ਕਮੀਆਂ ਹਰ ਇਕ ਵਿਚ ਹੁੰਦੀਆਂ ਹਨ। ਜੇਕਰ ਤੁਹਾਡਾ ਵਿਵਹਾਰ ਚੰਗਾ ਹੈ ਤਾਂ ਤੁਹਾਡੀਆਂ ਕੁਝ ਕਮੀਆਂ ਨਜ਼ਰਅੰਦਾਜ਼ ਕਰ ਦਿੱਤੀਆਂ ਜਾਂਦੀਆਂ ਹਨ। ਪੁਰਾਣੇ ਦੌਰ ਦੇ ਕਈ ਸਿਤਾਰੇ ਆਪਣੇ ਇਸੇ ਹਥਿਆਰ ਨਾਲ ਆਪਣੀਆਂ ਗ਼ਲਤੀਆਂ ਨੂੰ ਛੁਪਾ ਲੈਂਦੇ ਸਨ, ਪਰ ਅੱਜ ਸ਼ਾਹਿਦ ਕਪੂਰ, ਕਰੀਨਾ ਕਪੂਰ, ਅਰਜੁਨ ਕਪੂਰ, ਰਣਵੀਰ ਸਿੰਘ, ਸਿਧਾਰਥ ਮਲਹੋਤਰਾ, ਸੋਨਾਕਸ਼ੀ ਸਿਨਹਾ, ਅਭਿਸ਼ੇਕ ਬੱਚਨ, ਅਰਜੁਨ ਰਾਮਪਾਲ, ਕੰਗਨਾ ਰਣੌਤ, ਕੈਟਰੀਨਾ ਕੈਫ ਆਦਿ ਕਈ ਅਜਿਹੇ ਸਿਤਾਰੇ ਹਨ ਜਿਨ੍ਹਾਂ ਦੇ ਨਿੰਦਣਯੋਗ ਵਿਵਹਾਰ ਦੇ ਕਿੱਸੇ ਬਹੁਤ ਮਸ਼ਹੂਰ ਹਨ। ਇਸ ਮਾਮਲੇ ਵਿਚ ਰਣਬੀਰ ਕਪੂਰ ਦਾ ਕੋਈ ਜਵਾਬ ਨਹੀਂ ਹੈ। ਅਕਸਰ ਹੀ ਉਸ ਦੀ ਬਦਤਮੀਜ਼ੀ ਦੇ ਕਿੱਸੇ ਸੁਣਨ ਨੂੰ ਮਿਲਦੇ ਹਨ। ਸ਼ਰਾਬ ਦੇ ਨਸ਼ੇ ਵਿਚ ਤਾਂ ਉਸਦਾ ਗੁੱਸਾ ਹੋਰ ਵੀ ਵਧ ਜਾਂਦਾ ਹੈ। ਕੁਝ ਦਿਨ ਪਹਿਲਾਂ ਉਸਨੇ ਆਲੀਆ ਭੱਟ ਦੇ ਇਕ ਕਰਮਚਾਰੀ ਨਾਲ ਝਗੜਾ ਕਰ ਲਿਆ। ਉਸ ਦੀਆਂ ਪ੍ਰੇਮਿਕਾਵਾਂ ਦੀ ਸੂਚੀ ਵੀ ਕਾਫ਼ੀ ਲੰਬੀ ਹੈ। ਉਸਦੀ ਪੰਜਵੀਂ ਪ੍ਰੇਮਿਕਾ ਆਲੀਆ ਭੱਟ ਦੀ ਜਦੋਂ ਕੋਈ ਪ੍ਰੈੱਸ ਫੋਟੋਗ੍ਰਾਫਰ ਫੋਟੋ ਖਿੱਚਣੀ ਚਾਹੁੰਦਾ ਹੈ ਤਾਂ ਉਸਦੀ ਖੈਰ ਨਹੀਂ ਹੁੰਦੀ। ਉਹ ਉਸਦਾ ਕੈਮਰਾ ਤਕ ਖੋਹ ਲੈਂਦਾ ਹੈ ਅਤੇ ਗਾਲ੍ਹਾਂ ਕੱਢਣੀਆਂ ਸ਼ੁਰੂ ਕਰ ਦਿੰਦਾ ਹੈ।
ਅਜਿਹੇ ਮਾਹੌਲ ਵਿਚ ਪੁਰਾਣੇ ਸਿਤਾਰਿਆਂ ਦਾ ਨਿਮਰ ਵਿਵਹਾਰ ਬਹੁਤ ਕੁਝ ਸੋਚਣ ਲਈ ਮਜਬੂਰ ਕਰਦਾ ਹੈ। ਰਣਬੀਰ ਕਪੂਰ ਦੀ ਇਸ ਆਦਤ ’ਤੇ ਉਸਦੇ ਦਾਦਾ ਜੀ ਰਾਜ ਕਪੂਰ ਦੀ ਯਾਦ ਆ ਜਾਂਦੀ ਹੈ। ਕਈ ਵਾਰ ਅਜਿਹਾ ਹੋਇਆ ਕਿ ਜਦੋਂ ਫੋਟੋਗ੍ਰਾਫਰ ਉਸਦੀ ਗੱਡੀ ਦਾ ਪਿੱਛਾ ਕਰਦੇ ਸਨ ਤਾਂ ਉਹ ਝੱਟ ਗੱਡੀ ਤੋਂ ਉਤਰਕੇ ਆਰਾਮ ਨਾਲ ਫੋਟੋਆਂ ਖਿਚਵਾਉਂਦਾ ਸੀ।
ਅਭਿਨੇਤਾ ਧਰਮਿੰਦਰ ਸ਼ਰਾਬ ਦਾ ਬਹੁਤ ਸ਼ੌਕੀਨ ਹੈ, ਪਰ ਨਸ਼ੇ ਵਿਚ ਵੀ ਉਸਨੇ ਕਿਸੇ ਨਾਲ ਦੁਰਵਿਵਹਾਰ ਨਹੀਂ ਕੀਤਾ। ਜੇਕਰ ਕਦੇ ਕਰ ਵੀ ਦਿੰਦਾ ਤਾਂ ਦੂਜੇ ਦਿਨ ਸਬੰਧਿਤ ਪੱਖ ਦੇ ਗਲ਼ ਨਾਲ ਲੱਗ ਕੇ ਸਾਰੇ ਸ਼ਿਕਵੇ ਦੂਰ ਕਰ ਦਿੰਦਾ ਸੀ। ਫੋਟੋਗ੍ਰਾਫਰਾਂ ਪ੍ਰਤੀ ਉਹ ਹਮੇਸ਼ਾਂ ਹੀ ਉਦਾਰ ਰਿਹਾ ਹੈ। ‘ਬੇਤਾਬ’ ਫ਼ਿਲਮ ਹਿੱਟ ਹੋਣ ਤੋਂ ਬਾਅਦ ਫੋਟੋਗ੍ਰਾਫਰਾਂ ਨੇ ਉਸਦੇ ਪੁੱਤਰ ਸਨੀ ਦਿਓਲ ਨੂੰ ਘੇਰ ਲਿਆ, ਪਰ ਗੁੱਸੇ ਵਿਚ ਆ ਕੇ ਸਨੀ ਨੇ ਉਨ੍ਹਾਂ ਨਾਲ ਮਾੜਾ ਵਿਵਹਾਰ ਕੀਤਾ। ਸੰਜੋਗ ਨਾਲ ਉਸ ਸਮਾਗਮ ਵਿਚ ਧਰਮਿੰਦਰ ਵੀ ਮੌਜੂਦ ਸੀ।
ਉਸਨੇ ਫੋਟੋਗ੍ਰਾਫਰਾਂ ਨੂੰ ਸ਼ਾਂਤ ਕੀਤਾ ਅਤੇ ਖ਼ੁਦ ਸਨੀ ਨੂੰ ਉਨ੍ਹਾਂ ਅੱਗੇ ਲੈ ਕੇ ਆਇਆ ਅਤੇ ਫੋਟੋਆਂ ਖਿਚਵਾਈਆਂ। ਇੰਨਾ ਹੀ ਨਹੀਂ ਉਸਨੇ ਸਭ ਦੇ ਸਾਹਮਣੇ ਸਨੀ ਨੂੰ ਡਾਂਟਦਿਆਂ ਕਿਹਾ, ‘ਇਨ੍ਹਾਂ ਲੋਕਾਂ ਨੂੰ ਹਮੇਸ਼ਾਂ ਗਲ਼ ਨਾਲ ਲਗਾ ਕੇ ਰੱਖਣਾ ਚਾਹੀਦਾ ਹੈ, ਇਹ ਉਹ ਲੋਕ ਹਨ ਜੋ ਸਾਨੂੰ ਸਟਾਰ ਬਣਾਉਂਦੇ ਹਨ। ਸਾਡੀਆਂ ਸੋਹਣੀਆਂ ਸੋਹਣੀਆਂ ਤਸਵੀਰਾਂ ਖਿੱਚਦੇ ਹਨ।’
ਅੱਜ ਦੇ ਸਿਤਾਰੇ ਪਤਾ ਨਹੀਂ ਇੰਨੇ ਘੁਮੰਡੀ ਕਿਉਂ ਹਨ ਕਿ ਘਰੇਲੂ ਕਰਮਚਾਰੀਆਂ ਨੂੰ ਵੀ ਨਹੀਂ ਬਖ਼ਸ਼ਦੇ। ਅਭਿਸ਼ੇਕ, ਕੈਟਰੀਨਾ, ਜੂਹੀ ਚਾਵਲਾ ਆਦਿ ਕਈ ਸਿਤਾਰਿਆਂ ਦੇ ਆਪਣੇ ਨਿੱਜੀ ਕਰਮਚਾਰੀਆਂ ਨਾਲ ਖ਼ਰਾਬ ਵਿਵਹਾਰ ਦੇ ਬਹੁਤ ਕਿੱਸੇ ਹਨ। ਅਜਿਹੇ ਵਿਚ ਕਰਮਚਾਰੀਆਂ ਦੀ ਨਿਯੁਕਤੀ ਕਰਨ ਵਾਲੀਆਂ ਏਜੰਸੀਆਂ ਨੇ ਵੀ ਸ਼ਰੇਆਮ ਦੋਸ਼ ਲਗਾਏ ਹਨ ਕਿ ਕਈ ਸਿਤਾਰਿਆਂ ਦਾ ਵਿਵਹਾਰ ਆਪਣੇ ਨਿੱਜੀ ਕਰਮਚਾਰੀਆਂ ਨਾਲ ਬਹੁਤ ਹੀ ਮਾੜਾ ਹੁੰਦਾ ਹੈ। ਅਜਿਹੀ ਹੀ ਇਕ ਏਜੰਸੀ ਦੇ ਮੁਖੀ ਨੇ ਦੱਸਿਆ, ‘ਕਈ ਸਿਤਾਰੇ ਤਾਂ ਆਪਣੇ ਸੁਰੱਖਿਆ ਕਰਮਚਾਰੀ ਨਾਲ ਵੀ ਪੰਗਾ ਲੈ ਲੈਂਦੇ ਹਨ। ਉਹ ਇਨ੍ਹਾਂ ਦੀ ਤਨਖਾਹ ਵੀ ਰੋਕ ਲੈਂਦੇ ਹਨ, ਫਿਰ ਸਾਨੂੰ ਵਿਚ ਆ ਕੇ ਨਿਪਟਾਰਾ ਕਰਾਉਣਾ ਪੈਂਦਾ ਹੈ। ਇਕ ਸਟਾਰ ਤਾਂ ਆਪਣੀ ਘਰੇਲੂ ਬਾਈ ਨੂੰ ਰੋਜ਼ਾਨਾ ਚਾਹ ਨਾਲ ਬਰੈੱਡ ਹੀ ਖਾਣ ਨੂੰ ਦਿੰਦੀ ਸੀ। ਫਿਰ ਅਸੀਂ ਉਸਨੂੰ ਦੂਜੀ ਥਾਂ ’ਤੇ ਲਗਵਾਇਆ।’
ਕਈ ਤਾਂ ਭੱਦੀਆਂ ਗਾਲ੍ਹਾਂ ਤਕ ਦੇ ਦਿੰਦੇ ਹਨ। ਇਨ੍ਹਾਂ ਵਿਚ ਸੰਜੈ ਲੀਲਾ ਭੰਸਾਲੀ, ਰੋਹਿਤ ਸ਼ੈਟੀ ਤੇ ਕੈਟਰੀਨਾ ਕੈਫ ਸ਼ਾਮਿਲ ਹਨ। ਇਹ ਖ਼ੂਬ ਗਾਲ੍ਹਾਂ ਕੱਢਦੇ ਹਨ। ਕੈਟਰੀਨਾ ਅਕਸਰ ਅੰਗਰੇਜ਼ੀ ਵਿਚ ਬਹੁਤ ਗਾਲ੍ਹਾਂ ਕੱਢਦੀ ਹੈ। ਜਦੋਂ ਉਸਦਾ ਰਣਬੀਰ ਕਪੂਰ ਨਾਲ ਪਿਆਰ ਸਿਖਰ ’ਤੇ ਸੀ ਤਾਂ ਇਕ ਫੋਟੋਗ੍ਰਾਫਰ ਨੇ ਇਨ੍ਹਾਂ ਦੀ ਤਸਵੀਰ ਲੈਣੀ ਚਾਹੀ। ਉਦੋਂ ਰਣਬੀਰ ਦੇ ਨਾਲ ਹੀ ਕੈਟਰੀਨਾ ਨੇ ਵੀ ਬਹੁਤ ਗਾਲ੍ਹਾਂ ਕੱਢੀਆਂ। ਕੈਟਰੀਨਾ ਨੇ ਤਾਂ ਆਪਣੇ ਡਰਾਈਵਰ ਨੂੰ ਵੀ ਨਹੀਂ ਬਖ਼ਸ਼ਿਆ। ਹਾਲ ਹੀ ਵਿਚ ਜਦੋਂ ਉਹ ਅਭਿਨੇਤਾ ਵਿੱਕੀ ਕੌਸ਼ਲ ਨਾਲ ਸੀ ਤਾਂ ਫੋਟੋਗ੍ਰਾਫਰਾਂ ਨੇ ਫੋਟੋ ਖਿੱਚਣ ਦੀ ਕੋਸ਼ਿਸ਼ ਕੀਤੀ, ਪਰ ਉਹ ਆਪਣੇ ਅੰਦਾਜ਼ ਵਿਚ ਆ ਗਈ। ਫਿਰ ਵਿੱਕੀ ਕੌਸ਼ਲ ਨੇ ਵਿਚਕਾਰ ਪੈ ਕੇ ਮਾਮਲਾ ਸ਼ਾਂਤ ਕੀਤਾ ਅਤੇ ਇਕੱਲੇ ਨੇ ਹੀ ਫੋਟੋਆਂ ਖਿਚਵਾਈਆਂ।
ਰਣਵੀਰ ਸਿੰਘ ਦਾ ਗੁੱਸਾ ਵੀ ਕਿਸੇ ਤੋਂ ਛੁਪਿਆ ਨਹੀਂ ਹੈ। ਕੁਝ ਸਮਾਂ ਪਹਿਲਾਂ ਉਸਨੇ ਸਪੱਸ਼ਟ ਕਿਹਾ, ‘ਮੈਂ ਜਨਤਕ ਥਾਵਾਂ ’ਤੇ ਜੋ ਇੱਛਾ ਹੋਈ ਕਰਾਂਗਾ। ਜੇਕਰ ਤੂੰ ਤਸਵੀਰ ਲੈਣ ਦੀ ਕੋਸ਼ਿਸ਼ ਕੀਤੀ ਤਾਂ ਨਤੀਜਾ ਭੁਗਤਣਾ।’ ਜਿੱਥੇ ਪ੍ਰਚਾਰ ਦੀ ਲੋੜ ਹੁੰਦੀ ਹੈ, ਉੱਥੇ ਉਹ ਅੱਗੇ ਹੋ ਕੇ ਫੋਟੋਆਂ ਖਿਚਵਾਉਂਦਾ ਹੈ, ਪਰ ਜਦੋਂ ਫੋਟੋਗ੍ਰਾਫਰਾਂ ਨੂੰ ਉਸਦੀ ਫੋਟੋ ਦੀ ਲੋੜ ਹੁੰਦੀ ਹੈ ਤਾਂ ਉਹ ਬਦਤਮੀਜ਼ੀ ’ਤੇ ਉਤਰ ਆਉਂਦਾ ਹੈ।
