ਛੱਪੜ ਵਿੱਚ ਨਹਾਉਂਦੇ ਸਮੇਂ ਦੋ ਚਚੇਰੇ ਭਰਾ ਡੁੱਬੇ, ਇੱਕ ਦੀ ਮੌਤ !    ਕੈਨੇਡਾ ’ਚ ਪੰਜ ਸਾਲਾਂ ਦੌਰਾਨ 15 ਕੌਮਾਂਤਰੀ ਵਿਦਿਆਰਥੀਆਂ ਵੱਲੋਂ ਖ਼ੁਦਕੁਸ਼ੀ !    ਫਾਂਸੀ ਦੀ ਮੰਗ ਕਰਨ ’ਤੇ ਰਾਜੋਆਣਾ ਵੱਲੋਂ ਬਿੱਟੂ ਨੂੰ ਮੋੜਵਾਂ ਜਵਾਬ !    ਅਣਅਧਿਕਾਰਤ ਕਲੋਨੀਆਂ ਰੈਗੂਲਰ ਕਰਾਉਣ ਦੀ ਤਾਰੀਖ ਵਧਾਈ: ਸਰਕਾਰੀਆ !    ਪੰਜਾਬ ’ਚ ਪਰਮਾਣੂ ਬਿਜਲੀ ਪਲਾਂਟ ਲਗਾਏ ਜਾਣ ਦਾ ਮਾਮਲਾ ਮੁੜ ਭਖਿਆ !    ਚੌਟਾਲਾ ਨੂੰ ਸੱਤ ਦਿਨ ਦੀ ਪੈਰੋਲ !    ਹਾਈ ਕੋਰਟ ਵੱਲੋਂ ਨੰਨੂ ਦੀ ਗ੍ਰਿਫ਼ਤਾਰੀ ’ਤੇ ਰੋਕ !    ਅਨੁਸੂਈਆ ਛੱਤੀਸਗੜ੍ਹ ਤੇ ਹਰੀਚੰਦਨ ਆਂਧਰਾ ਦੇ ਰਾਜਪਾਲ ਨਿਯੁਕਤ !    ਤੇਂਦੁਲਕਰ ਨੇ ਵਿਸ਼ਵ ਕੱਪ ਟੀਮ ਵਿੱਚ ਪੰਜ ਭਾਰਤੀਆਂ ਨੂੰ ਰੱਖਿਆ !    ਸਟੋਕਸ ਨੂੰ ਮਿਲ ਸਕਦੀ ਹੈ ‘ਨਾਈਟਹੁੱਡ’ ਦੀ ਉਪਾਧੀ !    

