ਆਜ਼ਾਦੀ ਸੰਘਰਸ਼ ਵਿੱਚ ਗੁਰੂ ਹਰੀ ਸਿੰਘ ਦਾ ਯੋਗਦਾਨ !    ਮਹਾਰਾਜਾ ਰਣਜੀਤ ਸਿੰਘ ਦੇ ਰਾਜ ਵਿੱਚ ਵਿੱਦਿਆ ਪ੍ਰਬੰਧ !    ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਸ਼ਤਾਬਦੀ ਵਰ੍ਹਾ !    ਗਾਜ਼ਾ ’ਚ ਇਜ਼ਰਾਇਲੀ ਹਵਾਈ ਹਮਲੇ ’ਚ ਇਸਲਾਮਿਕ ਕਮਾਂਡਰ ਦੀ ਮੌਤ !    ਬੀਕਾਨੇਰ: ਹਾਦਸੇ ’ਚ 7 ਮੌਤਾਂ !    ਕਸ਼ਮੀਰ ’ਚ ਪੱਤਰਕਾਰਾਂ ਵੱਲੋਂ ਪ੍ਰਦਰਸ਼ਨ !    ਉੱਤਰਾਖੰਡ ’ਚ ਭੁਚਾਲ ਦੇ ਝਟਕੇ !    ਵਿਆਹ ਕਰਾਉਣ ਤੋਂ ਨਾਂਹ ਕਰਨ ’ਤੇ ਤਾਇਕਵਾਂਡੋ ਖਿਡਾਰਨ ਨੂੰ ਗੋਲੀ ਮਾਰੀ !    ਮੁਕਾਬਲੇ ਵਿੱਚ ਦਹਿਸ਼ਤਗਰਦ ਹਲਾਕ !    ਲੋਕ ਜਨਸ਼ਕਤੀ ਪਾਰਟੀ ਝਾਰਖੰਡ ਵਿੱਚ 50 ਸੀਟਾਂ ’ਤੇ ਚੋਣ ਲੜੇਗੀ !    

