ਅਯੁੱਧਿਆ ਕੇਸ: ਸਾਰੇ ਸਵਾਲ ਸਾਡੇ ਤੋਂ ਹੀ ਕਿਉਂ? !    ਜਾਪਾਨ ’ਚ ਸਮੁੰਦਰੀ ਤੂਫ਼ਾਨ ਨਾਲ ਮਰਨ ਵਾਲਿਆਂ ਦੀ ਗਿਣਤੀ 56 ਹੋਈ !    ਆਵਲਾ ਖ਼ਿਲਾਫ਼ ਚੋਣ ਕਮਿਸ਼ਨ ਕੋਲ ਸ਼ਿਕਾਇਤ !    ਅਕਾਲੀ ਦਲ ਦਾ ਰਾਜਸੀ ਵਿੰਗ ਹੈ ਸ਼੍ਰੋਮਣੀ ਕਮੇਟੀ: ਰੰਧਾਵਾ !    ਗੁਰਬੱਤ ਵੀ ਨਹੀਂ ਰੋਕ ਸਕੀ ਬੂਟ ਪਾਲਿਸ਼ ਵਾਲੇ ਸਨੀ ਦਾ ਰਾਹ !    ਪੁਲੀਸ ਵੱਲੋਂ ਪਿੰਡਾਂ ’ਚ ਤਲਾਸ਼ੀ ਮੁਹਿੰਮ ਜਾਰੀ !    ਪ੍ਰਕਾਸ਼ ਪੁਰਬ ਸਮਾਗਮਾਂ ਨੂੰ ਤਾਰਪੀਡੋ ਕਰ ਰਿਹੈ ਬਾਦਲ ਦਲ: ਸਰਨਾ !    ਪਾਦਰੀ ਕੇਸ: ਮੁਹਾਲੀ ਅਦਾਲਤ ਨੇ ਨਿਰਮਲ ਤੇ ਸੁਰਿੰਦਰਪਾਲ ਭਗੌੜੇ ਐਲਾਨੇ !    ਦਿੱਲੀ ਦੇ ਚਾਰ ਸਟੇਡੀਅਮ ਸਾਰਿਆਂ ਲਈ ਖੋਲ੍ਹਣ ਦਾ ਫ਼ੈਸਲਾ !    ਪੰਜਾਬ ਨੇ ਕੌਮੀ ਸੀਨੀਅਰ ਤੇ ਜੂਨੀਅਰ ਗਤਕਾ ਚੈਂਪੀਅਨਸ਼ਿਪ ਜਿੱਤੀ !    

ਵੱਡਿਆਂ ਦੀ ਗੱਲ

Posted On June - 22 - 2019

ਬਾਲ ਕਹਾਣੀ

ਜੋਗਿੰਦਰ ਕੌਰ ਅਗਨੀਹੋਤਰੀ
ਇਕ ਛੱਪੜ ਵਿਚ ਬਹੁਤ ਸਾਰੇ ਡੱਡੂ ਆਪਸ ਵਿਚ ਮਿਲ ਕੇ ਰਹਿੰਦੇ ਸਨ। ਇਕ-ਦੂਜੇ ਦਾ ਕਹਿਣਾ ਮੰਨਦੇ ਸਨ। ਉਨ੍ਹਾਂ ਵਿਚ ਇਕ ਛੋਟਾ ਜਿਹਾ ਡੱਡੂ ਸੀ। ਉਹ ਕਿਸੇ ਦੇ ਆਖੇ ਨਹੀਂ ਸੀ ਲੱਗਦਾ। ਉਸ ਦਾ ਨਾਂ ਨੱਢੂ ਸੀ। ਉਹ ਛੱਪੜ ਦੇ ਦੂਰ-ਦੂਰ ਤਕ ਚਲਾ ਜਾਂਦਾ ਅਤੇ ਕਾਫ਼ੀ ਚਿਰ ਵਾਪਸ ਨਹੀਂ ਮੁੜਦਾ ਸੀ। ਉਸ ਨੂੰ ਸਾਰੇ ਸਮਝਾਉਂਦੇ ਕਿ ਨੱਢੂ, ਤੂੰ ਜ਼ਿੱਦ ਨਾ ਕਰਿਆ ਕਰ। ਸਾਡੇ ਨੇੜੇ ਹੀ ਰਿਹਾ ਕਰ, ਪਰ ਨੱਢੂ ’ਤੇ ਕੋਈ ਅਸਰ ਨਾ ਹੋਇਆ। ਜੇਕਰ ਉਸ ਦੀ ਮੰਮੀ ਉਸ ਨੂੰ ਰੋਕਦੀ ਤਾਂ ਉਹ ਉਸ ਨੂੰ ਕਹਿੰਦਾ, ‘‘ਮੰਮੀ ਬਾਹਰ ਜਾ ਕੇ ਬਹੁਤ ਗੱਲਾਂ ਦਾ ਪਤਾ ਲੱਗਦਾ ਹੈ। ਇੱਥੇ ਬੈਠੇ ਰਹਿਣਾ ਕੋਈ ਸਿਆਣੀ ਗੱਲ ਐ?’’ ਨੱਢੂ ਦੀ ਮੰਮੀ ਉਸ ਦਾ ਉੱਤਰ ਸੁਣ ਕੇ ਚੁੱਪ ਕਰ ਜਾਂਦੀ।
ਇਕ ਦਿਨ ਨੱਢੂ ਦੀ ਮਾਂ ਪੱਤਣ ਦੇ ਨੇੜੇ ਪਾਣੀ ਵਿਚ ਬੈਠੀ ਸੀ ਕਿ ਨੱਢੂ ਟੱਪਦਾ ਬਾਹਰ ਨਿਕਲਣ ਲੱਗਿਆ ਤਾਂ ਉਸ ਦੀ ਮਾਂ ਨੇ ਉਸ ਨੂੰ ਪਿਆਰ ਨਾਲ ਸਮਝਾਉਂਦਿਆਂ ਗੀਤ ਗਾ ਕੇ ਕਿਹਾ:
ਵੇ ਨੱਢੂਆ ਵੇ ਨੱਢੂਆ, ਤੂੰ ਪੱਤਣੋਂ ਬਾਹਰ ਨਾ ਜ੍ਹਾ
ਸਿਆਣੇ ਬੱਚੇ ਬਾਹਰ ਨ੍ਹੀਂ ਜਾਂਦੇ, ਮੁੜ ਕੇ ਅੰਦਰ ਆ।
ਨੱਢੂ ਨੇ ਮਾਂ ਦੇ ਗੀਤ ਦਾ ਮਜ਼ਾਕ ਉਡਾਉਂਦਿਆਂ ਕਿਹਾ:
ਮੈਂ ਨੱਢੂ, ਮੈਂ ਨੱਢੂ, ਮੰਮੀ ਐਵੇਂ ਨਾ ਤੂੰ ਡਰ,
ਮੈਂ ਹੁਣੇ ਮੁੜ ਕੇ ਆਇਆ, ਐਵੇਂ ਨਾ ਚਿੰਤਾ ਕਰ।
ਉਸ ਦਾ ਜਵਾਬ ਸੁਣ ਕੇ ਉਸ ਦੀ ਮੰਮੀ ਨੇ ਉਸ ਨੂੰ ਸਖ਼ਤੀ ਨਾਲ ਤਾੜਦਿਆਂ ਕਿਹਾ:
ਵੇ ਡੱਡੂਆ, ਵੇ ਨੱਢੂਆ, ਐਵੇਂ ਫੜ੍ਹਾਂ ਨਾ ਮਾਰ,
ਪਿੱਪਲ ਉੱਤੇ ਕਾਂ ਬੈਠਾ, ਪਲਾਂ ’ਚ ਜਾਉ ਡਕਾਰ।
ਨੱਢੂ ਪਹਿਲਾਂ ਤਾਂ ਚੁੱਪ ਕਰ ਗਿਆ। ਫਿਰ ਬੋਲਣ ਲੱਗਾ:
ਕਰ ਭਰੋਸਾ ਮੇਰੇ ’ਤੇ ਮੰਮੀ ਐਵੇਂ ਨਾ ਘਬਰਾ,
ਚਮਤਕਾਰ ਦਿਖਾਵਾਂ ਤੈਨੂੰ, ਪੱਤਣ ਨੇੜੇ ਆ।
ਨੱਢੂ ਦੀ ਗੱਲ ਸੁਣ ਕੇ ਉਸ ਦੀ ਮਾਂ ਨੂੰ ਉਸ ਉੱਤੇ ਬਹੁਤ ਗੁੱਸਾ ਆਇਆ। ਉਸ ਨੇ ਗੁੱਸੇ ਵਿਚ ਕਿਹਾ:
ਮੂਰਖ ਕਦੇ ਨਾ ਕਰਦੇ ਸਿਆਣਿਆਂ ਦੀ ਪਰਵਾਹ,
ਜਦ ਬਿਪਤਾ ਵਿਚ ਫਸ ਜਾਂਦੇ, ਫੇਰ ਨਾ ਚਲਦੀ ਵਾਹ।
ਮਾਂ ਦੀ ਗੱਲ ਸੁਣ ਕੇ ਨੱਢੂ ਕੋਲ ਕੋਈ ਜਵਾਬ ਨਹੀਂ ਸੀ। ਉਹ ਚੁੱਪ ਕਰਕੇ ਇਕ ਪਾਸੇ ਬੈਠ ਗਿਆ। ਉਸ ਨੇ ਟੱਪਣਾ ਬੰਦ ਕਰ ਦਿੱਤਾ। ਉਹ ਸਾਰਿਆਂ ਨਾਲ ਰੁੱਸ ਗਿਆ। ਉਸ ਦੀ ਮਾਂ ਨੇ ਉਸ ਨੂੰ ਪਿਆਰ ਨਾਲ ਮਨਾਉਣਾ ਚਾਹਿਆ:
ਮੇਰਾ ਨੱਢੂ ਬੜਾ ਸਿਆਣਾ ਏ,
ਇਹ ਮਾਂ ਦਾ ਬੀਬਾ ਰਾਣਾ ਏ,
ਅੱਜ ਨੱਢੂ ਨੇ ਜੋ ਖਾਣਾ ਏ,
ਮੈਂ ਉਹ ਕੁਝ ਲਿਆਣਾ ਏ।
ਮਾਂ ਦੇ ਪਿਆਰੇ ਬੋਲਾਂ ਦਾ ਨੱਢੂ ’ਤੇ ਕੋਈ ਅਸਰ ਨਾ ਹੋਇਆ। ਉਹ ਉਸੇ ਤਰ੍ਹਾਂ ਹੀ ਰੁੱਸਿਆ ਰਿਹਾ। ਨੱਢੂ ਦੀ ਮਾਂ ਨੂੰ ਉਸ ਦੀ ਇਹ ਗੱਲ ਪਸੰਦ ਨਾ ਆਈ। ਉਹ ਉਸ ਨੂੰ ਦੱਸਣਾ ਚਾਹੁੰਦੀ ਸੀ ਕਿ ਵੱਡੇ ਹਮੇਸ਼ਾਂ ਹੀ ਛੋਟਿਆਂ ਨੂੰ ਖ਼ਤਰੇ ਤੋਂ ਸਾਵਧਾਨ ਕਰਦੇ ਹਨ। ਇਸ ਲਈ ਵੱਡਿਆਂ ਦੀ ਗੱਲ ਮੰਨਣੀ ਚਾਹੀਦੀ ਹੈ। ਉਹ ਉਸ ਦੀ ਆਦਤ ਨੂੰ ਸੁਧਾਰਨ ਦੀ ਤਰਕੀਬ ਸੋਚਣ ਲੱਗੀ। ਉਸ ਨੇ ਨੱਢੂ ਨੂੰ ਇਹ ਦੱਸਣਾ ਸੀ ਕਿ ਪੱਤਣ ਤੋਂ ਬਾਹਰ ਨਿਕਲਣ ’ਤੇ ਹੀ ਕਾਂ ਡੱਡੂ ਨੂੰ ਚੁੰਝ ਨਾਲ ਫੜ ਕੇ ਖਾ ਜਾਂਦਾ ਹੈ। ਉਹ ਹੋਰਾਂ ਜੰਤੂਆਂ ਦੇ ਬੱਚੇ ਵੀ ਖਾ ਜਾਂਦਾ ਹੈ। ਉਨ੍ਹਾਂ ਦੇ ਆਂਡੇ ਵੀ ਖਾ ਜਾਂਦਾ ਹੈ। ਇਹ ਸੋਚ ਕੇ ਉਹ ਪੱਤਣ ਦੇ ਨੇੜੇ ਪਾਣੀ ਵਿਚ ਬੈਠ ਗਈ। ਉਸ ਨੇ ਦੇਖਿਆ ਤਾਂ ਰੁੱਖਾਂ ’ਤੇ ਕਿੰਨੇ ਹੀ ਕਾਂ ਬੈਠੇ ਸਨ। ਪਿੱਪਲ ’ਤੇ ਚਿੜੀ ਦਾ ਆਲ੍ਹਣਾ ਸੀ। ਇਕ ਪਾਸੇ ਘੁੱਗੀ ਦਾ ਆਲ੍ਹਣਾ ਵੀ ਸੀ। ਉਹ ਦੋਵੇਂ ਆਪਣੇ-ਆਪਣੇ ਆਂਡਿਆਂ ’ਤੇ ਬੈਠੀਆਂ ਸਨ। ਇੰਨੇ ਨੂੰ ਇਕ ਕਾਂ ਉੱਡਿਆ ਤਾਂ ਚਿੜੀ ਅਤੇ ਘੁੱਗੀ ਦੋਵੇਂ ਡਰ ਗਈਆਂ। ਉਨ੍ਹਾਂ ਨੇ ਰੌਲਾ ਪਾਉਣਾ ਸ਼ੁਰੂ ਕਰ ਦਿੱਤਾ। ਕਾਂ ਮੁੜ ਕੇ ਆਪਣੀ ਥਾਂ ’ਤੇ ਆ ਗਿਆ। ਨੱਢੂ ਦੀ ਮਾਂ ਇਹ ਸਮਝ ਗਈ ਕਿ ਨੱਢੂ ਨੂੰ ਇਹ ਸਭ ਕੁਝ ਦਿਖਾ ਕੇ ਹੀ ਸਮਝਾਇਆ ਜਾ ਸਕਦਾ ਹੈ। ਉਧਰ ਨੱਢੂ ਆਪਣੀ ਮਾਂ ਨੂੰ ਪੱਤਣ ਨੇੜੇ ਪਾਣੀ ਵਿਚ ਬੈਠੀ ਦੇਖ ਕੇ ਉਸ ਦਾ ਮਜ਼ਾਕ ਉਡਾਉਣ ਲੱਗਾ।
ਪਾਣੀ ਅੰਦਰ ਪੱਤਣ ਨੇੜੇ, ਬੈਠੀ ਮੇਰੀ ਮਾਂ,
ਅੱਜ ਮਿਲਣੇ ਨੂੰ ਆਂਵਦਾ, ਮੇਰਾ ਮਾਮਾ ਕਾਂ।
ਆਪਣੇ ਪੁੱਤਰ ਦੀ ਗੱਲ ਸੁਣ ਕੇ ਨੱਢੂ ਦੀ ਮਾਂ ਨੂੰ ਗੁੱਸਾ ਆਇਆ। ਉਸ ਨੂੰ ਪਤਾ ਹੀ ਸੀ ਕਿ ਨੱਢੂ ਮੂਰਖ ਹੈ। ਜ਼ਿੱਦੀ ਹੈ। ਉਹ ਇੰਨੀ ਛੇਤੀ ਨਹੀਂ ਸਮਝਦਾ। ਉਸ ਨੂੰ ਸਭ ਕੁਝ ਸਾਹਮਣੇ ਦੇਖ ਕੇ ਹੀ ਸਮਝ ਆਵੇਗਾ। ਉਸ ਨੇ ਫੇਰ ਵੀ ਨੱਢੂ ਨੂੰ ਪਿਆਰ ਨਾਲ ਕਿਹਾ:
ਮੇਰਾ ਨੱਢੂ ਬੜਾ ਸਿਆਣਾ, ਸਾਰੀਆਂ ਗੱਲਾਂ ਜਾਣਦਾ,
ਕੌਣ ਹੈ ਆਪਣਾ, ਕੌਣ ਪਰਾਇਆ,
ਆਪੇ ਹੀ ਪਹਿਚਾਣਦਾ।
ਮਾਂ ਦੀ ਗੱਲ ਸੁਣ ਕੇ ਨੱਢੂ ਕੁਝ ਨਾ ਬੋਲਿਆ।
‘ਨੱਢੂ ਇਧਰ ਆ।’ ਨੱਢੂ ਦੀ ਮਾਂ ਨੇ ਕਿਹਾ।
ਨੱਢੂ ਚੁੱਪ-ਚਾਪ ਆਪਣੀ ਮਾਂ ਕੋਲ ਪੱਤਣ ਦੇ ਨੇੜੇ ਪਾਣੀ ਵਿਚ ਚਲਾ ਗਿਆ।
‘ਲੈ ਹੁਣ ਤੂੰ ਆਪਣੇ ਮਾਮੇ ਨੂੰ ਮਿਲ ਆ ਬਾਹਰ ਜਾ ਕੇ।’
‘ਕਿਹੜਾ ਮਾਮਾ ਏ ਬਾਹਰ?’ ਨੱਢੂ ਨੇ ਪੁੱਛਿਆ।
