਲੱਗੀ ਤਾਂ ਭਾਜੀ ਇਸ ਨੂੰ ਨੁੱਕੜ ਸ਼ੈਲੀ ’ਚ ਪੇਸ਼ ਕਰਦੇ ਹਨ। ਚਾਰੇ ਪਾਸੇ ‘ਟੋਆ’ ਦੀ ਧਮਕ ਪੈ ਜਾਂਦੀ ਹੈ। ਦਿੱਲੀ ਦੇ ਪ੍ਰਬੁੱਧ ਰੰਗਕਰਮੀ ਹੈਰਾਨ ਰਹਿ ਜਾਂਦੇ ਹਨ ਕਿ ਵੀਹ ਮਿੰਟ ਦਾ ਇਹ ਸਾਦਾ ਨਾਟਕ ਕਿੰਨਾ ਪ੍ਰਭਾਵ ਸਿਰਜ ਰਿਹਾ ਹੈ। ਫਿਰ 1983 ’ਚ ਭੁਪਾਲ ਵਰਕਸ਼ਾਪ ਲੱਗਦੀ ਹੈ, ਉੱਥੇ ‘ਟੋਆ’ ਨਾਟਕ ਦੀ ਪੇਸ਼ਕਾਰੀ ਧਿਆਨ ਖਿੱਚਦੀ ਹੈ ਤੇ ਗੁਰਸ਼ਰਨ ਸਿੰਘ ਦੇ ਨਾਮ ਦਾ ਨਗਾਰਾ ਵੱਜ ਉੱਠਦਾ ਹੈ। ਉਸਤੋਂ ਬਾਅਦ ਇਹ ਨਾਟਕ ਹਿੰਦੀ, ਡੋਗਰੀ, ਅਸਾਮੀ, ਬੰਗਾਲੀ ਆਦਿ ਭਾਸ਼ਾਵਾਂ ਵਿਚ ਖੇਡਿਆ ਜਾਣ ਲੱਗਾ ਤੇ ਅੱਜ ਤਕ ਖੇਡਿਆ ਜਾ ਰਿਹਾ ਹੈ। ਪਰ ਅੱਜ ਜਦੋਂ ਫਤਿਹ ਵੀਰ ਨਾਲ ਅਸੀਂ ਸਾਰਿਆਂ ਨੇ ਮਿਲ ਕੇ ਇਹ ਡਰਾਮਾ ਕੀਤਾ ਤਾਂ ਅੱਖਾਂ ਨਮ ਹਨ, ਸੀਨੇ ’ਚ ਗੁੱਸਾ ਹੈ, ਪ੍ਰੇਸ਼ਾਨੀ ਤੇ ਪਸ਼ੇਮਾਨੀ ਦਾ ਮੰਜਰ ਹੈ। ਨਾਟਕ ਦੇ ਵਾਰਤਾਲਾਪ ਫਿਜ਼ਾ ਅੰਦਰ ਗੂੰਜ ਰਹੇ ਹਨ। ਟੋਏ ’ਚ ਡਿੱਗਿਆ ਬੰਦਾ ਜਦੋਂ ਪੱਤਰਕਾਰ ਨੂੰ ਪੁੱਛਦਾ ਹੈ ਕਿ ਤੁਸੀਂ ਮੈਨੂੰ ਬਾਹਰ ਕੱਢ ਦਿਓਗੇ ਤਾਂ ਪੱਤਰਕਾਰ ਜਵਾਬ ਦਿੰਦਾ ਹੈ, ‘ਮੇਰਾ ਕੰਮ ਹੈ ਰਿਪੋਰਟ ਤਿਆਰ ਕਰਨਾ, ਮੈਂ ਇਹ ਰਿਪੋਰਟ ਆਪਣੇ ਮੁਲਕ ਨੂੰ ਭੇਜਾਂਗਾ, ਮੇਰਾ ਮੁਲਕ ਇਹ ਰਿਪੋਰਟ ਹਿੰਦੋਸਤਾਨ ਦੀ ਸਰਕਾਰ ਨੂੰ ਭੇਜੇਗਾ, ਫਿਰ ਜਾਇਜ਼ਾ ਲਿਆ ਜਾਵੇਗਾ, ਫਿਰ ਵਾਪਸ ਰਿਪੋਰਟ ਜਾਵੇਗੀ…ਇਸ ਵਿਚ ਚਾਰ ਸਾਲ ਲੱਗ ਜਾਣਗੇ!’ ਬੰਦਾ ਅਰਜ਼ੋਈ ਕਰਦਾ ਹੈ ਕਿ ਚਾਰ ਸਾਲਾਂ ਵਿਚ ਤਾਂ ਮੈਂ ਮਰ ਜਾਵਾਂਗਾ। ਪੱਤਰਕਾਰ ਹੱਸਦਾ ਹੈ, ‘ਕਿੰਨਾ ਮਾਸੂਮ ਐ ਤੂੰ… ਹਿੰਦੋਸਤਾਨ ਦੀ ਜਨਤਾ ਨੂੰ ਇਕੱਤੀ ਸਾਲ ਹੋ ਗਏ ਗ਼ਰੀਬੀ ਦੇ ਟੋਏ ’ਚ ਡਿੱਗੀ ਨੂੰ (1978 ਵਿਚ) ਉਹ ਤਾਂ ਮਰੀ ਨਹੀਂ, ਤੂੰ ਚਾਰ ਸਾਲਾਂ ’ਚ ਕਿਵੇਂ ਮਰ ਜਾਵੇਂਗਾ।’ ਫਤਿਹਵੀਰ ਦੀ ਤਾਂ ਸ਼ਾਇਦ ਰਿਪੋਰਟ ਵੀ ਤਿਆਰ ਨਹੀਂ ਹੋਵੇਗੀ।
ਸਾਦੇ ਨਾਟਕ ਦੀ ਗੁੱਝੀ ਟਕੋਰ ਦੇਖੋ। ਮੰਤਰੀ ਦੇ ਭਾਸ਼ਨ ਦੌਰਾਨ ਜਦੋਂ ਉਸਦੇ ਪੈਰਾਂ ਥੱਲੇ ਫੱਟੇ ਹਿੱਲਣ ਲੱਗਦੇ ਹਨ ਤਾਂ ਅਫ਼ਸਰ ਕਹਿੰਦਾ ਹੈ ਕਿ ਇਹ ਤਾਂ ਜੀ ਸਾਡੀ ਤਰੱਕੀ ਤੋਂ ਸੜਦਾ ਪਾਕਿਸਤਾਨ ਹਿੱਲ ਰਿਹਾ ਏ। ਮੰਤਰੀ ਢੀਠ ਹਾਸਾ ਹੱਸਦਾ ਹੈ। ਅੱਜ ਵੀ ਜਦੋਂ ਨੇਤਾ ਦੀ ਕੁਰਸੀ ਦਾ ਕੋਈ ਪੌਡਾ ਹਿੱਲਦਾ ਹੈ ਤਾਂ ਉਹ ਚੀਖ-ਚੀਖ ਕੇ ਕਦੀ ਸਾਡਾ ਧਿਆਨ ਪਾਕਿਸਤਾਨ ਵੱਲ ਲੈ ਜਾਂਦਾ ਹੈ, ਕਦੀ ਮੰਦਿਰ ਵੱਲ, ਕਦੀ ਗਊ ਦੀ ਪੂਛ ਵੱਲ…ਅਸੀਂ ਹਾਫਲੇ ਹੋਏ ਉਸ ਮ੍ਰਿਗ ਪਿੱਛੇ ਭੱਜਣ ਲੱਗਦੇ ਹਾਂ ਤੇ ਨੇਤਾ ਆਪਣੀ ਕੁਰਸੀ ਮਜ਼ਬੂਤ ਕਰ ਲੈਂਦਾ ਹੈ। ਪਿਛਲੇ 72 ਸਾਲਾਂ ਤੋਂ ਹਾਕਮ ਇਹ ਖੇਡ, ਖੇਡ ਰਿਹਾ ਹੈ। ਰੰਗਕਰਮੀ ਆਵਾਮ ਨੂੰ ਫਤਿਹ ਹਾਸਲ ਕਰਨ ਲਈ ਲੜੇ ਜਾਣ ਵਾਲੇ ਸੰਗਰਾਮ ਦੀ ਤਿਆਰੀ ਹਿੱਤ ‘ਟੋਆ’ ਖੇਡਦਾ ਹੈ। ਇਸ ਆਸ ਨਾਲ ਕਿ ਕਦੀ ਤਾਂ ‘ਬੀਰ’ ਜਾਗਣਗੇ ਤੇ ‘ਫਤਿਹ’ ਹੋਏਗੀ।

ਸੰਪਰਕ: 98880-11096


Comments Off on ਹਮੇਸ਼ਾਂ ਜ਼ਿੰਦਾ ਰਹੇਗਾ ਨਾਟਕ ‘ਟੋਆ’
1 Star2 Stars3 Stars4 Stars5 Stars (No Ratings Yet)
Loading...
Both comments and pings are currently closed.

Comments are closed.

Available on Android app iOS app
Powered by : Mediology Software Pvt Ltd.