ਆਜ਼ਾਦੀ ਸੰਘਰਸ਼ ਵਿੱਚ ਗੁਰੂ ਹਰੀ ਸਿੰਘ ਦਾ ਯੋਗਦਾਨ !    ਮਹਾਰਾਜਾ ਰਣਜੀਤ ਸਿੰਘ ਦੇ ਰਾਜ ਵਿੱਚ ਵਿੱਦਿਆ ਪ੍ਰਬੰਧ !    ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਸ਼ਤਾਬਦੀ ਵਰ੍ਹਾ !    ਗਾਜ਼ਾ ’ਚ ਇਜ਼ਰਾਇਲੀ ਹਵਾਈ ਹਮਲੇ ’ਚ ਇਸਲਾਮਿਕ ਕਮਾਂਡਰ ਦੀ ਮੌਤ !    ਬੀਕਾਨੇਰ: ਹਾਦਸੇ ’ਚ 7 ਮੌਤਾਂ !    ਕਸ਼ਮੀਰ ’ਚ ਪੱਤਰਕਾਰਾਂ ਵੱਲੋਂ ਪ੍ਰਦਰਸ਼ਨ !    ਉੱਤਰਾਖੰਡ ’ਚ ਭੁਚਾਲ ਦੇ ਝਟਕੇ !    ਵਿਆਹ ਕਰਾਉਣ ਤੋਂ ਨਾਂਹ ਕਰਨ ’ਤੇ ਤਾਇਕਵਾਂਡੋ ਖਿਡਾਰਨ ਨੂੰ ਗੋਲੀ ਮਾਰੀ !    ਮੁਕਾਬਲੇ ਵਿੱਚ ਦਹਿਸ਼ਤਗਰਦ ਹਲਾਕ !    ਲੋਕ ਜਨਸ਼ਕਤੀ ਪਾਰਟੀ ਝਾਰਖੰਡ ਵਿੱਚ 50 ਸੀਟਾਂ ’ਤੇ ਚੋਣ ਲੜੇਗੀ !    

ਵਿਕਸਤ ਭਾਰਤ ਹਾਲੇ ਬੜੀ ਦੂਰ ਦੀ ਗੱਲ

Posted On June - 20 - 2019

ਨੌਜਵਾਨ ਕਲਮਾਂ

ਗੁਰਪ੍ਰੀਤ ਸਿੰਘ

ਕੋਈ ਦੇਸ਼ ਉੱਚੀਆਂ ਇਮਾਰਤਾਂ, ਚੌੜੀਆਂ ਸੜਕਾਂ, ਵਿਸ਼ਵਵਿਆਪੀ ਮੀਡੀਆ ਵਿਚ ਕੀਤੀਆਂ ਸਿਆਸੀ ਬਿਆਨਬਾਜ਼ੀਆਂ ਅਤੇ ਲੋਕ-ਲੁਭਾਉਣੀਆਂ ਸਰਕਾਰੀ ਨੀਤੀਆਂ ਦੇ ਐਲਾਨਾਂ ਨਾਲ ਹੀ ਵਿਕਸਤ ਦੇਸ਼ ਹੋਣ ਦਾ ਦਰਜਾ ਹਾਸਲ ਨਹੀਂ ਕਰ ਲੈਂਦਾ। ਇਸ ਲਈ ਲੋਕਾਂ ਨੂੰ ਬੁਨਿਆਦੀ ਸਹੂਲਤਾਂ ਦੇ ਨਾਲ ਨਾਲ ਉਨ੍ਹਾਂ ਦੀ ਸੁਰੱਖਿਆ, ਰੋਜ਼ੀ-ਰੋਟੀ, ਸਿੱਖਿਆ, ਸਿਹਤ ਅਤੇ ਨਿਆਂ-ਵਿਵਸਥਾ ਮੁਹੱਈਆ ਕਰਨ ਦੀ ਲੋੜ ਹੁੰਦੀ ਹੈ। ਨਾਲ ਹੀ ਵਿਕਸਤ ਦੇਸ਼ ਆਰਥਿਕ ਮਜ਼ਬੂਤੀ ਅਤੇ ਹਰ ਤਰ੍ਹਾਂ ਦੀ ਤਕਨੀਕ, ਮਸ਼ੀਨੀ ਸ਼ਕਤੀ ਅਤੇ ਮਨੁੱਖੀ ਸ਼ਕਤੀ ਨਾਲ ਭਰਪੂਰ ਹੋਣਾ ਚਾਹੀਦਾ ਹੈ।
ਇਸ ਸੰਦਰਭ ਵਿਚ ਜੇ ਭਾਰਤ ਦੀ ਗੱਲ ਕਰੀਏ ਤਾਂ ਇਸ ਦੇ ਵਿਕਾਸ ਦਾ ਗਰਾਫ ਸਰਕਾਰੀ ਅੰਕੜਿਆਂ ਅਨੁਸਾਰ ਤਾਂ ਭਾਵੇਂ ਉੱਪਰ ਉੱਠ ਸਕਦਾ ਹੈ ਪਰ ਅਸਲੀਅਤ ਵਿਚ ਇਹ ਦਿਨੋ-ਦਿਨ ਨਿੱਘਰ ਰਿਹਾ ਹੈ। ਲੋਕ ਪਹਿਲਾਂ ਨਾਲੋਂ ਘੱਟ ਸੁਰੱਖਿਅਤ ਇਸ ਕਰਕੇ ਹਨ ਕਿਉਂਕਿ ਸਰਮਾਇਦਾਰੀ ਨੇ ਸੱਤਾਧਾਰੀ ਸਿਆਸਤਦਾਨਾਂ ਨਾਲ ਮਿਲ ਕੇ ਆਪਣੇ ਮੁਨਾਫਿਆਂ ਨੂੰ ਵਧਾਉਣ ਖਾਤਰ ਟੈਕਨਾਲੋਜੀ/ਸਾਧਨ ਤਾਂ ਬਹੁਤ ਪੈਦਾ ਕਰ ਦਿੱਤੇ ਹਨ ਪਰ ਇਨ੍ਹਾਂ ਦੀ ਸੁਚੱਜੀ ਵਰਤੋਂ ਲਈ ਲੋੜੀਂਦੀ ਸਿਖਲਾਈ ਦੀ ਅਜੇ ਵੀ ਘਾਟ ਹੈ। ਇਹ ਟੈਕਨਾਲੋਜੀ ਆਮ ਲੋਕਾਂ ਦੀ ਪਹੁੰਚ ਤੋਂ ਅਜੇ ਕੋਹਾਂ ਦੂਰ ਹੈ।
ਸਿੱਖਿਆ ਨੀਤੀ ਦੇ ਫੇਲ੍ਹ ਹੋਣ ਦਾ ਕਾਰਨ ਸੱਤਾ ਤੇ ਕਾਬਜ਼ ਧਿਰਾਂ ਵੱਲੋਂ ਸਰਕਾਰੀ ਵਿੱਦਿਅਕ ਸੰਸਥਾਵਾਂ ਨੂੰ ਨਜ਼ਰਅੰਦਾਜ਼ ਕਰਨਾ, ਨਿਜੀ ਫਾਇਦਿਆਂ ਖਾਤਰ ਪ੍ਰਾਈਵੇਟ ਸਿੱਖਿਆ ਸੰਸਥਾਵਾਂ ਨੂੰ ਹੱਲਾਸ਼ੇਰੀ ਦੇਣੀ ਅਤੇ ਪੜ੍ਹੇ-ਲਿਖੇ ਨੌਜਵਾਨਾਂ ਲਈ ਲੋੜੀਂਦੇ ਰੋਜ਼ਗਾਰ ਦੇ ਮੌਕਿਆਂ ਦੀ ਅਣਹੋਂਦ ਹੈ, ਜਿਸ ਕਰਕੇ ਉਹ ਵਿਦੇਸ਼ਾਂ ਵੱਲ ਰੁਖ਼ ਕਰ ਰਹੇ ਹਨ। ਹਾਕਮਾਂ ਵੱਲੋਂ ਸੱਤਾ ਦੇ ਨਸ਼ੇ ਵਿਚ ਇਨਸਾਨ ਦੀ ਸੁਰੱਖਿਆ ਸਬੰਧੀ ਸਰਕਾਰੀ ਨੀਤੀਆਂ ਨੂੰ ਸਹੀ ਅਰਥਾਂ ਵਿਚ ਲਾਗੂ ਨਾ ਕਰਨਾ ਜੀਵਨ ਲਈ ਖਤਰੇ ਪੈਦਾ ਕਰ ਰਿਹਾ ਹੈ। ਆਜ਼ਾਦੀ ਤੋਂ ਬਾਅਦ ਵੀ ਨਿਆਂ-ਵਿਵਸਥਾ ਸਹੀ ਢੰਗ ਨਾਲ ਲਾਗੂ ਨਹੀਂ ਹੋਈ।

ਗੁਰਪ੍ਰੀਤ ਸਿੰਘ

ਸਮੇਂ-ਸਮੇਂ ’ਤੇ ਛੱਡੇ ਜਾਣ ਵਾਲੇ ਸਵੱਛ ਭਾਰਤ, ਡਿਜੀਟਲ ਇੰਡੀਆ ਵਰਗੇ ਸ਼ੋਸ਼ੇ ਸੱਤਾਧਾਰੀ ਸਿਆਸੀ ਪਾਰਟੀਆਂ ਦੇ ਵੋਟ ਬੈਂਕ ਪੈਦਾ ਕਰਨ ਲਈ ਕੀਤੇ ਦਕਿਆਨੂਸੀ ਪਖੰਡਾਂ ਤੋਂ ਇਲਾਵਾ ਕੁਝ ਵੀ ਨਹੀਂ। ਘਰਾਂ ਵਿਚੋਂ ਕੂੜਾ ਨਗਰ ਪਾਲਿਕਾ ਦੇ ਮੁਲਾਜ਼ਮਾਂ ਦੀ ਥਾਂ ਰੋਜ਼ੀ-ਰੋਟੀ ਖਾਤਰ ਅਖੌਤੀ ਨੀਵੀਆਂ ਜਾਤਾਂ ਦੇ ਲੋਕਾਂ ਵੱਲੋਂ ਇਕੱਠਾ ਕੀਤਾ ਜਾਂਦਾ ਹੈ। ਡਿਜੀਟਲ ਇੰਡੀਆ ਤਾਂ ਦੂਰ ਦੀ ਗੱਲ, ਸਾਡੇ ਕੋਲ ਬੁਨਿਆਦੀ ਟੈਕਨਾਲੋਜੀ ਦੀ ਵੀ ਕਮੀ ਹੈ ਜੋ ਅਵਾਮ ਲਈ ਹੋਵੇ। ਸੋਚਣ ਵਾਲੀ ਗੱਲ ਹੈ ਕਿ ਪੰਜਾਬ ਦੇ ਸੰਗਰੂਰ ਜ਼ਿਲ੍ਹੇ ਦੇ ਪਿੰਡ ਭਗਵਾਨਪੁਰਾ ਵਿਚ ਇਕ ਟਿਊਬਵੈੱਲ ਦੀ ਖੂਹੀ ਵਿਚ ਡਿੱਗੇ ਫਤਹਿਵੀਰ ਨਾਮੀ ਬੱਚੇ ਨੂੰ ਬਚਾਉਣ ਲਈ ਪ੍ਰਸ਼ਾਸਨ ਕੋਲ ਲੋੜੀਂਦੀ ਬੁਨਿਆਦੀ ਸਮੱਗਰੀ ਵੀ ਨਹੀਂ ਸੀ। ਭਾਰਤ ਵਿਚ ਵੋਟਿੰਗ ਲਈ ਮਸ਼ੀਨਾਂ (ਈ.