ਸੱਭਿਆਚਾਰ ਦੇ ਬਦਲਦੇ ਰੰਗ

Posted On June - 8 - 2019

ਗੁਰਵਿੰਦਰ ਸਿੰਘ ਸਿੱਧੂ

ਸੱਭਿਆਚਾਰ ਦਾ ਖੇਤਰ ਅਤਿ ਵਿਸ਼ਾਲ ਅਤੇ ਗਹਿਰਾ ਹੁੰਦਾ ਹੈ। ਮਨੁੱਖੀ ਜ਼ਿੰਦਗੀ ਦਾ ਹਰ ਪੱਖ ਇਸ ਵਿਚ ਸਮਾਇਆ ਹੁੰਦਾ ਹੈ। ਕੋਈ ਵੀ ਪੱਖ ਅਜਿਹਾ ਨਹੀਂ ਜੋ ਇਸਤੋਂ ਅਛੂਤਾ ਹੋਵੇ। ਮਨੁੱਖੀ ਵਿਕਾਸ ਦੇ ਨਾਲ-ਨਾਲ ਸੱਭਿਆਚਾਰ ਵਿਚ ਵਿਕਾਸ ਆਉਣਾ ਵੀ ਸੁਭਾਵਿਕ ਹੈ। ਇਹ ਅਮੀਰ ਵਿਰਸਾ ਇਕ ਪੀੜ੍ਹੀ ਤੋਂ ਦੂਜੀ ਪੀੜ੍ਹੀ ਨੂੰ ਬੋਲਾਂ ਸੰਕੇਤਾਂ, ਚਿੰਨ੍ਹਾਂ ਰਾਹੀਂ ਗ੍ਰਹਿਣ ਕਰਕੇ ਭੇਜਿਆ ਜਾਂਦਾ ਹੈ, ਜਿਸ ਕਰਕੇ ਪੀੜ੍ਹੀ ਦਰ ਪੀੜ੍ਹੀ ਸੱਭਿਆਚਾਰ ਦੀ ਵਿਕਾਸ ਪ੍ਰਕਿਰਿਆ ਚੱਲਦੀ ਰਹਿੰਦੀ ਹੈ। ਇਸ ਵਿਕਾਸ ਪ੍ਰਕਿਰਿਆ ਦੌਰਾਨ ਪਰਿਵਰਤਨ ਹੋਣਾ ਸੁਭਾਵਿਕ ਹੈ। ਜੋ ਕਈ ਦਹਾਕੇ ਪਹਿਲਾਂ ਪੰਜਾਬੀ ਸੱਭਿਆਚਾਰ ਸੀ, ਉਹ ਅੱਜ ਬਿਲਕੁਲ ਬਦਲ ਚੁੱਕਿਆ ਹੈ।
ਆਧੁਨਿਕ ਪੰਜਾਬੀ ਸੱਭਿਆਚਾਰ ਵਿਚ ਸਾਡਾ ਪੁਰਾਣਾ ਸੱਭਿਆਚਾਰ ਕਿਧਰੇ ਨਜ਼ਰ ਨਹੀਂ ਆਉਂਦਾ। ਇਸ ਵਿਚ ਪਹਿਲਾਂ ਦੇ ਮੁਕਾਬਲੇ ਵਿਆਪਕ ਪੱਧਰ ’ਤੇ ਪਰਿਵਰਤਨ ਦੇਖਣ ਨੂੰ ਮਿਲ ਰਿਹਾ ਹੈ। ਕੁਝ ਰਸਮਾਂ ਨੇ ਆਪਣਾ ਰੂਪ ਵਟਾ ਲਿਆ ਹੈ ਅਤੇ ਕੁਝ ਲੋਪ ਹੀ ਹੋ ਚੁੱਕੀਆਂ ਹਨ। ਜਨਮ ਤੋਂ ਲੈ ਕੇ ਮੌਤ ਤਕ ਦੀਆਂ ਰਸਮਾਂ ਪੂਰੀ ਤਰ੍ਹਾਂ ਬਦਲ ਗਈਆਂ ਹਨ। ਜੇਕਰ ਜਨਮ ਤੋਂ ਪਹਿਲਾਂ ਦੀਆਂ ਰਸਮਾਂ ਦੀ ਗੱਲ ਕੀਤੀ ਜਾਵੇ ਤਾਂ ਗਰਭ ਦੇ ਤੀਜੇ ਮਹੀਨੇ ਅੱਖ ਸਲਾਈ, ਗਰਭਪਤੀ ਔਰਤ ਦਾ ਗ੍ਰਹਿਣ ਦੇ ਸਮੇਂ ਬਾਹਰ ਨਾ ਨਿਕਲਣਾ ਅਤੇ ਗੁੜਤੀ ਦੇਣ ਜਿਹੇ ਬਹੁਤ ਸਾਰੇ ਰਿਵਾਜ ਹੁਣ ਪ੍ਰਚੱਲਿਤ ਨਹੀਂ ਹਨ। ਨਵੀਂ ਪੀੜ੍ਹੀ ਨੇ ਇਨ੍ਹਾਂ ਤੋਂ ਕਿਨਾਰਾ ਕਰ ਲਿਆ ਹੈ।
