ਅਯੁੱਧਿਆ ਕੇਸ: ਸਾਰੇ ਸਵਾਲ ਸਾਡੇ ਤੋਂ ਹੀ ਕਿਉਂ? !    ਜਾਪਾਨ ’ਚ ਸਮੁੰਦਰੀ ਤੂਫ਼ਾਨ ਨਾਲ ਮਰਨ ਵਾਲਿਆਂ ਦੀ ਗਿਣਤੀ 56 ਹੋਈ !    ਆਵਲਾ ਖ਼ਿਲਾਫ਼ ਚੋਣ ਕਮਿਸ਼ਨ ਕੋਲ ਸ਼ਿਕਾਇਤ !    ਅਕਾਲੀ ਦਲ ਦਾ ਰਾਜਸੀ ਵਿੰਗ ਹੈ ਸ਼੍ਰੋਮਣੀ ਕਮੇਟੀ: ਰੰਧਾਵਾ !    ਗੁਰਬੱਤ ਵੀ ਨਹੀਂ ਰੋਕ ਸਕੀ ਬੂਟ ਪਾਲਿਸ਼ ਵਾਲੇ ਸਨੀ ਦਾ ਰਾਹ !    ਪੁਲੀਸ ਵੱਲੋਂ ਪਿੰਡਾਂ ’ਚ ਤਲਾਸ਼ੀ ਮੁਹਿੰਮ ਜਾਰੀ !    ਪ੍ਰਕਾਸ਼ ਪੁਰਬ ਸਮਾਗਮਾਂ ਨੂੰ ਤਾਰਪੀਡੋ ਕਰ ਰਿਹੈ ਬਾਦਲ ਦਲ: ਸਰਨਾ !    ਪਾਦਰੀ ਕੇਸ: ਮੁਹਾਲੀ ਅਦਾਲਤ ਨੇ ਨਿਰਮਲ ਤੇ ਸੁਰਿੰਦਰਪਾਲ ਭਗੌੜੇ ਐਲਾਨੇ !    ਦਿੱਲੀ ਦੇ ਚਾਰ ਸਟੇਡੀਅਮ ਸਾਰਿਆਂ ਲਈ ਖੋਲ੍ਹਣ ਦਾ ਫ਼ੈਸਲਾ !    ਪੰਜਾਬ ਨੇ ਕੌਮੀ ਸੀਨੀਅਰ ਤੇ ਜੂਨੀਅਰ ਗਤਕਾ ਚੈਂਪੀਅਨਸ਼ਿਪ ਜਿੱਤੀ !    

ਸੰਗੀਤਕ ਬਾਗ਼ ਦਾ ਮਾਲੀ

Posted On June - 22 - 2019

ਇਕ ਸ਼ਖ਼ਸ ਹੈ ਜੋ ਨਿਮਨ ਵਰਗ ਵਿਚ ਪੈਦਾ ਹੋਇਆ, ਬਚਪਨ ਵਿਚ ਹੀ ਜਿਸ ਦੇ ਸਿਰ ਤੋਂ ਪਿਤਾ ਦਾ ਸਾਇਆ ਉੱਠ ਗਿਆ। ਬਚਪਨ ਡੰਗਰਾਂ-ਪਸ਼ੂਆਂ ਮਗਰ ਧੱਕੇ-ਧੋੜੇ ਖਾਂਦਿਆਂ ਬੀਤਿਆ, ਪਰ ਸੰਗੀਤ ਸਦਾ ਉਸਦੇ ਅੰਗ ਸੰਗ ਰਿਹਾ। ਉਸ ਸ਼ਖ਼ਸ ਦਾ ਨਾਂ ਹੈ ਜਗਦੀਸ਼ ਮਾਣਕ।

