ਹੁਣ ਤਾਂ ਭੋਗਾਂ ’ਤੇ ਵੀ ਸਪੀਕਰ ਵੱਜਦੈ !    ਨਸ਼ਾ, ਕਾਰਨ ਅਤੇ ਬਚਾਅ !    ਸਾਵਣ !    ਲੋਕ ਇਨਸਾਫ ਪਾਰਟੀ ਵੱਲੋਂ ‘ਸਾਡਾ ਪਾਣੀ ਸਾਡਾ ਹੱਕ’ ਜਨ ਅੰਦੋਲਨ ਸ਼ੁਰੂ !    ਸਰਕਾਰ ਤੋਂ ਤੰਗ ਕਿਸਾਨ ਨੇ ਪੰਜ ਏਕੜ ਕਮਾਦ ਵਾਹਿਆ !    ਛੇੜਛਾੜ ਮਾਮਲਾ: ਬੱਚੀ ਦੇ ਹੱਕ ’ਚ ਸਕੂਲ ਅੱਗੇ ਧਰਨਾ !    ਜਵਾਹਰੇਵਾਲਾ ਗੋਲੀ ਕਾਂਡ: ਤੀਜੇ ਦਿਨ ਵੀ ਮ੍ਰਿਤਕਾਂ ਦਾ ਨਹੀਂ ਹੋਇਆ ਪੋਸਟਮਾਰਟਮ !    ਭਾਰਤ ਨੂੰ ਮੁੱਕੇਬਾਜ਼ੀ ਵਿੱਚ ਚਾਰ ਚਾਂਦੀ ਦੇ ਤਗ਼ਮੇ !    ਅਮਰੀਕ ਸਿੰਘ ਵਿਸ਼ਵ ਕਬੱਡੀ ਕੱਪ ’ਚ ਅਧਿਕਾਰੀ ਨਿਯੁਕਤ !    ਕੇਂਦਰੀ ਮੰਤਰੀ ਬੀਬਾ ਬਾਦਲ ਨੇ ਬਠਿੰਡਾ ਦੇ ਐੱਸਐੱਸਪੀ ਖ਼ਿਲਾਫ਼ ਮੋਰਚਾ ਖੋਲ੍ਹਿਆ !    

ਵਿਸਰਿਆ ਲੋਕ ਨਾਟ ਖਿਉੜੇ

Posted On June - 15 - 2019

ਡਾ. ਪ੍ਰਿਤਪਾਲ ਸਿੰਘ ਮਹਿਰੋਕ

ਪੰਜਾਬੀ ਲੋਕਧਾਰਾ ਵਿਚ ਲੋਕ ਨਾਟ ਦੇ ਜਿਨ੍ਹਾਂ ਰੂਪਾਂ ਤੇ ਵੰਨਗੀਆਂ ਨੇ ਲੋਕ ਮਨਾਂ ਵਿਚ ਆਪਣਾ ਸਨਮਾਨਯੋਗ ਸਥਾਨ ਬਣਾਈ ਰੱਖਿਆ ਹੈ ਉਨ੍ਹਾਂ ਵਿਚ ਖਿਉੜੇ ਦਾ ਲੋਕ ਨਾਟ ਬਹੁਤ ਘੱਟ ਜਾਣਿਆ ਜਾਂਦਾ ਹੈ। ਕਹਿੰਦੇ ਹਨ ਪਹਿਲੇ ਸਮਿਆਂ ਵਿਚ ਖਿਉੜੇ ਦਾ ਮਹੱਤਵ ਜ਼ਰੂਰ ਬਣਿਆ ਰਿਹਾ ਹੈ। ਸਵਾਲਾਂ ਜਵਾਬਾਂ ਦੇ ਲਹਿਜੇ ਵਿਚ ਲੋਕ ਧੁਨਾਂ ਉੱਪਰ ਗਾਏ ਜਾਣ ਵਾਲੇ ਵਿਸ਼ੇਸ਼ ਵੰਨਗੀ ਦੇ ਲੋਕ ਗੀਤਾਂ ਦੇ ਗਾਇਨ ਤੇ ਖੇਡੇ ਜਾਣ ਵਾਲੇ ਲੋਕ ਨਾਟ ਦੇ ਸੁਮੇਲ ਨੂੰ ਖਿਉੜੇ ਕਿਹਾ ਜਾਂਦਾ ਸੀ। ਵਿਆਹ ਦੇ ਮੌਕੇ ’ਤੇ ਔਰਤਾਂ ਦੀਆਂ ਦੋ ਟੋਲੀਆਂ ਆਹਮੋ ਸਾਹਮਣੇ ਬੈਠ ਕੇ ਹੇਕਾਂ ਲਗਾ ਲਗਾ ਕੇ ਲੋਕ ਗੀਤ ਗਾਉਂਦੀਆਂ ਸਨ ਤੇ ਨਾਟਕ ਵੀ ਖੇਡਦੀਆਂ ਸਨ। ਲੋਕ ਗੀਤਾਂ ਰਾਹੀਂ ਸਵਾਲਾਂ ਜੁਆਬਾਂ ਦਾ ਸਿਲਸਿਲਾ ਚੱਲਦਾ ਰਹਿੰਦਾ ਸੀ ਤੇ ਲੋਕ ਨਾਟ ਉਸਰਦਾ ਜਾਂਦਾ ਸੀ। ਲੋਕ ਨਾਟ ਖੇਡਦਿਆਂ ਔਰਤ ਕਲਾਕਾਰ ਇਕ ਤੋਂ ਵੱਧ ਪਾਤਰਾਂ ਦਾ ਸਵਾਂਗ ਵੀ ਰਚ ਲੈਂਦੀਆਂ ਸਨ। ਵਿਆਹ ਦੇ ਚਾਵਾਂ ਮਲਾਰਾਂ ਵਾਲੇ ਮੌਕੇ ’ਤੇ ਅਤੇ ਖੁਸ਼ੀਆਂ ਵਾਲੇ ਹੋਰ ਸ਼ੁਭ ਅਵਸਰਾਂ ’ਤੇ ਵੀ ਖਿਉੜੇ ਖੇਡੇ/ਗਾਏ ਜਾਂਦੇ ਸਨ।

