ਅਯੁੱਧਿਆ ਕੇਸ: ਸਾਰੇ ਸਵਾਲ ਸਾਡੇ ਤੋਂ ਹੀ ਕਿਉਂ? !    ਜਾਪਾਨ ’ਚ ਸਮੁੰਦਰੀ ਤੂਫ਼ਾਨ ਨਾਲ ਮਰਨ ਵਾਲਿਆਂ ਦੀ ਗਿਣਤੀ 56 ਹੋਈ !    ਆਵਲਾ ਖ਼ਿਲਾਫ਼ ਚੋਣ ਕਮਿਸ਼ਨ ਕੋਲ ਸ਼ਿਕਾਇਤ !    ਅਕਾਲੀ ਦਲ ਦਾ ਰਾਜਸੀ ਵਿੰਗ ਹੈ ਸ਼੍ਰੋਮਣੀ ਕਮੇਟੀ: ਰੰਧਾਵਾ !    ਗੁਰਬੱਤ ਵੀ ਨਹੀਂ ਰੋਕ ਸਕੀ ਬੂਟ ਪਾਲਿਸ਼ ਵਾਲੇ ਸਨੀ ਦਾ ਰਾਹ !    ਪੁਲੀਸ ਵੱਲੋਂ ਪਿੰਡਾਂ ’ਚ ਤਲਾਸ਼ੀ ਮੁਹਿੰਮ ਜਾਰੀ !    ਪ੍ਰਕਾਸ਼ ਪੁਰਬ ਸਮਾਗਮਾਂ ਨੂੰ ਤਾਰਪੀਡੋ ਕਰ ਰਿਹੈ ਬਾਦਲ ਦਲ: ਸਰਨਾ !    ਪਾਦਰੀ ਕੇਸ: ਮੁਹਾਲੀ ਅਦਾਲਤ ਨੇ ਨਿਰਮਲ ਤੇ ਸੁਰਿੰਦਰਪਾਲ ਭਗੌੜੇ ਐਲਾਨੇ !    ਦਿੱਲੀ ਦੇ ਚਾਰ ਸਟੇਡੀਅਮ ਸਾਰਿਆਂ ਲਈ ਖੋਲ੍ਹਣ ਦਾ ਫ਼ੈਸਲਾ !    ਪੰਜਾਬ ਨੇ ਕੌਮੀ ਸੀਨੀਅਰ ਤੇ ਜੂਨੀਅਰ ਗਤਕਾ ਚੈਂਪੀਅਨਸ਼ਿਪ ਜਿੱਤੀ !    

ਸ਼ਬਦਾਂ ਦਾ ਖੰਜਰ

Posted On June - 22 - 2019

ਬਾਬੂ ਫ਼ਜ਼ਲ ਮੁਹੰਮਦ ਦਾ ਚੁਬਾਰਾ

ਵੰਡ ਦੇ ਦੁੱਖੜੇ

ਸਾਂਵਲ ਧਾਮੀ

ਸਾਂਵਲ ਧਾਮੀ ਨੇ ਵੰਡ ਤੋਂ ਪੀੜਤ ਲੋਕਾਂ ਦੀਆਂ ਯਾਦਾਂ, ਤਜਰਬਿਆਂ, ਦੁੱਖਾਂ, ਦੁਸ਼ਵਾਰੀਆਂ ਨੂੰ ਇਕੱਠੇ ਕਰਨ ਦਾ ਵੱਡਾ ਕਾਰਜ ਆਰੰਭਿਆ ਹੋਇਆ ਹੈ। ਉਹ ਇਸ ਸਬੰਧ ਵਿਚ ਯੂ-ਟਿਊਬ ’ਤੇ ‘ਸੰਤਾਲ਼ੀਨਾਮਾ’ ਚੈਨਲ ਵੀ ਚਲਾ ਰਿਹਾ ਹੈ। ਇਹ ਕਾਲਮ ਵੰਡ ਦੀਆਂ ਦਰਦ ਕਹਾਣੀਆਂ ਪੇਸ਼ ਕਰਦਾ ਹੈ।
ਫਗਵਾੜਾ-ਹੁਸ਼ਿਆਰਪੁਰ ਸੜਕ ’ਤੇ ਡਵਿੱਡੇ ਰਿਹਾਣੇ ਤੋਂ ਲਹਿੰਦੇ ਪਾਸੇ ਇਕ ਘੁੱਗ ਵੱਸਦਾ ਪਿੰਡ ਹੈ: ਅਹਿਰਾਣਾਂ ਕਲਾਂ। ਵੰਡ ਤੋਂ ਪਹਿਲਾਂ ਇੱਥੇ ਨਾਰੂ ਗੋਤ ਦੇ ਮੁਸਲਮਾਨ ਰਾਜਪੂਤ ਵੱਸਦੇ ਸਨ। ਬਾਬੂ ਫ਼ਜ਼ਲ ਮੁਹੰਮਦ ਇਲਾਕੇ ਦਾ ਮੰਨਿਆ ਹੋਇਆ ਬੰਦਾ ਸੀ। ਉਸ ਦੀ ਕੰਸਟ੍ਰਕਸ਼ਨ ਕੰਪਨੀ ਬਰਮਾ ਵਿਚ ਰੇਲਵੇ ਲਾਈਨਾਂ ਵਿਛਾਉਣ ਦਾ ਕੰਮ ਕਰਦੀ ਸੀ। ਦੂਜੀ ਵਿਸ਼ਵ ਜੰਗ ਸਮੇਂ ਉਹ ਬਰਮਾ ’ਚੋਂ ਮੁੜ ਆਇਆ ਤੇ ਉਸ ਨੇ ਬਿਹਾਰ ’ਚ ਕਿਸੇ ਹਵਾਈ ਅੱਡੇ ਦਾ ਠੇਕਾ ਲੈ ਲਿਆ। ਜਨਵਰੀ 1930 ’ਚ ਮੁਕੰਮਲ ਹੋਇਆ, ਉਸਦਾ ਤਿਮੰਜ਼ਲਾ ਚੁਬਾਰਾ ਅੱਜ ਵੀ ਉਸ ਦੀ ਸ਼ਾਨੋ-ਸ਼ੌਕਤ ਦੀ ਗਵਾਹੀ ਭਰਦਾ ਹੈ।
‘ਕਿਧਰੇ ਉਸਦੀ ਨਜ਼ਰ ਪਿੰਡ ਦੀ ਕਿਸੇ ਬਹੂ-ਬੇਟੀ ’ਤੇ ਨਾ ਪੈ ਜਾਏ।’ ਇਹ ਸੋਚ ਕੇ ਬਾਬੂ ਫ਼ਜ਼ਲਾ ਕਦੇ ਵੀ ਛੱਤ ’ਤੇ ਨਹੀਂ ਸੀ ਚੜ੍ਹਦਾ ਹੁੰਦਾ। ਉਸਨੇ ਲੜਕੀਆਂ ਤੇ ਲੜਕਿਆਂ ਵਾਸਤੇ ਪਿੰਡ ’ਚ ਦੋ ਸਕੂਲ ਖੁੱਲ੍ਹਵਾਏ। ਆਪਣੇ ਪੁੱਤ-ਭਤੀਜੇ ਦਿੱਲੀ ਦੇ ਜਾਮੀਆ-ਮੀਲੀਆ ਇਸਲਾਮੀਆਂ ਸਕੂਲ ’ਚੋਂ ਹਟਵਾ ਕੇ ਇਸ ਸਕੂਲ ’ਚ ਦਾਖਲ ਕਰਵਾਏ। ਅਧਿਆਪਕਾਂ ਲਈ ਸਕੂਲ ਅੰਦਰ ਰਹਿਣ ਦਾ ਪ੍ਰਬੰਧ ਕੀਤਾ। ਸੰਤਾਲੀ ਤਕ ਮੁਹੰਮਦ ਦੀਨ ਆਲੋਵਾਲ, ਰਹਿਮਤ ਅਲੀ ਪਥਰਾਲੀਆਂ ਤੇ ਆਤਮਾ ਸਿੰਘ ਆਦਿ ਇਸ ਸਕੂਲ ਦੇ ਮਾਸਟਰ ਰਹੇ। ਅਜੜਾਮ ਦੇ ਪੰਡਿਤ ਬਾਬੂ ਰਾਮ ਜੀ ਤੇ ਫਿਰ ਰਿਆਜ਼ ਮੁਹੰਮਦ ਇਸ ਸਕੂਲ ਦੇ ਹੈੱਡ ਮਾਸਟਰ ਬਣੇ।
ਉਸ ਨੇ ਆਪਣੀ ਹਵੇਲੀ ’ਚ ਹਸਪਤਾਲ ਖੁੱਲ੍ਹਵਾਇਆ। ਮੁੱਖ ਸੜਕ ਤੋਂ ਆਪਣੇ ਪਿੰਡ ਨੂੰ ਪੱਕਾ ਰਸਤਾ ਬਣਵਾਇਆ। ਸੰਤਾਲੀ ਤੋਂ ਥੋੜ੍ਹਾ ਪਹਿਲਾਂ ਉਸਨੇ ਹਾਜੀ ਖਾਂ ਸਿੰਧੀ ਨਾਲ ਮਿਲ ਕੇ ‘ਸਿੰਧ ਅਜ਼ਾਦ ਕੰਪਨੀ’ ਬਣਾਈ। ਹਾਈ-ਵੇਅ ਦੇ ਠੇਕੇ ’ਚੋਂ ਇਸ ਕੰਪਨੀ ਨੂੰ ਚਾਰ ਲੱਖ ਰੁਪਈਆ ਬਚਿਆ ਸੀ। ਸੌ ਰੁਪਏ ਏਕੜ ਦੇ ਹਿਸਾਬ ਨਾਲ ਦੋਵਾਂ ਸਾਂਝੀਦਾਰਾਂ ਨੇ ਜ਼ੁਲਫ਼ਿਕਾਰ ਅਲੀ ਭੁੱਟੋ ਦੇ ਚਾਚੇ ਕੋਲੋਂ ਚਾਰ ਹਜ਼ਾਰ ਏਕੜ ਦੇ ਕਰੀਬ ਜ਼ਮੀਨ ਖ਼ਰੀਦੀ। ਉਸ ਇਲਾਕੇ ’ਚ ਜਿੱਥੇ ਸਿੰਧ ਦਰਿਆ ਅਰਬ ਸਾਗਰ ’ਚ ਡਿੱਗਦਾ ਹੈ।
ਵੰਡ ਦੇ ਐਲਾਨ ਮਗਰੋਂ ਇਹ ਪਰਿਵਾਰ ਵੀ ਪਿੰਡੋਂ ਉੱਠ ਕੇ ਬੀਬੀ ਦੀ ਪੰਡੋਰੀ ਕੈਂਪ ’ਚ ਆ ਗਿਆ। ਇੱਥੋਂ ਇਹ ਹੁਸ਼ਿਆਰਪੁਰ ਦੇ ਕਮਾਲਪੁਰ ਤੇ ਅਗਾਂਹ ਜਲੰਧਰ ਰਾਮਾ ਮੰਡੀ ਨੇੜਲੇ ਕੈਂਪ ’ਚ ਪਹੁੰਚ ਗਏ। ਜਲੰਧਰ ਤੋਂ ਇਹ ਪਰਿਵਾਰ ਰੇਲ-ਗੱਡੀ ’ਚ ਬੈਠ ਲਾਹੌਰ ਪਹੁੰਚ ਗਿਆ। ਪਹਿਲਾਂ ਤੋਂ ਬਾਰ ’ਚ ਆਬਾਦ ਰਿਸ਼ਤੇਦਾਰਾਂ ਨੇ ਇਸ ਪਰਿਵਾਰ ਨੂੰ ਸੰਭਾਲਿਆ। ਇਨ੍ਹਾਂ ਨੂੰ ਜ਼ਮੀਨ ਮਿਲੀ ਜੜ੍ਹਾਂ ਵਾਲਾ ਤਹਿਸੀਲ ਦੇ ਚੱਕ ਨੰ. 644 ਜੀ.ਬੀ. ਤੇ ਠੀਕਰੀਵਾਲੇ ਥਾਣੇ ਨੇੜਲੇ ਪਿੰਡ 68 ਚੱਕ ਲੀਹਲਾਂ ਵਿਚ। 