ਬੌਲੀਵੁੱਡ ’ਚ ਭੈਣ-ਭਰਾਵਾਂ ਦਾ ਜਲਵਾ !    ‘ਸਾਂਢ ਕੀ ਆਂਖ’ ਮਹਿਲਾ ਸਸ਼ਕਤੀਕਰਨ ਦੀ ਦਾਸਤਾਨ !    ਵੱਖਰੇ ਅੰਦਾਜ਼ ਵਾਲਾ ਮਜ਼ਾਹੀਆ ਅਦਾਕਾਰ ਮਿਰਜ਼ਾ ਮੁਸ਼ੱਰਫ਼ !    ਬਹੁਪੱਖੀ ਪ੍ਰਤਿਭਾ: ਮਾਈਕਲਐਂਜਲੋ !    ਕਾਵਿਮਈ ਲੋਕ ਖੇਡਾਂ !    ਮੇਲਾ ਗ਼ਦਰੀ ਬਾਬਿਆਂ ਦਾ !    ਜਿਨ੍ਹਾਂ ਹਿੰਮਤ ਯਾਰ ਬਣਾਈ…... !    ਸਿਆਣਪ !    ਖ਼ੂਬਸੂਰਤ ਪੰਛੀ ਕਿਰਮਚੀ ਨੜੀ !    ਸਮਾਜਿਕ ਜ਼ਿੰਮੇਵਾਰੀ ਸਮਝਣ ਵਾਲਾ ਨਿਰਦੇਸ਼ਕ !    

ਸਰੀਰ ’ਚ ਆਤਮਾ ਨਹੀਂ, ਤਾਲਮੇਲ ਪ੍ਰਣਾਲੀ ਕਾਰਜ ਕਰਦੀ ਹੈ…

Posted On June - 28 - 2019

ਮੇਘ ਰਾਜ ਮਿੱਤਰ

ਅੱਜ ਅਸੀਂ ਦੁਨੀਆ ਦੇ ਸਭ ਤੋਂ ਵੱਡੇ ਲੁੱਟ ਦੇ ਹਥਿਆਰ ‘ਆਤਮਾ’ ਬਾਰੇ ਗੱਲ ਕਰਾਂਗੇ। ਇਸ ਸਵਾਲ ਨਾਲ ਹੋਰ ਬਹੁਤ ਸਾਰੇ ਅੰਧਵਿਸ਼ਵਾਸ ਜੁੜੇ ਹੋਏ ਹਨ; ਜਿਵੇਂ ਮੁਕਤੀ, ਭੂਤ, ਪ੍ਰੇਤ, ਯਮਦੂਤ, ਧਰਮਰਾਜ, ਸਵਰਗ-ਨਰਕ, ਪੁਨਰ ਜਨਮ ਆਦਿ। ਧਰਮ ਦੇ ਨਾਂ ‘ਤੇ ਜਿਹੜੀ ਲੁੱਟ-ਖਸੁੱਟ ਹੁੰਦੀ ਹੈ, ਉਸ ਵਿਚ ਆਤਮਾ ਦਾ ਵੱਡਾ ਰੋਲ ਹੈ। ਕਹਿੰਦੇ ਹਨ ਕਿ ਆਤਮਾ ਇੰਨੀ ਸ਼ਕਤੀਸ਼ਾਲੀ ਹੁੰਦੀ ਹੈ ਕਿ ਕੋਈ ਤਲਵਾਰ ਇਸ ਨੂੰ ਕੱਟ ਨਹੀਂ ਸਕਦੀ। ਜਿੱਥੋਂ ਤੱਕ ਮੁਕਤੀ ਦਾ ਸਵਾਲ ਹੈ, ਕਰੋੜਾਂ ਲੋਕ ਮੁਕਤੀ ਭਾਲਦੇ ਹਨ ਅਤੇ ਮਰਨ ਕਿਨਾਰੇ ਹੋ ਕੇ ਡਾਕਟਰਾਂ ਕੋਲ ਜਾ ਕੇ ਉਮਰ ਵਧਾਉਣਾ ਲੋਚਦੇ ਹਨ। ਮੁਕਤ ਹੋਣਾ ਕੋਈ ਨਹੀਂ ਚਾਹੁੰਦਾ। ਮੁਕਤੀ ਲੱਭਣ ਵਾਲਿਆਂ ਦਾ ਜੇ 10 ਫ਼ੀਸਦੀ ਬੰਦਾ ਵੀ ਜਿੰਨਾ ਸਮਾਂ ਮੁਕਤੀ ਭਾਲਣ ਲਈ ਲਾਉਂਦਾ ਹੈ, ਓਨਾ ਸਮਾਂ ਨਿਜ਼ਾਮ ਬਦਲਣ ਲਈ ਤਿਆਰ ਹੋ ਜਾਵੇ ਤਾਂ ਗਲੇ-ਸੜੇ ਪ੍ਰਬੰਧ ਤੋਂ ਚਾਰ-ਪੰਜ ਸਾਲਾਂ ਵਿਚ ਹੀ ਮੁਕਤੀ ਪ੍ਰਾਪਤ ਕੀਤੀ ਜਾ ਸਕਦੀ ਹੈ। ਆਓ ਦੇਖੀਏ, ਕੀ ਸਰੀਰ ਵਿਚ ਆਤਮਾ ਹੁੰਦੀ ਹੈ? ਜੇ ਹੁੰਦੀ ਹੈ ਤਾਂ ਇਹ ਕਿੱਥੇ ਰਹਿੰਦੀ ਹੈ?
