ਮਜ਼ਬੂਤ ਰੱਖਿਆ ਦੀਵਾਰ ਵਾਲਾ ਕੁੰਭਲਗੜ੍ਹ ਕਿਲ੍ਹਾ !    ਵਿਆਹ ਦੀ ਪਹਿਲੀ ਵਰ੍ਹੇਗੰਢ !    ਸੰਵਿਧਾਨ ’ਤੇ ਹਮਲੇ ਦਾ ਵਿਰੋਧ ਲਾਜ਼ਮੀ: ਸਿਧਾਰਥ ਵਰਦਰਾਜਨ !    ਆ ਆਪਾਂ ਘਰ ਬਣਾਈਏ !    ਵਿਗਿਆਨ ਗਲਪ ਦੀ ਦਸਤਾਵੇਜ਼ੀ ਲਿਖਤ !    ਮਿੰਨੀ ਕਹਾਣੀ !    ਬਹੁਪੱਖੀ ਜਾਣਕਾਰੀ ਵਾਲਾ ਸਫ਼ਰਨਾਮਾ !    ਲੋਕ ਸਰੋਕਾਰਾਂ ਦੀ ਗੱਲ !    ਬੌਲੀਵੁੱਡ ’ਚ ਭੈਣ-ਭਰਾਵਾਂ ਦਾ ਜਲਵਾ !    ‘ਸਾਂਢ ਕੀ ਆਂਖ’ ਮਹਿਲਾ ਸਸ਼ਕਤੀਕਰਨ ਦੀ ਦਾਸਤਾਨ !    

ਲੋਕ ਸਿਮ੍ਰਿਤੀ ਵਿਚ ਮਹਾਰਾਜਾ ਰਣਜੀਤ ਸਿੰਘ

Posted On June - 30 - 2019

ਡਾ. ਧਰਮ ਸਿੰਘ

ਕਿਸੇ ਵੀ ਪੂਰਬਲੇ ਹਾਕਮ ਦੇ ਉਲਟ ਮਹਾਰਾਜਾ ਰਣਜੀਤ ਸਿੰਘ ਸਬੰਧੀ ਲੋਕਧਾਰਾਈ ਸਮੱਗਰੀ ਕਾਫ਼ੀ ਮਾਤਰਾ ਵਿਚ ਮਿਲਦੀ ਹੈ ਜਿਸ ਨੂੰ ਮੁੱਖ ਤੌਰ ’ਤੇ ਦੋ ਹਿੱਸਿਆਂ ਵਿਚ ਵੰਡਿਆ ਜਾ ਸਕਦਾ ਹੈ। ਪਹਿਲੇ ਹਿੱਸੇ ਵਿਚ ਉਹ ਕਹਾਣੀਆਂ ਜਾਂ ਹਕਾਇਤਾਂ ਹਨ ਜੋ ਮਹਾਰਾਜੇ ਦੇ ਜਨਮ, ਸ਼ਖ਼ਸੀਅਤ, ਨਿੱਜੀ ਅਤੇ ਫ਼ੌਜੀ ਜੀਵਨ, ਸਖਾਵਤ, ਫ਼ਰਾਖ਼ਦਿਲੀ ਅਤੇ ਪਰਜਾ ਪਾਲਕੀ ਆਦਿ ਤੋਂ ਪ੍ਰਭਾਵਿਤ ਹੋ ਕੇ ਲੋਕ ਮਨਾਂ ਨੇ ਘੜੀਆਂ। ਇਨ੍ਹਾਂ ਵਿਚੋਂ ਕੁਝ ਹਕਾਇਤਾਂ ਇਸ ਪ੍ਰਕਾਰ ਹਨ:
ਵਿਆਹ ਤੋਂ ਕਾਫ਼ੀ ਦੇਰ ਬਾਅਦ ਵੀ ਸ. ਮਹਾਂ ਸਿੰਘ ਦੇ ਘਰ ਔਲਾਦ ਨਾ ਹੋਈ। ਸ. ਮਹਾਂ ਸਿੰਘ ਨੂੰ ਕਿਸੇ ਨੇ ਦੱਸ ਪਾਈ ਕਿ ਉਹ ਜਾਨ ਮੁਹੰਮਦ ਨਾਂ ਦੇ ਇਕ ਫ਼ਕੀਰ ਦੀ ਸੇਵਾ ਕਰੇ ਅਤੇ ਉਸ ਕੋਲੋਂ ਅਸ਼ੀਰਵਾਦ ਦੇ ਰੂਪ ਵਿਚ ਪੁੱਤਰ ਦੀ ਮੰਗ ਕਰੇ। ਇੰਜ ਹੀ ਹੋਇਆ। ਸ. ਮਹਾਂ ਸਿੰਘ ਨੇ ਅਜਿਹਾ ਹੀ ਕੀਤਾ ਤਾਂ ਫਕੀਰ ਨੇ ਖੁਸ਼ ਹੋ ਕੇ ਵਰ ਦਿੱਤਾ ਕਿ ਉਸ ਦੇ ਘਰ ਇਕ ਪੁੱਤਰ ਪੈਦਾ ਹੋਵੇਗਾ ਜੋ ਬੜਾ ਤੇਜੱਸਵੀ, ਪ੍ਰਤਾਪੀ ਤੇ ਬੀਰ ਪੁਰਸ਼ ਹੋਵੇਗਾ ਪਰ ਨਿਸ਼ਾਨੀ ਇਹ ਹੋਵੇਗੀ ਕਿ ਉਸ ਦੀ ਇਕ ਅੱਖ ਹੀ ਹੋਵੇਗੀ। ਦੂਸਰੀ ਇਹ ਕਿ ਕੰਵਰ ਨੌਨਿਹਾਲ ਸਿੰਘ ਦੀ ਸ਼ਾਦੀ ਦੇ ਮੌਕੇ ਮਹਾਰਾਜੇ ਵੱਲੋਂ ਐਲਾਨ ਕੀਤਾ ਗਿਆ ਕਿ ਇਸ ਖੁਸ਼ੀ ਦੇ ਮੌਕੇ ’ਤੇ ਹਰ ਇੱਕ ਮੰਗਤੇ ਨੂੰ ਸੋਨੇ ਦੀ ਇਕ ਇਕ ਮੋਹਰ ਦਿੱਤੀ ਜਾਵੇਗੀ। ਇਕ ਲਾਲਚੀ ਮਿਰਾਸੀ ਨੇ ਕੀੜਿਆਂ ਦਾ ਕੁੱਜਾ ਭਰਿਆ ਅਤੇ ਮਹਾਰਾਜੇ ਅੱਗੇ ਲਿਆ ਰੱਖਿਆ। ਮਹਾਰਾਜੇ ਨੇ ਕੁੱਜੇ ਵਿਚਲੀ ਚੀਜ਼ ਬਾਰੇ ਪੁੱਛਿਆ ਤਾਂ ਮਿਰਾਸੀ ਨੇ ਢੱਕਣ ਲਾਹ ਕੇ ਵਿਖਾ ਦਿੱਤਾ ਤੇ ਬੇਨਤੀ ਕੀਤੀ ਕਿ ਮਹਾਰਾਜਾ ਆਪਣੇ ਵਾਅਦੇ ਅਨੁਸਾਰ ਜੀਅ ਪ੍ਰਤੀ ਇਕ ਇਕ ਮੋਹਰ ਗਿਣ ਕੇ ਉਸ ਨੂੰ ਦੇ ਦੇਵੇ। ਮਹਾਰਾਜੇ ਨੇ ਕੀੜਿਆਂ ਦੀ ਗਿਣਤੀ ਤਾਂ ਕੀ ਕਰਨੀ ਸੀ, ਉਸਨੇ ਲਾਲਚੀ ਮਿਰਾਸੀ ਦਾ ਕੁੱਜਾ ਸੋਨੇ ਦੀਆਂ ਮੋਹਰਾਂ ਨਾਲ ਭਰਵਾ ਦਿੱਤਾ।
ਏਸੇ ਤਰ੍ਹਾਂ ਕਿਸੇ ਮਾਈ ਨੇ ਸੁਣਿਆ ਕਿ ਰਣਜੀਤ ਸਿੰਘ ਨਾਲ ਜਿਹੜੀ ਚੀਜ਼ ਛੂੰਹਦੀ ਹੈ, ਸੋਨਾ ਬਣ ਜਾਂਦੀ ਹੈ। ਲੋਭਣ ਮਾਈ ਇਕ ਦਿਨ ਰੋਟੀਆਂ ਪਕਾਉਣ ਵਾਲਾ ਤਵਾ ਲੈ ਕੇ ਬਾਹਰ ਆਣ ਖੜ੍ਹੀ ਹੋਈ। ਸੰਯੋਗ ਵੱਸ ਮਹਾਰਾਜਾ ਵੀ ਉੱਧਰੋਂ ਲੰਘ ਰਿਹਾ ਸੀ। ਸੇਵਾਦਾਰਾਂ ਦੀ ਪ੍ਰਵਾਹ ਕੀਤੇ ਬਗੈਰ ਮਾਈ ਨੇ ਤਵਾ ਮਹਾਰਾਜੇ ਨਾਲ ਘਸਾਉਣਾ ਸ਼ੁਰੂ ਕਰ ਦਿੱਤਾ। ਪੁੱਛਣ ’ਤੇ ਮਾਈ ਨੇ ਉਪਰੋਕਤ ਪਾਰਸੀ ਛੋਹ ਵਾਲੀ ਸੁਣੌਤ ਸੁਣਾ ਦਿੱਤੀ। ਮਹਾਰਾਜੇ ਨੇ ਲੋਭੀ ਮਾਈ ਦੇ ਮਨ ਦੀ ਮੁਰਾਦ ਪੂਰੀ ਕਰਨ ਵਾਸਤੇ ਤਵੇ ਦੇ ਬਰਾਬਰ ਸੋਨਾ ਤੁਲਵਾ ਕੇ ਉਸ ਨੂੰ ਦਿਵਾ ਦਿੱਤਾ। ਇਸ ਨਾਲ ਰਲਦੀ-ਮਿਲਦੀ ਛੋਟੇ ਬਾਲਾਂ ਵੱਲੋਂ ਮਹਾਰਾਜੇ ਨੂੰ ਵੱਟੇ ਮਾਰ ਕੇ ਬੇਰ ਹਾਸਲ ਕਰਨ ਵਾਲੀ ਕਹਾਣੀ ਵੀ ਮਿਲਦੀ ਹੈ।
ਇਕ ਲੜਾਈ ਸਮੇਂ ਅਟਕ ਦਰਿਆ ਪਾਰ ਕਰਨ ਦੀ ਚੁਣੌਤੀ ਸਾਹਮਣੇ ਆਈ। ਕੁਝ ਲੋਕਾਂ ਦਾ ਵਿਚਾਰ ਸੀ ਕਿ ਦਰਿਆ ਚੜ੍ਹਿਆ ਹੋਇਆ ਹੈ, ਇਸ ਲਈ ਉਸ ਦੇ ਲੱਥ ਜਾਣ ਦਾ ਇੰਤਜ਼ਾਰ ਕੀਤਾ ਜਾਵੇ, ਪਰ ਮਹਾਰਾਜਾ ਰਣਜੀਤ ਸਿੰਘ ਲਈ ਲੜਾਈ ਦੀ ਯੋਜਨਾ ਅਨੁਸਾਰ ਦਰਿਆ ਪਾਰ ਕਰਨਾ ਜ਼ਰੂਰੀ ਸੀ। ਮਹਾਰਾਜੇ ਨੇ ਅਟਕ ਅੱਗੇ ਅਰਜ਼ੋਈ ਕੀਤੀ ਕਿ ਉਹ ਅਟਕ ਜਾਵੇ ਤੇ ਉਸ ਨੂੰ ਲਾਂਘਾ ਦੇ ਦੇਵੇ। ਅਜਿਹਾ ਹੀ ਹੋਇਆ। ਰਣਜੀਤ ਸਿੰਘ ਨੇ ਠਾਠਾਂ ਮਾਰਦੇ ਦਰਿਆ ਵਿਚ ਆਪਣਾ ਘੋੜਾ ਠੇਲ੍ਹ ਦਿੱਤਾ ਤੇ ਜਿਉਂ ਹੀ ਉਸ ਨੇ ਅੱਗੇ ਵਧਣਾ ਸ਼ੁਰੂ ਕੀਤਾ, ਦਰਿਆ ਦਾ ਪਾਣੀ ਲਹਿਣਾ ਸ਼ੁਰੂ ਹੋ ਗਿਆ। ਮਹਾਰਾਜੇ ਦਾ ਆਪਣੀ ਪਰਜਾ ਨਾਲ ਕਿੰਨਾ ਪਿਆਰ ਸੀ? ਇਸ ਬਾਰੇ ‘ਪਾਂਡੀ ਪਾਤਸ਼ਾਹ’ ਵਾਲੀ ਕਹਾਣੀ ਸਰਬ-ਵਿਖਿਆਤ ਹੈ।
ਇਕ ਦਿਨ ਫ਼ਕੀਰ ਅਜ਼ੀਜ਼ੂਦੀਨ ਅਤੇ ਮਹਾਰਾਜਾ ਸੈਰ ਕਰਨ ਲਈ ਲਾਹੌਰ ਤੋਂ ਬਾਹਰ ਜਾ ਰਹੇ ਸਨ। ਰਸਤੇ ਵਿਚ ਉਨ੍ਹਾਂ ਕਿਸੇ ਛੱਕੜੇ ਉਪਰ ਕੋਈ ਚੀਜ਼ ਲੱਦੀ ਹੋਈ ਜਾਂਦੀ ਵੇਖੀ। ਇਤਫ਼ਾਕ ਨਾਲ ਮਹਾਰਾਜੇ ਦੀ ਨਜ਼ਰ ਉਸ ਛੱਕੜੇ ’ਤੇ ਪਈ ਤੇ ਉਸ ਨੇ ਫ਼ਕੀਰ ਨੂੂੰ ਹੁਕਮ ਕੀਤਾ ਕਿ ਉਹ ਪਤਾ ਕਰੇ ਕਿ ਕਿਹੜੀ ਚੀਜ਼ ਲੱਦੀ ਹੋਈ ਹੈ? ਫ਼ਕੀਰ ਨੂੰ ਦੱਸਿਆ ਗਿਆ ਕਿ ਛੱਕੜੇ ਉਪਰ ਲੱਦਿਆ ਹੋਇਆ ਕੁਰਾਨ ਸ਼ਰੀਫ ਦਾ ਇਕ ਨੁਸਖ਼ਾ ਹੈ ਜੋ ਇਕ ਕਾਤਬ ਦੀ ਵਰ੍ਹਿਆਂ ਬੱਧੀ ਮਿਹਨਤ ਦਾ ਨਤੀਜਾ ਹੈ। ਕਾਤਬ ਦਾ ਵਿਚਾਰ ਸੀ ਕਿ ਲਾਹੌਰ ਦਾ ਮਹਾਰਾਜਾ ਕਿਉਂਕਿ ਇਕ ਸਿੱਖ ਹੈ, ਇਸ ਲਈ ਉਸ ਕੋਲੋਂ ਉਸ ਦੀ ਵਰ੍ਹਿਆਂ ਬੱਧੀ ਮਿਹਨਤ ਦਾ ਕੀ ਇਵਜ਼ਾਨਾ ਮਿਲ ਸਕਦਾ ਹੈ? ਯੋਗ ਮੁਆਵਜ਼ੇ ਦੀ ਭਾਲ ਵਿਚ ਉਹ ਨੁਸਖ਼ਾ ਲੈ ਕੇ ਹੈਦਰਾਬਾਦ (ਸਿੰਧ) ਜਾ ਰਿਹਾ ਸੀ ਤਾਂ ਜੋ ਉੱਥੋਂ ਦੇ ਮੁਸਲਮਾਨ ਹਾਕਮ ਕੋਲੋਂ ਆਪਣੀ ਮਿਹਨਤ ਦਾ ਪੂਰਾ ਮੁੱਲ ਪੁਆ ਸਕੇ। ਮਹਾਰਾਜੇ ਨੇ ਕਾਤਬ ਦੀ ਗੱਲ ਸੁਣ ਕੇ ਜਿੰਨਾ ਮੁੱਲ ਉਸ ਨੇ ਮੰਗਿਆ, ਉਸ ਨੂੰ ਦੇ ਕੇ ਨੁਸਖ਼ਾ ਖਰੀਦ ਲਿਆ। ਫ਼ਕੀਰ ਅਜ਼ੀਜ਼ੂਦੀਨ ਨੇ ਪੁੱਛਿਆ ਕਿ ਨੁਸਖ਼ਾ ਉਸ ਦੇ ਕਿਸ ਕੰਮ? ਮਹਾਰਾਜੇ ਨੇ ਉੱਤਰ ਦਿੱਤਾ ਕਿ ਪਰਮਾਤਮਾ ਨੇ ਸ਼ਾਇਦ ਇਸ ਕਰਕੇ ਉਸ ਨੂੰ ਇਕ ਹੀ ਅੱਖ ਦਿੱਤੀ ਹੈ ਤਾਂ ਜੋ ਉਹ ਉਸੇ ਨਾਲ ਹੀ ਗੁਰੂੁ ਗ੍ਰੰਥ ਸਾਹਿਬ ਅਤੇ ਕੁਰਾਨ ਸ਼ਰੀਫ਼ ਵੇਖ ਸਕੇ।
ਸਿੱਖਾਂ ਦਾ ਇਕ ਵਫ਼ਦ ਮਹਾਰਾਜੇ ਨੂੰ ਮਿਲਿਆ ਤੇ ਮੁਸਲਮਾਨਾਂ ਵੱਲੋਂ ਪੰਜ ਵੇਲੇ ਦਿੱਤੀ ਜਾਂਦੀ ਅਜ਼ਾਨ ਵਿਰੁੱਧ ਸ਼ਿਕਾਇਤ ਕੀਤੀ ਅਤੇ ਮੰਗ ਕੀਤੀ ਕਿ ਇਹ ਬੰਦ ਕਰਵਾਈ ਜਾਵੇ। ਵਫ਼ਦ ਦੀ ਤਸੱਲੀ ਲਈ ਇਹ ਦੱਸਿਆ ਗਿਆ ਕਿ ਅਜ਼ਾਨ ਤਾਂ ਇਬਾਦਤ ਲਈ ਲੋਕਾਂ ਨੂੰ ਮਸੀਤ ਵਿਚ ਇਕੱਠੇ ਕਰਨ ਦਾ ਸੱਦਾ ਹੈ ਅਤੇ ਇਸ ਵਿਚ ਕੁਝ ਵੀ ਮੰਦਾ ਨਹੀਂ। ਵਫ਼ਦ ਨੇ ਮੰਗ ਨਾ ਮੰਨੀ ਤੇ ਆਪਣੀ ਜ਼ਿੱਦ ਉੱਪਰ ਅੜਿਆ ਰਿਹਾ। ਆਖ਼ਰ ਮਹਾਰਾਜੇ ਨੂੰ ਇਕ ਤਰਤੀਬ ਸੁੱਝੀ। ਉਸ ਨੇ ਵਫ਼ਦ ਵਿਚ ਆਏ ਸਿੱਖਾਂ ਨੂੰ ਕਿਹਾ ਕਿ ਦਿਨ ਵਿਚ ਪੰਜ ਵਾਰੀ, ਮੁਸਲਮਾਨਾਂ ਦੇ ਘਰਾਂ ਵਿਚ ਜਾ ਕੇ, ਇਬਾਦਤ ਵੇਲੇ, ਉਨ੍ਹਾਂ ਨੂੰ ਇੱਕਠਿਆਂ ਹੋਣ ਦਾ ਸੱਦਾ ਦਿਆ ਕਰਨ। ਵਫ਼ਦ ਉਸ ਸਮੇਂ ਤਾਂ ਮੰਨ ਗਿਆ, ਪਰ ਦਿਨ ਭਰ ਦੀ ਬੇਆਰਾਮੀ ਅਤੇ ਖੱਜਲ ਖੁਆਰੀ ਤੋਂ ਬਾਅਦ ਫਿਰ ਆਇਆ ਅਤੇ ਅਜ਼ਾਨ ਦੁਬਾਰਾ ਸ਼ੁਰੂ ਕਰਾਉਣ ਦੀ ਮੰਗ ਕੀਤੀ।
ਮਹਾਰਾਜੇ ਦੇ ਅੰਤਿਮ ਸੰਸਕਾਰ ਸਬੰਧੀ ਵੀ ਇਕ ਹਕਾਇਤ ਵਿਚ ਇਸ ਤਰ੍ਹਾਂ ਆਉਂਦਾ ਹੈ ਕਿ ਜਦ ਚਿਖਾ ਨੂੰ ਲਾਂਬੂ ਲਾਇਆ ਗਿਆ ਤਾਂ ਅਚਾਨਕ ਹੀ ਆਸਮਾਨ ਵਿਚੋਂ ਦੋ ਕਬੂਤਰ ਉੱਡਦੇ-ਉੱਡਦੇ ਚਿਖਾ ਵਿਚ ਆਣ ਪਏ ਅਤੇ ਸੜ ਕੇ ਸੁਆਹ ਹੋ ਗਏ।
ਮਹਾਰਾਜਾ ਰਣਜੀਤ ਸਿੰਘ ਬਾਰੇ ਲੋਕਧਾਰਾਈ ਸਮੱਗਰੀ ਦਾ ਦੂਜਾ ਹਿੱਸਾ ਉਸ ਬਾਰੇ ਸਿਰਜੇ ਗਏ ਕੁਝ ਲੋਕ ਗੀਤ ਹਨ। ਇਹ ਸਾਰੇ ਲੋਕ ਗੀਤ ਵੀ ਕਹਾਣੀਆਂ ਵਾਂਗ ਉਸ ਦੀ ਸ਼ਖ਼ਸੀਅਤ ਅਤੇ ਕਾਰਨਾਮਿਆਂ ਦੇ ਵੱਖ-ਵੱਖ ਪੱਖਾਂ ਬਾਰੇ ਹਨ। ਹੇਠ ਲਿਖਿਆ ਗੀਤ ਉਨ੍ਹਾਂ ਦੀ ਮਹਿਮਾ ਦਾ ਬਖਾਨ ਕਰਦਾ ਹੈ:
ਚਿੱਟੀ ਪੱਗ ਤੇ ਪੈ ਗਈ ਧੂੜ ਵੇ।
ਕਿਸੇ ਚੰਦਰੇ ਮਾਰਿਆ ਕੂੜ ਵੇ।
ਜਿਸ ਰਾਜੇ ਦੀ ਲਈ ਤੂੰ ਟੇਕ ਵੇ।
ਰਣਜੀਤ ਉਹ ਡਾਢਾ ਨੇਕ ਵੇ।
ਮਹਾਰਾਜੇ ਦੀ ਅਗਵਾਈ ਹੇਠ ਫ਼ੌਜ ਵੱਲੋਂ ਕੀਤੀ ਗਈ ਮੁਲਤਾਨ ਫ਼ਤਹਿ (1818 ਈ.) ਬਾਰੇ ਇਕ ਲੋਕ ਗੀਤ ਮਿਲਦਾ ਹੈ ਜੋ ਲੜਾਈ ਦਾ ਸਜੀਵ ਚਿੱਤਰ ਸਾਹਮਣੇ ਲਿਆਉਂਦਾ ਹੈ:
ਕਾਲ ਬੁਲੰਦੀ ਨਾਰਦ ਉਠਿਆ ਏ ਨੱਚ,
ਲਾਹੌਰੋ ਫੌਜਾਂ ਚੜ੍ਹੀਆਂ,
ਸ਼ਹਿਰ ਗਿਆ ਮੁਲਤਾਨ ਦਾ ਮੱਚ।
