ਅਯੁੱਧਿਆ ਕੇਸ: ਸਾਰੇ ਸਵਾਲ ਸਾਡੇ ਤੋਂ ਹੀ ਕਿਉਂ? !    ਜਾਪਾਨ ’ਚ ਸਮੁੰਦਰੀ ਤੂਫ਼ਾਨ ਨਾਲ ਮਰਨ ਵਾਲਿਆਂ ਦੀ ਗਿਣਤੀ 56 ਹੋਈ !    ਆਵਲਾ ਖ਼ਿਲਾਫ਼ ਚੋਣ ਕਮਿਸ਼ਨ ਕੋਲ ਸ਼ਿਕਾਇਤ !    ਅਕਾਲੀ ਦਲ ਦਾ ਰਾਜਸੀ ਵਿੰਗ ਹੈ ਸ਼੍ਰੋਮਣੀ ਕਮੇਟੀ: ਰੰਧਾਵਾ !    ਗੁਰਬੱਤ ਵੀ ਨਹੀਂ ਰੋਕ ਸਕੀ ਬੂਟ ਪਾਲਿਸ਼ ਵਾਲੇ ਸਨੀ ਦਾ ਰਾਹ !    ਪੁਲੀਸ ਵੱਲੋਂ ਪਿੰਡਾਂ ’ਚ ਤਲਾਸ਼ੀ ਮੁਹਿੰਮ ਜਾਰੀ !    ਪ੍ਰਕਾਸ਼ ਪੁਰਬ ਸਮਾਗਮਾਂ ਨੂੰ ਤਾਰਪੀਡੋ ਕਰ ਰਿਹੈ ਬਾਦਲ ਦਲ: ਸਰਨਾ !    ਪਾਦਰੀ ਕੇਸ: ਮੁਹਾਲੀ ਅਦਾਲਤ ਨੇ ਨਿਰਮਲ ਤੇ ਸੁਰਿੰਦਰਪਾਲ ਭਗੌੜੇ ਐਲਾਨੇ !    ਦਿੱਲੀ ਦੇ ਚਾਰ ਸਟੇਡੀਅਮ ਸਾਰਿਆਂ ਲਈ ਖੋਲ੍ਹਣ ਦਾ ਫ਼ੈਸਲਾ !    ਪੰਜਾਬ ਨੇ ਕੌਮੀ ਸੀਨੀਅਰ ਤੇ ਜੂਨੀਅਰ ਗਤਕਾ ਚੈਂਪੀਅਨਸ਼ਿਪ ਜਿੱਤੀ !    

ਵਿਰਸੇ ਦਾ ਤਜਾਰਤੀਕਰਨ

Posted On June - 1 - 2019

ਜਤਿੰਦਰ ਸਿੰਘ

ਮਨੁੱਖ ਪਰੰਪਰਾ ਤੇ ਅਤੀਤ ਤੋਂ ਵਿਹਾਰਕ ਰੂਪ ਵਿਚ ਜੋ ਕਦਰਾਂ ਕੀਮਤਾਂ ਗ੍ਰਹਿਣ ਕਰਦਾ ਹੈ, ਉਨ੍ਹਾਂ ਕਦਰਾਂ ਕੀਮਤਾਂ ਨੂੰ ਪੀੜ੍ਹੀ ਦਰ ਪੀੜ੍ਹੀ ਅਗਾਂਹ ਤੋਰਦਾ ਹੈ। ਉਸ ਪ੍ਰਬੰਧ ਨੂੰ ਵਿਰਸੇ ਵਜੋਂ ਜਾਣਿਆ ਜਾਂਦਾ ਹੈ। ਇਹ ਵਰਤਾਰਾ ਚਿਹਨਾਤਮਕ ਸੰਚਾਰ ਦੇ ਮਾਧਿਅਮ ਵਾਲਾ ਹੁੰਦਾ ਹੈ। ਸਮੇਂ ਦੀ ਗਤੀ ਨਾਲ ਵਿਰਸਾ ਜਿਸਨੂੰ ਆਮ ਤੌਰ ’ਤੇ ਸੱਭਿਆਚਾਰ ਦੇ ਪ੍ਰਬੰਧ ਵਿਚ ਲੈ ਲਿਆ ਜਾਂਦਾ ਹੈ, ਵਿਚ ਪਰਿਵਰਤਨ ਵਾਪਰਨਾ ਸੁਭਾਵਿਕ ਹੈ। ਸੱਭਿਆਚਾਰ ਦੀਆਂ ਮੋਟੇ ਤੌਰ ’ਤੇ ਦੋ ਪਰਤਾਂ ਹਨ ਪਦਾਰਥਕ ਤੇ ਗ਼ੈਰ ਪਦਾਰਥਕ। ਜਦੋਂ ਅਸੀਂ ਓਪਰੀ ਨਜ਼ਰੇ ਝਾਤ ਮਾਰਦੇ ਹਾਂ ਤਾਂ ਉਸ ਵਿਚ ਸਾਡੀ ਨਜ਼ਰ ਸਿਰਫ਼ ਪਦਾਰਥਕ ਭਾਵ ਭੌਤਿਕ ਵਰਤਾਰੇ ਤਕ ਹੀ ਸੁੰਗੜ ਕੇ ਰਹਿ ਜਾਂਦੀ ਹੈ। ਜਿਵੇਂ ਸੱਭਿਆਚਾਰ ਦੀ ਪਛਾਣ ਦੇ ਲੱਛਣ ਕੱਪੜੇ, ਗਹਿਣੇ, ਹਾਰ ਸ਼ਿੰਗਾਰ, ਕੰਮ ਧੰਦੇ ਤੇ ਸਾਜ਼ੋ ਸਾਮਾਨ ਤਕ ਹੀ ਸੀਮਤ ਕਰ ਲਏ ਜਾਂਦੇ ਹਨ, ਪਰ ਇਨ੍ਹਾਂ ਪਿੱਛੇ ਕਾਰਜਸ਼ੀਲ ਕੀਮਤਾਂ ਤੇ ਵਿਹਾਰ ’ਤੇ ਗੌਰ ਨਹੀਂ ਕੀਤਾ ਜਾਂਦਾ।
ਪਦਾਰਥਕ ਸੱਭਿਆਚਾਰ ਵਿਚ ਆਏ ਪਰਿਵਰਤਨ ਨੂੰ ਸੱਭਿਆਚਾਰਕ ਸੰਕਟ ਸਮਝ ਲਿਆ ਜਾਂਦਾ ਹੈ। ਦੂਜੇ ਪਾਸੇ ਗ਼ੈਰ ਪਦਾਰਥਕ ਸੱਭਿਆਚਾਰ ਦਾ ਜੋ ਹਿੱਸਾ ਵਿਸ਼ਵਾਸਾਂ, ਆਦਰਸ਼ਕ ਤੇ ਵਿਆਪਕ ਨਿਯਮਾਂ, ਕਲਾ, ਸਾਹਿਤ ’ਤੇ ਟਿਕਿਆ ਹੁੰਦਾ ਹੈ, ਉਸਨੂੰ ਅੱਖੋਂ ਪਰੋਖੇ ਕਰ ਦਿੱਤਾ ਜਾਂਦਾ ਹੈ ਜਿਸ ਦੇ ਆਧਾਰ ’ਤੇ ਪਦਾਰਥਕ ਸੱਭਿਆਚਾਰ ਵੀ ਕਿਤੇ ਨਾ ਕਿਤੇ ਟਿਕਿਆ ਹੁੰਦਾ ਹੈ।
ਪੰਜਾਬੀ ਫ਼ਿਲਮ ਜਗਤ ਵਿਚ ਕੁਝ ਇਸੇ ਤਰ੍ਹਾਂ ਦੀਆਂ ਤਬਦੀਲੀਆਂ ਵਾਪਰਦੀਆਂ ਹਨ। ਇਹ ਤਬਦੀਲੀਆਂ ਇਨ੍ਹਾਂ ਫ਼ਿਲਮਾਂ ਦੇ ਅੰਦਰ ਵਾਰ ਤਕ ਹੋਣ ਤੋਂ ਪਹਿਲਾਂ ਸਿਰਲੇਖਾਂ ਰਾਹੀਂ ਹੀ ਸਮਝਣ ਦਾ ਯਤਨ ਕੀਤਾ ਜਾ ਸਕਦਾ ਹੈ। ਇਨ੍ਹਾਂ ਫ਼ਿਲਮਾਂ ਦੇ ਸਿਰਲੇਖ ‘ਮੰਜੇ ਬਿਸਤਰੇ’, ‘ਲਾਵਾਂ ਫੇਰੇ’ ‘ਪ੍ਰਾਹੁਣਾ’, ‘ਆਟੇ ਦੀ ਚਿੜੀ’, ‘ਮੁਕਲਾਵਾ’, ‘ਰੱਬ ਦਾ ਰੇਡੀਓ’, ‘ਲੌਂਗ ਲਾਚੀ’, ‘ਬੰਬੂਕਾਟ’ ਅਤੇ ‘ਨਿੱਕਾ ਜ਼ੈਲਦਾਰ’ ਆਦਿ ਹਨ। ਇਹ ਸਿਰਲੇਖ ਦਰਸ਼ਕਾਂ ਦੇ ਮਨਾਂ ਨੂੰ ਬਹੁਤ ਟੁੰਬਦੇ ਹਨ। ਇਹ ਉਨ੍ਹਾਂ ਨੂੰ ਆਪਣੇ ਵਿਰਸੇ ਤੇ ਪਰੰਪਰਾ ਦੀ ਝਾਤੀ ਮਰਾਉਂਦੇ ਹਨ ਅਤੇ ਇਨ੍ਹਾਂ ਸਿਰਲੇਖਾਂ ਰਾਹੀਂ ਵਿਰਸੇ ਤੇ ਪਰੰਪਰਾ ਦਾ ਝਾਉਲਾ ਪੈਂਦਾ ਹੈ ਤੇ ਦਰਸ਼ਕਾਂ ਦੇ ਮਨਾਂ ਅੰਦਰ ਭਰਮ ਵੀ ਸਿਰਜਦੇ ਹਨ। ਜਦੋਂ ਫ਼ਿਲਮਸਾਜ਼ ਇਸ ਤਰ੍ਹਾਂ ਦੀਆਂ ਤਕਨੀਕਾਂ ਦਾ ਸਹਾਰਾ ਲੈ ਕੇ ਕਲਾ ਦੇ ਨਮੂਨੇ ਲੋਕਾਂ ਸਾਹਮਣੇ ਪੇਸ਼ ਕਰਦੇ ਹਨ ਤਾਂ ਉਹ ਪਦਾਰਥਕ ਸੱਭਿਆਚਾਰ ਦੇ ਤੱਤਾਂ ਨੂੰ ਉਜਾਗਰ ਕਰਦੇ ਹਨ, ਪਰ ਉਸ ਪਿੱਛੇ ਕਾਰਜਸ਼ੀਲ ਕੀਮਤ ਪ੍ਰਬੰਧ ਨੂੰ ਅੱਖੋਂ ਪਰੋਖੇ ਕਰ ਦਿੰਦੇ ਹਨ। ਲੋਕਾਂ ਦੇ ਮਨਾਂ ਨੂੰ ਥੋੜ੍ਹਾ ਜਿਹਾ ਹੁਲਾਰਾ ਤਾਂ ਮਿਲਦਾ ਹੈ, ਪਰ ਫ਼ਿਲਮਾਂ ਦੇ ਵਿਸ਼ੇ ਉਸ ਸਿਰਲੇਖ ਨਾਲ ਨਿਆਂ ਨਹੀਂ ਕਰ ਪਾਉਂਦੇ। ਇਹ ਫ਼ਿਲਮਾਂ ਕਲਾ ਜਾਂ ਵਪਾਰਕ ਫ਼ਿਲਮਾਂ ਦੇ ਘੇਰੇ ਅੰਦਰ ਵੀ ਨਹੀਂ ਆਉਂਦੀਆਂ। ਜੋ ਲੋਕ ਮਨ ਅੰਦਰ ਝਾਉਲਾ ਪਾਉਂਦੀਆਂ ਇਕ ਤਰ੍ਹਾਂ ਦੇ ਭਰਮ ਭੁਲੇਖੇ ਪੈਦਾ ਕਰ ਦਿੰਦੀਆਂ ਹਨ।