ਬਹੁਤ ਸਾਰੇ ਸ਼ਖ਼ਸ ਕਹਿੰਦੇ ਹਨ ਕਿ ਇਹ ਪੂਰੇ ਸਰੀਰ ਵਿਚ ਹੁੰਦੀ ਹੈ। ਜਿਨ੍ਹਾਂ ਸ਼ਖ਼ਸਾਂ ਦੀਆਂ ਲੱਤਾਂ ਬਾਹਾਂ ਪੂਰੀ ਤਰ੍ਹਾਂ ਕਟ ਜਾਂਦੀਆਂ ਹਨ, ਕੀ ਉਨ੍ਹਾਂ ਦੀ ਆਤਮਾ ਅੱਧੀ ਰਹਿ ਜਾਂਦੀ ਹੈ? ਸਟੀਫਨ ਹਾਕਿੰਗ ਆਪਣੀ ਜ਼ਿੰਦਗੀ ਦੇ ਜ਼ਿਆਦਾ ਵਰ੍ਹੇ ਅਪੰਗ ਰਿਹਾ। ਕੀ ਉਸ ਅੰਦਰ ਵਿਚਾਰ ਨਹੀਂ ਸਨ? ਕੀ ਉਹ ਸਰੀਰ ਵਿਚ ਆਤਮਾ ਦੀ ਹੋਂਦ ਨੂੰ ਸਵੀਕਾਰ ਨਹੀਂ ਸੀ ਕਰਦਾ? ਫਿਰ ਵੀ ਉਸ ਨੇ ਦੁਨੀਆ ਨੂੰ ਸਾਇੰਸ ਦੇ ਬਹੁਤ ਸਾਰੇ ਪੱਖਾਂ ਤੋਂ ਅਮੀਰ ਕੀਤਾ।
ਹੁਣ ਜੇ ਇਹ ਸਾਰੇ ਸਰੀਰ ਵਿਚ ਨਹੀਂ ਰਹਿੰਦੀ ਤਾਂ ਕਈਆਂ ਦਾ ਵਿਚਾਰ ਹੈ ਕਿ ਇਹ ਦਿਲ ਵਿਚ ਰਹਿੰਦੀ ਹੈ। ਹਰ ਰੋਜ਼ ਹਜ਼ਾਰਾਂ ਸ਼ਖ਼ਸਾਂ ਦੇ ਦਿਲਾਂ ਦੇ ਅਪਰੇਸ਼ਨ ਧਰਤੀ ਉੱਪਰ ਹੁੰਦੇ ਹਨ। ਜਿਊਂਦੇ ਸ਼ਖ਼ਸ ਦੇ ਖਰਾਬ ਹੋਏ ਦਿਲ ਕੱਢ ਕੇ ਬਾਹਰ ਸੁੱਟ ਦਿੱਤੇ ਜਾਂਦੇ ਹਨ ਅਤੇ ਮਰੇ ਹੋਏ ਸ਼ਖ਼ਸਾਂ ਦੇ ਦਿਲ ਰੱਖ ਦਿੱਤੇ ਜਾਂਦੇ ਹਨ। ਕੀ ਅਜਿਹੇ ਆਦਮੀਆਂ ਦੀ ਆਤਮਾ ਬਦਲ ਜਾਂਦੀ ਹੈ? ਕੁੱਝ ਜਣਿਆਂ ਦਾ ਵਿਚਾਰ ਹੈ ਕਿ ਇਹ ਦਿਮਾਗ ਵਿਚ ਰਹਿੰਦੀ ਹੈ ਪਰ ਦਿਮਾਗਾਂ ਦੇ ਵੀ ਹਜ਼ਾਰਾਂ ਅਪਰੇਸ਼ਨ ਦੁਨੀਆ ਦੇ ਵੱਖ ਵੱਖ ਮੁਲਕਾਂ ਵਿਚ ਹਰ ਰੋਜ਼ ਕੀਤੇ ਜਾਂਦੇ ਹਨ। ਕਦੇ ਵੀ ਕਿਸੇ ਡਾਕਟਰ ਨੂੰ ਆਤਮਾ ਦੇ ਦਰਸ਼ਨ ਨਹੀਂ ਹੋਏ। ਅੱਜ ਤਾਂ ਪੂਰੇ ਸਿਰ ਨੂੰ ਹੀ ਟਰਾਂਸਪਲਾਂਟ ਕਰਨ ਦੇ ਯਤਨ ਸਫ਼ਲਤਾ ਦੇ ਨੇੜੇ ਹਨ। ਕੀ ਅਜਿਹੇ ਆਦਮੀਆਂ ਦੀ ਆਤਮਾ ਬਦਲ ਜਾਵੇਗੀ?