ਵਿਕਾਸ ਦੀ ਸਰਹੱਦ

Posted On June - 18 - 2019

ਡਾ. ਬਨਿੰਦਰ ਰਾਹੀ

ਪਿਛਲੇ ਸਾਲ ਮੈਂ ਆਈ. ਆਈ. ਟੀ. ਖੜਗਪੁਰ ਤੋਂ ਇਕ ਕੋਰਸ ਕੀਤਾ। ਉੱਥੇ ਪ੍ਰੋ. ਮੋਹਨ ਦੱਤਾ ਤੋਂ ਪੜ੍ਹਨ ਦਾ ਸਬੱਬ ਮਿਲਿਆ। ਇਸ ਕੋਰਸ ’ਚ ਪੂਰੇ ਭਾਰਤ ਤੋਂ 35-40 ਅਧਿਆਪਕ ਆਏ ਸਨ। ਲੈਕਚਰ ਦੌਰਾਨ ਇਕ ਅਧਿਆਪਕ ਨੇ ਪੁੱਛਿਆ ਕਿ ਵਿਕਾਸ ਦੀ ਪਰਿਭਾਸ਼ਾ ਕੀ ਹੈ? ਪ੍ਰੋ. ਦੱਤਾ ਨੇ ਕਿਹਾ ਜਦੋਂ ਬੁਨਿਆਦੀ ਸਹੂਲਤਾਂ ਜਿਵੇਂ ਕਿ ਚੰਗਾ ਹਸਪਤਾਲ, ਸਿੱਖਿਆ ਸਹੂਲਤਾਂ, ਆਵਾਜਾਈ ਦੇ ਚੰਗੇ ਸਾਧਨ ਤੇ ਰੁਜ਼ਗਾਰ ਪਿੰਡਾਂ, ਕਸਬਿਆਂ ਦੇ ਨੇੜੇ ਹੋਣ ਤਾਂ ਕਿ ਇਨ੍ਹਾਂ ਬੁਨਿਆਦੀ ਸਹੂਲਤਾਂ ਲਈ ਲੋਕਾਂ ਨੂੰ ਘੰਟਿਆਂ ਬੱਧੀ ਸਫ਼ਰ ਨਾ ਕਰਨਾ ਪਵੇ, ਤਾਂ ਅਸੀਂ ਇਸਨੂੰ ਵਿਕਾਸ ਕਹਾਂਗੇ।
ਇਕ ਚੁੱਪ ਜਿਹੀ ਛਾ ਗਈ, ਪਰ ਕਿਸੇ ਵੀ ਨੇ ਅਸਹਿਮਤੀ ਨਾ ਦਿਖਾਈ। ਸਰਕਾਰਾਂ ਜ਼ਿਆਦਾਤਰ ਸ਼ਹਿਰੀਕਰਨ ਤੇ ਆਧੁਨਿਕੀਕਰਨ ਦਾ ਹਵਾਲਾ ਦੇ ਕੇ ਵਿਕਾਸ ਦਾ ਬਿਗਲ ਵਜਾਉਂਦੀਆਂ ਹਨ। ਮੈਨੂੰ ਪ੍ਰੋ. ਦੱਤਾ ਦੀ ਗੱਲ ਆਪਣੇ ਸਾਬਕਾ ਰਾਸ਼ਟਰਪਤੀ ਅਬਦੁਲ ਕਲਾਮ ਦੇ ਇਕ ਭਾਸ਼ਨ ਵਿਚ ਦਿੱਤੇ ਸੰਕਲਪ ‘ਪੂਰਾ’ – ‘ਪ੍ਰੋਵਿਜ਼ਨ ਆਫ ਅਰਬਨ ਅਮੈਨੇਟੀਜ਼ ਟੂ ਰੂਰਲ ਏਰੀਆ’ (ਪੇਂਡੂ ਖੇਤਰਾਂ ਵਿਚ ਸ਼ਹਿਰੀ ਸਹੂਲਤਾਂ ਦਾ ਪ੍ਰਬੰਧ) ਜਿਹੀ ਲੱਗੀ। ਇਹ ਰਣਨੀਤੀ ਪੇਂਡੂ ਵਿਕਾਸ ਲਈ ਦਿੱਤੀ ਸੀ। ਇਸ ਵਿਚਾਰ ਚਰਚਾ ਨੇ ਮੈਨੂੰ ਆਪਣੇ ਕਸਬੇ ਡੇਰਾ ਬਾਬਾ ਨਾਨਕ ਦੀ ਯਾਦ ਦਿਵਾ ਦਿੱਤੀ।