ਜਤਿੰਦਰ ਸਿੰਘ

ਇਨ੍ਹਾਂ ਫ਼ਿਲਮਾਂ ਦਾ ਕਾਰਜ ਵੀ ਠੀਕ ਉਸੇ ਤਰ੍ਹਾਂ ਦਾ ਹੈ ਜਿਵੇਂ ਬਾਜ਼ਾਰੂ ਪੈਂਤੜੇਬਾਜ਼ੀ ਨੇ ਮੁਨਾਫ਼ੇ ਲਈ ਪਹਿਲਾਂ ਪਿੰਡਾਂ ਦੇ ਲੋਕਾਂ ਤੋਂ ਤਾਂਬੇ, ਪਿੱਤਲ ਦੇ ਭਾਂਡੇ ਘਰੋਂ ਬਾਹਰ ਕਢਵਾ ਦਿੱਤੇ ਅਤੇ ਬਾਅਦ ਵਿਚ ਹਵੇਲੀ ਵਰਗੇ ਰੇਸਤਰਾਵਾਂ ਦੇ ਨਾਂ ਹੇਠ ਉਨ੍ਹਾਂ ਹੀ ਭਾਂਡਿਆਂ ਵਿਚ ਮਹਿੰਗੇ ਭਾਅ ਲੋਕਾਂ ਨੂੰ ਵਿਰਸੇ ਦਾ ਹੋਕਾ ਦੇ ਕੇ ਲੁੱਟਿਆ ਜਾ ਰਿਹਾ ਹੈ। ਇਹ ਲੁੱਟ ਸਿਰਫ਼ ਖਾਣ-ਪੀਣ ਤਕ ਹੀ ਸੀਮਤ ਨਹੀਂ ਹੈ ਸਗੋਂ ਪੁਰਾਤਨ ਕੱਪੜੇ, ਹਾਰ ਸ਼ਿੰਗਾਰ, ਸਾਜ਼ੋ ਸਾਮਾਨ ਰਾਹੀਂ ਵੀ ਹੋ ਰਹੀ ਹੈ।
ਇਸ ਤਰ੍ਹਾਂ ਦੇ ਦਿਲ ਲੁਭਾਉਣ ਤੇ ਭਰਮਾਉਣ ਵਾਲੇ ਵਰਤਾਰੇ ਪਿੱਛੇ ਜੋ ਕਾਰਨ ਨਜ਼ਰ ਆਉਂਦੇ ਹਨ, ਉਨ੍ਹਾਂ ਵਿਚ ਖ਼ਾਸ ਤੌਰ ’ਤੇ ਬੰਦੇ ਦਾ ਅਤੀਤ ਨਾਲ ਸਾਂਝ ਹੋਣਾ ਹੈ। ਇਹ ਸਾਂਝ ਇਸ ਕਰਕੇ ਬਣਦੀ ਹੈ ਕਿ ਹਰੇਕ ਬੰਦੇ ਨੇ ਜੋ ਆਪਣੇ ਤਨ ਤੇ ਮਨ ਉੱਪਰ ਹੰਢਾਇਆ ਹੁੰਦਾ ਹੈ, ਉਹ ਹੀ ਉਸ ਦੀ ਯਾਦ ਵਿਚ ਬੈਠਾ ਹੁੰਦਾ ਹੈ। ਜਿਵੇਂ ਬਜ਼ੁਰਗਾਂ ਨੂੰ ਪੁੱਛਿਆ ਜਾਵੇ ਕਿ ਉਨ੍ਹਾਂ ਨੂੰ ਹੁਣ ਦਾ ਸਮਾਂ ਕਿਉਂ ਨਹੀਂ ਚੰਗਾ ਲੱਗਦਾ ਤਾਂ ਉਨ੍ਹਾਂ ਦਾ ਜੁਆਬ ਹੁੰਦਾ ਹੈ ਕਿ ਸਾਡਾ ਜ਼ਮਾਨਾ ਵਧੀਆ ਹੁੰਦਾ ਸੀ, ਭਾਵ ਉਨ੍ਹਾਂ ਨੇ ਉਹ ਜ਼ਮਾਨਾ ਆਪਣੇ ਤਨ ਤੇ ਮਨ ’ਤੇ ਹੰਢਾਇਆ ਹੁੰਦਾ ਹੈ। ਇਸ ਕਰਕੇ ਹਰੇਕ ਨੌਜਵਾਨ ਜਾਂ ਬੰਦੇ ਨੂੰ ਆਪਣਾ ਬਚਪਨ ਚੰਗਾ ਲੱਗਦਾ ਹੈ।