ਕਦੇ ਕਿਸੇ ਡਾਕਟਰ ਨੇ ਕਿਸੇ ਆਤਮਾ ਦਾ ਭਾਰ, ਰੰਗ ਰੂਪ ਅਤੇ ਆਕਾਰ ਨਹੀਂ ਦੱਸਿਆ। ਵਿਗਿਆਨ ਵਿਚ ਮਾਦੇ ਦੀ ਪਰਿਭਾਸ਼ਾ ਹੈ ਜੋ ਰੰਗ ਰੂਪ ਰਖਦਾ ਹੋਵੇ, ਆਕਾਰ ਹੋਵੇ, ਭਾਰ ਰੱਖਦਾ ਹੋਵੇ, ਉਹ ਹੀ ਪਦਾਰਥ ਹੋ ਸਕਦਾ ਹੈ। ਇਸ ਲਈ ਆਤਮਾ ਪਦਾਰਥਕ ਵਸਤੂ ਨਹੀਂ ਹੋ ਸਕਦੀ। ਜੇ ਇਹ ਪਦਾਰਥ ਹੁੰਦਾ ਤਾਂ ਡਾਕਟਰਾਂ ਨੇ ਸਰੀਰ ਵਿਚੋਂ ਨਿਕਲਣ ਸਮੇਂ ਇਸ (ਆਤਮਾ) ਨੂੰ ਫੜ ਲਿਆ ਹੁੰਦਾ ਅਤੇ ਮੁੜ ਸਰੀਰ ਵਿਚ ਰੱਖ ਕੇ ਬੰਦਿਆਂ ਨੂੰ ਜੀਵਤ ਕਰ ਲਿਆ ਹੁੰਦਾ।
ਆਤਮਾ ਨੂੰ ਰੂਹ ਵੀ ਕਿਹਾ ਜਾਂਦਾ ਹੈ। ਕਦੇ ਕਿਸੇ ਨੇ ਦੱਸਿਆ ਹੈ ਕਿ ਇਹ ਰੂਹ ਬੱਚੇ ਵਿਚ ਕਦੋਂ ਦਾਖ਼ਲ ਹੁੰਦੀ ਹੈ ਅਤੇ ਇਨ੍ਹਾਂ ਆਤਮਾਵਾਂ ਦਾ ਟਿਕਾਣਾ ਕਿੱਥੇ ਹੁੰਦਾ ਹੈ? ਅੱਜ ਵਿਗਿਆਨੀਆਂ ਦੀਆਂ ਦੂਰਬੀਨਾਂ ਅਰਬਾਂ ਖਰਬਾਂ ਕਿਲੋਮੀਟਰਾਂ ਤੱਕ ਝਾਤੀ ਮਾਰ ਆਈਆਂ ਹਨ ਅਤੇ ਮਾਰ ਰਹੀਆਂ ਹਨ। ਕਿਸੇ ਨੂੰ ਇਨ੍ਹਾਂ ਦਾ ਟਿਕਾਣਾ ਨਹੀਂ ਮਿਲਿਆ ਅਤੇ ਨਾ ਹੀ ਇਨ੍ਹਾਂ ਦੀ ਗਤੀ ਕਿਸੇ ਮਹਾਤਮਾ ਵਰਗ ਨੇ ਦੱਸੀ ਹੈ। ਸਿਰਫ਼ ਇਹ ਹੀ ਕਿਹਾ ਜਾਂਦਾ ਹੈ ਕਿ ਸਰੀਰ ਵਿਚ ਆਤਮਾ ਦਾ ਵਾਸਾ ਹੁੰਦਾ ਹੈ।
ਹੁਣ ਸਵਾਲ ਇਹ ਪੈਦਾ ਹੁੰਦਾ ਹੈ ਕਿ ਜੇ ਇਹ ਬੱਚੇ ਵਿਚ ਦਾਖਲ ਹੁੰਦੀ ਹੈ ਤਾਂ ਇਸ ਦਾ ਦਾਖਲਾ ਕਦੋਂ ਹੁੰਦਾ ਹੈ? ਗਰਭ ਦੇ ਪਹਿਲੇ ਦਿਨ ਸੈੱਲਾਂ ਦੇ ਜੁੜਨ ਸਮੇਂ ਇਹ ਸੈੱਲ ਦੋ ਭਾਗਾਂ ਵਿਚ ਟੁੱਟ ਜਾਂਦੇ ਹਨ। ਕੀ ਉਨ੍ਹਾਂ ਬੱਚਿਆਂ ਦੀ ਆਤਮਾ ਵੀ ਦੋ ਭਾਗਾਂ ਵਿਚ ਟੁੱਟ ਜਾਂਦੀ ਹੈ? 1998 ਵਿਚ ਅਮਰੀਕਾ ਦੇ ਸ਼ਹਿਰ ਟੈਕਸਾ ਵਿਚ ਇਕ ਔਰਤ ਨੇ ਇਕੱਠੇ ਅੱਠ ਬੱਚਿਆਂ ਨੂੰ ਜਨਮ ਦਿੱਤਾ। ਇਸਤਰੀ-ਪੁਰਸ਼ ਦੇ ਜੁੜਨ ਵਾਲੇ ਸੈੱਲ ਜੁੜਨ ਤੋਂ ਬਾਅਦ ਅੱਠ ਭਾਗਾਂ ਵਿਚ ਟੁੱਟ ਗਏ। ਉਨ੍ਹਾਂ ਅੱਠਾਂ ਵਿਚ ਮਾਂ ਪਿਓ ਦੇ ਗੁਣ ਤਾਂ ਡੀਐੱਨਏ ਰਾਹੀਂ ਪ੍ਰਵੇਸ਼ ਕਰ ਗਏ ਪਰ ਕੀ ਉਨ੍ਹਾਂ ਦੀ ਆਤਮਾ ਅੱਠ ਭਾਗਾਂ ਵਿਚ ਟੁੱਟ ਗਈ ਸੀ ਜਾਂ ਅੱਠ ਆਤਮਾਵਾਂ ਉਨ੍ਹਾਂ ਵਿਚ ਇਕੋ ਸਮੇਂ ਦਾਖਲ ਹੋ ਗਈਆਂ?
