ਅਦਨਿਆਂ ਦੀ ਆਵਾਜ਼ ਅਤਰਜੀਤ !    ਘਿੱਕਾਂ ਪਾਸੇ ਵਾਲਾ ਧੰਨਾ ਸਿੰਘ !    ਸੀਏਏ : ਬੁੱਲ੍ਹੇ ਸ਼ਾਹ ਦੀ ਤਫ਼ਤੀਸ਼ !    ਭਾਰਤ ਦੇ ਪਹਿਲੇ ਅਖ਼ਬਾਰ ਬੰਗਾਲ ਗਜ਼ਟ ਦੀ ਕਹਾਣੀ !    ਕੈਨੇਡਾ ਵਿਚ ਮਿਨੀ ਪੰਜਾਬ !    ਭਾਰਤੀ ਪੱਤਰਕਾਰੀ ਦਾ ਯੁੱਗ ਪੁਰਸ਼ ਆਰ.ਕੇ. ਕਰੰਜੀਆ !    ਆਪਣੀ ਮੱਝ ਦਾ ਦੁੱਧ !    ਕਾਵਿ ਕਿਆਰੀ !    ਜਦੋਂ ਮੈਨੂੰ ਪੁਰਸਕਾਰ ਮਿਲਿਆ! !    ਨਿਆਂ !    

ਵਿਸ਼ਵ ਪ੍ਰਸਿੱਧ ਫੁੱਲਾਂ ਦੀ ਘਾਟੀ

Posted On June - 29 - 2019

ਜੱਗਾ ਸਿੰਘ ਆਦਮਕੇ

ਫੁੱਲਾਂ ਦੀ ਘਾਟੀ ਰਾਸ਼ਟਰੀ ਪਾਰਕ ਆਪਣੀ ਕੁਦਰਤੀ ਸੁੰਦਰਤਾ ਕਾਰਨ ‘ਫੁੱਲਾਂ ਦੀ ਘਾਟੀ’ ਦੇ ਨਾਂ ਨਾਲ ਦੇਸ਼ ਵਿਦੇਸ਼ ਵਿਚ ਪ੍ਰਸਿੱਧ ਹੈ। ਇਹ ਉੱਤਰਾਖੰਡ ਦੇ ਗੜਵਾਲ ਖੇਤਰ ਦੇ ਜ਼ਿਲ੍ਹਾ ਚਮੋਲੀ ਵਿਚ ਸਥਿਤ ਹੈ। ਅਸਲ ਵਿਚ ਇਹ ਘਾਟੀ ਨੰਦਾ ਦੇਵੀ ਰਾਸ਼ਟਰੀ ਪਾਰਕ ਦਾ ਹੀ ਹਿੱਸਾ ਹੈ। ਫੁੱਲਾਂ ਦੀ ਘਾਟੀ ਕੁਦਰਤੀ ਫੁੱਲਾਂ ਦਾ ਪਾਰਕ ਹੈ। ਇਨ੍ਹਾਂ ਫੁੱਲਾਂ ਦੇ ਪੌਦਿਆਂ ਨੂੰ ਕੋਈ ਨਹੀਂ ਬੀਜਦਾ। ਇੱਥੇ ਬਿਖਰੇ ਬੀਜਾਂ ਤੋਂ ਹਰ ਸਾਲ ਆਪਣੇ ਆਪ ਇਹ ਪੌਦੇ ਉੱਗ ਆਉਂਦੇ ਹਨ। ਇਹ ਘਾਟੀ ਪਹਿਲਾਂ ਆਮ ਲੋਕਾਂ ਦੀ ਪਛਾਣ ਤੋਂ ਦੂਰ ਸੀ। ਸਿਰਫ਼ ਸਥਾਨਕ ਲੋਕਾਂ ਨੂੰ ਹੀ ਇਸ ਸਬੰਧੀ ਜਾਣਕਾਰੀ ਸੀ। ਇਸ ਦੀ ਸਭ ਤੋਂ ਪਹਿਲਾਂ ਖੋਜ ਬਰਤਾਨਵੀ ਪਰਬਤ ਰੋਹੀ ਫਰੈਂਕ ਐੱਸ. ਸਮਿਥ ਅਤੇ ਉਸਦੇ ਸਾਥੀ ਆਰ. ਐੱਲ. ਹੋਲਡਸਵਰਥ ਨੇ 1931 ਵਿਚ ਕੀਤੀ। ਉਹ ਕਮੇਟ ਪਰਬਤ ’ਤੇ ਚੜ੍ਹਣ ਤੋਂ ਬਾਅਦ ਵਾਪਸੀ ਸਮੇਂ ਰਸਤਾ ਭਟਕਣ ਕਾਰਨ ਇਸ ਘਾਟੀ ਵਿਚ ਆ ਪਹੁੰਚੇ ਅਤੇ ਇੱਥੇ ਖਿੜੇ ਰੰਗ ਬਿਰੰਗੇ ਫੁੱਲਾਂ ਨੂੰ ਵੇਖ ਕੇ ਅਚੰਭਿਤ ਰਹਿ ਗਏ। ਇਸ ਸਥਾਨ ਦੀ ਸੁੰਦਰਤਾ ਮਾਨਣ ਲਈ ਫਰੈਂਕ ਐੱਸ. ਸਮਿਥ 1937 ਵਿਚ ਇੱਥੇ ਦੂਜੀ ਵਾਰ ਫਿਰ ਆਇਆ ਅਤੇ ਤਿੰਨ ਮਹੀਨੇ ਰਹਿ ਕੇ ਗਿਆ। ਉਸਨੇ 1938 ਵਿਚ ਇਸ ਸਬੰਧੀ ‘ਵੈਲੀ ਆਫ ਫਲਾਵਰਜ਼’ ਕਿਤਾਬ ਲਿਖੀ, ਜਿਸ ਨਾਲ ਇਹ ਘਾਟੀ ਦੇਸ਼ ਵਿਦੇਸ਼ ਵਿਚ ਪ੍ਰਸਿੱਧ ਹੋ ਗਈ। ਬਰਫ਼ਾਂ ਲੱਦੇ ਪਰਬਤਾਂ ਵਿਚਕਾਰ ਰੰਗ ਬਿਰੰਗੇ ਫੁੱਲਾਂ ਵਾਲਾ ਇਹ ਸੁੰਦਰ ਖੇਤਰ ਅੱਜ ਵਾਤਾਵਰਨ ਪ੍ਰੇਮੀਆਂ, ਫੁੱਲ ਪ੍ਰੇਮੀਆਂ, ਕੁਦਰਤੀ ਨਜ਼ਾਰਿਆਂ ਦੇ ਸ਼ੌਕੀਨ ਸੈਲਾਨੀਆਂ ਅਤੇ ਪੌਦਿਆਂ ਨਾਲ ਸਬੰਧਿਤ ਖੋਜਾਰਥੀਆਂ ਲਈ ਵਿਸ਼ੇਸ਼ ਖਿੱਚ ਦਾ ਕੇਂਦਰ ਹੈ।
ਕਿਹਾ ਜਾਂਦਾ ਹੈ ਕਿ ਇਸ ਸਥਾਨ ਦਾ ਵਰਣਨ ਰਮਾਇਣ ਅਤੇ ਮਹਾਂਭਾਰਤ ਵਿਚ ‘ਨੰਦਕਾਨਨ’ ਨਾਂ ਨਾਲ ਹੈ। ਇਸ ਸਥਾਨ ਨਾਲ ਸਬੰਧਿਤ ਪੌਰਾਣਿਕ ਕਥਾਵਾਂ ਪ੍ਰਚੱਲਿਤ ਹਨ। ਅਜਿਹੀ ਮਾਨਤਾ ਹੈ ਕਿ ਰਾਵਣ ਨਾਲ ਯੁੱਧ ਵਿਚ ਰਾਮ ਗੰਭੀਰ ਜ਼ਖ਼ਮੀ ਹੋ ਗਿਆ ਤਾਂ ਉਨ੍ਹਾਂ ਲਈ ਹਨੂੰਮਾਨ ਸੰਜੀਵਨੀ ਬੂਟੀ ਇੱਥੋਂ ਹੀ ਲੈ ਕੇ ਗਿਆ ਸੀ।
ਸਮੁੰਦਰੀ ਤਲ ਤੋਂ 3962 ਮੀਟਰ ਉਚਾਈ ’ਤੇ 87.5 ਵਰਗ ਕਿਲੋਮੀਟਰ ਵਿਚ ਫੈਲੀ ਫੁੱਲਾਂ ਦੀ ਇਸ ਘਾਟੀ ਨੂੰ 6 ਸਤੰਬਰ 1982 ਨੂੰ ਫੁੱਲਾਂ ਦੀ ਘਾਟੀ ਰਾਸ਼ਟਰੀ ਪਾਰਕ ਐਲਾਨਿਆ ਗਿਆ। ਇਸ ਸਥਾਨ ਦੀ ਮਹੱਤਤਾ ਨੂੰ ਵੇਖਦੇ ਹੋਏ 14 ਜੁਲਾਈ 2005 ਨੂੰ ਯੂਨੈਸਕੋ ਵੱਲੋਂ ਕੁਦਰਤ ਨਾਲ ਸਬੰਧਿਤ ਵਿਸ਼ਵ ਵਿਰਾਸਤ ਦਾ ਦਰਜਾ ਪ੍ਰਦਾਨ ਕੀਤਾ ਗਿਆ। ਇੱਥੇ ਦਸੰਬਰ ਤੋਂ ਮਈ ਤਕ ਬਰਫ਼ ਦੀ ਮੋਟੀ ਚਾਦਰ ਹੁੰਦੀ ਹੈ। ਅਜਿਹਾ ਹੋਣ ਕਾਰਨ ਇਹ ਘਾਟੀ 1 ਜੂਨ ਤੋਂ 31 ਅਕਤੂਬਰ ਤਕ ਸੈਲਾਨੀਆਂ ਲਈ ਖੁੱਲ੍ਹੀ ਹੁੰਦੀ ਹੈ। ਇੱਥੇ ਰਹਿਣ ਦਾ ਵੀ ਕੋਈ ਪ੍ਰਬੰਧ ਨਹੀਂ, ਇਸ ਕਰਕੇ ਸ਼ਾਮ ਨੂੰ ਪੰਜ ਵਜੇ ਤੋਂ ਪਹਿਲਾਂ ਸੈਲਾਨੀਆਂ ਨੂੰ ਵਾਪਸ ਆਉਣਾ ਪੈਂਦਾ ਹੈ।
ਜੂਨ ਤੋਂ ਅਕਤੂਬਰ ਤਕ ਦੇ ਇਸ ਸਮੇਂ ਦੌਰਾਨ ਇੱਥੇ ਵੱਖ ਵੱਖ ਤਰ੍ਹਾਂ ਦੇ ਲਗਪਗ 514 ਕਿਸਮਾਂ ਦੇ ਫੁੱਲ ਖਿੜਦੇ ਹਨ। ਲਗਪਗ ਪੰਦਰਾਂ ਦਿਨਾਂ ਬਾਅਦ ਇੱਥੇ ਖਿੜਣ ਵਾਲੇ ਫੁੱਲਾਂ ਦੀਆਂ ਕਿਸਮਾਂ ਅਤੇ ਰੰਗ ਬਦਲਦੇ ਰਹਿੰਦੇ ਹਨ। ਇੱਥੇ ਖਿੜਣ ਵਾਲੇ ਦੁਰਲੱਭ ਫੁੱਲਾਂ ਵਿਚੋਂ ਇਕ ਮਹੱਤਵਪੂਰਨ ਫੁੱਲ ਬ੍ਰਹਮ ਕਮਲ ਹੈ। ਇਹ ਫੁੱਲ ਸਤੰਬਰ ਵਿਚ ਖਿੜਦਾ ਹੈ ਅਤੇ ਆਪਣੀ ਹਲਕੀ ਹਲਕੀ ਖੁਸ਼ਬੋ ਵਿਖੇਰਦਾ ਹੈ। ਕਮਲ ਖਿੜਣ ਲਈ ਪਾਣੀ ਦੀ ਜ਼ਰੂਰਤ ਹੁੰਦੀ ਹੈ, ਪਰ ਇੱਥੇ ਕਮਲ ਬਿਨਾਂ ਪਾਣੀ ਹੀ ਪੱਥਰਾਂ ਵਿਚ ਖਿੜ ਪੈਂਦਾ ਹੈ। ਇਸ ਕਮਲ ਨੂੰ ਉੱਤਰਾਖੰਡ ਦੇ ਰਾਜ ਫੁੱਲ ਦਾ ਦਰਜਾ ਪ੍ਰਾਪਤ ਹੈ। ਇੱਥੇ ਹੋਣ ਵਾਲਾ ਇਕ ਹੋਰ ਸੁੰਦਰ ਫੁੱਲ ਨੀਲਾ ਪੋਸਤ ਹੈ। ਇਸ ਨੂੰ ਹਿਮਾਲੀ ਫੁੱਲਾਂ ਦੀ ਰਾਣੀ ਕਿਹਾ ਜਾਂਦਾ ਹੈ। ਇਹ ਮੂਲ ਰੂਪ ਵਿਚ ਜਪਾਨੀ ਫੁੱਲ ਹੈ। ਦੇਸ਼ੀ ਵਿਦੇਸ਼ੀ ਸੈਲਾਨੀ ਇਸ ਫੁੱਲ ਨੂੰ ਖ਼ਾਸ ਪਸੰਦ ਕਰਦੇ ਹਨ। ਇਸ ਤੋਂ ਇਲਾਵਾ ਵੱਖ ਵੱਖ ਰੰਗਾਂ ਅਤੇ ਕੱਦ ਵਾਲੇ ਹੋਰ ਫੁੱਲ ਖ਼ੂਬਸੂਰਤ ਨਜ਼ਾਰਾ ਪੇਸ਼ ਕਰਦੇ ਹਨ। ਇਹ ਘਾਟੀ ਜੈਵ ਵਿਭਿੰਨਤਾ ਲਈ ਪ੍ਰਸਿੱਧ ਹੈ।