‘ਕਾਂ ਐ ਤੇਰਾ ਮਾਮਾ। ਔਹ ਸਾਹਮਣੇ ਪਿੱਪਲ ’ਤੇ ਬੈਠਾ।’
ਨੱਢੂ ਚੁੱਪ-ਚਾਪ ਪਿੱਪਲ ਵੱਲ ਦੇਖਣ ਲੱਗਾ। ਇੰਨੇ ਨੂੰ ਕਾਂ ਉੱਡਿਆ ਤੇ ਚਿੜੀ ਦਾ ਚੀਕ-ਚਿਹਾੜਾ ਪੈ ਗਿਆ। ਨੱਢੂ ਡਰ ਗਿਆ ਅਤੇ ਛਾਲ ਮਾਰ ਕੇ ਆਪਣੀ ਮਾਂ ਦੀ ਗੋਦ ਵਿਚ ਆ ਬੈਠਾ। ਉਹ ਸਹਿਮਿਆ ਹੋਇਆ ਸੀ। ਉਸ ਨੇ ਹੌਲੀ ਜਿਹੀ ਆਪਣੀ ਮਾਂ ਨੂੰ ਪੁੱਛਿਆ, ‘ਮਾਂ ਚਿੜੀਆਂ ਰੋ ਕਿਉਂ ਰਹੀਆਂ ਸਨ?
‘ਉਹ ਇਸ ਲਈ ਰੋ ਰਹੀਆਂ ਸਨ ਕਿ ਕਾਂ ਕਿਤੇ ਉਨ੍ਹਾਂ ਦੇ ਆਂਡਿਆਂ ਨੂੰ ਖਾ ਨਾ ਜਾਵੇ। ਆਂਡਿਆਂ ਵਿਚੋਂ ਹੀ ਬੱਚੇ ਨਿਕਲਦੇ ਨੇ। ਔਹ ਦੇਖ ਸਾਹਮਣੇ ਘੁੱਗੀ ਵੀ ਸਹਿਮੀ ਬੈਠੀ ਐ।’
‘ਮੰਮੀ ਕਾਂ ਆਪਣਾ ਦੁਸ਼ਮਣ ਐ। ਤੂੰ ਤਾਂ ਹੀ ਡਰ ਜਾਨੀ ਐਂ। ਤਾਂ ਹੀ ਮੈਨੂੰ ਕਾਂ ਤੋਂ ਡਰਨ ਲਈ ਕਹਿਨੀ ਐ।’
‘ਹਾਂ। ਕਾਂ ਤੋਂ ਮੈਂ ਹੀ ਨਹੀਂ ਸਾਰੇ ਹੀ ਡਰਦੇ ਨੇ।’
ਇਹ ਸੁਣ ਕੇ ਨੱਢੂ ਨੇ ਝੱਟ ਹੀ ਪਾਣੀ ਵਿਚ ਅੱਗੇ ਛਾਲ ਮਾਰੀ ਤੇ ਆਪਣੀ ਮੰਮੀ ਨੂੰ ਕਿਹਾ, ‘ਮੰਮੀ ਹੁਣ ਮੈਂ ਕਦੇ ਵੀ ਜ਼ਿੱਦ ਨ੍ਹੀਂ ਕਰਦਾ। ਵੱਡਿਆਂ ਦੀ ਗੱਲ ਮੰਨਾਂਗਾ।’
ਸੰਪਰਕ: 94178-40323


Comments Off on ਵੱਡਿਆਂ ਦੀ ਗੱਲ
1 Star2 Stars3 Stars4 Stars5 Stars (No Ratings Yet)
Loading...
Both comments and pings are currently closed.

Comments are closed.

Available on Android app iOS app
Powered by : Mediology Software Pvt Ltd.