ਆਜ਼ਾਦੀ ਸੰਘਰਸ਼ ਵਿੱਚ ਗੁਰੂ ਹਰੀ ਸਿੰਘ ਦਾ ਯੋਗਦਾਨ !    ਮਹਾਰਾਜਾ ਰਣਜੀਤ ਸਿੰਘ ਦੇ ਰਾਜ ਵਿੱਚ ਵਿੱਦਿਆ ਪ੍ਰਬੰਧ !    ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਸ਼ਤਾਬਦੀ ਵਰ੍ਹਾ !    ਗਾਜ਼ਾ ’ਚ ਇਜ਼ਰਾਇਲੀ ਹਵਾਈ ਹਮਲੇ ’ਚ ਇਸਲਾਮਿਕ ਕਮਾਂਡਰ ਦੀ ਮੌਤ !    ਬੀਕਾਨੇਰ: ਹਾਦਸੇ ’ਚ 7 ਮੌਤਾਂ !    ਕਸ਼ਮੀਰ ’ਚ ਪੱਤਰਕਾਰਾਂ ਵੱਲੋਂ ਪ੍ਰਦਰਸ਼ਨ !    ਉੱਤਰਾਖੰਡ ’ਚ ਭੁਚਾਲ ਦੇ ਝਟਕੇ !    ਵਿਆਹ ਕਰਾਉਣ ਤੋਂ ਨਾਂਹ ਕਰਨ ’ਤੇ ਤਾਇਕਵਾਂਡੋ ਖਿਡਾਰਨ ਨੂੰ ਗੋਲੀ ਮਾਰੀ !    ਮੁਕਾਬਲੇ ਵਿੱਚ ਦਹਿਸ਼ਤਗਰਦ ਹਲਾਕ !    ਲੋਕ ਜਨਸ਼ਕਤੀ ਪਾਰਟੀ ਝਾਰਖੰਡ ਵਿੱਚ 50 ਸੀਟਾਂ ’ਤੇ ਚੋਣ ਲੜੇਗੀ !    

ਸ਼ੇਰ-ਏ-ਪੰਜਾਬ ਮਹਾਰਾਜਾ ਰਣਜੀਤ ਸਿੰਘ

Posted On June - 26 - 2019

ਬਰਸੀ ’ਤੇ ਵਿਸ਼ੇਸ਼

ਡਾ. ਰੂਪ ਸਿੰਘ
ਰਣਜੀਤ ਸਿੰਘ ਸੂਰਬੀਰਤਾ ਦਾ ਆਦਰਸ਼ਕ ਮਨੁੱਖ ਸੀ। ਉਸ ਵਿਚ ਸਿੱਖ ਸ਼ਰਧਾ ਸਿਖਰ ’ਤੇ ਸੀ। ਗੁਰੂ ਗ੍ਰੰਥ ਸਾਹਿਬ ਦੀ ਅਗਵਾਈ ਤੋਂ ਬਿਨਾਂ ਉਹ ਕੋਈ ਵੀ ਮਹੱਤਵਪੂਰਨ ਕੰਮ ਨਹੀਂ ਸੀ ਕਰਦਾ। ਗੁਰੂ ਗ੍ਰੰਥ ਸਾਹਿਬ ਦੀ ਅਗਵਾਈ ਵਿਚ ਹੀ ਉਸ ਨੇ ਲਗਭਗ 40 ਸਾਲ ਰਾਜ ਕੀਤਾ। ਅਕਬਰ ਤੋਂ ਪਿਛੋਂ ਪੰਜਾਬ ਨੂੰ ਪਹਿਲੀ ਵਾਰ ਧਾਰਮਿਕ ਕੱਟੜਤਾ, ਹੱਠਧਰਮੀ ਅਤੇ ਅੱਤਿਆਚਾਰਾਂ ਤੋਂ ਨਿਜਾਤ ਪ੍ਰਾਪਤ ਹੋਈ। ਲੋਕ ਸਮੁੱਚੇ ਤੌਰ ’ਤੇ ਸੁਖੀ ਸਨ। ਰਾਜੇ ਤੇ ਪਰਜਾ ਵਿਚ ਪਿਆਰੇ ਸਬੰਧ ਸਨ। ਕੇਵਲ ਸਿੱਖਾਂ ਹੀ ਨਹੀਂ, ਸਗੋਂ ਹਿੰਦੂਆਂ ਨੇ ਵੀ ਮਹਿਸੂਸ ਕੀਤਾ ਕਿ ਰਣਜੀਤ ਸਿੰਘ ਸਦਕਾ ਇਕ ਵਾਰ ਫਿਰ ਹਿੰਦੂਆਂ ਦੀ ਸ਼ਾਨ ਦਾ ਸੂਰਜ ਭਾਰਤ ’ਤੇ ਚਮਕ ਪਿਆ ਸੀ। ਉਹ ਰਣਜੀਤ ਸਿੰਘ ਨੂੰ ਆਪਣਾ ਮੁਕਤੀਦਾਤਾ ਅਤੇ ਰੱਖਿਅਕ ਸਵੀਕਾਰ ਕਰਦੇ ਸਨ। ਜੇਕਰ ਦੀਵਾਨ ਮੋਹਕਮ ਚੰਦ ‘ਸਰਕਾਰ ਖਾਲਸਾ’ ਨੂੰ ‘ਮੇਰਾ’ ਰਾਜ ਕਹਿੰਦਾ ਤਾਂ ਫਕੀਰ ਅਜ਼ੀਜ਼ੂਦੀਨ ਇਸ ਨੂੰ ‘ਆਪਣਾ’ ਰਾਜ ਕਹਿ ਕੇ ਖ਼ੁਸ਼ੀ ਮਹਿਸੂਸ ਕਰਦਾ। ਇਹੀ ਕਾਰਨ ਹੈ ਜਦ 27 ਜੂਨ, 1839 ਈ: ਨੂੰ ਰਣਜੀਤ ਸਿੰਘ ਅਕਾਲ ਚਲਾਣਾ ਕਰ ਗਏ ਤਾਂ ਪੰਜਾਬ ਵਾਸੀਆਂ ਨੇ ਮਹਿਸੂਸ ਕੀਤਾ ਕਿ ਉਹ ਸੁਆਮੀ ਵਿਹੂਣੇ ਹੋ ਗਏ ਹਨ। ਇਤਿਹਾਸਕਾਰ ਗੋਕਲ ਚੰਦ ਨਾਰੰਗ ਦੇ ਸ਼ਬਦਾਂ ਵਿਚ, ‘‘ਮਹਾਰਾਜਾ ਰਣਜੀਤ ਸਿੰਘ ਦੇ ਅਕਾਲ ਚਲਾਣੇ ਨਾਲ ‘ਪੰਜਾਬ’ ਵਿਧਵਾ ਹੋਇਆ, ਨਾ ਕਿ ਸਿੱਖ ਕੌਮ।’’
ਰਣਜੀਤ ਸਿੰਘ ਨੂੰ ਵਿਰਾਸਤੀ ਹੱਕ ਵਜੋਂ ਪਿੰਡ ਜਾਇਦਾਦ ਦੇ ਰੂਪ ਵਿਚ ਕੇਵਲ ਇਕ ਦਸਤਾ ਘੋੜ ਸਵਾਰ ਪ੍ਰਾਪਤ ਹੋਏ। ਲਿਆਕਤ ਦੇ ਜ਼ੋਰ ਨਾਲ ਰਣਜੀਤ ਸਿੰਘ ਨੇ ਇਸ ਤੋਂ ਪਾਤਸ਼ਾਹੀ ਕਾਇਮ ਕਰ ਦਿੱਤੀ, ਜਿਸ ਦੀ ਫ਼ੌਜ ਵਿਚ ਲਗਭਗ 1,23,800 ਜਵਾਨ, ਘੋੜ ਸਵਾਰ, ਪੈਦਲ ਅਤੇ 384 ਵੱਡੀਆਂ ਤੋਪਾਂ ਸਨ। ਫ਼ੌਜ ਵਿਚ ਹਿੰਦੂ, ਸਿੱਖਾਂ, ਮੁਸਲਮਾਨਾਂ ਤੋਂ ਇਲਾਵਾ 43 ਯੂਰਪੀਅਨ ਅਫ਼ਸਰ ਵੀ ਸ਼ਾਮਲ ਸਨ। ਸਭ ਤੋਂ ਵੱਧ ਹੈਰਾਨੀ ਦੀ ਗੱਲ ਹੈ ਕਿ ਇਸ ਪਾਤਸ਼ਾਹੀ ਨੂੰ ਕਾਇਮ ਕਰਨ ਵਿਚ ਘੱਟ ਤੋਂ ਘੱਟ ਸਖ਼ਤੀ ਤੋਂ ਕੰਮ ਲਿਆ ਗਿਆ। ਜਿੰਨੇ ਵੀ ਇਲਾਕੇ ਰਣਜੀਤ ਸਿੰਘ ਨੇ ਆਪਣੇ ਰਾਜ ਵਿਚ ਮਿਲਾਏ, ਉਨ੍ਹਾਂ ਦੇ ਹਾਕਮਾਂ ਨੂੰ ਯੋਗਤਾ ਅਨੁਸਾਰ ਅਹੁਦਾ ਅਤੇ ਜਾਗੀਰਾਂ ਦਿੱਤੀਆਂ ਗਈਆਂ। ਕਿਸੇ ਇਲਾਕੇ ਨੂੰ ਫ਼ਤਹਿ ਕਰਨਾ ਅਤੇ ਉਸ ’ਤੇ ਰਾਜ ਕਰਨਾ ਦੋ ਵੱਖ-ਵੱਖ ਗੁਣ ਹਨ ਪਰ ਰਣਜੀਤ ਸਿੰਘ ਵਿਚ ਇਹ ਦੋਵੇਂ ਗੁਣ ਭਰਪੂਰ ਸਨ। ਜੇਤੂ ਦੇ ਤੌਰ ’ਤੇ ਉਸ ਨੇ ਚੁਫੇਰੇ ਤੋਂ ਹੋਣ ਵਾਲੇ ਹਮਲਿਆਂ ਦਾ ਮੁੱਖ ਮੋੜ ਕੇ ਉਲਟੀ ਗੰਗਾ ਵਹਾ ਦਿੱਤੀ। ਇਕ ਸਫਲ ਪ੍ਰਬੰਧਕ ਵਜੋਂ ਉਹ 40 ਸਾਲ ਰਾਜ ਕਰ ਗਿਆ, ਨਹੀਂ ਤਾਂ ਪੰਜਾਬੀਆਂ ’ਤੇ ਰਾਜ ਕਰਨਾ ਸੌਖਾ ਨਹੀਂ। ਵਿਸ਼ਾਲ ਰਾਜ ਦੀ ਸਥਾਪਨਾ ਕਰ ਕੇ ਰਣਜੀਤ ਸਿੰਘ ਨੇ ਸ਼ਖਸੀ ਰਾਜ ਪ੍ਰਬੰਧ ਸਥਾਪਤ ਨਹੀਂ ਕੀਤਾ ਸਗੋਂ ਰਾਜ ਭਾਗ ਸੰਭਾਲਦਿਆਂ ਹੀ ਸ਼ਾਹੀ ਸਿੱਕੇ ਤੇ ਝੰਡੇ ਨੂੰ ‘ਅਕਾਲ ਸਹਾਏ’ ਦਾ ਧਾਰਨੀ ਬਣਾ ਕੇ ਸ਼ਾਹੀ ਫਰਮਾਨ ਨੂੰ ‘ਸ੍ਰੀ ਅਕਾਲ ਪੁਰਖ ਜੀ ਸਹਾਇ’ ਦੇ ਸਿਰਨਾਵੇਂ ਨਾਲ ਸ਼ਿੰਗਾਰਿਆ। ਰਾਜ-ਭਾਗ ਆਪਣੀ ਜਾਤ-ਪਾਤ, ਖਾਨਦਾਨ, ਮਿਸਲ ਦੀ ਥਾਂ ‘ਖਾਲਸਾ’ ਦੇ ਨਾਂ ’ਤੇ ਹੀ ਆਰੰਭਦਿਆਂ ਇਸ ਨੂੰ ‘ਸਰਕਾਰ ਖਾਲਸਾ’ ਤੇ ‘ਦਰਬਾਰ ਖਾਲਸਾ’ ਆਖਿਆ। ਆਪਣੇ ਆਪ ਨੂੰ ਸੁਲਤਾਨ ਜਾਂ ਬਾਦਸ਼ਾਹ ਅਖਵਾਉਣ ਦੀ ਥਾਂ ‘ਸਿੰਘ ਸਾਹਿਬ’ ਜਾਂ ‘ਸਰਕਾਰ ਰਣਜੀਤ ਸਿੰਘ’ ਸਦਵਾਉਣਾ ਬਿਹਤਰ ਸਮਝਿਆ।
ਸਿੱਖ ਇਤਿਹਾਸਕ ਸਥਾਨਾਂ ਦੀ ਜੋ ਸੇਵਾ ਰਣਜੀਤ ਸਿੰਘ ਨੂੰ ਕਰਨ ਦਾ ਸੁਭਾਗ ਪ੍ਰਾਪਤ ਹੋਇਆ, ਉਹ ਹੋਰ ਕਿਸੇ ਸਿੱਖ ਰਾਜੇ ਦੇ ਹਿੱਸੇ ਨਹੀਂ ਆਈ। ਉਸ ਨੇ ਗੁਰੂ ਨਾਨਕ ਸਾਹਿਬ ਦੇ ਜਨਮ ਸਥਾਨ ਸ੍ਰੀ ਨਨਕਾਣਾ ਸਾਹਿਬ, ਸ੍ਰੀ ਦਰਬਾਰ ਸਾਹਿਬ (ਅੰਮ੍ਰਿਤਸਰ) ਅਤੇ ਤਖਤ ਸਚਖੰਡ ਸ੍ਰੀ ਹਜ਼ੂਰ ਸਾਹਿਬ ਦੀ ਜੋ ਸੇਵਾ ਕੀਤੀ, ਉਸ ਨੇ ਰਣਜੀਤ ਸਿੰਘ ਦੀ ਯਾਦ ਨੂੰ ਵੀ ਸਦੀਵੀ ਧਾਰਮਿਕ ਸਥਾਨਾਂ ਦੇ ਨਾਲ ਅਮਰਤਾ ਬਖਸ਼ ਦਿੱਤੀ।
ਪੰਜਾਬ ਵਿਚ ਜਦ ‘ਸਰਕਾਰ ਖਾਲਸਾ’ ਦਾ ਰਾਜ ਆਇਆ ਤਾਂ ਚਿਰਾਂ ਤੋਂ ਹੋ ਰਹੇ ਵਿਦੇਸ਼ੀ ਹਮਲੇ ਬੰਦ ਹੋ ਗਏ। ਸਰਕਾਰ ਖਾਲਸਾ ਤੋਂ ਪਹਿਲਾਂ ਅਬਦਾਲੀ ਨੇ ਭਾਰਤ ਉੱਪਰ ਕਾਫੀ ਹਮਲੇ ਕੀਤੇ ਤੇ ਇੱਥੋਂ ਦੇ ਧਨ, ਦੌਲਤ ਤੇ ਜਵਾਨੀ ਨੂੰ ਲੁੱਟਿਆ ਤੇ ਲਤਾੜਿਆ। ਅਬਦਾਲੀ ਪਿੱਛੋਂ ਅਬਦਾਲੀ ਦੇ ਪੁੱਤ ਪੋਤਰਿਆਂ ਨੇ ਇਹ ਕੰਮ ਜਾਰੀ ਰੱਖਿਆ। ਇੱਥੋਂ ਤੱਕ ਕਿ ਸ਼ਾਹਜਮਾਨ ਨੇ ਸ਼ਾਹੀ ਕਿਲ੍ਹੇ ਲਾਹੌਰ ਵਿਚ ਬੈਠਿਆਂ ਕਹਿ ਦਿੱਤਾ ਕਿ ਅਫ਼ਗਾਨੀ ਘੋੜਿਆਂ ਦੀ ਅਵਾਜ਼ ਸੁਣ ਕੇ ਸਿੰਘ ਨੱਸ ਜਾਂਦੇ ਹਨ, ਤਾਂ 17 ਸਾਲ ਦੇ ਰਣਜੀਤ ਸਿੰਘ ਨੇ ਸ਼ਾਹੀ ਬੁਰਜ ਦੇ ਸਾਹਮਣੇ ਖਲੋ ਕੇ ਲਲਕਾਰ ਕੇ ਆਖਿਆ ,‘‘ਆ ਓਏ ਅਬਦਾਲੀ ਦੇ ਪੋਤਰੇ। ਤੈਨੂੰ ਚੜ੍ਹਤ ਸਿੰਘ ਦਾ ਪੋਤਰਾ ਲਲਕਾਰਦਾ ਈ?’’ ਅਬਦਾਲੀ ਦਾ ਪੋਤਰਾ ਆਇਆ ਜ਼ਰੂਰ ਪਰ ਰਣਜੀਤ ਸਿੰਘ ਦੀ ਸ਼ਰਨ ਵਿਚ!
ਰਾਜ ਭਾਗ ਦੀ ਪ੍ਰਾਪਤੀ ਕਰ ਕੇ ਵੀ ਰਣਜੀਤ ਸਿੰਘ ਨੂੰ ਹੰਕਾਰ ਨਹੀਂ ਹੋਇਆ, ਉਸ ਨੇ ਹਲੀਮੀ ਰਾਜ ਸਥਾਪਤ ਕਰਨ ਦਾ ਯਤਨ ਕੀਤਾ। ਅਜਿਹਾ ਰਾਜ ਕਾਇਮ ਕੀਤਾ, ਜਿਸ ਵਿਚ ਸਾਰੇ ਹਿੰਦੂ, ਸਿੱਖ, ਮੁਸਲਮਾਨ ਅਮੀਰ, ਗਰੀਬ, ਊਚ-ਨੀਚ ਮਿਲ ਬੈਠ ਕੇ ਰਾਜਾ, ਰੰਕ ਬਰਾਬਰੀ ਦਾ ਆਨੰਦ ਮਾਣ ਸਕਦੇ ਸਨ। ਵਿਅਕਤੀਗਤ ਰੂਪ ਵਿਚ ਰਣਜੀਤ ਸਿੰਘ ਵਿਚ ਅਜਿਹੀਆਂ ਖੂਬੀਆਂ ਸਨ, ਜਿਨ੍ਹਾਂ ਨੇ ਉਸ ਨੂੰ ਹਰਮਨ ਪਿਆਰਾ ਬਣਾ ਦਿੱਤਾ। ਰਣਜੀਤ ਸਿੰਘ ਰਾਜ ਭਾਗ ਦਾ ਮਾਲਕ ਹੁੰਦਾ ਹੋਇਆ ਵੀ ਲੋਕਾਈ ਤੋਂ ਕਦੇ ਦੂਰ ਨਹੀਂ ਹੋਇਆ। ਭਾਵੇਂ ਰਣਜੀਤ ਸਿੰਘ ਨੇ ਸੰਸਾਰਿਕ ਵਿੱਦਿਆ ਦੀ ਪ੍ਰਾਪਤੀ ਨਹੀਂ ਸੀ ਕੀਤੀ ਪਰ ਤਜ਼ਰਬੇ ਦੀ ਪਾਠਸ਼ਾਲਾ ਨੇ ਉਸ ਨੂੰ ਇੰਨਾ ਕਾਬਲ ਅਤੇ ਨਿਪੁੰਨ ਬਣਾ ਦਿੱਤਾ ਕਿ ਉਸ ਦੀ ਗਿਣਤੀ ਸੰਸਾਰ ਦੇ ਨਾਮਵਰ ਸ਼ਾਸਕਾਂ ਅਤੇ ਨੀਤੀ ਘਾੜਿਆਂ ’ਚ ਹੋਣ ਲੱਗੀ, ਜਿਨ੍ਹਾਂ ਨੂੰ ਸੰਸਾਰ ਦੀ ਰੂਪ ਰੇਖਾ ਬਦਲਣ ਲਈ ਕੇਵਲ ਮੌਕੇ ਦੀ ਹੀ ਜ਼ਰੂਰਤ ਹੁੰਦੀ ਹੈ। ਪੰਜਾਬ ਦੇ ਪ੍ਰਸਿੱਧ ਇਤਿਹਾਸਕਾਰ ਡਾ. ਹਰੀ ਰਾਮ ਗੁਪਤਾ ਦਾ ਕਹਿਣਾ ਸਾਰਥਕ ਹੈ ਕਿ ਜੇ ਭਾਰਤ ’ਤੇ ਅੰਗਰੇਜ਼ਾਂ ਦਾ ਕਬਜ਼ਾ ਨਾ ਹੋਇਆ ਹੁੰਦਾ ਤਾਂ ਸਾਰੇ ਭਾਰਤ ’ਤੇ ਰਣਜੀਤ ਸਿੰਘ ਦਾ ਰਾਜ ਹੋ ਜਾਣਾ ਸੀ।
‘ਸ਼ੇਰ-ਏ-ਪੰਜਾਬ’ ਜਿਸ ਦਾ ਨਾਂ ਸੁਣ ਕੇ ਕਾਬਲ ਦੀਆਂ ਕੰਧਾਂ ਕੰਬਦੀਆਂ ਸਨ, ਜਿਸ ਦੀ ਰਵਾਨੀ ਅੱਗੇ ‘ਅਟਕ-ਅਟਕ’ ਜਾਂਦੇ ਸਨ, ਜਿਸ ਦੇ ਖਾਲਸਈ ਬੋਲਾਂ ਨੂੰ ਖ਼ੈਬਰ ਦੀਆਂ ਪਹਾੜੀਆਂ ਦੁਹਰਾਉਂਦੀਆਂ ਸਨ, ਉਸੇ ਸ਼ੇਰ-ਏ-ਪੰਜਾਬ ਦੇ ਅੱਖ ਮੀਟ ਜਾਣ ਪਿੱਛੋਂ ਅਸੀਂ ਗੁਲਾਮ ਕਿਉਂ ਹੋਏ? ਕਿਵੇਂ ਹੋਏ? ਰਣਜੀਤ ਸਿੰਘ ਦੁਆਰਾ ਆਬਾਦ ਕੀਤਾ ਗਿਆ ਇਹ ਪੰਜਾਬ ਬਰਬਾਦ ਕਿਉਂ ਹੋ ਗਿਆ? ਇਨ੍ਹਾ ਪ੍ਰਸ਼ਨਾਂ ਨੂੰ ਵਾਚਨਾ ਤੇ ਫਿਰ ਉਨ੍ਹਾਂ ਕਾਰਨਾਂ ਦੀ ਪੜਤਾਲ ਕਰਨੀ ਸਾਡੇ ਲਈ ਅੱਜ ਵੀ ਲਾਹੇਵੰਦ ਸਾਬਤ ਹੋ ਸਕਦੀ ਹੈ।