ਕਹਿੰਦੇ ਹਨ ਕਿ ਆਤਮਾ ਬੱਚੇ ਦੇ ਸਰੀਰ ਵਿਚ ਦਿਲ ਦੀ ਧੜਕਨ ਨਾਲ ਦਾਖਲ ਹੋ ਜਾਂਦੀ ਹੈ। ਦਿਲ ਤਾਂ ਭਰੂਣ ਦੇ 23ਵੇਂ ਦਿਨ ਹੀ ਧੜਕਣਾ ਸ਼ੁਰੂ ਕਰ ਦਿੰਦਾ ਹੈ। ਛੇ ਮਹੀਨੇ ਬਾਅਦ ਡਾਕਟਰ ਅਕਸਰ ਹੀ ਬੱਚੇ ਨੂੰ ਬਚਾ ਲੈਂਦੇ ਹਨ। ਦੋ ਚਾਰ ਕੇਸਾਂ ਵਿਚ ਡਾਕਟਰਾਂ ਨੇ ਅਪਰੇਸ਼ਨ ਰਾਹੀਂ ਪੇਟ ਵਿਚੋਂ ਬੱਚਾ ਚੁੱਕ ਕੇ ਬਾਹਰ ਕੱਢ ਲਿਆ ਅਤੇ ਉਸ ਦੇ ਦਿਲ ਦਾ ਅਪਰੇਸ਼ਨ ਕਰ ਕੇ ਉਸ ਨੂੰ ਮੁੜ ਪੇਟ ਵਿਚ ਰੱਖ ਦਿੱਤਾ। ਕੀ ਇਨ੍ਹਾਂ ਦੀ ਆਤਮਾ ਪੇਟ ਵਿਚੋਂ ਬੱਚਾ ਬਾਹਰ ਕੱਢਣ ਸਮੇਂ ਬਾਹਰ ਨਿਕਲ ਗਈ ਸੀ? ਪੇਟ ਵਿਚ ਦੁਬਾਰਾ ਰੱਖਣ ਤੇ ਦੁਬਾਰਾ ਚਲ ਗਈ ਸੀ ਅਤੇ ਜਨਮ ਲੈਣ ਸਮੇਂ ਫਿਰ ਵਾਪਸ ਆ ਗਈ ਸੀ?
ਦੁਨੀਆ ਵਿਚ ਅਜਿਹੀਆਂ ਬਹੁਤ ਸਾਰੀਆਂ ਉਦਾਹਰਣਾਂ ਹਨ ਜਦੋਂ ਜਨਮ ਸਮੇਂ ਪੇਟ ਵਿਚੋਂ ਦੋ ਜੁੜਵੇਂ ਬੱਚੇ ਨਿਕਲ ਆਉਂਦੇ ਹਨ ਅਤੇ ਸਾਰੀ ਜ਼ਿੰਦਗੀ ਇਕ ਦੂਜੇ ਨਾਲ ਜੁੜੇ ਰਹਿੰਦੇ ਹਨ। ਇਨ੍ਹਾਂ ਨੂੰ ਸ਼ਿਆਮੀ ਬੱਚੇ ਕਿਹਾ ਜਾਂਦਾ ਹੈ। ਕੀ ਇਨ੍ਹਾਂ ਵਿਚ ਇਕੋ ਆਤਮਾ ਹੁੰਦੀ ਹੈ ਜੋ ਜੁੜੀ ਹੁੰਦੀ ਹੈ ਜਾਂ ਦੋ ਆਤਮਾਵਾਂ ਹੁੰਦੀਆਂ ਹਨ? ਜਿਸ ਸਰੀਰ ਵਿਚ ਆਤਮਾ ਹੁੰਦੀ ਹੈ, ਕੀ ਇਹ ਮੌਤ ਸਮੇਂ ਬਾਹਰ ਨਿਕਲ ਜਾਂਦੀ ਹੈ? ਅਸੀਂ ਦਵੇਖਿਆ ਹੈ ਕਿ ਡਾਕਟਰ ਮੌਤ ਹੋਣ ਤੋਂ ਬਾਅਦ ਵੀ ਬਹੁਤ ਸਾਰੇ ਬੰਦਿਆਂ ਨੂੰ ਬਚਾ ਲੈਂਦੇ ਹਨ। ਉਨ੍ਹਾਂ ਦੇ ਸਰੀਰਾਂ ਨੂੰ ਵੈਂਟੀਲੇਟਰ ‘ਤੇ ਰੱਖਿਆ ਜਾਂਦਾ ਹੈ। ਬਣਾਵਟੀ ਸਾਹ ਪ੍ਰਣਾਲੀ ਅਤੇ ਖੂਨ ਗੇੜ ਪ੍ਰਣਾਲੀ ਰਾਹੀਂ ਜੀਵਤ ਰੱਖਿਆ ਜਾਂਦਾ ਹੀ ਨਹੀਂ ਜਾਂਦਾ, ਜੀਵਤ ਕਰਨ ਦੀਆਂ ਉਦਾਹਰਣਾਂ ਵੀ ਸਾਡੇ ਕੋਲ ਮੌਜੂਦ ਹਨ।