ਆਪਣੇ ਕਰੀਅਰ ਦੇ ਮਾੜੇ ਦੌਰ ਵਿਚੋਂ ਲੰਘ ਰਹੀ ਸੋਨਾਕਸ਼ੀ ਸਿਨਹਾ ਕਾਫ਼ੀ ਪਰੇਸ਼ਾਨ ਹੈ। ਕਦੇ ਏਆਈਬੀ ਰੋਸਟ ਦੇ ਅਸ਼ਲੀਲਤਾ ਦੇ ਦੋਸ਼ ਵਿਚ ਅਭਿਨੇਤਰੀ ਆਲੀਆ ਭੱਟ ਖਿਲਾਫ਼ ਪੁਲੀਸ ਸ਼ਿਕਾਇਤ ਕਰਾਈ ਗਈ। ਉਦੋਂ ਆਲੀਆ ਭੱਟ ਦੇ ਪਿਤਾ ਮਹੇਸ਼ ਭੱਟ ਨੇ ਕਿਹਾ ਸੀ ਕਿ ਸ਼ਤਰੁਘਨ ਸਿਨਹਾ ਦੀ ਰਾਜਨੀਤਕ ਪਹੁੰਚ ਕਾਰਨ ਉਸਦੀ ਬੇਟੀ ਸੋਨਾਕਸ਼ੀ ਖਿਲਾਫ਼ ਕੋਈ ਸ਼ਿਕਾਇਤ ਦਰਜ ਨਹੀਂ ਕੀਤੀ ਗਈ। ਖ਼ੁਦ ਸੋਨਾਕਸ਼ੀ ਵੀ ਹਮੇਸ਼ਾਂ ਇਸ ਹੰਕਾਰ ਵਿਚ ਰਹਿੰਦੀ ਹੈ ਕਿ ਉਸਨੂੰ ਲੱਗਦਾ ਹੈ ਕਿ ਮੀਡੀਆ ਉਸ ਖਿਲਾਫ਼ ਲਿਖਣ ਦੀ ਹਿੰਮਤ ਨਹੀਂ ਕਰ ਸਕਦਾ, ਜੋ ਲਿਖਦਾ ਹੈ, ਉਸਨੂੰ ਉਹ ਆਪਣੇ ਸੈੱਟ ਤੋਂ ਬਾਹਰ ਕੱਢ ਦਿੰਦੀ ਹੈ।
ਨੰਬਰ ਇਕ ਅਭਿਨੇਤਰੀ ਦੀਪਿਕਾ ਪਾਦੁਕੋਣ ਦਾ ਮੀਡੀਆ ਨਾਲ ਵਿਵਹਾਰ ਬਹੁਤ ਖ਼ਰਾਬ ਹੁੰਦਾ ਹੈ। ਅਕਸਰ ਹੀ ਉਹ ਕਿਸੇ ਨਾ ਕਿਸੇ ਮੀਡੀਆ ਗਰੁੱਪ ਨਾਲ ਝਗੜਾ ਕਰ ਲੈਂਦੀ ਹੈ। ਅਭਿਨੇਤਰੀ ਸੋਨਮ ਨੇ ਉਸ ਦੇ ਅਜਿਹੇ ਵਿਵਹਾਰ ਦਾ ਕਈ ਵਾਰ ਮਜ਼ਾਕ ਵੀ ਉਡਾਇਆ ਹੈ। ਹੁਣ ਇਹ ਅਲੱਗ ਗੱਲ ਹੈ ਕਿ ਸੋਨਮ ਵੀ ਆਪਣੀ ਬਦਤਮੀਜ਼ੀ ਲਈ ਕਾਫ਼ੀ ਮਸ਼ਹੂਰ ਹੈ। ਉਸਦਾ ਕਹਿਣਾ ਹੈ, ‘ਆਪਣੇ ਆਪ ਦਾ ਆਦਰ ਕਰਨ ਦੇ ਬਾਅਦ ਹੀ ਦੂਜਿਆਂ ਤੋਂ ਇਸਦੀ ਉਮੀਦ ਕੀਤੀ ਜਾ ਸਕਦੀ ਹੈ। ਬਾਕੀ ਤੁਸੀਂ ਸਮਝ ਹੀ ਲਓ।’