ਦਸਵੀਂ ਜਮਾਤ ਦੇ ਪੱਕੇ ਪੇਪਰ ਦੇਣ ਤੋਂ ਬਾਅਦ ਮੈਂ ਤੇ ਮੇਰੇ ਨਾਲ ਪੜ੍ਹਦੇ ਕਈ ਡੇਰਾ ਬਾਬਾ ਨਾਨਕ ਦੇ ਵਿਦਿਆਰਥੀਆਂ ਨੇ ਬਟਾਲਾ ਵਿਚ ਸਥਿਤ ‘ਬੇਰਿੰਗ ਕ੍ਰਿਸਚੀਅਨ ਯੂਨੀਅਨ ਕਾਲਜ’ ਵਿਖੇ ਕੋਚਿੰਗ ਕਲਾਸ ਵਿਚ ਦਾਖਲਾ ਲਿਆ। ਇਹ ਕਲਾਸਾਂ ਮੈਡੀਕਲ ਅਤੇ ਨਾਨ-ਮੈਡੀਕਲ ਦੀ ਤਿਆਰੀ ਲਈ ਸਨ। ਅਸੀਂ ਵੀ ਇਸ ਰੂੜੀਵਾਦੀ ਸੋਚ ਦੇ ਸ਼ਿਕਾਰ ਹੋਏ ਕਿ ਸਾਇੰਸ ਪੜ੍ਹਨ ਵਾਲੇ ਹੀ ਲਾਇਕ ਹੁੰਦੇ ਹਨ। ਬਾਕੀਆਂ ਦਾ ਤੇ ਪਤਾ ਨਹੀਂ ਮੈਂ ਬਾਰ੍ਹਵੀਂ ਤੋਂ ਬਾਅਦ ਆਪਣੀ ਲਾਈਨ ਬਦਲ ਲਈ।
ਅਸੀਂ ਰੋਜ਼ਾਨਾ ਸਵੇਰੇ ਚੂੰਗੀ ਤੋਂ 6 ਕੁ ਵਜੇ ਦੀ ਬੱਸ ਫੜਨੀ ਤਾਂ ਕਿ ਅਸੀਂ ਕਾਲਜ 9 ਵਜੇ ਤਕ ਪਹੁੰਚ ਸਕੀਏ। ਡੇਰਾ ਬਾਬਾ ਨਾਨਕ ਤੋਂ ਬਟਾਲੇ ਦੀ ਦੂਰੀ 28 ਕਿਲੋਮੀਟਰ ਦੀ ਹੈ। ਇਕ ਦਿਨ ਕਲਾਸ ਖ਼ਤਮ ਹੋਣ ਤੋਂ ਬਾਅਦ ਸਭ ਦੋਸਤ ਲੰਚ ਕਰ ਰਹੇ ਸਨ ਕਿ ਇਕ ਨਵੀਂ ਬਣੀ ਦੋਸਤ ਨੇ ਪੁੱਛਿਆ ਕਿ ਤੁਸੀਂ ਡੇਰਾ ਬਾਬਾ ਨਾਨਕ ਵਾਲੇ ਤੇ ਨਾਲ ਦੇ ਪਿੰਡਾਂ ਵਾਲੇ ਸਾਰੇ ਅੰਮ੍ਰਿਤਸਰ, ਗੁਰਦਾਸਪੁਰ ਜਾਂ ਬਟਾਲੇ ਹੀ ਕਿਉਂ ਆਉਂਦੇ ਹੋ, ਪਿੱਛੇ ਨੂੰ ਕਿਉਂ ਨਹੀਂ ਜਾਂਦੇ? ਸਾਡਾ ਸਾਰਿਆਂ ਦਾ ਹਾਸਾ ਨਿਕਲ ਗਿਆ ਤੇ ਮੈਂ ਕਿਹਾ ਪਿੱਛੇ ਤਾਂ ਪਾਕਿਸਤਾਨ ਹੈ ਜਿੱਥੇ ਅਸੀਂ ਜਾ ਨਹੀਂ ਸਕਦੇ।