644 ਚੱਕ ਪਟਿਆਲੀਏ ਸਰਦਾਰਾਂ ਦਾ ਸੀ। ਉਨ੍ਹਾਂ ਖੇਤੀ ਲਈ ਸੀਰੀ ਰੱਖੇ ਹੋਏ ਸਨ ਤੇ ਆਪ ‘ਦੇਸ’ ’ਚ ਹੀ ਰਹਿੰਦੇ ਸਨ। ਇਸ ਚੱਕ ਦੇ ਸਾਰੇ ਘਰ ਕੱਚੇ ਸਨ। ਲੀਹਲਾਂ ਲੁਧਿਆਣੀਆਂ ਦਾ ਚੱਕ ਸੀ ਤੇ ਇਹ ਪੱਕਾ ਪਿੰਡ ਸੀ।
ਇੱਧਰ ਬਾਬੂ ਵਾਲਾ ਚੁਬਾਰਾ ਢੱਕੋਵਾਲੀਏ ਥਿਆੜਾ ਪਰਿਵਾਰ ਨੂੰ ਅਲਾਟ ਹੋਇਆ। ਇਹ ਟੱਬਰ ਗੋਜਰਾ ਤਹਿਸੀਲ ਦੇ ਚੱਕ ਨੰਬਰ 132 ਜੀ.ਬੀ. ਕਾਲਾ ਪਠਾਣਵਾਲਾ ਤੋਂ ਉੱਜੜ ਕੇ ਆਇਆ ਸੀ। ਉਜਾੜੇ ਤੋਂ ਉੱਭਰ ਕੇ ਬਾਬੂ ਹੁਰਾਂ ਸਿੰਧ ਵਾਲੀ ਜ਼ਮੀਨ ’ਤੇ ਕੇਲੇ ਦੀ ਫ਼ਸਲ ਲਗਾਉਣ ਦੀ ਸ਼ੁਰੂਆਤ ਕਰਨ ਬਾਰੇ ਸੋਚਿਆ। ਲਾਹੌਰ ’ਚ ਨਵਾਜ਼ ਸ਼ਰੀਫ਼ ਦੇ ਪਿਉ ਦੀ ‘ਇਤਫਾਕ ਕੰਪਨੀ’ ਸੀ। ਝੀਲ ’ਚੋਂ ਪਾਣੀ ਚੁੱਕਣ ਲਈ ਇੱਥੋਂ ਇੰਜਣ ਖ਼ਰੀਦਿਆ ਗਿਆ। ਪ੍ਰਯੋਗ ਸਫਲ ਹੋਇਆ। ਕਾਸ਼ਤ ਪੰਜ-ਛੇ ਹਜ਼ਾਰ ਏਕੜ ਤਕ ਪਹੁੰਚ ਗਈ। ਇਹ ਟੱਬਰ ਅੱਜ ਵੀ ਅਰਜਨ ਦਾਸ ਬਾਣੀਏ ਦਾ ਨਾਂ ਸਤਿਕਾਰ ਨਾਲ ਲੈਂਦਾ ਹੈ। ਉਹ ਮੁੰਬਈ ਤੋਂ ਇਨ੍ਹਾਂ ਲਈ ਕੇਲਿਆਂ ਦੇ ਬੀਜ ਦੀਆਂ ਗੱਠਾਂ ਨਾਲ ਭਰੀਆਂ ਦੋ ਬੋਰੀਆਂ ਲੈ ਕੇ ਗਿਆ ਸੀ। ਪਾਕਿਸਤਾਨ ’ਚ ਕੇਲਿਆਂ ਦੀ ਕਾਸ਼ਤ ਦੀ ਸ਼ੁਰੂਆਤ ਇਸ ਬੀਜ ਤੋਂ ਹੀ ਹੋਈ ਸੀ। ਉੱਥੇ ਇਸ ਨਾਰੂ ਪਰਿਵਾਰ ਦਾ ਨਾਂ ‘ਕਿੰਗਜ਼ ਆਫ ਬਨਾਨਾ’ ’ਚ ਸ਼ੁਮਾਰ ਹੈ।