ਹਰਦਿਆਲ ਸਿੰਘ ਥੂਹੀ

ਇਕ ਸ਼ਖ਼ਸ ਹੈ ਜੋ ਨਿਮਨ ਵਰਗ ਵਿਚ ਪੈਦਾ ਹੋਇਆ, ਬਚਪਨ ਵਿਚ ਹੀ ਜਿਸ ਦੇ ਸਿਰ ਤੋਂ ਪਿਤਾ ਦਾ ਸਾਇਆ ਉੱਠ ਗਿਆ। ਬਚਪਨ ਡੰਗਰਾਂ-ਪਸ਼ੂਆਂ ਮਗਰ ਧੱਕੇ-ਧੋੜੇ ਖਾਂਦਿਆਂ ਬੀਤਿਆ, ਪਰ ਸੰਗੀਤ ਸਦਾ ਉਸਦੇ ਅੰਗ ਸੰਗ ਰਿਹਾ। ਉਸ ਸ਼ਖ਼ਸ ਦਾ ਨਾਂ ਹੈ ਜਗਦੀਸ਼ ਮਾਣਕ।
ਜਗਦੀਸ਼ ਦਾ ਜਨਮ 20 ਮਾਰਚ 1962 ਨੂੰ ਸੁਨਾਮ ਵਿਖੇ ਪਿਤਾ ਨਛੱਤਰ ਸਿੰਘ ਤੇ ਮਾਤਾ ਨਿਹਾਲ ਕੌਰ ਦੇ ਘਰ ਹੋਇਆ। ਮਾਪਿਆਂ ਦੀਆਂ ਪੰਜ ਔਲਾਦਾਂ ਚਾਰ ਭਰਾ ਤੇ ਇਕ ਭੈਣ ਵਿਚੋਂ ਜਗਦੀਸ਼ ਦੀ ਦੂਜੀ ਥਾਂ ਹੈ। ਬਚਪਨ ਵਿਚ ਜਗਦੀਸ਼ ਨੂੰ ਸੰਗੀਤ ਦੀ ਚੇਟਕ ਲੱਗ ਗਈ ਕਿਉਂਕਿ ਪਿਤਾ ਨਛੱਤਰ ਸਿੰਘ ਨੂੰ ਕਿੱਸੇ ਪੜ੍ਹਨ ਦਾ ਸ਼ੌਕ ਸੀ। ਉਹ ‘ਜੰਨ ਛੁਡਾਉਣ’ ਦਾ ਮਾਹਰ ਸੀ ਤੇ ਲੋਕ ਉਸਨੂੰ ਵਿਸ਼ੇਸ਼ ਤੌਰ ’ਤੇ ਬਰਾਤ ਨਾਲ ਲੈ ਕੇ ਜਾਂਦੇ ਸਨ। ਜਗਦੀਸ਼ ਨੇ ਸਰਕਾਰੀ ਪ੍ਰਾਇਮਰੀ ਸਕੂਲ ਸੁਨਾਮ ਤੋਂ ਪੰਜਵੀਂ ਤਕ ਦੀ ਪੜ੍ਹਾਈ ਕੀਤੀ। ਪਿਤਾ ਦੀ ਬੇਵਕਤੀ ਮੌਤ ਅਤੇ ਘਰ ਦੀ ਗ਼ਰੀਬੀ ਕਾਰਨ ਉਸਨੂੰ ਪੜ੍ਹਾਈ ਛੱਡਣੀ ਪਈ। ਕਬੀਲਦਾਰੀ ਦਾ ਬੋਝ ਉਸਦੇ ਮੋਢਿਆਂ ’ਤੇ ਆ ਪਿਆ। ਮਾਮਾ ਚੰਦ ਸਿੰਘ ਉਸਨੂੰ ਆਪਣੇ ਕੋਲ ਲੈ ਗਿਆ। ਜਗਦੀਸ਼ ਨੇ ਨਾਨਕੇ ਪਿੰਡ ਨਾਗਰੇ ਕਈ ਸਾਲ ਜੱਟਾਂ ਨਾਲ ਪਾਲ਼ੀ ਰਲ ਕੇ ਡੰਗਰ ਚਾਰੇ। ਮਾਮੇ ਨੂੰ ਗਾਉਣ ਦਾ ਸ਼ੌਕ ਸੀ ਤੇ ਉਹ ਕਈ ਸਾਜ਼ ਵਜਾ ਲੈਂਦਾ ਸੀ। ਇਸ ਦਾ ਅਸਰ ਜਗਦੀਸ਼ ’ਤੇ ਵੀ ਪਿਆ। ਦਿਨੇ ਉਹ ਡੰਗਰ ਚਾਰਦਾ ਤੇ ਰਾਤ ਨੂੰ ਮਾਮੇ ਤੋਂ ਗਾਉਣ ਸਿੱਖਦਾ। ਹੌਲੀ ਹੌਲੀ ਸਾਜ਼ਾਂ ’ਤੇ ਵੀ ਹੱਥ ਮਾਰਨ ਲੱਗਾ। ਪਸ਼ੂਆਂ ਪਿੱਛੇ ਫਿਰਦਾ ਉਹ ਆਪਣੀ ਮਸਤੀ ਵਿਚ ਉੱਚੀਆਂ ਹੇਕਾਂ ਲਾਉਂਦਾ, ਬੋਲੀਆਂ ਪਾਉਂਦਾ ਤੇ ਗੀਤ ਗਾਉਂਦਾ ਰਹਿੰਦਾ। ਇਸ ਦੇ ਨਾਲ ਨਾਲ ਉਸਨੇ ਢੋਲਕ, ਚਿਮਟਾ, ਤੂੰਬੀ ਆਦਿ ਸਾਜ਼ ਵੀ ਵਜਾਉਣੇ ਸਿੱਖ ਲਏ। 1980 ਵਿਚ ਅਠਾਰਾਂ ਕੁ ਸਾਲ ਦੀ ਉਮਰੇ ਉਹ ਵਾਪਸ ਸੁਨਾਮ ਆ ਗਿਆ। ਇੱਥੇ ਆ ਕੇ ਉਸਨੇ ਗਾਇਕ ਦਾਰੀ ਰਾਮ ਲਖੀਆ ਨੂੰ ਉਸਤਾਦ ਧਾਰ ਕੇ ਬਾਕਾਇਦਾ ਸੰਗੀਤ ਦੀ ਸਿੱਖਿਆ ਲੈਣੀ ਸ਼ੁਰੂ ਕਰ ਦਿੱਤੀ। ਉਸਤਾਦ ਦੀ ਰਿਕਾਰਡਿੰਗ ਵਿਚ ਉਸਨੂੰ ਤੂੰਬੀ ਵਜਾਉਣ ਦਾ ਮੌਕਾ ਵੀ ਮਿਲਿਆ। ਕੁਲਦੀਪ ਮਾਣਕ ਦੇ ਗੀਤ ਉਸਨੂੰ ਸਭ ਤੋਂ ਵੱਧ ਪਸੰਦ ਸਨ, ਇਸ ਲਈ ਉਹ ਜ਼ਿਆਦਾਤਰ ਤੂੰਬੀ ਨਾਲ ਮਾਣਕ ਦੇ ਗੀਤ ਗਾਉਂਦਾ ਸੀ। ਇਸ ਕਾਰਨ ਲੋਕ ਉਸਨੂੰ ਮਾਣਕ ਕਹਿਣ ਲੱਗ ਪਏ। ਹੌਲੀ ਹੌਲੀ ‘ਮਾਣਕ’ ਤਖ਼ੱਲਸ ਉਸਦੇ ਨਾਂ ਨਾਲ ਪੱਕਾ ਜੁੜ ਗਿਆ ਤੇ ਉਹ ਬਣ ਗਿਆ ਜਗਦੀਸ਼ ਮਾਣਕ।
ਫੇਰ ਉਸਤਾਦ ਢੋਲੀ ਭਾਨਾ ਰਾਮ ਸੁਨਾਮੀ, ਅਲਗੋਜ਼ਾ ਵਾਦਕ ਉਸਤਾਦ ਮੰਗਲ ਸੁਨਾਮੀ ਉਸਨੂੰ ਆਪਣੇ ਨਾਲ ਕਾਲਜਾਂ ਦੀਆਂ ਭੰਗੜਾ ਟੀਮਾਂ ਨਾਲ ਬੋਲੀਆਂ ਪਾਉਣ ਲਈ ਲਿਜਾਣ ਲੱਗ ਪਏ। ਬਾਅਦ ਵਿਚ ਉਹ ਢੋਲੀ ਬਹਾਦਰ ਰਾਮ ਨਾਲ ਜੁੜ ਗਿਆ। ਬੋਲੀਆਂ ਪਾਉਣ ਵਿਚ ਮੁਹਾਰਤ ਹੋਣ ਕਾਰਨ ਚੱਠਿਆਂ ਵਾਲੇ ਬਾਬਿਆਂ ਨੇ ਆਪਣੇ ਗਿੱਧੇ ਦੇ ਪ੍ਰੋਗਰਾਮਾਂ ਵਿਚ ਉਸਨੂੰ ਲੈ ਕੇ ਜਾਣਾ ਸ਼ੁਰੂ ਕਰ ਦਿੱਤਾ। ਜਗਦੀਸ਼ ਕਈ ਸਾਲ ਇਨ੍ਹਾਂ ਨਾਲ ਰਿਹਾ। ਇਸ ਟੀਮ ਨਾਲ ਹੀ ਉਸਤਾਦ ਲਾਲ ਸਿੰਘ ਦੀ ਅਗਵਾਈ ਵਿਚ ਉਸਨੇ ਬੰਬਈ (ਮੁੰਬਈ) ਵਿਖੇ ‘ਉਤਸਵ’ ਪ੍ਰੋਗਰਾਮ ਵਿਚ ਹਿੱਸਾ ਲਿਆ। ਫੇਰ ਉਸਦਾ ਮੇਲ ਪਰਮਜੀਤ ਸਿੱਧੂ ਉਰਫ਼ ਪੰਮੀ ਬਾਈ ਨਾਲ ਹੋਇਆ, ਜੋ ਸੁਨਾਮ ਵਿਖੇ ਵਕਾਲਤ ਕਰਦਾ ਸੀ। ਵਕਾਲਤ ਦੇ ਨਾਲ ਨਾਲ ਆਪਣਾ ਗਾਇਕੀ ਦਾ ਸ਼ੌਕ ਪਾਲਦਾ ਸੀ। ਕੁਝ ਸਮੇਂ ਬਾਅਦ ਵਕਾਲਤ ਛੱਡ ਕੇ ਉਹ ਪੂਰੀ ਤਰ੍ਹਾਂ ਗਾਇਕੀ ਨੂੰ ਸਮਰਪਿਤ ਹੋ ਗਿਆ। ਜਗਦੀਸ਼ ਨੇ ਬਾਈ ਦੀਆਂ ਕਈ ਕੈਸੇਟਾਂ ਵਿਚ ਸਾਥ ਦਿੱਤਾ ਜਿਵੇਂ ‘ਮਾਝੇ, ਮਾਲਵੇ, ਦੁਆਬੇ ਦੀਆਂ ਬੋਲੀਆਂ’, ‘ਜਵਾਨੀ ਵਾਜਾਂ ਮਾਰਦੀ’ ਤੇ ਹੋਰਾਂ ਵਿਚ।
1992 ਵਿਚ ਪੰਜਾਬ ਸਰਕਾਰ ਨੇ ਪੰਜਾਬ ਪੁਲੀਸ ਵਿਚ ਸੱਭਿਆਚਾਰਕ ਵਿੰਗ ਬਣਾਕੇ ਸੱਭਿਆਚਾਰਕ ਮੇਲੇ ਕਰਾਉਣੇ ਸ਼ੁਰੂ ਕਰ ਦਿੱਤੇ। ਪੰਮੀ ਬਾਈ ਦੀ ਅਗਵਾਈ ਵਿਚ ਬਹੁਤ ਸਾਰੇ ਕਲਾਕਾਰ ਭਰਤੀ ਕੀਤੇ ਗਏ। ਇਸ ਤਰ੍ਹਾਂ ਜਗਦੀਸ਼ ਮਾਣਕ ਵੀ ਪੁਲੀਸ ਵਿਚ ਭਰਤੀ ਹੋ ਗਈ। ਇਸ ਗਰੁੱਪ ਵਿਚ ਉਸਨੂੰ ਵੱਖ ਵੱਖ ਥਾਵਾਂ ’ਤੇ ਪ੍ਰੋਗਰਾਮਾਂ ਵਿਚ ਆਪਣੀ ਕਲਾ ਦੇ ਜੌਹਰ ਦਿਖਾਉਣ ਦਾ ਮੌਕਾ ਮਿਲਿਆ। 1998 ਵਿਚ ਆਈ.ਸੀ.ਸੀ.ਆਰ. ਵੱਲੋਂ ਅਜੇ ਕੁਮਾਰ ਦੀ ਅਗਵਾਈ ਅਧੀਨ ਇਰਾਕ, ਇਰਾਨ, ਮਸਕਟ, ਸੀਰੀਆ, ਕੁਵੈਤ, ਦੁਬਈ ਆਦਿ ਦੇਸ਼ਾਂ ਵਿਚ ਪੰਦਰਾਂ ਰੋਜ਼ਾ ਟੂਰ ਲਾਇਆ, ਜਿਸ ਵਿਚ ਲੋਕ ਨਾਚਾਂ ਤੇ ਲੋਕ ਸੰਗੀਤ ਦੀ ਪੇਸ਼ਕਾਰੀ ਕੀਤੀ ਗਈ।