ਘੋੜੇ ਤੜਪਣ ਤੇ ਤੁਪਕਾਂ ਛੁੱਟਣ,
ਰਾਠਾਂ ਦੀਆਂ ਰੁਲੀਵਣ ਲਾਸ਼ਾਂ,
ਜਿਵੇਂ ਸੱਥਰ ਕਰੇਂਦੇ ਨੇ ਚਰੀਆਂ ਜੱਟ।
ਐਲੀ ਐਲੀ ਪਏ ਖਾਨ ਕਰੇਂਦੇ ਨੇ,
ਜਿਨ੍ਹਾਂ ਮਰਦਾਨਿਆਂ ਲੜ੍ਹ ਕੇ,
ਮਰਦ ਦਾ ਵਧਾਇਆ ਏ ਪੱਕ,
ਗੁੱਠਿਓ ਚੜ੍ਹੇ ਨੇ ਕਟਕ ਸਿੱਖਾਂ ਦੇ,
ਰੱਬੂ ਪਈ ਬਚਣੀ ਏ,
ਦਾਨਿਸ਼ਮੰਦਾਂ ਦੀ ਪੱਤ।
ਅਟਕੋਂ ਪਾਰ ਦਾ ਇਲਾਕਾ ਮਹਾਰਾਜਾ ਰਣਜੀਤ ਸਿੰਘ ਅਤੇ ਅਫ਼ਗਾਨਾਂ ਵਿਚਕਾਰ ਹਮੇਸ਼ਾ ਲੜਾਈਆਂ ਦਾ ਕਾਰਨ ਬਣਦਾ ਰਿਹਾ ਹੈ। ਇਸ ਕਸ਼ਮਕਸ਼ ਵਿਚ ਮਹਾਰਾਜੇ ਨੂੰ ਪੰਜ ਵਾਰ ਅਫ਼ਗਾਨਾਂ ਵਿਰੁੱਧ ਫ਼ੌਜਕਸ਼ੀ ਕਰਨੀ ਪਈ ਜਿਨ੍ਹਾਂ ਦਾ ਸਥਾਨਕ ਲੋਕਾਂ ਦੇ ਮਨਾਂ ਉਪਰ ਇਕ ਤ੍ਰਾਸ ਜੇਹਾ ਛਾਇਆ ਰਿਹਾ। ਹੇਠ ਲਿਖੇ ਬੰਦ ਵਿਚ ਅਟਕ ਫ਼ਤਹਿ ਹੋਣ ਦਾ ਜਿਕਰ ਹੈ:
ਕਤਦਿਆਂ ਕਤਦਿਆਂ ਭੈਣੋਂ ਨੀ,
ਮੇਰਾ ਮੋਢਾ ਫੁਰਿਆ,
ਭੈਣੋਂ ਦਿਉਂ ਵਧਾਈਆਂ ਨੀ,
ਸਿੰਘ ਅਟਕਾਂ ਤੋਂ ਤੁਰਿਆ।
ਮਹਾਰਾਜਾ ਰਣਜੀਤ ਸਿੰਘ ਦੇ ਦੇਹਾਂਤ ਪਿੱਛੋਂ ਜਿਹੜੀਆਂ ਦੋ ਐਗਲੋਂ ਸਿੱਖ ਲੜਾਈਆਂ ਹੋਈਆਂ, ਉਨ੍ਹਾਂ ਵਿਚ ਅਨੇਕ ਸੂਰਬੀਰ ਸ਼ਹੀਦ ਹੋ ਗਏ। ਲੜਾਈਆਂ ਵਿਚ ਸਿੱਖਾਂ ਦੀ ਹਾਰ ਦਾ ਕੀ ਕਾਰਨ ਸੀ? ਲੋਕ ਕਵੀ ਅਨੁਸਾਰ ਇਹ ਮਹਾਰਾਜੇ ਦੀ ਅਣਹੋਂਦ ਸੀ। ਅੰਗਰੇਜ਼ਾਂ ਅਤੇ ਹੋਰ ਦੋਖੀਆਂ ਦੀਆਂ ਚਾਲਾਂ ਕਾਮਯਾਬ ਹੋਈਆਂ ਅਤੇ ਸਦੀਆਂ ਦੇ ਸੰਘਰਸ਼ ਵਿਚੋਂ ਪੈਦਾ ਹੋਇਆ ਪੰਜਾਬੀਆਂ ਦਾ ਸੁਤੰਤਰ ਰਾਜ ਖੁੱਸ ਗਿਆ। ਸ਼ਾਹ ਮੁਹੰਮਦੀ ਅੰਦਾਜ਼ ਵਿਚ ਲਹੂ ਦੇ ਅੱਥਰੂ ਕੇਰਦਾ ਲੋਕ ਕਵੀ ਕਹਿੰਦਾ ਹੈ:
ਇਕ ਸਰਕਾਰ ਬਾਝੋਂ,
ਪਿਆ ਉਮਰਾਂ ਦਾ ਰੋਣਾ ਵੇ।