ਦੌਲਤ ਤੇ ਸ਼ੋਹਰਤ ਦੀਆਂ ਬੁਲੰਦੀਆਂ ਨੂੰ ਛੋਹਣ ਵਾਲਾ ਬਾਬੂ ਫ਼ਜ਼ਲਦੀਨ ਆਪਣੇ ਅਹਿਰਾਣਾ ਕਲਾਂ ਨੂੰ ਕਦੇ ਵੀ ਨਹੀਂ ਭੁਲਾ ਸਕਿਆ। ਸੰਨ ਅਠਤਾਲੀ ਦੀ ਗੱਲ ਹੈ। ਉਸਨੂੰ ਪਤਾ ਲੱਗਾ ਕਿ ਕੁਝ ਸਰਕਾਰੀ ਫੀਸ ਜਮ੍ਹਾਂ ਨਾ ਕਰਵਾਉਣ ਦੀ ਸੂਰਤ ’ਚ ਇਹ ਸਕੂਲ ਟੁੱਟ ਕੇ ਕਿਸੇ ਹੋਰ ਪਿੰਡ ਜਾ ਸਕਦਾ ਹੈ। ਉਸਨੇ ਅੱਠ ਹਜ਼ਾਰ ਰੁਪਈਆ ਸਕੂਲ ਲਈ ਭੇਜਿਆ। ਉਸ ਨੂੰ ਇਸ ਗੱਲ ਦਾ ਹਮੇਸ਼ਾਂ ਦੁੱਖ ਰਿਹਾ ਕਿ ਉਹ ਪਿੰਡ ਵਾਲੀ ਫਿਰਨੀ ’ਤੇ ਲੁੱਕ ਨਹੀਂ ਪਵਾ ਸਕਿਆ।
ਇਹ ਗੱਲਾਂ ਮੈਨੂੰ ਉਨ੍ਹਾਂ ਦੇ ਭਤੀਜੇ ਰਾਣਾ ਇਕਬਾਲ ਖ਼ਾਨ ਨੇ ਦੱਸੀਆਂ ਸਨ। ਉਹ ਆਸਟਰੇਲੀਆ ਰਹਿੰਦਾ ਸੀ ਤੇ ਪਿੱਛੇ ਜਿਹੇ ਦੁਨੀਆਂ ਤੋਂ ਰੁਖ਼ਸਤ ਹੋਇਆ ਹੈ। ਇਨ੍ਹਾਂ ਗੱਲਾਂ ਨੂੰ ਪਿੰਡ ਦੇ ਬਜ਼ੁਰਗ ਗ਼ਰੀਬ ਦਾਸ ਨੇ ਵੀ ਤਸਦੀਕ ਕੀਤਾ ਹੈ। ਇਨ੍ਹਾਂ ਦੋਹਾਂ ਬਜ਼ੁਰਗਾਂ ਦੀਆਂ ਗੱਲਾਂ ਮੇਰੇ ਯੂ-ਟਿਊਬ ਚੈਨਲ ‘ਸੰਤਾਲੀਨਾਮਾ’ ’ਤੇ ਸੁਣੀਆਂ ਜਾ ਸਕਦੀਆਂ ਹਨ।
ਸਕੂਲ ਦੇ ਮੌਜੂਦਾ ਪ੍ਰਿੰਸੀਪਲ ਭਾਰਤ ਭੂਸ਼ਨ ਹੁਰਾਂ ਨੂੰ ਇਨ੍ਹਾਂ ਨੇ ਇਸ ਗੱਲਬਾਤ ਦਾ ਲਿੰਕ ਭੇਜਿਆ ਤਾਂ ਉਹ ਵੀ ਬਾਬੂ ਫ਼ਜ਼ਲ ਮੁਹੰਮਦ ਦੇ ਕਿਰਦਾਰ ਤੋਂ ਬਹੁਤ ਮੁਤਾਸਿਰ ਹੋਏ। ਉਨ੍ਹਾਂ ਮੈਨੂੰ ਬਾਬੂ ਹੁਰਾਂ ਦੀ ਫੋਟੋ ਮੰਗਵਾਉਣ ਬਾਰੇ ਕਿਹਾ। ਸਕੂਲ ਦੇ ਪ੍ਰਿੰਸੀਪਲ ਦਫ਼ਤਰ ’ਚ ਅੱਜ ਬਾਬੂ ਹੁਰਾਂ ਦੀ ਫੋਟੋ ਲੱਗੀ ਹੋਈ ਹੈ।
