ਅਯੁੱਧਿਆ ਕੇਸ: ਸਾਰੇ ਸਵਾਲ ਸਾਡੇ ਤੋਂ ਹੀ ਕਿਉਂ? !    ਜਾਪਾਨ ’ਚ ਸਮੁੰਦਰੀ ਤੂਫ਼ਾਨ ਨਾਲ ਮਰਨ ਵਾਲਿਆਂ ਦੀ ਗਿਣਤੀ 56 ਹੋਈ !    ਆਵਲਾ ਖ਼ਿਲਾਫ਼ ਚੋਣ ਕਮਿਸ਼ਨ ਕੋਲ ਸ਼ਿਕਾਇਤ !    ਅਕਾਲੀ ਦਲ ਦਾ ਰਾਜਸੀ ਵਿੰਗ ਹੈ ਸ਼੍ਰੋਮਣੀ ਕਮੇਟੀ: ਰੰਧਾਵਾ !    ਗੁਰਬੱਤ ਵੀ ਨਹੀਂ ਰੋਕ ਸਕੀ ਬੂਟ ਪਾਲਿਸ਼ ਵਾਲੇ ਸਨੀ ਦਾ ਰਾਹ !    ਪੁਲੀਸ ਵੱਲੋਂ ਪਿੰਡਾਂ ’ਚ ਤਲਾਸ਼ੀ ਮੁਹਿੰਮ ਜਾਰੀ !    ਪ੍ਰਕਾਸ਼ ਪੁਰਬ ਸਮਾਗਮਾਂ ਨੂੰ ਤਾਰਪੀਡੋ ਕਰ ਰਿਹੈ ਬਾਦਲ ਦਲ: ਸਰਨਾ !    ਪਾਦਰੀ ਕੇਸ: ਮੁਹਾਲੀ ਅਦਾਲਤ ਨੇ ਨਿਰਮਲ ਤੇ ਸੁਰਿੰਦਰਪਾਲ ਭਗੌੜੇ ਐਲਾਨੇ !    ਦਿੱਲੀ ਦੇ ਚਾਰ ਸਟੇਡੀਅਮ ਸਾਰਿਆਂ ਲਈ ਖੋਲ੍ਹਣ ਦਾ ਫ਼ੈਸਲਾ !    ਪੰਜਾਬ ਨੇ ਕੌਮੀ ਸੀਨੀਅਰ ਤੇ ਜੂਨੀਅਰ ਗਤਕਾ ਚੈਂਪੀਅਨਸ਼ਿਪ ਜਿੱਤੀ !    

ਸੰਜੀਦਗੀ ਭਰਪੂਰ ਸ਼ਾਇਰੀ

Posted On June - 16 - 2019

ਸੁਲੱਖਣ ਸਰਹੱਦੀ
ਸਤੀਸ਼ ਗੁਲਾਟੀ ਪ੍ਰਸਿੱਧ ਗ਼ਜ਼ਲਕਾਰ ਹੈ। ਉਸ ਦੀ ਸ਼ਿਅਰਕਾਰੀ ਸਮੇਂ ਦੀ ਹਿੱਕ ਉੱਤੇ ਉੱਕਰਿਆ ਸੱਚ ਹੁੰਦਾ ਹੈ। ਰੂਪਕ ਪੱਖ ਤੇ ਉਸਤਾਦੀ ਰੰਗਤ ਵਿਚ ਰੰਗਿਆ ਗੁਲਾਟੀ ਲੋਕ ਪੱਖੀ ਵਿਸ਼ਿਆਂ ਤੋਂ ਨਹੀਂ ਥਿੜਕਦਾ। ਡਾ. ਗੁਰਇਕਬਾਲ ਸਿੰਘ ਉਸ ਨੂੰ ਦਿਲਾਂ ਦੀ ਅਮੀਰੀ ਦਾ ਸ਼ਾਇਰ ਮੰਨਦਾ ਹੈ। ਉਸ ਦੀ ਸ਼ਾਇਰੀ ਵਿਚਲਾ ਚੁੱਪ ਦਾ ਸਫ਼ਰ ਉਸ ਦੀ ਕਾਵਿ-ਸੰਵੇਦਨਾ ਵਿਚਲੀਆਂ ਸ਼ਕਤੀਸ਼ਾਲੀ ਪਰਤਾਂ ਦਾ ਪਰਤੌਅ ਹੈ। ਡਾ. ਸਰਬਜੀਤ ਸਿੰਘ ਇਸ ਪੁਸਤਕ ਬਾਰੇ ਲਿਖਦਾ ਹੈ ਕਿ ਜੀਵਨ ਦੇ ਯਥਾਰਥ ਨਾਲ ਟਕਰਾਉਣ ਦਾ ਜੇਰਾ ਉਸ ਨੂੰ ਵਿਰਸੇ ਵਿਚ ਮਿਲਿਆ ਹੈ। ਸਿਰਫ਼ ਕਾਲਪਨਿਕ ਤੌਰ ’ਤੇ ਹੀ ਫੜ੍ਹਾਂ ਨਹੀਂ ਮਾਰਦਾ ਸਗੋਂ ਅਮਲੀ ਤੌਰ ’ਤੇ ਵੀ ਕੁਝ ਕਰ ਵਿਖਾਉਣ ਦੀ ਸਮਰੱਥਾ ਰੱਖਦਾ ਹੈ। ਉਸ ਦੀ ਦ੍ਰਿਸ਼ਟੀ ਯਥਾਰਥ, ਅਰੂਜ਼ੀ ਇਲਮ ਅਤੇ ਇਸ ਤੱਥ ਨੂੰ ਪ੍ਰਮਾਣਿਤ ਕਰਦੀ ਹੈ ਕਿ ਸ਼ਾਇਰੀ ਤਰਲ ਯਥਾਰਥ ਦਾ ਅਭਿਵਿਅੰਜਨ ਤਾਂ ਹੁੰਦੀ ਹੈ ਤੱਟ-ਫੱਟ ਜਾਂ ਕਾਹਲ ਨਹੀਂ ਹੁੰਦੀ ਸਗੋਂ ਸ਼ਾਇਰੀ ਵਿਚ ਤਾਂ ਠਹਿਰੇ ਪਾਣੀਆਂ ਜਿਹੀ ਸੰਜੀਦਗੀ ਅਤੇ ਠਰੰਮੇ ਦਾ ਅਹਿਸਾਸ ਹੁੰਦਾ ਹੈ।
ਪੁਸਤਕ ‘ਚੁੱਪ ਦੇ ਖ਼ਿਲਾਫ਼’ (ਕੀਮਤ: 150 ਰੁਪਏ; ਚੇਤਨਾ ਪ੍ਰਕਾਸ਼ਨ, ਲੁਧਿਆਣਾ) ਵਿਚ ਉਸ ਦੀ ਨਵੀਂ ਸ਼ਾਇਰੀ ਨਹੀਂ ਹੈ ਸਗੋਂ ਇਹ ਅੱਜ ਤੋਂ 21 ਸਾਲ ਪਹਿਲਾਂ ਲਿਖੀ ਗਈ ਸੀ। ਉਸ ਦੀ ਪਹਿਲੀ ਗ਼ਜ਼ਲ ਪੁਸਤਕ ਹੋਣ ਕਰਕੇ ਇਸ ਵਿਚ ਉਸ ਦੀ ਮਾਸੂਮ ਸ਼ਿਅਰਕਾਰੀ ਦੇ ਦਰਸ਼ਨ ਹੁੰਦੇ ਹਨ। ਇਹ ਪੁਸਤਕ ਦੁਬਾਰਾ ਛਪ ਕੇ ਪਾਠਕਾਂ ਦੇ ਹੱਥ ਵਿਚ ਆਈ ਹੈ। ਸ਼ਿਅਰਕਾਰੀ ਦੇ ਕੁਝ ਨਮੂਨੇ:
* ਮੈਂ ਤਾਂ ਪੌਣਾਂ ’ਤੇ ਵੀ ਲਿਖ ਦੇਂਦਾ ਗ਼ਜ਼ਲ,
ਉਹ ਅਗਰ ਅੰਬਰ ’ਚ ਉੱਡਣਾ ਜਾਣਦਾ।
* ਜਦੋਂ ਵੀ ਲਿਖਣ ਬੈਠਾਂ ਮੱਸਿਆ ਦਾ ਗੀਤ ਤਾਂ ਅਕਸਰ,
ਮਿਰੇ ਆਲੇ ਦੁਆਲੇ ਇਕ ਜੁਗਨੂੰ ਟਿਮਟਿਮਾਉਂਦਾ ਹੈ।
* ਮੇਰੀ ਕਵਿਤਾ-ਗ਼ਜ਼ਲ ਦਾ ਹੀ ਮੁਲਾਂਕਣ ਸੀ ਤੁਸਾਂ ਕੀਤਾ,
ਕਦੇ ਤਾਂ ਦੇਖਿਆ ਹੁੰਦਾ ਅਸਾਨੂੰ ਜ਼ਿੰਦਗੀ ਬਣ ਕੇ।
* ਆ ਸੱਜਣਾ ਕੁਝ ਗੱਲਾਂ ਕਰੀਏ ਪੌਣਾਂ ਦੇ ਸੰਸਾਰ ਦੀਆਂ,
ਜੀਕਣ ਗੱਲਾਂ ਸੱਥ ਵਿਚ ਹੋਵਣ ਦਲਬਦਲੂ ਸਰਕਾਰ ਦੀਆਂ।
ਸ਼ਤੀਸ਼ ਗੁਲਾਟੀ ‘ਚੁੱਪ ਦੇ ਖ਼ਿਲਾਫ਼’ ਫਤਵਾ ਪੜ੍ਹਨ ਵਾਲਾ ਹੈ। ਸ਼ਾਇਰ ਜਿਉਂ ਜਿਉਂ ਗ਼ਜ਼ਲਾਂ ਦੀ ਗਿਣਤੀ ਵਧਾਉਣ ਲੱਗਦੇ ਹਨ, ਉਹ ਅਕਸਰ ਦੁੱਧ ਵਿਚ ਪਾਣੀ ਪਾਈ ਜਾਂਦੇ ਹਨ। ਪਰ ‘ਚੁੱਪ ਦੇ ਖ਼ਿਲਾਫ਼’ ਸਤੀਸ਼ ਦਾ ਪਹਿਲਾ ਗ਼ਜ਼ਲ ਸੰਗ੍ਰਹਿ ਹੈ ਜਿਸ ਵਿਚ ਕੱਚੇ ਦੁੱਧ ਵਰਗੀ ਮਹਿਕ ਹੈ।
ਸੰਪਰਕ: 94174-84337


Comments Off on ਸੰਜੀਦਗੀ ਭਰਪੂਰ ਸ਼ਾਇਰੀ
1 Star2 Stars3 Stars4 Stars5 Stars (No Ratings Yet)
Loading...
Both comments and pings are currently closed.

Comments are closed.

Available on Android app iOS app
Powered by : Mediology Software Pvt Ltd.