ਮੰਦੇ ਹਾਲ ਬੀਮਾਰਾਂ ਦੇ,
ਫੌਜਾਂ ਹਾਰ ਗਈਆਂ।
ਬੇੜੇ ਡੁੱਬ ਗਏ ਹਜ਼ਾਰਾਂ ਦੇ।
ਮਹਾਰਾਜਾ ਰਣਜੀਤ ਸਿੰਘ ਬਾਰੇ ਪ੍ਰਾਪਤ ਇਸ ਲੋਕਧਾਰਾਈ ਸਮੱਗਰੀ ਦਾ ਸੰਖੇਪ ਵਿਸ਼ਲੇਸ਼ਣ ਨਿਸ਼ਚੇ ਹੀ ਕਈ ਭਾਵਪੂਰਤ ਸਿੱਟੇ ਦ੍ਰਿਸ਼ਟੀਗੋਚਰ ਕਰਦਾ ਹੈ। ਜਾਨ ਮੁਹੰਮਦ ਦੇ ਵਰ ਨਾਲ ਰਣਜੀਤ ਸਿੰਘ ਦੇ ਪੈਦਾ ਹੋਣ ਦੀ ਕਥਾ ਲੋਕ ਮਨਾਂ ਵਿਚ ਵੱਸ ਰਹੇ ਨਾਇਕ ਦੇ ਮੱਧਕਾਲੀ ਸੰਕਲਪ ਵੱਲ ਇਸ਼ਾਰਾ ਕਰਦੀ ਹੈ ਕਿ ਉਨ੍ਹਾਂ ਦਾ ਮਹਿਬੂਬ ਨਾਇਕ ਕੋਈ ਅਸਾਧਾਰਨ ਵਿਅਕਤੀ ਹੀ ਹੋ ਸਕਦਾ ਹੈ, ਬੇਸ਼ੱਕ ਇਤਿਹਾਸਕ ਸਰੋਤਾਂ ਅਨੁਸਾਰ ਮਹਾਰਾਜੇ ਦੀ ਇਕ ਅੱਖ ਵਾਲੀ ਗੱਲ ਗ਼ਲਤ ਹੈ ਕਿਉਂਕਿ ਉਹ ਚੇਚਕ ਦੀ ਬਿਮਾਰੀ ਨਾਲ ਜ਼ਾਇਆ ਹੋਈ ਸੀ। ਮੱਧਕਾਲ ਦੇ ਬਹੁਤੇ ਨਾਇਕਾਂ ਦਾ ਜਨਮ ਵਰਦਾਨ ਦਾ ਸਿੱਟਾ ਹੈ। ਅਟਕ ਦਰਿਆ ਦੇ ਰਾਹ ਦੇਣ ਦੀ ਗੱਲ ਮਹਾਰਾਜੇ ਦੇ ਦ੍ਰਿੜ੍ਹ ਆਤਮ-ਵਿਸ਼ਵਾਸ, ਨਿਸਚੈ ਅਤੇ ਮੁਸੀਬਤ ਵਿਚ ਨਾ ਘਬਰਾਉਣ ਦੀ ਰੁਚੀ ਦਾ ਬੋਧ ਕਰਾਉਂਦੀ ਹੈ। ਮਿਰਾਸੀ ਅਤੇ ਲੋਭਣ ਮਾਈ ਦੀਆਂ ਕਹਾਣੀਆ ਵਿਚੋਂ ਉਸ ਦੇ ਦਾਨੀ ਅਤੇ ਸਖੀ ਹੋਣ ਦੀ ਝਲਕ ਮਿਲਦੀ ਹੈ। ਪਾਂਡੀ ਪਾਤਸ਼ਾਹ ਦੀ ਕਥਾ ਉਸ ਦੀ ਪਰਜਾ-ਪਾਲਕੀ ਵੱਲ ਸੰਕੇਤ ਕਰਦੀ ਹੈ। ਕੁਰਾਨ ਮਜੀਦ ਦਾ ਨੁਸਖ਼ਾ ਖਰੀਦਣਾ ਅਤੇ ਅਜ਼ਾਨ ਬੰਦ ਨਾ ਕਰਨਾ ਮਹਾਰਾਜਾ ਰਣਜੀਤ ਸਿੰਘ ਦੀ ਧਾਰਮਿਕ ਰਵਾਦਾਰੀ ਅਤੇ ਸਹਿਣਸ਼ੀਲਤਾ ਦੀਆਂ ਠੋਸ ਉਦਾਹਰਨਾਂ ਹਨ। ਬਲਦੀ ਚਿਖਾ ਵਿਚ ਦੋ ਕਬੂਤਰਾਂ ਦਾ ਸੜ ਮਰਨਾ ਪਰਜਾ ਵਿਚ ਉਸ ਦੀ ਮਕਬੂਲੀਅਤ ਅਤੇ ਵਿਆਕੁਲਤਾ ਦੀ ਅਲਾਮਤ ਹੈ। ਸਾਰੰਸ਼ ਰੂਪ ਵਿਚ ਕਿਹਾ ਜਾ ਸਕਦਾ ਹੈ ਕਿ ਲੋਕਧਾਰਾਈ ਮਹਾਰਾਜਾ ਰਣਜੀਤ ਸਿੰਘ, ਇਤਿਹਾਸਕ ਰਣਜੀਤ ਸਿੰਘ ਦਾ ਹੀ ਪ੍ਰਤਉ ਹੈ। ਲੋਕ ਮਨਾਂ ਨੇ ਰਣਜੀਤ ਸਿੰਘ ਨੂੰ ਇਤਿਹਾਸ ਦੇ ਦਾਇਰੇ ਵਿਚੋਂ ਕੱਢ ਕੇ ਅਰਧ ਪੌਰਾਣਿਕ ਬਣਾ ਧਰਿਆ ਹੈ। ਇਹ ਯਾਤਰਾ ਨਿਸ਼ਚੇ ਹੀ ਮਹਾਰਾਜੇ ਦੀ ਚਿਰਜੀਵੀ ਪ੍ਰਾਪਤੀ ਹੈ। ਲੋਕ ਗੀਤਾਂ ਵਿਚ ਵੀ ਅਜਿਹੀਆਂ ਹੀ ਸੁਰਾਂ ਸੁਣਾਈ ਦਿੰਦੀਆਂ ਹਨ। ਮਹਾਰਾਜਾ ਰਣਜੀਤ ਸਿੰਘ ਦਾ ਬਿੰਬ ਤਿੰਨ ਧਰਾਤਲਾਂ ਉਪਰ ਅੰਕਿਤ ਹੋਇਆ ਮਿਲਦਾ ਹੈ। ਇਕ ਇਤਿਹਾਸ ਦੀਆਂ ਪੁਸਤਕਾਂ ਵਿਚ, ਦੂਜਾ ਉਸ ਦੇ ਸਮਕਾਲੀ, ਨਿਕਟ ਸਮਕਾਲੀ ਕਵੀਆਂ ਦੇ ਮਨ ਵਿਚੋਂ ਉਪਜੇ ਕਾਵਿ ਵਲਵਲਿਆਂ ਦੇ ਰੂਪ ਵਿਚ ਅਤੇ ਤੀਜਾ ਲੋਕ ਸਿਮ੍ਰਿਤੀ ਵਿਚ। ਦਿਲਚਸਪ ਗੱਲ ਹੈ ਕਿ ਇਨ੍ਹਾਂ ਵਿਚ ਕੋਈ ਵਿਰੋਧ ਨਹੀਂ ਸਗੋਂ ਇਹ ਇਕ ਦੂਜੇ ਦੇ ਪੂਰਕ ਹਨ। ਮੱਧਕਾਲੀ ਪੰਜਾਬ ਦੇ ਸੰਦਰਭ ਵਿਚ ਬਾਬਾ ਫ਼ਰੀਦ ਅਤੇ ਗੁਰੂੁ ਸਾਹਿਬਾਨ ਤੋਂ ਪਿੱਛੋਂ ਮਹਾਰਾਜਾ ਰਣਜੀਤ ਸਿੰਘ ਹੀ ਅਜਿਹਾ ਵਿਅਕਤੀ ਹੈ ਜਿਸ ਦਾ ਅਸਰ ਲੋਕ ਮਨਾਂ ਵਿਚ ਅੱਜ ਵੀ ਅਮਿੱਟ ਹੈ।

ਸੰਪਰਕ: 98889-39808


Comments Off on ਲੋਕ ਸਿਮ੍ਰਿਤੀ ਵਿਚ ਮਹਾਰਾਜਾ ਰਣਜੀਤ ਸਿੰਘ
1 Star2 Stars3 Stars4 Stars5 Stars (No Ratings Yet)
Loading...
Both comments and pings are currently closed.

Comments are closed.

Available on Android app iOS app
Powered by : Mediology Software Pvt Ltd.