ਵੀ.ਐਮ.) ਦੀ ਵਰਤੋਂ ਕੀਤੀ ਜਾਂਦੀ ਹੈ। ਦੂਜੇ ਪਾਸੇ ਮਸ਼ੀਨ ਦੀ ਅਣਹੋਂਦ ਕਰਕੇ ਮਨੁੱਖ ਨੂੰ ਮਰਨ ਲਈ ਛੱਡ ਦਿੱਤਾ ਜਾਂਦਾ ਹੈ। ਜੇ ਸਰਕਾਰੀ ਤੰਤਰ ਅਤੇ ਪ੍ਰਸ਼ਾਸਨ ਕੋਲ ਇਕ ਬੱਚੇ ਦੇ ਬਚਾਉ ਲਈ ਵਿਕਸਤ ਸਾਧਨ ਨਹੀਂ ਹਨ ਤਾਂ ਫਿਰ ਇੰਡੀਆ ਡਿਜੀਟਲ ਕਿਵੇਂ ਹੋ ਗਿਆ? ਉਸ ਬੱਚੇ ਦੀ ਮੌਤ ਲਈ ਕੌਣ ਜ਼ਿੰਮੇਵਾਰ ਹੈ? ਦੱਸਣ ਦੀ ਲੋੜ ਨਹੀਂ।
ਭਾਰਤੀ ਸੱਤਾ ’ਤੇ ਕਾਬਜ਼ ਧਿਰਾਂ ਕਦੇ ਵੀ ਨਹੀਂ ਚਾਹੁੰਦੀਆਂ ਕਿ ਅਵਾਮ ਪੜ੍ਹ-ਲਿਖ ਕੇ ਇੰਨਾ ਕੁ ਸਿਆਣਾ ਹੋ ਜਾਵੇ ਕਿ ਉਹ ਉਨ੍ਹਾਂ ਦੀਆਂ ਲੋਕ-ਵਿਰੋਧੀ ਅਤੇ ਸਵੈ-ਪੱਖੀ ਕੂਟਨੀਤੀਆਂ ਦਾ ਪਰਦਾ ਫਾਸ਼ ਕਰ ਸਕੇ। ਭਾਰਤ ਦੇ ਸਿਆਸਤਦਾਨ, ਅਫਸਰਸ਼ਾਹੀ, ਸਰਕਾਰੀ ਮੁਲਾਜ਼ਮ (ਵਿਸ਼ੇਸ਼ ਕਰਕੇ ਅਧਿਆਪਕ) ਅਤੇ ਹੋਰ ਕਥਿਤ ਕੁਲੀਨ ਵਰਗਾਂ ਦੇ ਬੱਚਿਆਂ ਦਾ ਸਰਕਾਰੀ ਸਕੂਲਾਂ ਵਿਚ ਨਾ ਪੜ੍ਹਨਾ ਅਤੇ ਸਰਕਾਰੀ ਹਾਸਪਤਾਲਾਂ ਵਿਚੋਂ ਆਪਣਾ ਇਲਾਜ ਨਾ ਕਰਵਾਉਣਾ ਇਨ੍ਹਾਂ ਦੀ ਸਰਕਾਰੀ ਤੰਤਰ ਅਤੇ ਪ੍ਰਸ਼ਾਸਨ ਪ੍ਰਤੀ ਬੇਭਰੋਸਗੀ ਨੂੰ ਜ਼ਾਹਰ ਕਰਦਾ ਹੈ। ਫਿਰ ਅਵਾਮ ਨੂੰ ਸਰਕਾਰੀ ਤੰਤਰ ਅਤੇ ਪ੍ਰਸ਼ਾਸਨ ਵਿਚ ਵਿਸ਼ਵਾਸ ਰੱਖਣ ਦੀ ਮੱਤ ਕਿਉਂ?
