ਆਜ਼ਾਦੀ ਸੰਘਰਸ਼ ਵਿੱਚ ਗੁਰੂ ਹਰੀ ਸਿੰਘ ਦਾ ਯੋਗਦਾਨ !    ਮਹਾਰਾਜਾ ਰਣਜੀਤ ਸਿੰਘ ਦੇ ਰਾਜ ਵਿੱਚ ਵਿੱਦਿਆ ਪ੍ਰਬੰਧ !    ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਸ਼ਤਾਬਦੀ ਵਰ੍ਹਾ !    ਗਾਜ਼ਾ ’ਚ ਇਜ਼ਰਾਇਲੀ ਹਵਾਈ ਹਮਲੇ ’ਚ ਇਸਲਾਮਿਕ ਕਮਾਂਡਰ ਦੀ ਮੌਤ !    ਬੀਕਾਨੇਰ: ਹਾਦਸੇ ’ਚ 7 ਮੌਤਾਂ !    ਕਸ਼ਮੀਰ ’ਚ ਪੱਤਰਕਾਰਾਂ ਵੱਲੋਂ ਪ੍ਰਦਰਸ਼ਨ !    ਉੱਤਰਾਖੰਡ ’ਚ ਭੁਚਾਲ ਦੇ ਝਟਕੇ !    ਵਿਆਹ ਕਰਾਉਣ ਤੋਂ ਨਾਂਹ ਕਰਨ ’ਤੇ ਤਾਇਕਵਾਂਡੋ ਖਿਡਾਰਨ ਨੂੰ ਗੋਲੀ ਮਾਰੀ !    ਮੁਕਾਬਲੇ ਵਿੱਚ ਦਹਿਸ਼ਤਗਰਦ ਹਲਾਕ !    ਲੋਕ ਜਨਸ਼ਕਤੀ ਪਾਰਟੀ ਝਾਰਖੰਡ ਵਿੱਚ 50 ਸੀਟਾਂ ’ਤੇ ਚੋਣ ਲੜੇਗੀ !    

ਸੋਸ਼ਲ ਮੀਡੀਆ ਦੇ ਜਾਲ਼ ’ਚ ਫਸੀ ਨੌਜਵਾਨੀ ਦਾ ਭਵਿੱਖ ਖ਼ਤਰੇ ’ਚ

Posted On June - 27 - 2019

ਨੌਜਵਾਨ ਕਲਮਾਂ

ਕਿਰਨ ਪਾਹਵਾ

ਕੋਈ ਸਮਾਂ ਸੀ, ਜਦੋਂ ਸੋਸ਼ਲ ਮੀਡੀਆ ਨੇ ਨਵੇਂ-ਨਵੇਂ ਪੈਰ ਪਸਾਰੇ ਸਨ, ਹਰ ਕੋਈ ਇਸਦਾ ਪ੍ਰਸੰਸਕ ਸੀ, ਕਿਉਂਕਿ ਇਸ ’ਤੇ ਦਿਖਾਈਆਂ ਜਾਣ ਵਾਲੀਆਂ ਸੱਚੀਆਂ ਘਟਨਾਵਾਂ ਨੇ ਲੋਕਾਂ ਦਾ ਧਿਆਨ ਇਲੈਕਟ੍ਰਾਨਿਕ ਤੇ ਪ੍ਰਿੰਟ ਮੀਡੀਆ ਵੱਲੋਂ ਹਟਾ ਕੇ ਆਪਣੇ ਵੱਲ ਆਕਰਸ਼ਿਤ ਕਰ ਲਿਆ ਸੀ। ਜਿਸ ਖ਼ਬਰ ਨੂੰ ਅਖ਼ਬਾਰਾਂ ’ਚ ਦੂਜੇ ਦਿਨ ਪੜ੍ਹਨਾ ਹੁੰਦਾ ਸੀ, ਉਹ ਉਸੇ ਸਮੇਂ ਸੋਸ਼ਲ ਮੀਡੀਆ ’ਤੇ ਪ੍ਰਸਾਰਿਤ ਹੋ ਕੇ ਦੇਸ਼ਾਂ-ਵਿਦੇਸ਼ਾਂ ’ਚ ਪੁੱਜ ਜਾਂਦੀ। ਪਰ ਇਹ ਦੌਰ ਕੁੱਝ ਜ਼ਿਆਦਾ ਦੇਰ ਨਹੀਂ ਚੱਲਿਆ ਤੇ ਛੇਤੀ ਹੀ ਸੋਸ਼ਲ ਮੀਡੀਆ ਨੇ ਲੋਕਾਂ ’ਚ ਆਪਣੀ ਭਰੋਸੇਯੋਗਤਾ ਗੁਆ ਲਈ, ਕਿਉਂਕਿ ਕੁੱਝ ਅਵਲ-ਚਵਲ ਲੋਕਾਂ ਵੱਲੋਂ ਪਰੋਸੀ ਜਾਣ ਵਾਲੀ ਘਟੀਆ ਸਮੱਗਰੀ ਨੇ ਸਾਫ਼ ਕਿਰਦਾਰਾਂ ਵਾਲੇ ਲੋਕਾਂ ਦੇ ਦਿਲਾਂ ’ਚ ਸੋਸ਼ਲ ਮੀਡੀਆ ਪ੍ਰਤੀ ਘਿਰਣਾ ਪੈਦਾ ਕਰ ਦਿੱਤੀ ਹੈ।
ਹੁਣ ਹਾਲਾਤ ਇਹ ਬਣ ਚੁੱਕੇ ਹਨ ਕਿ ਸੋਸ਼ਲ ਮੀਡੀਆ ’ਤੇ ਸ਼ੇਅਰ ਕੀਤੀ ਜਾਣ ਵਾਲੀ ਸੱਚੀ ਘਟਨਾ ਵੀ ਝੂਠੀ ਜਾਪਣ ਲੱਗੀ ਹੈ। ਕਿਸੇ ਜਗ੍ਹਾ ਘੁੰਮਦਾ ਦੇਖਿਆ ਗਿਆ ਸ਼ੇਰ ਜਾਂ ਕੋਈ ਜੰਗਲੀ ਜਾਨਵਰ ਦੇਖਦੇ ਹੀ ਦੇਖਦੇ ਪੂਰੇ ਦੇਸ਼ ਦੇ ਮੋਬਾਈਲਾਂ ’ਚ ਨਜ਼ਰ ਪੈਣ ਲੱਗਦਾ ਹੈ। ਹਰ ਕੋਈ ਇਹੀ ਦਰਸਾਉਣਾ ਚਾਹੁੰਦਾ ਹੈ ਕਿ ਇਹ ਜੰਗਲੀ ਜਾਨਵਰ ਉਸ ਦੇ ਪਿੰਡ ਜਾਂ ਸ਼ਹਿਰ ਦੇ ਗਲੀ-ਮੁਹੱਲੇ ਵਿਚ ਘੁੰਮ ਰਿਹਾ ਹੈ। ਕੋਈ ਬੱਚਾ ਜਾਂ ਬਜ਼ੁਰਗ ਗੁੰਮ ਜਾਵੇ, ਕਿਸੇ ਦਾ ਸਮਾਨ ਗੁੰਮ ਜਾਵੇ, ਇਸ ਤਰ੍ਹਾਂ ਦੀਆਂ ਖ਼ਬਰਾਂ ਕਈ-ਕਈ ਸਾਲ ਸੋਸ਼ਲ ਮੀਡੀਆ ਦਾ ਸ਼ਿੰਗਾਰ ਬਣੀਆਂ ਰਹਿੰਦੀਆਂ ਹਨ, ਜਦਕਿ ਗੁੰਮਸ਼ੁਦਾ ਹੋਏ ਲੋਕ ਲੱਭ ਵੀ ਜਾਂਦੇ ਹਨ, ਪਰ ਸ਼ਰਾਰਤੀ ਅਨਸਰ ਉਸ ਖ਼ਬਰ ਦੀ ਦਿੱਖ ਬਦਲ ਕੇ ਅਫ਼ਵਾਹਾਂ ਰਾਹੀਂ ਲੋਕਾਂ ਨੂੰ ਭੰਬਲਭੂਸੇ ’ਚ ਪਾਈ ਰੱਖਦੇ ਹਨ। ਚੋਣਾਂ ਸਮੇਂ ਵੀ ਲੋਕਾਂ ਨੂੰ ਗੁੰਮਰਾਹ ਕਰਨ ਵਿਚ ਸੋਸ਼ਲ ਮੀਡੀਆ ਵਰਤਣ ਵਾਲੇ ਪਿੱਛੇ ਨਹੀਂ ਰਹਿੰਦੇ।