ਡਾ. ਪ੍ਰਿਤਪਾਲ ਸਿੰਘ ਮਹਿਰੋਕ

ਖਿਉੜੇ ਦਾ ਲੋਕ ਨਾਟ ਖੇਡਣ ਵਾਸਤੇ ਬੜੇ ਅਜੀਬ ਤੇ ਵਿਲੱਖਣ ਕਿਸਮ ਦੇ ਸਥਾਨ ਨੂੰ ਰੰਗ ਮੰਚ ਵਜੋਂ ਵਰਤਿਆ ਜਾਂਦਾ ਸੀ। ਡਾ. ਸੋਹਿੰਦਰ ਸਿੰਘ ਵਣਜਾਰਾ ਬੇਦੀ ਅਨੁਸਾਰ ,‘ਆਹਮੋ ਸਾਹਮਣੇ ਸਥਿਤ ਦੋ ਮਕਾਨਾਂ ਦੀਆਂ ਛੱਤਾਂ ਜਾਂ ਚੌਂਤਰਿਆਂ ਉੱਤੇ ਦੋ ਟੋਲੀਆਂ ਵਿਚ ਬੈਠ ਕੇ ਔਰਤਾਂ ਨਾਟਕੀ ਸੰਵਾਦ ਉਚਾਰਦੀਆਂ ਸਨ। ਵਾਰਤਾਲਾਪਾਂ ਦਾ ਕੁਝ ਭਾਗ ਲੋਕ ਧੁਨਾਂ ਵਿਚ ਗਾ ਕੇ ਪੇਸ਼ ਕੀਤਾ ਜਾਂਦਾ ਸੀ।’ ਲੋਕ ਨਾਟ ਖੇਡਣ ਵਾਲੀਆਂ ਔਰਤਾਂ ਇਕ ਦੂਜੀ ਨੂੰ ਸੰਬੋਧਿਤ ਕਰਕੇ ਆਪਣੇ ਆਪਣੇ ਹਿੱਸੇ ਦਾ ਨਾਟਕੀ ਸੰਵਾਦ ਉਚਾਰਦੀਆਂ/ਅਲਾਪਦੀਆਂ ਸਨ। ਉਚਾਰੇ ਜਾਣ ਵਾਲੇ ਸੰਵਾਦਾਂ ਦੇ ਕੁਝ ਹਿੱਸੇ ਨੂੰ ਵਿਚ-ਵਿਚਾਲੇ ਲੋਕ ਗੀਤਾਂ ਦੀਆਂ ਧੁਨਾਂ ਉੱਪਰ ਗਾ ਕੇ ਉਹ ਜਚਵੇਂ- ਫੱਬਵੇਂ ਅੰਦਾਜ਼ ਵਿਚ ਪ੍ਰਸਤੂਤ ਕਰਦੀਆਂ ਸਨ ਤੇ ਲੋਕ ਗੀਤਾਂ ਰਾਹੀਂ ਸਵਾਲ ਜੁਆਬ ਕਰਨ ਦਾ ਖ਼ੁਸ਼ਗਵਾਰ ਮਾਹੌਲ ਸਿਰਜ ਲਿਆ ਜਾਂਦਾ ਸੀ। ਇਸ ਲੋਕ ਨਾਟ ਦੌਰਾਨ ਕਈ ਵਾਰ ਕਈ ਥਾਈਂ ਅਜਿਹੇ ਮੌਕਿਆਂ ਦੀ ਸਿਰਜਣਾ ਵੀ ਕੀਤੀ ਜਾਂਦੀ ਸੀ। ਜਦੋਂ ਨਾਇਕਾ ਕਿਸੇ ਘਰ ਦੀ ਖਿੜਕੀ ਵਿਚ ਬੈਠ ਕੇ ਟਿਕ-ਟਿਕੀ ਲਗਾ ਕੇ ਬੜੀਆਂ ਸੱਧਰਾਂ ਨਾਲ ਆਪਣੇ ਪ੍ਰੇਮੀ ਦੀ ਉਡੀਕ ਕਰ ਰਹੀ ਹੁੰਦੀ ਸੀ। ਕਈ ਵਾਰ ਉਸਦਾ ਪ੍ਰੀਤਮ ਉੱਠ ਕੇ ਉਸ ਵੱਲ ਬੜੀਆਂ ਹਸਰਤ ਭਰੀਆਂ ਨਿਗਾਹਾਂ ਨਾਲ ਵੇਖਦਿਆਂ ਹੋਇਆਂ ਉਸ ਵੱਲ ਵਧਦਾ ਸੀ ਤੇ ਉਸ ਨਾਲ ਪਿਆਰ ਭਰੇ ਮਿੱਠੜੇ ਬੋਲਾਂ ਦੀ ਸਾਂਝ ਪਾਉਂਦਾ ਸੀ। ਚਾਨਣੀਆਂ ਰਾਤਾਂ ਵਿਚ ਦੇਰ ਰਾਤ ਗਈ ਤਕ ਇਹ ਲੋਕ ਨਾਟ ਚੱਲਦਾ ਰਹਿੰਦਾ ਸੀ। ਕਹਿੰਦੇ ਹਨ ਪੁਰਾਣੇ ਵੇਲਿਆਂ ਵਿਚ ਬਹੁਤਾ ਕਰਕੇ ਅੰਮ੍ਰਿਤਸਰ ਤੇ ਲਾਹੌਰ ਵਿਚ ਖਿਉੜੇ ਖੇਡਣ ਦਾ ਚਲਨ ਵਧੇਰੇ ਪਾਇਆ ਜਾਂਦਾ ਸੀ। ਵਕਤ ਦੇ ਬਦਲਣ ਨਾਲ ਬਹੁਤ ਕੁਝ ਬਦਲ ਜਾਣਾ ਹੁੰਦਾ ਹੈ। ਬਹੁਤ ਕੁਝ ਗਵਾਚ ਜਾਂਦਾ ਹੈ। ਲੋਕ ਨਾਟ ਵੀ ਲੋਪ ਹੁੰਦੇ ਜਾ ਰਹੇ ਹਨ। ਖਿਉੜੇ ਦਾ ਲੋਕ ਨਾਟ ਲੋਕ ਚੇਤਿਆਂ ਵਿਚੋਂ ਵੀ ਆਪਣਾ ਨਾਮ, ਰੂਪ, ਰਚਨਾ, ਸੁਭਾਅ, ਸਥਾਨ ਆਦਿ ਬਹੁਤੇ ਕੁਝ ਨੂੰ ਲਗਪਗ ਗਵਾ ਚੁੱਕਿਆ ਹੈ। ਲੋਕ ਨਾਟ ਪਰੰਪਰਾ ਬਾਰੇ ਕਾਫ਼ੀ ਖੋਜ ਕਾਰਜ ਹੋਇਆ ਹੈ। ਕਈ ਹੋਰ ਲੋਕ ਨਾਟਾਂ ਉੱਪਰ ਤੇ ਖਿਉੜੇ ਲੋਕ ਨਾਟ ਉੱਪਰ ਬਹੁਤਾ ਕੰਮ ਨਹੀਂ ਹੋਇਆ। ਇਸ ਦਿਸ਼ਾ ਵੱਲ ਹੋਰ ਖੋਜ ਕਾਰਜ ਕਰਨ/ਕਰਵਾਉਣ ਵਾਸਤੇ ਸਰੋਤ ਜੁਟਾਉਣ ਦੀ ਲੋੜ ਹੈ ਜਿਨ੍ਹਾਂ ਨੂੰ ਆਧਾਰ ਬਣਾ ਕੇ ਖੋਜਾਰਥੀ ਨਿੱਠ ਕੇ ਕੰਮ ਕਰ ਸਕਣ।

ਸੰਪਰਕ : 98885-10185


Comments Off on ਵਿਸਰਿਆ ਲੋਕ ਨਾਟ ਖਿਉੜੇ
1 Star2 Stars3 Stars4 Stars5 Stars (No Ratings Yet)
Loading...
Both comments and pings are currently closed.

Comments are closed.

Available on Android app iOS app
Powered by : Mediology Software Pvt Ltd.