ਹੁਣ ਅਗਲਾ ਸੁਆਲ ਖੜ੍ਹਾ ਹੁੰਦਾ ਹੈ ਕਿ ਜਿਨ੍ਹਾਂ ਬੰਦਿਆਂ ਨੂੰ ਬੇਹੋਸ਼ ਕਰਕੇ ਅਪਰੇਸ਼ਨ ਕੀਤੇ ਜਾਂਦੇ ਹਨ, ਕੀ ਉਨ੍ਹਾਂ ਵਿਚ ਉਸ ਸਮੇਂ ਉਨ੍ਹਾਂ ਦੀ ਆਤਮਾ ਨੂੰ ਛੁੱਟੀ ਤੇ ਭੇਜ ਦਿੱਤਾ ਜਾਂਦਾ ਹੈ? 27 ਨਵੰਬਰ 1973 ਨੂੰ ਇਕ ਹਸਪਤਾਲ ਵਿਚ ਹਸਪਤਾਲ ਦੇ ਹੀ ਇਕ ਲੜਕੇ ਨੇ ਅਰੁਣਾ ਸ਼ਾਨਬਾਗ (ਉਸ ਸਮੇਂ ਉਮਰ 24 ਸਾਲ) ਨਾਲ ਜਬਰ ਜਨਾਹ ਕੀਤਾ। ਅਜਿਹੀ ਸੱਟ ਮਾਰੀ ਕਿ ਉਹ ਉਸੇ ਦਿਨ ਕੋਮਾ ਵਿਚ ਚਲੀ ਗਈ। ਉਹ 42 ਸਾਲ ਕੋਮਾ ਵਿਚ ਰਹੀ ਅਤੇ 18 ਮਈ 2015 ਨੂੰ ਉਸ ਦੀ ਮੌਤ ਹੋ ਗਈ। ਕੀ ਇਸ ਔਰਤ ਦੀ ਆਤਮਾ ਉਸ ਸਮੇਂ ਦੌਰਾਨ ਉਸ ਦੇ ਸਰੀਰ ਵਿਚ ਰਹੀ? ਕੀ ਆਤਮਾ ਕਿਸੇ ਦੂਸਰੇ ਦੀ ਮਰਜ਼ੀ ਨਾਲ ਸਰੀਰ ਵਿਚੋਂ ਬਾਹਰ ਕੱਢੀ ਜਾ ਸਕਦੀ ਹੈ? ਜੇ ਕੋਈ ਸ਼ਖ਼ਸ ਇਸ ਸਬੰਧੀ ਨਾਂਹ ਕਹਿੰਦਾ ਹੈ ਤਾਂ ਉਹ ਇਕ ਤਜਰਬਾ ਕਰਕੇ ਦੇਖ ਸਕਦਾ ਹੈ।
ਸਾਇਨਾਈਡ ਦੀ ਗੋਲੀ ਉਸ ਦੀ ਆਤਮਾ ਨੂੰ ਉਸ ਤੋਂ ਸਦਾ ਲਈ ਮੁਕਤ ਕਰ ਦੇਵੇਗੀ। ਦੋ ਵਾਰ ਮੇਰੀ ਮੁਲਾਕਾਤ ਕੁੱਝ ਅਜਿਹੇ ਸ਼ਖ਼ਸਾਂ ਨਾਲ ਹੋ ਚੁੱਕੀ ਹੈ, ਜਿਹੜੇ ਕਹਿੰਦੇ ਹਨ ਕਿ ਆਤਮਾਵਾਂ ਧਰਤੀ ਰਾਹੀਂ ਆਪਣੀ ਹੋਂਦ ਦੇ ਸਿਗਨਲ ਦਿੰਦੀਆਂ ਹਨ ਅਤੇ ਭੂਤਵਾੜਿਆਂ ਵਿਚੋਂ ਭੂਤਾਂ ਦੁਆਰਾ ਛੱਡੇ ਗਏ ਸਿਗਨਲ ਫੜਦੇ ਹਨ। ਅਸਲ ਵਿਚ ਉਹ ਬੜੇ ਚਲਾਕ ਲੋਕ ਹਨ। ਨਵੀਂ ਕਿਸਮ ਦੇ ਬਾਬੇ ਪੈਦਾ ਹੋ ਰਹੇ ਹਨ। ਉਹ ਨਵੇਂ ਢੰਗ ਨਾਲ ਲੋਕਾਂ ਦੀ ਲੁੱਟ ਕਰ ਰਹੇ ਹਨ। ਉਨ੍ਹਾਂ ਕੋਲ ਕੁੱਝ ਅਜਿਹੇ ਯੰਤਰ ਰੱਖੇ ਹੁੰਦੇ, ਜਿਹੜੇ ਆਵਾਜ਼ ਜਾਂ ਪ੍ਰਕਾਸ਼ ਦੀਆਂ ਤਰੰਗਾਂ ਜਾਂ ਸੂਰਜ ਤੋਂ ਉੱਠਣ ਵਾਲੀਆਂ ਬਿਜਲੀ ਚੁੰਬਕੀ ਤਰੰਗਾਂ ਦੇ ਸਿਗਨਲਾਂ ਨੂੰ ਫੜ ਲੈਂਦੇ ਹਨ ਅਤੇ ਉਨ੍ਹਾਂ ਦੇ ਯੰਤਰਾਂ ਵਿਚ ਅਜਿਹੇ ਸਿਗਨਲ ਆ ਵੀ ਜਾਂਦੇ ਹਨ।
ਅਸੀਂ ਜਾਣਦੇ ਹਾਂ ਕਿ ਸਾਡੀ ਧਰਤੀ ਦੇ ਗਰਭ ਵਿਚ ਬੇਸ਼ੁਮਾਰ ਤਰਲ ਪਦਾਰਥ ਭਰੇ ਹੋਏ ਹਨ। ਧਰਤੀ ਦੀਆਂ ਗਤੀਆਂ ਕਾਰਨ ਹਰ ਰੋਜ਼ ਸੈਂਕੜੇ ਛੋਟੇ ਵੱਡੇ ਭੂਚਾਲ ਧਰਤੀ ‘ਤੇ ਆਉਂਦੇ ਹੀ ਰਹਿੰਦੇ ਹਨ। ਇਨ੍ਹਾਂ ਦੁਆਰਾ ਛੱਡੀਆਂ ਕਿਰਨਾਂ ਅਜਿਹੇ ਯੰਤਰਾਂ ਦੇ ਸਿਗਨਲ ਵਿਚ ਆ ਜਾਂਦੀਆਂ ਹਨ। ਸੂਰਜ ਤੋਂ ਵੀ ਸੂਰਜੀ ਤੂਫਾਨ ਉੱਠਦੇ ਰਹਿੰਦੇ ਹਨ ਅਤੇ ਇਸ ਤਰ੍ਹਾਂ ਹੀ ਧਰਤੀ ਦੇ ਚੁੰਬਕੀ ਧਰੁਵ ਅਜਿਹੇ ਵਿਕਿਰਨ ਪੈਦਾ ਕਰਦੇ ਹਨ।
ਅਗਲਾ ਸੁਆਲ ਹੁਣ ਇਹ ਹੈ ਕਿ ਜਿਹੜੇ ਸ਼ਖ਼ਸ ਆਪਣੇ ਸਰੀਰ ਦਾਨ ਜਾਂ ਅੰਗ ਦਾਨ ਕਰ ਦਿੰਦੇ ਹਨ ਤਾਂ ਕੀ ਉਨ੍ਹਾਂ ਦੀ ਆਤਮਾ ਮੁਕਤ ਨਹੀਂ ਹੁੰਦੀ? ਮੇਰੇ ਪਿਤਾ ਜੀ ਮੁਕਤੀ ਦੇ ਸੰਕਲਪ ਦੇ ਖ਼ਿਲਾਫ਼ ਸਨ। 2006 ਵਿਚ ਉਨਾਂ ਦਿਆਨੰਦ ਮੈਡੀਕਲ ਕਾਲਜ ਦੇ ਵਿਦਿਆਰਥੀਆਂ ਨੂੰ ਖੋਜ ਕਰਨ ਲਈ ਆਪਣਾ ਮ੍ਰਿਤਕ ਸਰੀਰ ਦਾਨ ਦੇ ਦਿੱਤਾ। ਉਸ ਤੋਂ ਬਾਅਦ ਤਾਂ ਸੈਂਕੜੇ ਜਣਿਆਂ ਨੇ ਹਸਪਤਾਲਾਂ ਨੂੰ ਆਪਣੇ ਸਰੀਰ ਦਾਨ ਦਿੱਤੇ। ਇਨ੍ਹਾਂ ਦੀਆਂ ਆਤਮਾਵਾਂ ਦਾ ਕੀ ਬਣਿਆ? ਕੀ ਇਨ੍ਹਾਂ ਦੀ ਮੁਕਤੀ ਹੋਊ ਜਾਂ ਨਹੀਂ?