ਕੰਗਨਾ ਰਣੌਤ ਨਾਲ ‘ਡਰਾਮੇਬਾਜ਼ ਕੰਗਨਾ’ ਦਾ ਖਿਤਾਬ ਪੂਰੀ ਤਰ੍ਹਾਂ ਜੁੜ ਚੁੱਕਿਆ ਹੈ। ਦੀਪਿਕਾ, ਰਿਤਿਕ ਰੌਸ਼ਨ, ਕਰਨ ਜੌਹਰ, ਸ਼ਾਹਿਦ ਕਪੂਰ ਆਦਿ ਨਾਲ ਹੋਏ ਉਸਦੇ ਮਤਭੇਦਾਂ ਦਾ ਕੋਈ ਅੰਤ ਨਹੀਂ ਹੈ। ਇਸ ਝਗੜੇ ਨੂੰ ਸੁਲਝਾਉਣ ਲਈ ਜਦੋਂ ਵੀ ਕੋਈ ਉਸਦੇ ਵਿਰੋਧੀ ਗੁੱਟ ਦਾ ਫ਼ਿਲਮ ਵਾਲਾ ਉਸਦੀ ਤਾਰੀਫ਼ ਕਰਦਾ ਹੈ ਤਾਂ ਉਹ ਉਸਨੂੰ ਸਹਿਜ ਨਹੀਂ ਲੈਂਦੀ। ਬਲਕਿ ਉਸਦੀ ਸੁਰ ਵਿਅੰਗਾਤਮਕ ਹੁੰਦੀ ਹੈ, ‘ਜੇਕਰ ਤੁਹਾਨੂੰ ਮੇਰਾ ਕੰਮ ਚੰਗਾ ਲੱਗਿਆ ਤਾਂ ਸਿੱਧਾ ਇਕ ਮੈਸੇਜ ਕਰਕੇ ਵੀ ਦੱਸ ਸਕਦੇ ਹੋ। ਅਜਿਹਾ ਤੁਸੀਂ ਕਰ ਨਹੀਂ ਸਕਦੇ। ਯਾਨੀ ਇਸ ਵਿਚ ਵੀ ਤੁਹਾਨੂੰ ਪਬਲੀਸਿਟੀ ਚਾਹੀਦੀ ਹੈ। ਲੋਕਾਂ ਨੂੰ ਅਜਿਹਾ ਦਿਖਾਉਣ ਵਾਲਾ ਨਾਟਕ ਕਰਨ ਦੀ ਕੀ ਜ਼ਰੂਰਤ ਹੈ।’ ਇਸ ਕਾਰਨ ਉਸਦੀ ਕਈ ਸਿਤਾਰਿਆਂ ਨਾਲ ਬੋਲਬਾਣੀ ਬੰਦ ਰਹਿੰਦੀ ਹੈ।
ਇਸ ਸੂਚੀ ਵਿਚ ਕਈ ਵੱਡੇ ਨਾਂ ਹੋਰ ਵੀ ਹਨ। ਸ਼ਾਹਰੁਖ਼ ਖ਼ਾਨ ਵੀ ਘੱਟ ਨਹੀਂ ਹੈ। ਸਲਮਾਨ ਵੀ ਅਕਸਰ ਮੀਡੀਆ ਨਾਲ ਦੋ ਚਾਰ ਹੋ ਜਾਂਦਾ ਹੈ। ਅਜਿਹੇ ਵਿਚ ਕਹਿ ਸਕਦੇ ਹਾਂ ਕਿ ਮੀਡੀਆ ਦੀਆਂ ਆਪਣੀਆਂ ਮਜਬੂਰੀਆਂ ਹਨ, ਦੂਜੀ ਤਰਫ਼ ਸਿਤਾਰਿਆਂ ਦਾ ਜ਼ਿੰਮੇਵਾਰ ਹੋਣਾ ਵੀ ਬਹੁਤ ਜ਼ਰੂਰੀ ਹੈ। ਇਹ ਵੀ ਠੀਕ ਹੈ ਕਿ ਉਹ ਵੀ ਮਨੁੱਖ ਹਨ, ਪਰ ਨਾਲ ਹੀ ਉਹ ਸੈਲੇਬ੍ਰਿਟੀ ਵੀ ਹਨ। ਇਸ ਲਈ ਇੱਥੇ ਬਦਤਮੀਜ਼ੀ ਅਤੇ ਬਦਦਿਮਾਗ਼ੀ ਨਾਲ ਗੱਲ ਨਹੀਂ ਚੱਲੇਗੀ। ਇਸ ਨਾਲ ਉਨ੍ਹਾਂ ਦਾ ਖ਼ੁਦ ਦਾ ਬਣਾਇਆ ਹੋਇਆ ਅਕਸ ਹੀ ਖ਼ਰਾਬ ਹੁੰਦਾ ਹੈ।