ਵਿਆਹ ਨਾਲ ਸਬੰਧਿਤ ਰਸਮਾਂ ਵਿਚ ਆਈਆਂ ਤਬਦੀਲੀਆਂ ਦਾ ਕਾਰਨ ਪੱਛਮੀ ਸੱਭਿਅਤਾ ਦਾ ਪ੍ਰਭਾਵ ਹੈ। ਪਹਿਲਾਂ ਵਿਆਹ ਸਮੇਂ ਸੱਤ ਸੁਹਾਗਣਾ ਦੀ ਰੀਤ, ਛਟੀਆਂ ਖੇਡਣਾ ਅਤੇ ਸਾਹਾ ਚਿੱਠੀ ਭੇਜਣਾ ਅਹਿਮ ਹੁੰਦੀਆਂ ਸਨ। ਅੱਜ ਇਹ ਰਸਮਾਂ ਲੇਡੀਜ਼ ਸੰਗੀਤ ਵਿਚ ਬਦਲ ਗਈਆਂ ਹਨ। ਲੋਕ ਘਰਾਂ ਦੀ ਜਗ੍ਹਾ ਹੁਣ ਪੈਲੇਸਾਂ ਵਿਚ ਹੀ ਵਿਆਹ ਕਰਨ ਨੂੰ ਤਰਜੀਹ ਦੇਣ ਲੱਗੇ ਹਨ। ਔਰਤਾਂ ਵੱਲੋਂ ਗਾਏ ਜਾਂਦੇ ਟੱਪੇ, ਸਿੱਠਣੀਆਂ, ਘੋੜੀਆਂ ਨੂੰ ਆਰਕੈਸਟਰਾਂ ਗਰੁੱਪਾਂ ਨੇ ਖ਼ਤਮ ਕਰ ਦਿੱਤਾ। ਕੰਗਣਾ ਖੇਡਣ ਦੀ ਰਸਮ ਵੀ ਖ਼ਤਮ ਹੋ ਗਈ ਹੈ। ਹਾਂ, ਜਾਗੋ ਬਰਕਰਾਰ ਹੈ, ਪਰ ਇਹ ਸਿਰਫ਼ ਰਸਮ ਬਣ ਕੇ ਹੀ ਰਹਿ ਗਈ ਹੈ।
ਪੱਛਮੀ ਸੱਭਿਅਤਾ ਦਾ ਪ੍ਰਭਾਵ ਬੱਚਿਆਂ ’ਤੇ ਜ਼ਿਆਦਾ ਪਿਆ ਹੈ। ਬੱਚੇ ਆਪਣੀਆਂ ਲੋਕ ਖੇਡਾਂ ਜਿਵੇਂ ਗੁੱਲੀ ਡੰਡਾ, ਬਾਂਦਰ ਕਿੱਲਾ ਆਦਿ ਨੂੰ ਭੁੱਲ ਕੇ ਮੋਬਾਈਲ ਫੋਨਾਂ ਅਤੇ ਵੀਡੀਓ ਗੇਮਾਂ ਵਿਚ ਆਪਣਾ ਬਚਪਨ ਗੁਆ ਰਹੇ ਹਨ, ਜਿਸ ਦਾ ਸਰੀਰਿਕ ਅਤੇ ਮਾਨਸਿਕ ਵਿਕਾਸ ’ਤੇ ਬਹੁਤ ਪ੍ਰਭਾਵ ਪੈ ਰਿਹਾ ਹੈ। ਹੁਣ ਦਾਦੇ-ਦਾਦੀ ਦੀਆਂ ਕਹਾਣੀਆਂ ਸੁਣਨ ਦਾ ਉਨ੍ਹਾਂ ਕੋਲ ਸਮਾਂ ਨਹੀਂ ਰਿਹਾ। ਪੰਜਾਬੀ ਪਹਿਰਾਵੇ ਨੂੰ ਵੀ ਪੱਛਮੀ ਸੱਭਿਆਚਾਰ ਨੇ ਨਿਗਲ ਲਿਆ ਹੈ। ਹੁਣ ਕੋਈ ਔਰਤ ਪਰਾਂਦੀ ਪਾਈ ਨਜ਼ਰ ਨਹੀਂ ਆਉਂਦੀ, ਇਸ ਤਰ੍ਹਾਂ ਹੀ ਸੱਗੀ ਫੁੱਲ ਵੀ ਗੁਆਚ ਗਏ ਹਨ।