ਕਿਰਨ ਪਾਹਵਾ

ਅੱਜ ਦੀ ਨੌਜਵਾਨ ਪੀੜ੍ਹੀ ਇਸ ਦੀ ਗ੍ਰਿਫ਼ਤ ’ਚ ਬੁਰੀ ਤਰ੍ਹਾਂ ਕੈਦ ਹੈ। ਉਹ ਘੰਟਿਆਂਬੱਧੀ ਸੋਸ਼ਲ ਮੀਡੀਆ ’ਤੇ ਆਪਣਾ ਕੀਮਤੀ ਸਮਾਂ ਬਰਬਾਦ ਕਰ ਰਹੀ ਹੈ। ਬੇਸ਼ੱਕ ਇਨ੍ਹਾਂ ਨੌਜਵਾਨਾਂ ਨੂੰ ਇਸ ਗੱਲ ਦਾ ਇਲਮ ਕੁੱਝ ਸਾਲਾਂ ਬਾਅਦ ਲੱਗੇਗਾ ਕਿ ਕਿਸ ਤਰ੍ਹਾਂ ਉਨ੍ਹਾਂ ਆਪਣੇ ਕੀਮਤੀ ਸਮੇਂ ਨੂੰ ਭੰਗ ਦੇ ਭਾੜੇ ਖਰਾਬ ਕੀਤਾ, ਪਰ ਉਸ ਵਕਤ ਪਛਤਾਵੇ ਦਾ ਕੋਈ ਵੀ ਫਾਇਦਾ ਨਹੀਂ ਹੋਣਾ। ਸਕੂਲਾਂ, ਕਾਲਜਾਂ ਤੇ ਹੋਰ ਵਿੱਦਿਅਕ ਅਦਾਰਿਆਂ ਵਿਚ ਪੜ੍ਹਨ ਗਿਆ ਵਿਦਿਆਰਥੀ ਵਰਗ ਆਪਣੀ ਪੜ੍ਹਾਈ ਦੇ ਸਮਿਆਂ ਦੌਰਾਨ ਵੀ ਸੋਸ਼ਲ ਮੀਡੀਆ ’ਤੇ ਮਸਰੂਫ਼ ਰਹਿੰਦਾ ਹੈ। ਇਨ੍ਹਾਂ ਵਿੱਦਿਅਕ ਅਦਾਰਿਆਂ ’ਚ ਪੜ੍ਹਾਉਣ ਵਾਲੇ ਅਧਿਆਪਕ ਵੀ ਵਿਦਿਆਰਥੀਆਂ ਸਾਹਮਣੇ ਬੈਠੇ ਸੋਸ਼ਲ ਮੀਡੀਆ ਚਲਾਉਂਦੇ ਦੇਖੇ ਜਾ ਸਕਦੇ ਹਨ। ਇਸ ਤੋਂ ਸਹਿਜੇ ਹੀ ਅੰਦਾਜ਼ਾ ਲਗਾਇਆ ਜਾ ਸਕਦਾ ਹੈ ਕਿ ਸੋਸ਼ਲ ਮੀਡੀਆ ਦਾ ਭਵਿੱਖ ਤਾਂ ਬੁਲੰਦੀਆਂ ਛੂੰਹਦਾ ਜਾ ਰਿਹਾ ਹੈ, ਜਦਕਿ ਸਾਡੇ ਦੇਸ਼ ਦਾ ਭਵਿੱਖ ਨੌਜਵਾਨ ਦਲਦਲ ’ਚ ਫਸੇ ਬੰਦੇ ਦੀ ਨਿਆਈਂ ਇਸ ਵਿਚ ਧਸਦਾ ਜਾ ਰਿਹਾ ਹੈ।
ਸੋਸ਼ਲ ਮੀਡੀਆ ਸਾਡੀ ਨੌਜਵਾਨ ਪੀੜ੍ਹੀ ਦੇ ਨਾਲ-ਨਾਲ ਸਾਡੇ ਸੁਲਝੇ ਹੋਏ ਵਰਗ ਨੂੰ ਵੀ ਵਹਿਮਾਂ-ਭਰਮਾਂ ਦੇ ਜੰਜਾਲ ’ਚ ਫਸਾ ਚੁੱਕਾ ਹੈ। ਕਈ ਵਾਰ ਤਾਂ ਸੋਸ਼ਲ ਮੀਡੀਆ ਜ਼ਰੀਏ ਸਾਡੇ ਸਮਾਜ ਦੇ ਗਲਤ ਅਨਸਰ ਝੂਠੀਆਂ ਅਫਵਾਹਾਂ ਫੈਲਾ ਕੇ ਦੇਸ਼ ਦੇ ਹਾਲਾਤ ਨੂੰ ਵਿਗਾੜ ਦਿੰਦੇ ਹਨ ਤੇ ਅਮਨ-ਅਮਾਨ ਨਾਲ ਰਹਿ ਰਹੇ ਲੋਕਾਂ ਅੰਦਰ ਨਫ਼ਰਤਾਂ ਭਰ ਦਿੰਦੇ ਹਨ। ਸਾਫ਼ ਹੈ ਕਿ ਸੋਸ਼ਲ ਮੀਡੀਆ ਦਾ ਭਵਿੱਖ ਜਿਵੇਂ ਦਾ ਵੀ ਹੋਵੇ, ਪਰ ਸਾਡੀ ਨੌਜਵਾਨ ਪੀੜ੍ਹੀ ਦਾ ਭਵਿੱਖ ਇਸ ਕਾਰਨ ਖ਼ਤਰੇ ਵਿਚ ਹੈ। ਮਾਪਿਆਂ ਨੂੰ ਲੋੜ ਹੈ ਕਿ ਆਪਣੇ ਜਵਾਨ ਹੋ ਰਹੇ ਧੀਆਂ-ਪੁੱਤਾਂ ਨੂੰ ਇਸ ਦੇ ਕਾਲੇ ਸਾਏ ਤੋਂ ਵੀ ਦੂਰ ਰੱਖਣ, ਤਾਂ ਕਿ ਉਹ ਬੱਚਿਆਂ ਦਾ ਭਵਿੱਖ ਵਧੀਆ ਸਿਰਜ ਸਕਣ। ਹਾਂ ਜੇ ਸੋਸ਼ਲ ਮੀਡੀਆ ਦੀ ਸਹੀ ਤੇ ਦਰੁੱਸਤ ਵਰਤੋਂ ਕੀਤੀ ਜਾਵੇ ਤਾਂ ਇਸਦੇ ਜ਼ਰੀਏ ਸਾਡੇ ਨੌਜਵਾਨ ਆਪਣੇ ਗਿਆਨ ’ਚ ਬੇਸ਼ੁਮਾਰ ਵਾਧਾ ਕਰ ਸਕਦੇ ਹਨ। ਇੰਟਰਨੈੱਟ ਇੱਕ ਅਜਿਹੀ ਪ੍ਰਣਾਲੀ ਹੈ ਕਿ ਘਰ ਬੈਠੇ ਹੀ ਦੇਸ਼-ਦੁਨੀਆਂ ਦੀ ਹਰ ਤਰ੍ਹਾਂ ਨਾਲ ਜਾਣਕਾਰੀ ਹਾਸਲ ਕੀਤੀ ਜਾ ਸਕਦੀ ਹੈ। ਵੱਖ-ਵੱਖ ਐਪਸ ਅਤੇ ਗੂਗਲ ਦੀ ਮੱਦਦ ਨਾਲ ਵਿਦਿਆਰਥੀ ਆਪਣੀ ਪੜ੍ਹਾਈ ਅਤੇ ਰੁਜ਼ਗਾਰ ਨਾਲ ਸਬੰਧਤ ਜਾਣਕਾਰੀਆਂ ਹਾਸਿਲ ਕਰਕੇ ਬਿਹਤਰ ਭਵਿੱਖ ਦੀ ਬਣਾ ਸਕਦੇ ਹਨ। ਵਿਦਵਾਨਾਂ ਦਾ ਕਹਿਣਾ ਹੈ ਕਿ ਦੁਨੀਆਂ ’ਚ ਕੋਈ ਵੀ ਚੀਜ਼ ਚੰਗੀ ਜਾਂ ਮਾੜੀ ਨਹੀਂ ਹੁੰਦੀ, ਇਨਸਾਨ ਦੀ ਸੋਚ ਉਸਨੂੰ ਚੰਗਾ ਜਾਂ ਮਾੜਾ ਬਣਾਉਂਦੀ ਹੈ। ਇਸ ਲਈ ਮਾੜਾ ਇੰਟਰਨੈੱਟ ਤੇ ਸੋਸ਼ਲ ਮੀਡੀਆ ਨਹੀਂ, ਬਲਕਿ ਮਾੜੀ ਤਾਂ ਇਸ ਦੀ ਦੁਰਵਰਤੋਂ ਹੈ।

-ਪੀਐੱਚਡੀ ਵਿਦਿਆਰਥਣ, ਪੰਜਾਬੀ ਯੂਨੀਵਰਸਿਟੀ, ਪਟਿਆਲਾ।


Comments Off on ਸੋਸ਼ਲ ਮੀਡੀਆ ਦੇ ਜਾਲ਼ ’ਚ ਫਸੀ ਨੌਜਵਾਨੀ ਦਾ ਭਵਿੱਖ ਖ਼ਤਰੇ ’ਚ
1 Star2 Stars3 Stars4 Stars5 Stars (No Ratings Yet)
Loading...
Both comments and pings are currently closed.

Comments are closed.

Available on Android app iOS app
Powered by : Mediology Software Pvt Ltd.