ਬਜ਼ੁਰਗਾਂ ਨੂੰ ਲੱਭਦਿਆਂ ਇਕ ਦੁਪਹਿਰ ਮੈਂ ਅਹਿਰਾਣੇ ਨੇੜਲੇ ਇਕ ਪਿੰਡ ’ਚ ਪਹੁੰਚਿਆ। ਆਪਣੀ ਬਾਂਹ ਦਾ ਸਿਰਾਹਣਾ ਬਣਾਈ ਇਕ ਬਜ਼ੁਰਗ ਲੇਟਿਆ ਹੋਇਆ ਸੀ। ਅੰਬਾਂ ਥੱਲੇ, ਅਲਾਣੇ ਮੰਜੇ ’ਤੇ। ਮੈਂ ਪੈਰੀਂ ਹੱਥ ਲਗਾਇਆ ਤਾਂ ਉਹ ਕਾਹਲੀ ਜਿਹੀ ’ਚ ਉੱਠਿਆ। ਮੇਰਾ ਨਾਂ-ਗਰਾਂ ਪੁੱਛਣ ਮਗਰੋਂ ਉਹ ਮੇਰੇ ਨਾਲ ਗੱਲੀਂ ਰੁਝ ਗਿਆ। ਤੁਰਦੀਆਂ-ਤੁਰਦੀਆਂ ਗੱਲਾਂ ਬਾਬੂ ਫ਼ਜ਼ਲਦੀਨ ਹੁਰਾਂ ਤਕ ਪਹੁੰਚ ਗਈਆਂ।
“ਬਾਪੂ ਦਾ ਤਾਂ ਖ਼ਾਸ ਦੋਸਤ ਸੀ ਉਹ! ਬਾਪੂ ਦੀ ਮੌਤ ਤਕ ਉਸ ਦੀਆਂ ਚਿੱਠੀਆਂ ਆਉਂਦੀਆਂ ਰਹੀਆਂ!” ਉਹ ਚਾਅ ਜਿਹੇ ’ਚ ਬੋਲਿਆ।
“ਕੀ ਲਿਖਦੇ ਹੁੰਦੇ ਸੀ, ਉਹ ਚਿੱਠੀਆਂ ’ਚ?” ਮੈਂ ਸਵਾਲ ਕੀਤਾ।
“ਆਪਣੇ ਦੋਸਤਾਂ, ਪਿੰਡ, ਫਿਰਨੀ ਤੇ ਸਕੂਲ ਦੀਆਂ ਗੱਲਾਂ ਹੀ ਪੁੱਛਦੇ ਹੁੰਦੇ ਸੀ !” ਉਸ ਦਾ ਜਵਾਬ ਸੀ।
“ਆਪਣੇ ਚੁਬਾਰੇ ਬਾਰੇ ਨਹੀਂ ਸੀ ਪੁੱਛਿਆ ਕਦੇ?” ਮੇਰਾ ਇਹ ਸਵਾਲ ਸੁਣ ਕੇ ਉਹ ਸੋਚੀਂ ਪੈ ਗਿਆ।
“ਬਾਬੂ ਹੁਰੀਂ ਤਾਂ ਚਲੇ ਗਏ ਸੀ ਸੁੱਖੀ-ਸਾਂਦੀ। ਉਨ੍ਹਾਂ ਦਾ ਸਹੁਰਾ ਇੱਥੇ ਰਹਿ ਗਿਆ ਸੀ। ਉਹ ਮੇਹਟੀਆਣੇ ਤੋਂ ਸੀ। ਤਕੜਾ ਜ਼ਿਮੀਂਦਾਰ ਸੀ ਉਹ ਵੀ। ਉਹ ਬਾਬੂ ਹੁਰਾਂ ਦਾ ਮਾਮਾ ਵੀ ਲੱਗਦਾ ਸੀ। ਉਹ ਪਾਕਿਸਤਾਨ ਜਾਣ ਨੂੰ ਨਹੀਂ ਸੀ ਮੰਨਿਆ। ਐਵੇਂ ਉਹਨੂੰ ਭਰਮ ਜਿਹਾ ਸੀ ਕਿ ਇਹ ਰੌਲ਼ਾ-ਰੱਪਾ ਚਾਰ ਦਿਨਾਂ ਦਾ ਤਮਾਸ਼ਾ ਏ ਬਸ। ਬਾਬੂ ਦਾ ਘਰ ਲੁੱਟਣ ਗਏ ਬੰਦਿਆਂ ਨੇ ਉਸਨੂੰ ਬਰਛਾ ਮਾਰ ਦਿੱਤਾ ਸੀ!” ਇਹ ਆਖ ਉਸਨੇ ਅੱਖਾਂ ਝੁਕਾ ਲਈਆਂ।
“ਉਹਨੂੰ ਮਾਰਨ ਵਾਲੇ ਕਿੱਥੋਂ ਦੇ ਸੀ?” ਮੈਂ ਉਦਾਸ ਸੁਰ ’ਚ ਸਵਾਲ ਕੀਤਾ।
“ਇਸੀ ਪਿੰਡ ਦੇ ਸਨ!” ਉਹ ਧੀਮੀ ਆਵਾਜ਼ ’ਚ ਬੋਲਿਆ।
“ਹੈਂਅ! ਕੌਣ ਸੀ ਉਹ?”
“ਉਹ ਵਕਤ ਹੀ ਏਹੋ ਜਿਹਾ ਸੀ ਪੁੱਤਰਾ..” ਨਿਰਾਸ਼ਾ ’ਚ ਸਿਰ ਮਾਰਦਿਆਂ ਉਸ ਨੇ ਹੋਰ ਹੀ ਗੱਲ ਸ਼ੁਰੂ ਕਰ ਲਈ।
“ਉਦੋਂ ਤਾਂ ਦੇਵਤਿਆਂ ਸਮਾਨ ਬੰਦਿਆਂ ਦੇ ਵੀ ਈਮਾਨ ਡੋਲ ਗਏ ਸਨ। ਮੁੰਡੀਰ ’ਕੱਠੀ ਹੋਈ ਪਈ ਸੀ। ਨਾਲੇ ਉਹ ਕਿਹੜਾ ਮਾਰਨ ਗਏ ਸੀ ਉਸ ਨੂੰ। ਉਹ ਸ਼ੁਦਾਈ ਤਾਂ ਖ਼ਜ਼ਾਨਾ ਲੱਭਣ ਗਏ ਸੀ। ਮਿਹਟੀਆਣੀਆਂ ਬੁੱਢਾ ਵੀ ਵਕਤ ਦੀ ਨਜ਼ਾਕਤ ਨਈਂ ਸੀ ਪਛਾਣਦਾ। ਉਹ ਬੜਾ ਖੜੂਸ ਰੰਘੜ ਸੀ। ਐਵੇਂ ਪੁਰਾਣੀਆਂ ਸਾਂਝਾਂ ਦੇ ਮਾਣ ’ਚ ਮੁੰਡੀਰ ਨੂੰ ਲਾਹਣਤਾਂ ਪਾਈ ਜਾਵੇ। ਬਥੇਰਾ ਕਿਹਾ, ਪਰ ਉਹ ਦਰਾਂ ’ਚ ਅੜ ਕੇ ਖੜੋਤਾ ਰਿਹਾ। ਬਸ ਫਿਰ ਕੀ ਸੀ! ਮੁੰਡਿਆਂ ਦਾ ਵੀ ਸਿਰ ਫਿਰ ਗਿਆ ਤੇ ਬਰਛਾ…!” ਵਾਕ ਅਧੂਰਾ ਛੱਡ ਉਹ ਚੁੱਪ ਹੋ ਗਿਆ।
“ਫਿਰ?” ਜਦੋਂ ਉਸਦੀ ਚੁੱਪ ਬੋਝਲ ਹੋ ਗਈ ਤਾਂ ਮੈਂ ਪੁੱਛਿਆ।
“ਉਹ ਬਾਬੂ ਹੁਰਾਂ ਦਾ ਆਖ਼ਰੀ ਖ਼ਤ ਸੀ। ਉਸਨੇ ਬਾਪੂ ਨੂੰ ਲਿਖਿਆ ਸੀ ‘ਮਾਮੇ ਨੇ ਤਾਂ ਯਕੀਨਨ ਮਰਨਾ ਹੀ ਸੀ। ਇਹ ਚੰਗਾ ਹੋਇਆ ਕਿ ਉਹ ਤੇਰੇ ਪੁੱਤ ਹੱਥੋਂ ਕਤਲ ਹੋਇਆ। ਫਿਰ ਵੀ ਸਾਡਾ ਭਤੀਜਾ ਏ ਊਧਮ ਸਿੰਘ ! ਬੜਾ ਫ਼ਰਕ ਹੁੰਦਾ ਏ ਆਪਣਿਆਂ ਤੇ ਬੇਗਾਨਿਆਂ ’ਚ। ਬਾਬੂ ਹੁਰਾਂ ਦੇ ਇਨ੍ਹਾਂ ਸ਼ਬਦਾਂ ਨੇ ਬਾਪੂ ਦਾ ਹਿਰਦਾ ਵਲੂੰਧਰ ਸੁੱਟਿਆ ਸੀ। ਉਸਨੇ ਐਸਾ ਮੰਜਾ ਮੱਲਿਆ ਕਿ ਮੁੜ ਨਹੀਂ ਸੀ ਉੱਠ ਹੋਇਆ, ਉਸ ਕੋਲੋਂ। ਮੈਨੂੰ ਉਸਨੇ ਮੌਤ ਤਕ ਨਹੀਂ ਸੀ ਬੁਲਾਇਆ। ਮੈਂ ਜੇਠਾ ਪੁੱਤ ਸਾਂ, ਪਰ ਉਹ ਜਿਉਂਦੇ-ਜੀ ਸਾਰੇ ਫ਼ਰਜ਼ ਮੈਥੋਂ ਛੋਟੇ ਨੂੰ ਸੌਂਪ ਗਿਆ ਸੀ। ਉਸਨੂੰ ਲਾਂਬੂ ਮੈਥੋਂ ਛੋਟੇ ਨੇ ਲਾਇਆ ਸੀ। ਸੱਤਰ ਵਰ੍ਹੇ ਬੀਤ ਗਏ ਨੇ! ਕੀ ਦੱਸਾਂ ਪੁੱਤਰਾ, ਬਾਬੂ ਹੁਰਾਂ ਦੇ ਉਹ ਸ਼ਬਦ, ਅੱਜ ਵੀ ਮੇਰੀ ਛਾਤੀ ਦੇ ਆਰ-ਪਾਰ ਹੋਏ ਪਏ ਨੇ! ਕਿਸੇ ਖੰਜਰ ਵਾਂਗ!!”
ਗੱਲ ਮੁਕਾਉਂਦਿਆ ਊਧਮ ਸਿੰਘ ਦੀਆਂ ਅੱਖਾਂ ਛਲਕ ਗਈਆਂ ਸਨ।

ਸੰਪਰਕ:97818-43444


Comments Off on ਸ਼ਬਦਾਂ ਦਾ ਖੰਜਰ
1 Star2 Stars3 Stars4 Stars5 Stars (No Ratings Yet)
Loading...
Both comments and pings are currently closed.

Comments are closed.

Available on Android app iOS app
Powered by : Mediology Software Pvt Ltd.