ਪੱਛਮੀ ਪ੍ਰਭਾਵ ਤੋਂ ਸਾਡਾ ਪੰਜਾਬੀ ਖਾਣਾ-ਪੀਣ ਵੀ ਨਹੀਂ ਬਚ ਸਕਿਆ। ਇਨ੍ਹਾਂ ਦੀ ਥਾਂ ਫਾਸਟ ਫੂਡ ਨੇ ਆਪਣੀ ਮੰਡੀ ਸਥਾਪਿਤ ਕਰ ਲਈ ਹੈ ਜੋ ਸਾਡੀ ਸਿਹਤ ਦਾ ਬਹੁਤ ਨੁਕਸਾਨ ਕਰਦੇ ਹਨ। ਪੰਜ ਪਾਣੀਆਂ ਦੀ ਧਰਤੀ ਦਾ ਪਾਣੀ ਵੀ ਹੁਣ ਪੀਣ ਯੋਗ ਨਹੀਂ ਰਿਹਾ। ਕਿਸੇ ਸਮੇਂ ਲੋਕ ਦੁੱਧ ਵੇਚਣ ਨੂੰ ਪੁੱਤ ਵੇਚਣ ਦੇ ਬਰਾਬਰ ਸਮਝਦੇ ਸਨ, ਪਰ ਅੱਜ ਆਰਥਿਕ ਮਜਬੂਰੀਆਂ ਕਾਰਨ ਦੁੱਧ ਵੇਚਣਾ ਵੀ ਮਜਬੂਰੀ ਬਣ ਗਿਆ ਹੈ। ਪੰਜਾਬੀ ਸੁਭਾਅ ਪੱਖੋਂ ਮਿਲਣਸਾਰ ਤੇ ਰਿਸ਼ਤਿਆਂ ਦਾ ਨਿੱਘ ਮਾਣਨ ਲਈ ਮਸ਼ਹੂਰ ਹਨ, ਪਰ ਹੁਣ ਆਪਸੀ ਰਿਸ਼ਤਿਆਂ ਵਿਚ ਕੁੱੜਤਣ ਵਧ ਰਹੀ ਹੈ ਜਿਸ ਕਾਰਨ ਪਰਿਵਾਰ ਟੁੱਟਣ ਦੀ ਦਰ ਵਧ ਗਈ ਹੈ। ਘਰਾਂ ਦਾ ਸ਼ਿੰਗਾਰ ਚਾਟੀ, ਹੱਥ ਮਧਾਣੀ ਅਤੇ ਹਾਰੇ ਵੀ ਲੋਪ ਹੋ ਚੁੱਕੇ ਹਨ। ਵਿਗਿਆਨਕ ਕਾਢਾਂ ਨਾਲ ਔਰਤਾਂ ਚਰਖਾ ਕੱਤਣਾ, ਦਰੀਆਂ ਖੇਸ ਬਣਾਉਣਾ ਭੁੱਲ ਗਈਆਂ ਹਨ। ਮਸ਼ੀਨੀਕਰਨ ਕਾਰਨ ਖੇਤੀ ਦੇ ਢੰਗ ਬਦਲ ਗਏ ਹਨ।
ਸਮੇਂ ਅਨੁਸਾਰ ਪਰਿਵਰਤਨ ਆਉਣਾ ਕੁਦਰਤੀ ਹੈ, ਪਰ ਇਹ ਤਬਦੀਲੀ ਸਾਡੇ ਵਿਰਸੇ ਦਾ ਘਾਣ ਕਰ ਰਹੀ ਹੈ। ਜ਼ਰੂਰੀ ਨਹੀਂ ਕਿ ਨਵੇਂ ਨੂੰ ਅਪਣਾ ਕੇ ਪੁਰਾਣੇ ਨੂੰ ਭੁੱਲਿਆ ਹੀ ਜਾਵੇ। ਆਪਣੀਆਂ ਜੜਾਂ ਨਾਲ ਜੁੜਨਾ ਵੀ ਜ਼ਰੂਰੀ ਹੈ ਕਿਉਂਕਿ ਜੜਾਂ ਤੋਂ ਬਿਨਾਂ ਵਿਕਾਸ ਜ਼ਿਆਦਾ ਦੇਰ ਨਹੀਂ ਟਿਕ ਸਕਦਾ। ਇਸ ਲਈ ਸਾਡੀ ਸੱਭਿਆਚਾਰ ਨਾਲ ਜੁੜ ਕੇ ਕੁਦਰਤ ਦੇ ਨੇੜੇ ਰਹਿਣ ਵਿਚ ਹੀ ਭਲਾਈ ਹੈ।

ਸੰਪਰਕ: 94658-26040


Comments Off on ਸੱਭਿਆਚਾਰ ਦੇ ਬਦਲਦੇ ਰੰਗ
1 Star2 Stars3 Stars4 Stars5 Stars (No Ratings Yet)
Loading...
Both comments and pings are currently closed.

Comments are closed.

Available on Android app iOS app
Powered by : Mediology Software Pvt Ltd.