ਉਚੇਰੀ ਸਿੱਖਿਆ ਰੱਬ ਆਸਰੇ ਚੱਲ ਰਹੀ ਹੈ। ਪਿਛਲੇ 24 ਸਾਲਾਂ ਵਿਚ ਕਾਲਜ ਅਧਿਆਪਕਾਂ ਦੀ ਭਰਤੀ ਨਹੀਂ ਹੋਈ। ਜੇ ਨਾਂਮਾਤਰ ਹੋਈ ਤਾਂ ਉਨ੍ਹਾਂ ਦੀਆਂ ਸੇਵਾਵਾਂ ਨੂੰ ਠੇਕੇ ਤੋਂ ਸਥਾਈ ਸੇਵਾ ਵਿਚ ਤਬਦੀਲ ਕਰਨ ਵਾਲੀ ਗੱਲ ਜੁਮਲਾ ਹੀ ਨਿਕਲੀ। ਬਾਕੀ ਕਾਲਜਾਂ ਵਿਚ ਅਧਿਆਪਕਾਂ ਦੀ ਭਰਤੀ ਦਾ ਕੋਈ ਨਾਮੋ-ਨਿਸ਼ਾਨ ਹੀ ਨਹੀਂ। ਕਾਲਜਾਂ ਦੇ ਅਧਿਆਪਕ ਕਿਵੇਂ ਉਤਸ਼ਾਹਿਤ ਹੋਣਗੇ ਅਤੇ ਕੌਣ ਇੰਨਾ ਪੜ੍ਹ-ਲਿਖ ਕੇ ਅਧਿਆਪਕ ਬਣਨਾ ਚਾਹੇਗਾ? ਸੋਚਣ ਵਾਲੀ ਗੱਲ ਹੈ। ਲੋਕਾਂ ਨੂੰ ਜਗਰੂਕ ਕਰਨ ਲਈ ਮੁਫਤ ਸਿੱਖਿਆ ਦੇ ਨਾਲ ਨਾਲ ਜੇ ਰੁਜ਼ਗਾਰ ਦੇ ਮੌਕੇ ਪੈਦਾ ਕੀਤੇ ਜਾਣ ਤਾਂ ਉਨ੍ਹਾਂ ਦੇ ਖਾਤਿਆਂ ਵਿਚ ਪੈਸੇ ਜਮ੍ਹਾਂ ਕਰਕੇ ਅਤੇ ਨਰੇਗਾ ਵਰਗੀਆਂ ਸਕੀਮਾਂ ਚਲਾ ਕੇ ਉਨ੍ਹਾਂ ਨੂੰ ਬੌਧਿਕ ਪੱਧਰ ’ਤੇ ਅਪਾਹਜ ਕਰਨ ਦੀ ਲੋੜ ਨਹੀਂ ਪੈਣੀ।
ਹਾਕਮ, ਕੁਲੀਨ ਵਰਗ ਅਤੇ ਸਿਆਸਤਦਾਨ ਅਵਾਮ ਨੂੰ ਹਨੇਰੇ ਵਿਚ ਰੱਖਣ ਲਈ ‘ਥਿੰਕ ਟੈਂਕਾਂ’ ਦੀ ਦਿਲ ਖੋਲ੍ਹ ਕੇ ਵਰਤੋਂ ਕਰਦੇ ਹਨ। ਇਹ ਅਵਾਮ ਨੂੰ ਉਸ ਦੀਆਂ ਜ਼ਿੰਮੇਵਾਰੀਆਂ ਪ੍ਰਤੀ ਜਾਗਰੂਕ ਨਹੀਂ ਹੋਣ ਦਿੰਦੇ ਅਤੇ ਨਾਲ ਹੀ ਈ-ਮਨੀ ਅਤੇ ਡਿਜੀਟਲ ਇੰਡੀਆ ਵਰਗੀਆਂ ਚਾਲਾਂ ਚੱਲ ਕੇ ਅਸੱਭਿਅਕ ਅਤੇ ਜੰਗਲੀ ਲੋਕਾਂ ਦੇ ਦੇਸ਼ ਨੂੰ ਵਿਕਸਤ ਦੇਸ਼ ਸਾਬਿਤ ਕਰਨ ਵਿਚ ਕਾਮਯਾਬ ਹੋ ਜਾਂਦੇ ਹਨ।
ਹਿੰਦੋਸਤਾਨ ਆਪਣੇ ਕੁਦਰਤੀ ਸਾਧਨਾਂ ਅਤੇ ਗਿਆਨ ਦੀ ਪ੍ਰਾਚੀਨਤਾ ਕਰਕੇ ਦੁਨੀਆ ਭਰ ਦੇ ਅਵੱਲ ਦੇਸ਼ਾਂ ਦੀ ਕਤਾਰ ਵਿਚ ਰਿਹਾ ਹੈ। ਪਰ ਲੋਕਾਂ ਨੂੰ ਗੁੰਮਰਾਹ ਕਰਨ ਅਤੇ ਨਿਜੀ ਮੁਨਾਫਿਆਂ ਖਾਤਰ ਭਾਰਤ ਦੀਆਂ ਉਪਰੋਕਤ ਲੋਟੂ ਸ਼੍ਰੇਣੀਆਂ ਮਿਲ ਕੇ ਇਨ੍ਹਾਂ ਸਾਧਨਾਂ ਅਤੇ ਗਿਆਨ ਦੀ ਦੁਰਵਰਤੋਂ ਕਰਦੀਆਂ ਹਨ। ਭਾਰਤ ਦੇ ਸਿਆਸਤਦਾਨ ਆਪਣਾ ਵੋਟ ਬੈਂਕ ਸੁਰੱਖਿਅਤ ਰੱਖਣ ਲਈ ਦੇਸ਼ ਨੂੰ ਵਿਕਸਤ ਦੇਸ਼ ਐਲਾਨਣ ਲਈ ਪੱਬਾਂ ਭਾਰ ਹਨ। ਆਮ ਤੌਰ ’ਤੇ ਸਿਆਸਤਦਾਨ ਭਾਰਤ ਦੀ ਤੁਲਨਾ ਆਪਣੇ ਤੋਂ ਕਮਜ਼ੋਰ ਦੇਸ਼ਾਂ ਨਾਲ ਕਰਦੇ ਹਨ। ਭਾਰਤ ਦਾ ਇਤਿਹਾਸ ਵਿਦੇਸ਼ੀ ਜਾਂ ਸਵਦੇਸ਼ੀ ਪੂੰਜੀਪਤੀਆਂ ਵੱਲੋਂ ਕੀਤੀ ਗਈ ਲੁੱਟ ਦਾ ਇਤਿਹਾਸ ਹੈ। ਅਜਿਹੀ ਸਥਿਤੀ ਵਿਚ ਵੀ ਭਾਰਤ ਦੇ ਵਿਕਸਤ ਦੇਸ਼ ਹੋਣ ਦਾ ਐਲਾਨ ਕਰਨਾ ਇਕ ਡਰਾਮਾ ਹੈ, ਜੋ ਇਸ ਕਰਕੇ ਖੇਡਿਆ ਜਾਂਦਾ ਹੈ ਤਾਂ ਕਿ ਕੁਲੀਨ/ਬੁਰਜ਼ੂਆ ਵਰਗ ਅਤੇ ਸਿਆਸਤਦਾਨ ਭਾਰਤੀ ਅਵਾਮ ਦੀ ਲੁੱਟ ਕਰਕੇ ਵਿਦੇਸ਼ਾਂ ਵਿਚ ਸਰਮਾਇਆ ਜੋੜ ਸਕਣ। ਇਹ ਨਵੀਂ ਕਿਸਮ ਦਾ ਬਸਤੀਵਾਦ ਲੰਮੇ ਸਮੇਂ ਤੱਕ ਚੱਲਣ ਵਾਲਾ ਵਰਤਾਰਾ ਹੈ।
ਸਾਡੇ ਮੁਲਕ ਨੂੰ ਇੱਕੋ ਸਮੇਂ ਤਿੰਨ ਰੂਪਾਂ ਵਿਚ ਵੇਖਿਆ ਜਾ ਸਕਦਾ ਹੈ। ਪਹਿਲੇ ਰੂਪ ‘ਇੰਡੀਆ’ ਵਿਚ ਕੁਲੀਨ ਵਰਗ ਅਤੇ ਬੁਰਜ਼ੂਆ ਵਰਗ ਸਰਮਾਇਆ ਇਕੱਠਾ ਕਰਨ ਵਿਚ ਜੁਟੇ ਹਨ। ਇਨ੍ਹਾਂ ਲਈ ਇੰਡੀਆ ਦਾ ਅਵਾਮ ਕੀੜੇ-ਮਕੌੜੇ ਅਤੇ ਮਾਤਰ ਇਕ ਵਸਤੂ ਜਾਂ ਇਕਾਈ ਹੈ। ਦੂਜੇ ਰੂਪ ‘ਭਾਰਤ’ ਵਿਚ ਸੱਤਾ ਸ਼ਕਤੀ ਨੂੰ ਹਥਿਆਉਣ ਲਈ ਲੋਕਾਂ ਦੀਆਂ ਧਾਰਮਿਕ, ਸੱਭਿਆਚਾਰਕ, ਸਮਾਜਿਕ ਭਾਵਨਾਵਾਂ ਅਤੇ ਮਨੋਸਥਿਤੀ ਨਾਲ ਖਿਲਵਾੜ ਕੀਤਾ ਜਾਂਦਾ ਹੈ। ਅੱਜ 72 ਸਾਲਾਂ ਬਾਅਦ ਵੀ ‘ਪਾੜੋ ਅਤੇ ਰਾਜ ਕਰੋ’ ਦੀ ਨੀਤੀ ਤੋਂ ਨਿਜ਼ਾਤ ਨਹੀਂ ਮਿਲੀ। ਤੀਜੇ ਰੂਪ ‘ਹਿੰਦੁਸਤਾਨ’ ਦੇ ਲੋਕਾਂ ਵਿਚੋਂ ਦਲਿਤ ਵਰਗ ਆਪਣੇ ਨਾਲ ਹੋ ਰਹੀ ਧੱਕੇਸ਼ਾਹੀ ਨੂੰ ਆਪਣੀ ਹੋਣੀ ਮੰਨ ਚੁੱਕਾ ਹੈ। ਹੇਠਲਾ ਮੱਧ-ਵਰਗ ਆਪਣੀ ਹੋਂਦ ਨੂੰ ਬਰਕਰਾਰ ਰੱਖਣ ਲਈ ਸਵੈ-ਕੇਂਦ੍ਰਿਤ ਹੋ ਗਿਆ ਹੈ। ਉੱਪਰਲਾ ਮੱਧ ਵਰਗ ਅਤੇ ਪੜ੍ਹਿਆ ਲਿਖਿਆ ਵਰਗ ਸਾਰੇ ਵਰਤਾਰੇ ਪ੍ਰਤੀ ਚੇਤੰਨ ਹੁੰਦਾ ਹੋਇਆ ਵੀ ਕੋਈ ਹਾਂਪੱਖੀ ਕਿਰਦਾਰ ਨਿਭਾਉਣ ਲਈ ਤਿਆਰ ਨਹੀਂ ਹੈ। ਅਜੋਕੇ ਦੌਰ ਵਿਚ ਲੋੜ ਹੈ ਅਜਿਹੀ ਪੀੜ੍ਹੀ ਤਿਆਰ ਕਰਨ ਦੀ ਜਿਹੜੀ ਹਿੰਦੁਸਤਾਨ ਦੇ ਇਤਿਹਾਸ ਪ੍ਰਤੀ ਜਾਗਰੂਕ ਹੋਵੇ ਅਤੇ ਅਜੋਕੀਆਂ ਹਾਲਤਾਂ ਦੀ ਸੂਖਮਤਾ ਪ੍ਰਤੀ ਚੇਤੰਨ ਹੋ ਕੇ ਇਕਜੁਟ ਹੋਵੇ ਤਾਂ ਕਿ ‘ਹਿੰਦੁਸਤਾਨ’ ਦੇ ਲੋਕਾਂ ਨੂੰ ‘ਭਾਰਤ’ ਅਤੇ ‘ਇੰਡੀਆ’ ਦੇ ਲੋਕਾਂ ਤੋਂ ਮਹਿਫੂਜ਼ ਰੱਖਿਆ ਜਾ ਸਕੇ। ਭਾਰਤ ਦਾ ਵਿਕਸਤ ਦੇਸ਼ ਹੋਣਾ ਇਸ ਤੋਂ ਅਗਲਾ ਪੜਾਅ ਹੋਵੇਗਾ।

-ਪਿੰਡ ਸੰਗਰਾਣਾ, ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ।
ਸੰਪਰਕ: 96466-00666


Comments Off on ਵਿਕਸਤ ਭਾਰਤ ਹਾਲੇ ਬੜੀ ਦੂਰ ਦੀ ਗੱਲ
1 Star2 Stars3 Stars4 Stars5 Stars (No Ratings Yet)
Loading...
Both comments and pings are currently closed.

Comments are closed.

Available on Android app iOS app
Powered by : Mediology Software Pvt Ltd.