‘ਸਰਕਾਰ ਖਾਲਸਾ’ ਦੇ ਗੁਲਾਮ ਹੋ ਜਾਣ ਦਾ ਸਭ ਤੋਂ ਵੱਡਾ ਦੋਸ਼ੀ ਵਜ਼ੀਰ ਧਿਆਨ ਸਿੰਘ ਨੂੰ ਮੰਨਿਆ ਗਿਆ ਹੈ। ਧਿਆਨ ਸਿੰਘ ਪਿਛੋਂ ਦੂਸਰਾ ਮੁੱਖ ਕਾਰਨ ਹੈ ਸਾਡੇ ਆਪਣਿਆਂ ਦੀਆਂ ਖੁਦਗਰਜ਼ੀਆਂ। ਰਣਜੀਤ ਸਿੰਘ ਤੋਂ ਪਿਛੋਂ ਅਸੀਂ ਆਪਸ ਵਿਚ ਖਹਿ ਮਰੇ ਤੇ 40 ਸਾਲਾਂ ਦੇ ਸਥਾਪਤ ਰਾਜ ਭਾਗ ਨੂੰ ਦਿਨਾਂ ਵਿਚ ਬਰਬਾਦ ਕਰ ਲਿਆ। ਅਸੀਂ ਇਕੱਠੇ ਸਾਂ ਤਾਂ ਰਾਜ ਭਾਗ ਦੇ ਮਾਲਕ ਬਣ ਗਏ ਪਰ ਵੱਖ-ਵੱਖ ਹੋਏ ਤਾਂ ਦੂਸਰੇ ਭਾਰਤੀਆਂ ਵਾਂਗ ਅਸੀਂ ਵੀ ਅੰਗਰੇਜ਼ਾਂ ਦੇ ਗੁਲਾਮ ਹੋ ਗਏ। ਅੱਜ ਅਸੀਂ ਸਿੱਖ ਸਦਵਾਉਣ ਵਾਲੇ ਇਕ ਦੂਸਰੇ ’ਤੇ ਦੂਸ਼ਣਬਾਜ਼ੀ ਕਰ ਕੇ ਸਿੱਖ ਵਿਸ਼ਵਾਸ ਨੂੰ ਠੇਸ ਪਹੁੰਚਾ ਰਹੇ ਹਾਂ। ਦੋਸ਼ੀ ਨੂੰ ਸਜ਼ਾ ਮਿਲਦੀ ਚਾਹੀਦੀ ਹੈ। ਸੰਸਥਾਵਾਂ ਨੂੰ ਨੁਕਸਾਨ ਨਹੀਂ ਪਹੁੰਚਾਉਣਾ ਚਾਹੀਦਾ, ਜਿਸ ਦਾ ਇਵਜ਼ਾਨਾ ਅਸੀਂ ਅੱਜ ਤੱਕ ਭੁਗਤ ਰਹੇ ਹਾਂ। ਲੋੜ ਹੈ ਸਾਨੂੰ ਬੀਤੇ ਤੋਂ ਸਿੱਖਣ ਦੀ ਅਤੇ ਅੱਗਾ ਸਵਾਰਨ ਦੀ।


Comments Off on ਸ਼ੇਰ-ਏ-ਪੰਜਾਬ ਮਹਾਰਾਜਾ ਰਣਜੀਤ ਸਿੰਘ
1 Star2 Stars3 Stars4 Stars5 Stars (No Ratings Yet)
Loading...
Both comments and pings are currently closed.

Comments are closed.

Available on Android app iOS app
Powered by : Mediology Software Pvt Ltd.