ਜਗਦੀਸ਼ ਮਾਣਕ ਨੇ ਸਮੇਂ ਸਮੇਂ ’ਤੇ ਆਪਣੀਆਂ ਕੁਝ ਕੈਸੇਟਾਂ ਵੀ ਰਿਕਾਰਡ ਕਰਵਾਈਆਂ ਹਨ। 1987-88 ਵਿਚ ਰਣਜੀਤ ਸਿੰਘ ਗਿੱਲ ਦੇ ਰਿਕਾਰਡਿੰਗ ਸਟੂਡੀਓ ਧਨੌਲਾ ਤੋਂ ‘ਮਾਵਾਂ ਦੀ ਮਮਤਾ’ ਤੇ ‘ਵਿਆਹ ਕਰਤਾਰੇ ਦਾ’ ਕੈਸੇਟਾਂ ਰਿਕਾਰਡ ਹੋਈਆਂ। ‘ਮੁੰਡਾ ਸਰਪੰਚਾਂ ਦਾ’ ਚੰਡੀਗੜ੍ਹ ਤੋਂ ਰਿਕਾਰਡ ਹੋਈ, ਜਿਸ ਦਾ ਸੰਗੀਤ ਮਦਨ ਲਾਲ ਸ਼ੌਂਕੀ ਦਾ ਹੈ। ਕੁਝ ਸਾਂਝੀਆਂ ਕੈਸੇਟਾਂ ਵਿਚ ਵੀ ਉਸਦੇ ਗੀਤ ਰਿਕਾਰਡ ਹਨ।
‘ਵਿਆਹ ਕਰਤਾਰੇ ਦਾ’ ਕੈਸੇਟ ਵਿਚਲੀਆਂ ਮਲਵਈ ਬੋਲੀਆਂ ਦੀ ਵੀ ਆਪਣੀ ਵੱਖਰੀ ਪਛਾਣ ਹੈ। ਉਸ ਦੀਆਂ ਦੋ ਬੇਟੀਆਂ ਤੇ ਇਕ ਬੇਟਾ ਹੈ। ਇਕ ਬੇਟੀ ਸੰਗੀਤ ਦੀ ਐੱਮ.ਏ. ਕਰ ਰਹੀ ਹੈ। ਬੇਟੇ ਨੂੰ ਵੀ ਗਾਉਣ ਦਾ ਸ਼ੌਕ ਹੈ। ਜਗਦੀਸ਼ ਮਾਣਕ ਨੇ ਸਮੇਂ ਸਮੇਂ ’ਤੇ ਕਈਆਂ ਨੂੰ ਲੋਕ ਸੰਗੀਤ ਤੇ ਲੋਕ ਸਾਜ਼ਾਂ ਦੀ ਸਿਖਲਾਈ ਵੀ ਦਿੱਤੀ ਹੈ।

ਸੰਪਰਕ: 84271-00341


Comments Off on ਸੰਗੀਤਕ ਬਾਗ਼ ਦਾ ਮਾਲੀ
1 Star2 Stars3 Stars4 Stars5 Stars (No Ratings Yet)
Loading...
Both comments and pings are currently closed.

Comments are closed.

Available on Android app iOS app
Powered by : Mediology Software Pvt Ltd.