ਡਾ. ਬਨਿੰਦਰ ਰਾਹੀ

ਪਰ ਜਦੋਂ ਇਹ ਸਵਾਲ ਮੇਰੇ ਜ਼ਹਿਨ ਵਿਚ ਆਈ. ਆਈ. ਟੀ. ਖੜਗਪੁਰ ਵਿਚ ਆਇਆ ਤਾਂ ਮੈਨੂੰ ਵਿਚਾਰਾਂ ਨੇ ਘੇਰਾ ਪਾ ਲਿਆ। ਇਹ ਸਵਾਲ ਜਿੰਨਾ ਸਾਧਾਰਨ ਸੀ, ਓਨਾ ਹੀ ਗੁੰਝਲਦਾਰ ਤੇ ਕਈ ਮੁੱਦਿਆਂ ਵੱਲ ਇਸ਼ਾਰਾ ਕਰਦਾ ਸੀ। ਅੱਜ 15 ਸਾਲ ਬਾਅਦ ਵੀ ਇਹ ਹਾਲ ਹੈ। ਡੇਰੇ ਤੋਂ ਬੱਸ ਬਟਾਲੇ ਪੁੱਜਣ ਲਈ ਆਰਾਮ ਨਾਲ ਘੰਟਾ ਡੇਢ ਘੰਟਾ ਲਾਉਂਦੀ ਹੈ, ਜੇ ਡੇਰਾ ਬਾਬਾ ਨਾਨਕ ਤੋਂ ਚੰਡੀਗੜ੍ਹ ਪਹੁੰਚਣਾ ਹੋਵੇ ਤਾਂ ਸਵੇਰੇ 3.20 ਵਜੇ ਦੀ ਬੱਸ ਫੜਨੀ ਪੈਂਦੀ ਹੈ। ਜੇ ਇਹ ਬੱਸ ਫੜਨੀ ਹੈ ਤਾਂ ਤੁਹਾਨੂੰ 3 ਵਜੇ ਬਟਾਲਾ ਚੂੰਗੀ ਜਾਂ ਅੱਡੇ ’ਤੇ ਖਲੋਣਾ ਪੈਂਦਾ ਹੈ। ਕਈ ਸਰਕਾਰਾਂ ਆਈਆਂ ਤੇ ਗਈਆਂ, ਪਰ ਕਿਸੇ ਨੇ ਕੋਸ਼ਿਸ਼ ਨਹੀਂ ਕੀਤੀ ਕਿ ਕੋਈ ਚਾਰ ਜਾਂ ਸਾਢੇ ਚਾਰ ਵਜੇ ਦੀ ਵੀ ਬੱਸ ਚੱਲਾਈਏ। ਡੇਰਾ ਬਾਬਾ ਨਾਨਕ ਰੇਲਵੇ ਸਟੇਸ਼ਨ ਦਾ ਹਾਲ ਵੀ ਮਾੜਾ ਹੀ ਹੈ। ਇਸ ਸਟੇਸ਼ਨ ਤੋਂ ਪਹਿਲਾਂ ਰੇਲ ਗੱਡੀ ਅੰਮ੍ਰਿਤਸਰ ਤੋਂ ਡੇਰਾ ਬਾਬਾ ਨਾਨਕ ਤੇ ਇੱਥੋਂ ਪਾਕਿਸਤਾਨ ਜਾਇਆ ਕਰਦੀ ਸੀ। ਫਿਰ 1947 ਦੀ ਵੰਡ ਤੋਂ ਬਾਅਦ ਡੇਰਾ ਸਟੇਸ਼ਨ ਤੋਂ ਥੋੜ੍ਹਾ ਅੱਗੇ ਜਾ ਕੇ ਲਾਈਨ ਕੱਟ ਦਿੱਤੀ ਗਈ। ਡੇਰਾ ਬਾਬਾ ਨਾਨਕ ਤੋਂ ਅੰਮ੍ਰਿਤਸਰ ਰੋਜ਼ਾਨਾ ਵਿਦਿਆਰਥੀਆਂ ਤੋਂ ਲੈ ਕੇ ਕਿਸਾਨ, ਦੋਧੀ, ਦੁਕਾਨਦਾਰ, ਆਮ ਲੋਕ ਦਰਬਾਰ ਸਾਹਿਬ ਮੱਥਾ ਟੇਕਣ ਜਾਂਦੇ ਹਨ। ਡੇਰਾ ਤੇ ਅੰਮ੍ਰਿਤਸਰ ਦੀ ਦੂਰੀ ਕੁੱਲ 48.3 ਕਿਲੋਮੀਟਰ ਦੀ ਹੈ। ਬੱਸ ਦਾ ਕਿਰਾਇਆ 69 ਰੁਪਏ ਹੈ ਤੇ ਰੇਲ ਗੱਡੀ ਦਾ 15 ਰੁਪਏ। ਗੱਡੀ 1.50 ਮਿੰਟ ਲਾਉਂਦੀ ਹੈ ਤੇ ਬੱਸ ਦੋ ਤੋਂ ਢਾਈ ਘੰਟੇ ਆਰਾਮ ਨਾਲ ਲਾਉਂਦੀ ਹੈ। ਇਨ੍ਹਾਂ ਕਾਰਨਾਂ ਕਰਕੇ ਲੋਕ ਰੇਲ ਗੱਡੀ ਨੂੰ ਤਰਜੀਹ ਦਿੰਦੇ ਹਨ, ਪਰ ਹੁਣ ਕਾਫ਼ੀ ਸਮੇਂ ਤੋਂ ਰੇਲ ਗੱਡੀ ਇਕੋ ਵਾਰੀ ਅੰਮ੍ਰਿਤਸਰ ਜਾਂਦੀ ਹੈ। ਇਸਤੋਂ ਕਾਫ਼ੀ ਲੋਕ ਔਖੇ ਹਨ। ਪਰ ਹੈਰਾਨੀ ਦੀ ਗੱਲ ਹੈ ਕਿ ਉੱਥੋਂ ਦੇ ਲੀਡਰਾਂ ਨੂੰ ਕੋਈ ਫ਼ਰਕ ਨਹੀਂ ਪੈਂਦਾ। ਲੋਕਾਂ ਨੂੰ ਆਸ ਹੈ ਕਿ ਕਰਤਾਰਪੁਰ ਲਾਂਘਾ ਸ਼ੁਰੂ ਹੋਣ ਨਾਲ ਇਸ ਇਤਿਹਾਸਕ ਕਸਬੇ ਦਾ ਵੀ ਵਿਕਾਸ ਹੋਵੇਗਾ।
ਰਾਜਨੀਤੀ ਦਾ ਮਿਆਰ ਜਿੰਨਾ ਕੁਝ ਸਾਲਾਂ ਵਿਚ ਡਿੱਗਿਆ ਹੈ ਪਹਿਲਾਂ ਏਨਾ ਬੁਰਾ ਹਾਲ ਨਹੀਂ ਸੀ। ਹੁਣ ਦੇ ਜ਼ਿਆਦਾਤਰ ਵਿਧਾਇਕਾਂ ਦਾ ਮਕਸਦ ਚੋਣਾਂ ਵਿਚ ਜਿੱਤ ਪ੍ਰਾਪਤ ਕਰਕੇ ਚੰਡੀਗੜ੍ਹ ਵਿਚ ਰਹਿਣਾ ਤੇ ਪਿੱਛੇ ਚੋਣ ਖੇਤਰ ਵਿਚ ਆਪਣੇ ਚੇਲੇ ਜੋ ਧੜੇਬਾਜ਼ੀਆਂ ਕਰਕੇ ਪਿੰਡਾਂ, ਕਸਬਿਆਂ ਵਿਚ ਫੁਕਰੀਆਂ ਮਾਰਦੇ ਫਿਰਦੇ ਹਨ, ਤਕ ਹੀ ਸੀਮਤ ਰਹਿ ਗਿਆ ਹੈ। ਜਦੋਂ ਇਹ ਵੋਟਾਂ ਮੰਗਣ ਆਉਂਦੇ ਹਨ ਤਾਂ ਓਦੋਂ ਵੋਟਰਾਂ ਨੂੰ ਆਪਣੀ ਕੀਮਤੀ ਵੋਟ ਨੂੰ ਵੇਚਣਾ ਨਹੀਂ ਚਾਹੀਦਾ ਸਗੋਂ ਆਪਣੇ ਤੇ ਆਪਣੇ ਬੱਚਿਆਂ ਲਈ ਚੰਗਾ ਸਕੂਲ, ਕਾਲਜ, ਹਸਪਤਾਲ ਤੇ ਹੋਰ ਸਹੂਲਤਾਂ ਦੀ ਮੰਗ ਕਰਨੀ ਚਾਹੀਦੀ ਹੈ ਤਾਂ ਕਿ ਅਗਲੀਆਂ ਚੋਣਾਂ ਵਿਚ ਇਨ੍ਹਾਂ ਦੀ ਜਵਾਬਦੇਹੀ ਤੈਅ ਹੋਵੇ।
ਸਾਬਕਾ ਕੇਂਦਰੀ ਵਿੱਤ ਮੰਤਰੀ ਅਰੁਣ ਜੇਟਲੀ ਨੇ ਹਾਲ ਹੀ ਵਿਚ ਆਪਣੇ ਬਿਆਨ ’ਚ ਕਿਹਾ ਕਿ 2030 ਤਕ ਭਾਰਤ ਦੁਨੀਆਂ ਦੀ ਤੀਜੀ ਸਭ ਤੋਂ ਵੱਡੀ ਅਰਥ-ਵਿਵਸਥਾ ਬਣਨ ਦੀ ਸੰਭਾਵਨਾ ਹੈ। ਮੈਨੂੰ ਇਸ ਦਾਅਵੇ ਤੋਂ ਕੋਈ ਸਮੱਸਿਆ ਨਹੀਂ ਹੈ, ਪਰ ਜਦੋਂ ਆਪਣੇ ਕਸਬੇ ਤੇ ਲਾਗਲੇ ਪਿੰਡਾਂ ਵੱਲ ਦੇਖਦੀ ਹਾਂ ਤਾਂ ਹੈਰਾਨੀ ਹੁੰਦੀ ਕਿ ਅਸੀਂ ਵੀ ਭਾਰਤ ਦਾ ਹਿੱਸਾ ਹਾਂ। ਆਜ਼ਾਦੀ ਦੇ ਲਗਪਗ 72 ਸਾਲ ਬਾਅਦ ਵੀ ਇੱਥੋਂ ਦੇ ਲੋਕਾਂ ਦੀ ਇਹ ਹਾਲਤ ਹੈ ਤਾਂ 2030 ਤਕ ਦੇਸ਼ ਕਿਵੇਂ ਵਿਸ਼ਵ ਦੀ ਤੀਜੀ ਸਭ ਤੋਂ ਵੱਡੀ ਅਰਥ ਵਿਵਸਥਾ ਬਣ ਸਕਦਾ ਹੈ।

ਸੰਪਰਕ: 98101-97763


Comments Off on ਵਿਕਾਸ ਦੀ ਸਰਹੱਦ
1 Star2 Stars3 Stars4 Stars5 Stars (No Ratings Yet)
Loading...
Both comments and pings are currently closed.

Comments are closed.

Available on Android app iOS app
Powered by : Mediology Software Pvt Ltd.