ਪੰਜਾਬ ਦੇ ਲੋਕ ਵੀ ਅਤੀਤ ਤੇ ਪਰੰਪਰਾ ਲਈ ਭਾਵੁਕ ਹੁੰਦੇ ਹਨ। ਕਲਾ ਤੇ ਫ਼ਿਲਮਾਂ ਦਾ ਇਹ ਫਰਜ਼ ਬਣ ਜਾਂਦਾ ਹੈ ਕਿ ਜੇ ਪਦਾਰਥਕ ਸੱਭਿਆਚਾਰ ਨੂੰ ਕਲਾ ਦਾ ਹਿੱਸਾ ਬਣਾਉਣਾ ਹੈ ਤਾਂ ਉਸ ਪਿੱਛੇ ਕਾਰਜਸ਼ੀਲ ਕੀਮਤ ਪ੍ਰਬੰਧ ਤੋਂ ਪਾਸਾ ਨਾ ਵੱਟਿਆ ਜਾਵੇ। ‘ਮੰਜੇ ਬਿਸਤਰੇ’ ਸਿਰਲੇਖ ਤੋਂ ਜੋ ਪੇਂਡੂ ਜੀਵਨ ਜਾਚ ਦਾ ਨਮੂਨਾ ਮਿਲਦਾ ਹੈ ਜਿਸ ਵਿਚ ਵਿਆਹ ਸ਼ਾਦੀ ਦੇ ਮੌਕੇ ’ਤੇ ਪਿੰਡ ਦੇ ਲੋਕਾਂ ਦੀ ਜਾਤ-ਪਾਤ, ਧਰਮ ਤੇ ਆਰਥਿਕ ਉਚ ਨੀਚ ਤੋਂ ਉੱਪਰ ਉੱਠ ਕੇ ਜੋ ਆਪਸੀ ਸਾਂਝੀਵਾਲਤਾ ਦਾ ਦ੍ਰਿਸ਼ ਉਭਰਦਾ ਹੈ, ਉਹ ਕਿਤੇ ਨਾ ਕਿਤੇ ਇਨ੍ਹਾਂ ਫ਼ਿਲਮਾਂ ਵਿਚੋਂ ਗਾਇਬ ਹੈ। ਇਸ ਤਰ੍ਹਾਂ ਦੇ ਕੀਮਤ ਪ੍ਰਬੰਧ ਤੇ ਸਾਦਗੀ ਨਾ ਹੋਣ ਦੀ ਸੂਰਤ ਵਿਚ ਫ਼ਿਲਮਾਂ ਗਹਿਰਾ, ਅਮਿੱਟ ਤੇ ਦੂਰਵਰਤੀ ਪ੍ਰਭਾਵ ਛੱਡਣ ਦੀ ਥਾਂ ਬਿਲਕੁਲ ਹੀ ਹਲਕੀ ਕਿਸਮ ਦੇ ਹਾਸਰਸ ਤੇ ਮਜ਼ਾਕ ਦਾ ਵਸੀਲਾ ਬਣ ਜਾਂਦੀਆਂ ਹਨ।

ਸੰਪਰਕ: 94174-78446


Comments Off on ਵਿਰਸੇ ਦਾ ਤਜਾਰਤੀਕਰਨ
1 Star2 Stars3 Stars4 Stars5 Stars (No Ratings Yet)
Loading...
Both comments and pings are currently closed.

Comments are closed.

Available on Android app iOS app
Powered by : Mediology Software Pvt Ltd.