ਬਹੁਤ ਸਾਰੇ ਲੋਕਾਂ ਨੇ ਪੁੱਛਿਆ ਕਿ ਜੇ ਸਰੀਰ ਵਿਚ ਆਤਮਾ ਨਹੀਂ ਹੁੰਦੀ ਤਾਂ ਸਰੀਰ ਵਿਚ ਬੋਲਦਾ ਕੀ ਹੈ? ਮੈਂ ਉਨ੍ਹਾਂ ਨੂੰ ਪੁੱਛ ਲੈਂਦਾ ਹਾਂ ਕਿ ਰੇਡੀਓ ਅਤੇ ਟੈਲੀਵਿਜ਼ਨ ਵਿਚ ਬੋਲਣ ਵਾਲੀ ਕਿਹੜੀ ਚੀਜ਼ ਹੁੰਦੀ ਹੈ? ਉਨ੍ਹਾਂ ਦਾ ਜੁਆਬ ਹੁੰਦਾ ਹੈ ਕਿ ਇਹ ਤਾਂ ਮਸ਼ੀਨੀ ਯੰਤਰ ਹਨ। ਜੇ ਬੋਲਣੋਂ ਹਟ ਜਾਣ ਤਾਂ ਅਸੀਂ ਇਸ ਨੂੰ ਰਿਪੇਅਰ ਕਰਵਾ ਲੈਂਦੇ ਹਾਂ ਪਰ ਮਕੈਨਿਕ ਇਨ੍ਹਾਂ ਵਿਚ ਆਤਮਾਵਾਂ ਤਾਂ ਮੁੜ ਦਾਖਲ ਨਹੀਂ ਕਰਦੇ। ਉਹ ਤਾਂ ਇਨ੍ਹਾਂ ਦੀਆਂ ਬਿਜਲੀ, ਚੁੰਬਕੀ ਅਤੇ ਪ੍ਰਕਾਸ਼ ਪੈਦਾ ਕਰਨ ਵਾਲੀਆਂ ਪ੍ਰਣਾਲੀਆਂ ਨੂੰ ਠੀਕ ਕਰਦੇ ਹਨ। ਸਾਡਾ ਸਰੀਰ ਵੀ ਠੀਕ ਇਸੇ ਤਰ੍ਹਾਂ ਦੀਆਂ ਪ੍ਰਣਾਲੀਆਂ ਦਾ ਬਣਿਆ ਹੋਇਆ ਹੁੰਦਾ ਹੈ। ਸਰੀਰ ਵਿਚ ਸੈੱਲ ਹੁੰਦੇ ਹਨ। ਸੈੱਲਾਂ ਦੇ ਸਮੂਹ ਨੂੰ ਅਸੀਂ ਅੰਗ ਆਖਦੇ ਹਾਂ। ਕੁੱਝ ਅੰਗ ਜੁੜਨ ਨਾਲ ਅੰਗ ਪ੍ਰਣਾਲੀ ਬਣ ਜਾਂਦੀ ਹੈ ਅਤੇ ਕਈ ਅੰਗ ਪ੍ਰਣਾਲੀਆਂ ਦਾ ਸਮੂਹ ਸਰੀਰ ਦੀ ਰਚਨਾ ਕਰਦਾ ਹੈ।
ਮਨੁੱਖੀ ਸਰੀਰ ਵਿਚ ਪਿੰਜਰ ਪ੍ਰਣਾਲੀ, ਲਹੂ ਗੇੜ ਪ੍ਰਣਾਲੀ, ਭੋਜਨ ਪ੍ਰਣਾਲੀ, ਸੋਚ ਵਿਚਾਰ ਪ੍ਰਣਾਲੀ, ਸਾਹ ਪ੍ਰਣਾਲੀ ਆਦਿ ਹੁੰਦੀਆਂ ਹਨ। ਇਨ੍ਹਾਂ ਵਿਚ ਆਪਸੀ ਤਾਲੇਮਲ ਵੀ ਹੁੰਦਾ ਹੈ। ਜਿੰਨਾ ਚਿਰ ਸਾਡੀਆਂ ਅੰਗ ਪ੍ਰਣਾਲੀਆਂ ਠੀਕ ਰਹਿੰਦੀਆਂ ਹਨ, ਓਨਾ ਚਿਰ ਸਾਡਾ ਸਰੀਰ ਸਮੂਹ ਕਿਰਿਆਵਾਂ ਕਰਦਾ ਰਹਿੰਦਾ ਹੈ। ਕਿਸੇ ਮਹੱਤਵਪੂਰਨ ਪ੍ਰਣਾਲੀ ਦੇ ਫੇਲ੍ਹ ਹੋ ਜਾਣ ਕਾਰਨ ਸਾਡਾ ਸਰੀਰ ਕੰਮ ਕਰਨਾ ਬੰਦ ਕਰ ਦਿੰਦਾ ਹੈ ਅਤੇ ਮੌਤ ਹੋ ਜਾਂਦੀ ਹੈ। ਜਿਵੇਂ ਦਿਲ ਸਾਡੇ ਸਰੀਰ ਦੀ ਮਹੱਤਵਪੂਰਨ ਪ੍ਰਣਾਲੀ ਹੈ। ਦਿਲ ਫੇਲ੍ਹ ਹੋ ਜਾਣ ਦੀ ਸੂਰਤ ਵਿਚ ਸਾਡਾ ਸਰੀਰ ਕੰਮ ਕਰਨਾ ਬੰਦ ਕਰ ਦਿੰਦਾ ਹੈ ਪਰ ਕਈ ਵਾਰ ਡਾਕਟਰ ਦਿਲ ਨੂੰ ਮੁੜ ਚਾਲੂ ਕਰ ਲੈਂਦੇ ਹਨ ਤੇ ਸਰੀਰ ਮੁੜ ਕਾਰਜਸ਼ੀਲ ਹੋ ਜਾਂਦਾ ਹੈ।