ਰੰਗ ਬਿਰੰਗੇ ਸੁੰਦਰ ਫੁੱਲਾਂ ਦੇ ਨਾਲ ਨਾਲ ਇੱਥੇ ਬਹੁਤ ਸਾਰੇ ਪਸ਼ੂ ਅਤੇ ਪੰਛੀਆਂ ਦੀਆਂ ਪ੍ਰਜਾਤੀਆਂ ਵੀ ਵੇਖਣ ਨੂੰ ਮਿਲਦੀਆਂ ਹਨ। ਫੁੱਲ ਹੋਣ ਅਤੇ ਉਨ੍ਹਾਂ ’ਤੇ ਤਿਤਲੀਆਂ ਨਾ ਹੋਣ, ਅਜਿਹਾ ਕਿਵੇਂ ਹੋ ਸਕਦਾ ਹੈ? ਇਸ ਘਾਟੀ ਵਿਚ ਬਹੁਤ ਸਾਰੀਆਂ ਦੁਰਲੱਭ ਕਿਸਮ ਦੀਆਂ ਤਿਤਲੀਆਂ ਮਿਲਦੀਆਂ ਹਨ। ਫੁੱਲਾਂ ਦੀ ਘਾਟੀ ਗੋਬਿੰਦ ਘਾਟ ਤੋਂ ਹੇਮਕੁੰਟ ਸਾਹਿਬ ਨੂੰ ਜਾਣ ਵਾਲੇ ਰਸਤੇ ਤੋਂ ਕੁਝ ਹਟਵੀ ਹੈ। ਗੋਬਿੰਦ ਘਾਟ ਤੋਂ ਪੈਦਲ ਹੇਮਕੁੰਟ ਸਾਹਿਬ ਦੇ ਰਸਤੇ ਵਿਚ 13 ਕਿਲੋਮੀਟਰ ਘਾਂਗਰੀਆ ਪਿੰਡ ਤਕ ਜਾਇਆ ਜਾਂਦਾ ਹੈ ਅਤੇ ਇੱਥੋਂ ਫੁੱਲਾਂ ਦੀ ਘਾਟੀ 3 ਕਿਲੋਮੀਟਰ ਦੂਰੀ ’ਤੇ ਸਥਿਤ ਹੈ। ਘਾਂਗਰੀਆ ਪਿੰਡ ਤੋਂ ਘਾਟੀ ਨੂੰ ਜਾਂਦਾ ਇਹ ਰਸਤਾ ਕਾਫ਼ੀ ਖ਼ਤਰਨਾਕ ਅਤੇ ਤੰਗ ਹੈ। ਜਿੱਥੇ 2013 ਵਿਚ ਆਏ ਹੜ੍ਹਾਂ ਨੇ ਇਸ ਰਸਤੇ ਨੂੰ ਪੂਰੀ ਤਰ੍ਹਾਂ ਤੋੜ ਦਿੱਤਾ ਸੀ, ਉੱਥੇ ਹਰ ਸਾਲ ਘਾਟੀ ਨੂੰ ਸੈਲਾਨੀਆਂ ਲਈ ਖੋਲ੍ਹਣ ਤੋਂ ਪਹਿਲਾਂ ਇਸ ਰਸਤੇ ਦੀ ਮੁਰੰਮਤ ਕਰਨੀ ਪੈਂਦੀ ਹੈ। ਫੁੱਲਾਂ ਦੀ ਘਾਟੀ ਦਾ ਪ੍ਰਬੰਧ ਨੰਦਾ ਦੇਵੀ ਰਾਸ਼ਟਰੀ ਪਾਰਕ ਅਥਾਰਟੀ ਅਧਿਕਾਰ ਖੇਤਰ ਵਿਚ ਆਉਂਦਾ ਹੈ। ਸੈਲਾਨੀਆਂ ਦੇ ਇੱਥੇ ਜਾਣ ਲਈ ਫੀਸ ਨਿਰਧਾਰਤ ਹੈ।

ਸੰਪਰਕ: 94178-32908


Comments Off on ਵਿਸ਼ਵ ਪ੍ਰਸਿੱਧ ਫੁੱਲਾਂ ਦੀ ਘਾਟੀ
1 Star2 Stars3 Stars4 Stars5 Stars (No Ratings Yet)
Loading...
Both comments and pings are currently closed.

Comments are closed.

Manav Mangal Smart School
Available on Android app iOS app
Powered by : Mediology Software Pvt Ltd.