ਸਰੀਰ ਨੇ ਚੱਲਣ ਫਿਰਨ, ਬੋਲਣ ਅਤੇ ਗਰਮੀ ਸਰਦੀ ਮਹਿਸੂਸ ਕਰਨ ਦਾ ਇਹ ਹੁਨਰ ਕਿੱਥੋਂ ਸਿੱਖਿਆ ਹੈ? ਮਨੁੱਖ ਦਾ ਇਤਿਹਾਸ ਅਰਬਾਂ ਵਰ੍ਹਿਆਂ ਦਾ ਹੈ। ਤਕਰੀਬਨ ਤਿੰਨ ਸੌ ਕਰੋੜ ਵਰ੍ਹੇ ਪਹਿਲਾਂ ਅਮੀਬਾ ਹੋਂਦ ਵਿਚ ਆ ਗਿਆ ਸੀ। ਅਮੀਬੇ ਤੋਂ ਮਨੁੱਖੀ ਵਿਕਾਸ ਦੀ ਯਾਤਰਾ ਸ਼ੁਰੂ ਹੁੰਦੀ ਹੈ। ਇਹ ਮੱਛੀਆਂ, ਚੂਹਿਆਂ ਅਤੇ ਬਾਂਦਰਾਂ ਵਿਚੋਂ ਹੁੰਦੀ ਹੋਈ ਮਨੁੱਖ ਤੱਕ ਪਹੁੰਚੀ ਹੈ। ਡਾਰਵਿਨ ਅਨੁਸਾਰ ਹਰ ਜੀਵ ਨੂੰ ਜਿਊਂਦੇ ਰਹਿਣ ਲਈ ਸੰਘਰਸ਼ ਕਰਨਾ ਪੈਂਦਾ ਹੈ। ਇਸ ਦੌਰਾਨ ਵਰਤੋਂ ਵਿਚ ਆਉਣ ਵਾਲੇ ਲੋੜੀਂਦੇ ਅੰਗ ਵਿਕਸਿਤ ਹੁੰਦੇ ਜਾਂਦੇ ਹਨ ਅਤੇ ਬੇਲੋੜੇ ਅੰਗ ਕਮਜ਼ੋਰ ਹੁੰਦੇ ਹੁੰਦੇ ਖ਼ਤਮ ਹੋ ਜਾਂਦੇ ਹਨ।
ਅਸੀਂ ਜਾਣਦੇ ਹਾਂ ਕਿ ਜੇ ਚੂਨੇ ਵਿਚ ਪਾਣੀ ਪਾ ਦੇਈਏ ਤਾਂ ਉਹ ਕੁੱਝ ਸਮੇਂ ਬਾਅਦ ਗਰਮ ਹੋਣਾ, ਹਰਕਤ ਕਰਨੀ ਅਤੇ ਸੂੰ ਸੂੰ ਦੀ ਆਵਾਜ਼ ਪੈਦਾ ਕਰਨ ਲੱਗ ਜਾਵੇਗਾ। ਇਸ ਤਰ੍ਹਾਂ ਮਨੁੱਖੀ ਸਰੀਰ ਵੀ ਵੱਖ ਵੱਖ ਰਸਾਇਣਕ ਪਦਾਰਥਾਂ ਵਿਚ ਹੁੰਦੀਆਂ ਰਸਾਇਣਕ ਕਿਰਿਆਵਾਂ ਰਾਹੀਂ ਬਿਜਲੀ, ਚੁੰਬਕੀ ਤਰੰਗਾਂ ਅਤੇ ਰਸਾਇਣਿਕ ਗੁਣ ਪ੍ਰਾਪਤ ਕਰ ਗਿਆ। ਅੱਜ ਸਾਡੇ ਦਿਮਾਗ ਵਿਚ ਸੋਚ-ਵਿਚਾਰ ਦਾ ਕੰਮ ਕਰਦੀਆਂ ਇਹ ਬਿਜਲੀ, ਚੁੰਬਕੀ ਅਤੇ ਰਸਾਇਣਕ ਕਿਰਿਆਵਾਂ ਹੀ ਹਨ, ਜਿਹੜੀਆਂ ਸਾਡੀ ਯਾਦਾਸ਼ਤ ਨੂੰ ਕਾਇਮ ਰੱਖਦੀਆਂ ਹਨ। ਮਰਨ ਤੋਂ ਬਾਅਦ ਜਦੋਂ ਸਾਡੇ ਸਰੀਰ ਦੇ ਸਾਰੇ ਪਦਾਰਥ ਨਸ਼ਟ ਹੋ ਜਾਂਦੇ ਹਨ ਤਾਂ ਸਾਡੀਆਂ ਰਸਾਇਣੀ, ਬਿਜਲਈ ਅਤੇ ਚੁੰਬਕੀ ਕਿਰਿਆਵਾਂ ਦਾ ਵੀ ਖਾਤਮਾ ਹੋ ਜਾਂਦਾ ਹੈ ਅਤੇ ਵਿਚਾਰ ਵੀ ਖਤਮ ਹੋ ਜਾਂਦੇ ਹਨ। ਸੋ ਆਤਮਾ ਇਕ ਲੁੱਟ-ਖਸੁੱਟ ਦਾ ਸਾਧਨ ਹੀ ਹੈ, ਹੋਰ ਕੁੱਝ ਵੀ ਨਹੀਂ।

ਸੰਪਰਕ: 98887-87440


Comments Off on ਸਰੀਰ ’ਚ ਆਤਮਾ ਨਹੀਂ, ਤਾਲਮੇਲ ਪ੍ਰਣਾਲੀ ਕਾਰਜ ਕਰਦੀ ਹੈ…
1 Star2 Stars3 Stars4 Stars5 Stars (No Ratings Yet)
Loading...
Both comments and pings are currently closed.

Comments are closed.

Available on Android app iOS app
Powered by : Mediology Software Pvt Ltd.