ਗੰਨਮੈਨ 38, ਖ਼ਰਚਾ 18 ਲੱਖ !    ਕੌਮਾਂਤਰੀ ਮੁੱਕੇਬਾਜ਼ੀ ਐਸੋਸੀਏਸ਼ਨ ਵੱਲੋਂ ਇਟਲੀ ਵਿੱਚ ਯੂਰਪੀ ਫੋਰਮ ਰੱਦ !    ਟੋਕੀਓ ਓਲੰਪਿਕ: ਤੈਅ ਪ੍ਰੋਗਰਾਮ ਮੁਤਾਬਕ ਹੋਣਗੀਆਂ ਖੇਡਾਂ: ਰਿਜਿਜੂ !    ‘ਆਪ’ ਵਿਧਾਇਕਾਂ ਵੱਲੋਂ ਵਿਧਾਨ ਸਭਾ ਅੱਗੇ ਪ੍ਰਦਰਸ਼ਨ !    ਕਰੋਨਾਵਾਇਰਸ: ਮੁੱਢਲੀ ਜਾਣਕਾਰੀ ਤੇ ਉਪਾਅ !    ਛਾਤੀ ਵਿੱਚ ਭਾਰਾਪਣ ਹੋਣਾ ਗੰਭੀਰ ਸੰਕੇਤ !    ਸਿੱਖ ਇਤਿਹਾਸ ਦਾ ਉੜੀਆ ’ਚ ਅਨੁਵਾਦ ਕਰਨ ਵਾਲੀ ਸਾਧਨਾ ਪਾਤਰੀ ਦਾ ਸਨਮਾਨ !    ਬੱਚੇ ਦੀ ਮੌਤ: ਸਿਹਤ ਮੰਤਰੀ ਨੇ ਡਾਕਟਰ ਜੋੜੇ ਦੀ ਮੁਅੱਤਲੀ ਦੇ ਹੁਕਮ ਵਾਪਸ ਲਏ !    ਦੋਹਰੇ ਕਤਲ ਕਾਂਡ ਮਾਮਲੇ ਦਾ ਮੁੱਖ ਮੁਲਜ਼ਮ ਗ੍ਰਿਫ਼ਤਾਰ !    ਜਵਾਨੀ ਦੇ ਅਵੱਲੇ ਜੋਸ਼ ’ਚ ਹੋਸ਼ ਰੱਖਣਾ ਵੀ ਜ਼ਰੂਰੀ !    

ਲੋਕਾਂ ਦਾ ਨਾਟਕਕਾਰ ਪ੍ਰੋ. ਅਜਮੇਰ ਸਿੰਘ ਔਲਖ

Posted On June - 15 - 2019

ਸੁਪਨਦੀਪ

ਅਜਮੇਰ ਸਿੰਘ ਔਲਖ ਦੀਆਂ ਲਿਖਤਾਂ ਨਾਲ ਪੰਜਾਬੀ ਨਾਟਕ ਨੇ ਨਵੀਆਂ ਸਿਖਰਾਂ ਛੋਹੀਆਂ। ਨਾਟਕਕਾਰ ਹੋਣ ਦੇ ਨਾਲ ਨਾਲ ਉਨ੍ਹਾਂ ਦਾ ਵੱਡਾ ਉੱਦਮ ਨਾਟਕ ਨੂੰ ਪਿੰਡਾਂ ਦੇ ਲੋਕਾਂ ਤਕ ਲੈ ਕੇ ਜਾਣ ਦਾ ਸੀ। ਪੇਸ਼ ਹਨ, ਉਨ੍ਹਾਂ ਦੀ ਬਰਸੀ ਮੌਕੇ ਉਨ੍ਹਾਂ ਦੀ ਧੀ ਸੁਪਨਦੀਪ ਦੀਆਂ ਯਾਦਾਂ:

ਤੰਗੀਆਂ-ਤੁਰਸ਼ੀਆਂ ਅਤੇ ਕੌੜੇ ਅਨੁਭਵਾਂ ਨੇ ਬਚਪਨ ਵਿੱਚ ਹੀ ਡੈਡੀ ਦੇ ਦਿਲ ਅੰਦਰ ਰੋਹ ਦੇ ਬੀਜ ਬੀਜ ਦਿੱਤੇ। ਆਪਣੇ ਬਚਪਨ ਵਿੱਚ ਹੀ ਕਠੋਰ ਅਤੇ ਮਾਨਵ ਵਿਰੋਧੀ ਵਰਤਾਰਿਆਂ ਨੇ ਸੀਨੇ ਅੰਦਰ ਅਜਿਹੀ ਅੱਗ ਪੈਦਾ ਕੀਤੀ ਕਿ ਫਿਰ ਛੇਤੀ ਹੀ ਬਾਲ ਸੂਝ ਮੁਤਾਬਿਕ ਛੋਟੀਆਂ-ਛੋਟੀਆਂ ਤੁਕਬੰਦੀਆਂ ਕਰਦਿਆਂ ਸਿਸਟਮ ਵਿਰੋਧੀ ਕਾਵਿ-ਤੁਕਾਂ ਲਿਖੀਆਂ ਅਤੇ ਗਾਈਆਂ। ਜਾਗੀਰਦਾਰੀ ਸਿਸਟਮ ਸੀ ਅਤੇ ਮੁਜ਼ਾਰਿਆਂ ਦੀ ਹਾਲਤ ਬਹੁਤ ਹੀ ਮਾੜੀ ਸੀ। ਅਜਿਹੇ ਹੀ ਮੁਜ਼ਾਰਾ ਪਰਿਵਾਰ ਵਿੱਚ ਪੈਦਾ ਹੋਏ ਸਨ, ਡੈਡੀ। ਪੜ੍ਹਨ ਦੀ ਬੜੀ ਲਗਨ ਸੀ, ਆਰਥਿਕ ਸਥਿਤੀ ਦੇਖਦਿਆਂ ਮਾਂ ਬੇਵੱਸ ਤਾਂ ਸੀ ਪਰ ਫਿਰ ਵੀ ਉਸ ਨੇ ਆਪਣੇ ਪੁੱਤਰ ਨੂੰ ਹੱਲਾ-ਸ਼ੇਰੀ ਦਿੱਤੀ ਤੇ ਕਿਵੇਂ ਨਾ ਕਿਵੇਂ ਪੜ੍ਹਾਈ ਦਾ ਜੁਗਾੜ ਕਰਦੀ ਰਹੀ।
ਪਟਿਆਲੇ ਰਹਿੰਦਿਆਂ ਆਪ ਹੀ ਅਗਲੇਰੀ ਪੜ੍ਹਾਈ ਲਈ ਟਿਊਸ਼ਨਾਂ ਕਰਕੇ ਫੀਸਾਂ ਦਾ ਪ੍ਰਬੰਧ ਕੀਤਾ ਤੇ ਇਉਂ ਕਰਦਿਆਂ ਕਰਾਉਂਦਿਆਂ ਨਹਿਰੂ ਮੈਮੋਰੀਅਲ ਕਾਲਜ ਮਾਨਸਾ ਵਿਚ ਪੰਜਾਬੀ ਦੇ ਲੈਕਚਰਾਰ ਲੱਗ ਗਏ। ਕੁੱਝ ਸਮੇਂ ਬਾਅਦ ਸੱਭਿਆਚਾਰਕ ਗਤੀਵਿਧੀਆਂ ਦੇ ਇੰਚਾਰਜ ਹੋਣ ਕਰਕੇ ਕਾਲਜ ਦੇ ਵਿਦਿਆਰਥੀਆਂ ਨੂੰ ਸਕਿੱਟਾਂ ਅਤੇ ਨਾਟਕ ਕਰਵਾਉਂਣੇ ਸ਼ੁਰੂ ਕਰ ਦਿੱਤੇ। ਬਾਲ ਉਮਰੇ ਹੰਢਾਈਆਂ ਤਲਖ-ਹਕੀਕਤਾਂ, ਕਿਸਾਨਾਂ, ਮਜ਼ਦੂਰਾਂ ਤੇ ਗ਼ਰੀਬਾਂ ਦੀ ਹੁੰਦੀ ਆਰਥਿਕ ਲੁੱਟ, ਅਸਾਵੀਂ ਆਰਥਿਕਤਾ ਤੇ ਇਨ੍ਹਾਂ ਲਈ ਜ਼ਿੰਮੇਵਾਰ ਲੋਕਾਂ ਖ਼ਿਲਾਫ਼ ਅੰਦਰ ਦੱਬਿਆ ਰੋਹ ਪ੍ਰਚੰਡ ਹੁੰਦਾ ਰਿਹਾ।
ਲੋਕ-ਪੱਖੀ ਸੋਚ ਅਤੇ ਛੋਟੀ ਕਿਸਾਨੀ ਖ਼ਾਸਕਰ ਮੁਜ਼ਾਰਿਆਂ ਦੀਆਂ ਸਮੱਸਿਆਵਾਂ ਉੱਤੇ ਆਥਾਹ ਪਕੜ ਨਾਟਕ ‘ਬਗਾਨੇ ਬੋਹੜ ਦੀ ਛਾਂ’ ਤੋਂ ਹੀ ਨਜ਼ਰ ਆਉਂਦੀ ਸੀ। ਸ਼ੁਰੂ ਵਿੱਚ ਪੇਸ਼ਕਾਰੀਆਂ ਯੁਵਕ ਮੇਲਿਆਂ ਤੱਕ ਹੀ ਸੀਮਤ ਸਨ ਪਰ ਜਦੋਂ ਤੋਂ ਲੋਕ-ਕਲਾ ਮੰਚ ਮਾਨਸਾ ਦਾ ਜਨਮ ਹੋਇਆ, ਉਦੋਂ ਤੋਂ ਡੈਡੀ ਅੰਦਰਲਾ ਰੰਗਮੰਚੀ ਜਨੂੰਨ ਸਾਹਮਣੇ ਆਉਣਾ ਸ਼ੁਰੂ ਹੋਇਆ। ਨਾਟਕ ਲਿਖਣਾ ਦੱਬੇ ਰੋਹ ਨੂੰ ਜੁਬਾਨ ਦੇਣ ਦਾ ਸਾਧਨ ਬਣਿਆ ਅਤੇ ਰੰਗਮੰਚੀ ਪੇਸ਼ਕਾਰੀਆਂ ਨਾਲ ਹਰ ਪੱਖੋਂ ਲਤਾੜੀ ਲੋਕਾਈ ਦੀਆਂ ਤਕਲੀਫ਼ਾਂ ਨੂੰ ਚਿਣਗ ਦੇ ਕੇ ਉਨ੍ਹਾਂ ਨੂੰ ਆਪਣੇ ਹੱਕਾਂ ਪ੍ਰਤੀ ਸੁਚੇਤ ਕਰਨ ਅਤੇ ਸੰਘਰਸ਼ ਦੇ ਰਾਹ ਤੋਰ ਕੇ ਵੱਡੇ ਮਾਨਸਿਕ ਸਕੂਨ ਦਾ ਕਾਰਨ ਬਣੀਆਂ।
ਡੈਡੀ ਇਹ ਗੱਲ ਬਾਖ਼ੂਬੀ ਜਾਣਦੇ ਸਨ ਕਿ ਨਾਟਕ ਲਿਖਣ ਦਾ ਓਨੀ ਦੇਰ ਕੋਈ ਫ਼ਾਇਦਾ ਨਹੀਂ ਜਿੰਨੀ ਦੇਰ ਇਸ ਨੂੰ ਰੰਗਮੰਚ ਉੱਤੇ ਪੇਸ਼ ਨਾ ਕੀਤਾ ਜਾਵੇ। ਇਸੇ ਲਈ ਡੈਡੀ ਦੇ ਲਗਭਗ ਸਾਰੇ ਨਾਟਕ/ਇਕਾਂਗੀ ਛਪਣ ਤੋਂ ਪਹਿਲਾਂ ਹੀ ਰੰਗਮੰਚ ’ਤੇ ਪੇਸ਼ ਹੋ ਚੁੱਕੇ ਹੁੰਦੇ ਸਨ। ਡੈਡੀ ਅੰਦਰ ਜਦੋਂ ਕੋਈ ਵਿਸ਼ਾ, ਪਾਤਰ ਜਾਂ ਘਟਨਾ ਉਸਲਵੱਟੇ ਲੈ ਰਹੀ ਹੁੰਦੀ ਤਾਂ ਅਛੋਪਲੇ ਜਿਹੇ ਟਿਕੀ ਰਾਤ ਉੱਠ ਕੇ ਦੋ-ਤਿੰਨ ਘੰਟੇ ਲਿਖਦੇ ਰਹਿੰਦੇ ਸਨ। ਮੈਂ ਸਵੇਰ ਵੇਲੇ ਸਫ਼ਾਈ ਕਰਦਿਆਂ ਡੈਡੀ ਦੇ ਕਮਰੇ ਵਿੱਚ ਜਾਂਦੀ ਤਾਂ ਜਾਣ ਸਾਰ ਰਾਤ ਦੇ ਲਿਖੇ ਵਰਕੇ ਫਰੋਲਦੀ ਤੇ ਅਕਸਰ ਇਹ ਅੰਦਾਜ਼ਾ ਲਾ ਲੈਂਦੀ ਕਿ ਇਸ ਵਿਚੋਂ ਕਿਹੜਾ ਕਿਰਦਾਰ ਮੈਨੂੰ ਨਿਭਾਉਣ ਲਈ ਦਿੱਤਾ ਜਾਵੇਗਾ। ਸੱਚ-ਮੁੱਚ ਨਵੇਂ ਨਾਟਕ ਦਾ ਨਵਾਂ ਕਿਰਦਾਰ ਨਵੇਂ ਸੂਟ ਪਾਉਣ ਜਿੰਨਾ ਚਾਅ ਦਿੰਦਾ। ਹੌਲੀ-ਹੌਲੀ ਲਿਖਤ ਪੂਰੀ ਹੋਣੀ। ਪਰਿਵਾਰ, ਕਲਾਕਾਰਾਂ, ਦੋਸਤਾਂ ਅਤੇ ਸਾਹਿਤਕ ਦੋਸਤਾਂ ਅਤੇ ਇੱਥੋਂ ਤੱਕ ਕਿ ਕੁੱਝ ਸੰਜੀਦਾ ਦਰਸ਼ਕਾਂ ਨੂੰ ਵੀ ਨਾਟਕ ਪੜ੍ਹ ਕੇ ਸੁਣਾਇਆ ਜਾਂਦਾ ਅਤੇ ਸਾਰਿਆਂ ਦੇ ਸੁਝਾਅ ਨੋਟ ਕਰਕੇ ਨਾਟਕ ਵਿਚ ਲੋੜੀਂਦਾ ਫੇਰ ਬਦਲ ਕਰ ਦਿੱਤਾ ਜਾਂਦਾ। ਇਸ ਤੋਂ ਬਾਅਦ ਪੇਸ਼ਕਾਰੀਆਂ ਦੌਰਾਨ ਵੀ ਸਕਰਿਪਟ ਵਿੱਚ ਵਿਦਵਾਨਾਂ ਅਤੇ ਦਰਸ਼ਕਾਂ ਦੇ ਕਹਿਣ ਤੇ ਨਾਟਕ ਵਿੱਚ ਜੇ ਲੋੜ ਮਹਿਸੂਸ ਹੁੰਦੀ ਤਾਂ ਤਬਦੀਲੀਆਂ ਕਰਦੇ ਰਹਿੰਦੇ। ਜਿਵੇਂ ਅੰਨੇ ਨਿਸ਼ਾਨਚੀ ਨਾਟਕਾਂ ਵਿੱਚ ਬਹੁਤੇ ਵਾਰਤਾਲਾਪ ਬੁੱਢੀ ਔਰਤ ਦੇ ਸਨ ਪਰ ਔਰਤ ਬਣੀ ਕਲਾਕਾਰ ਦੀ ਝਿਜਕ ਕਰਕੇ ਉਹ ਉਨ੍ਹਾਂ ਨਾਲ ਨਿਆਂ ਨਹੀਂ ਕਰ ਸਕੀ ਤੇ ਇੱਕ-ਇੱਕ ਕਰਕੇ ਸਿਰਫ਼ ਅਖੀਰ ਵਾਰਤਾਲਾਪ ਤੋਂ ਬਿਨ੍ਹਾਂ ਸਾਰੇ ਹੀ ਗੁਰਮੁਖ ਸਿੰਘ ਦੇ ਵਾਰਤਾਲਾਪਾਂ ਵਿੱਚ ਸ਼ਾਮਿਲ ਹੋ ਗਏ। ਡੈਡੀ ਦੀ ਠੇਠ ਮਲਵਾਈ ਬੋਲੀ, ਤਕੀਆ ਕਲਾਮ, ਪਾਤਰਾਂ ਦੇ ਨਾਂ ਬਹੁਤ ਪਸੰਦ ਕੀਤੇ ਜਾਂਦੇ ਰਹੇ ਹਨ। ਬਹੁਤ ਤਕੀਆ ਕਲਾਮ ਮਕਬੂਲ ਹੋਏ ਅਤੇ ਨਾਲ-ਨਾਲ ਪੱਕੇ ਤੌਰ ’ਤੇ ਕਲਾਕਾਰਾਂ ਨਾਲ ਵੀ ਜੁੜੇ ਗਏ।
ਨਿਰਦੇਸ਼ਕ ਵਜੋਂ ਡੈਡੀ ਦਾ ਬਹੁਤਾ ਜ਼ੋਰ ਇਸ ਗੱਲ ’ਤੇ ਹੁੰਦਾ ਸੀ ਕਿ ਸਾਰੀ ਸਕਰਿਪਟ ਸਾਰੇ ਕਲਾਕਾਰ ਧਿਆਨ ਨਾਲ ਪੜ੍ਹਨ ਤਾਂ ਕਿ ਸਮੁੱਚੇ ਨਾਟਕ ਬਾਰੇ ਜਾਣ ਸਕਣ। ਉਪਰੰਤ ਸਾਰੀ ਸਥਿਤੀ ਖ਼ਾਸ ਤੌਰ ’ਤੇ ਆਪਣੇ ਕਿਰਦਾਰ ਬਾਰੇ ਸੋਚਣ। ਉਸ ਸਥਿਤੀ ਨੂੰ ਧੁਰ ਅੰਦਰੋਂ ਮਹਿਸੂਸ ਕਰਕੇ ਅਭਿਨੈ ਤੱਕ ਪੁੱਜਣ। ਸਾਡੇ ਮੰਚ ਦੇ ਬਹੁਤੇ ਮੈਂਬਰ ਪੇਂਡੂ ਪਿਛੋਕੜ ਵਾਲੇ ਜਾਂ ਪਿੰਡਾਂ ਤੋਂ ਹੀ ਹੁੰਦੇ ਹਨ ਇਸ ਕਰਕੇ ਭਾਸ਼ਾ ਦੁੱਖਾਂ, ਤਕਲੀਫ਼ਾਂ ਅਤੇ ਖ਼ੁਸ਼ੀਆਂ ਮਹਿਸੂਸ ਕਰਨ ਦੀ ਯੋਗਤਾ ਕਰਕੇ ਅਭਿਨੈ ਪੱਖੋਂ ਵੀ ਬਹੁਤੀ ਦਿੱਕਤ ਨਹੀਂ ਸੀ ਆਉਂਦੀ। ਇਸ ਦਾ ਫ਼ਾਇਦਾ ਇਹ ਹੁੰਦਾ ਕਿ ਧੁਰ ਅੰਦਰੋਂ ਕਲਾਕਾਰ ਪਾਤਰ ਨਾਲ ਇੱਕਮਿਕ ਹੋਇਆ ਹੁੰਦਾ ਤੇ ਨਿਰਦੇਸ਼ਨ ਪੱਖੋਂ ਕੰਮ ਕਾਫ਼ੀ ਸੰਭਲ ਜਾਂਦਾ ਪਰ ਜਿੰਨੀ ਦੇਰ ਡੈਡੀ ਦੀ ਪੂਰੀ ਤਸੱਲੀ ਨਹੀਂ ਸੀ ਹੁੰਦੀ ਉਨੀ ਦੇਰ ਤੱਕ ਰਿਹਰਸਲ ਚੱਲਦੀ ਸੀ ਫਿਰ ਚਾਹੇ ਰਾਤ ਦੇ ਬਾਰ੍ਹਾਂ ਵਜੇ ਤੱਕ ਚੱਲੇ ਜਾਂ ਦੋ ਵਜੇ ਤੱਕ। ਜਦ ਤੱਕ ਰਿਹਰਸਲ ਪੱਖੋਂ ਡੈਡੀ ਦੀ ਤਸੱਲੀ ਨਹੀਂ ਹੁੰਦੀ ਉਦੋਂ ਨਾਟਕ ਸਟੇਜ ’ਤੇ ਨਹੀਂ ਸੀ ਜਾ ਸਕਦਾ। ਰੰਗਮੰਚ ਡੈਡੀ ਦੀ ਰੂਹ ਦੀ ਖ਼ੁਰਾਕ ਸੀ ਤੇ ਨਾਲ ਹੀ ਇੱਕ ਮਿਸ਼ਨ। ਰੂਹ ਦੀ ਖ਼ੁਰਾਕ ਲਈ ਵੱਧ ਤੋਂ ਵੱਧ ਪੇਸ਼ਕਾਰੀਆਂ ਤੇ ਮਿਸ਼ਨ ਦੇ ਰਾਹ ਵਿੱਚ ਜੇ ਕੋਈ ਸਮੱਸਿਆ ਆਉਂਦੀ ਖ਼ਾਸਕਾਰ ਨਾਟਕ ਕਰਵਾਉਣ ਵਾਲਿਆਂ ਦੀ ਮਾੜੀ ਆਰਥਿਕਤਾ ਤਾਂ ਇਸ ਦੀ ਵੀ ਡੈਡੀ ਨੇ ਕਦੇ ਪਰਵਾਹ ਨਹੀਂ ਸੀ ਕੀਤੀ। ਨਿਗੂਣੀ ਰਕਮ ਜਿਸ ਵਿੱਚ ਗੱਡੀ ਦਾ ਕਿਰਾਇਆ ਆਦਿ ਨਿਕਲਦਾ ਹੁੰਦਾ ਲੈ ਲਈ ਜਾਂਦੀ ਤੇ ਪੇਸ਼ਕਾਰੀ ਦਾ ਪੱਧਰ ਪੂਰਾ ਹੀ ਰਹਿੰਦਾ। ਰਿਹਰਸਲ ਸਮੇਂ ਨਾ ਡੈਡੀ ਨੇ ਆਪ ਅੱਕਣਾ-ਥੱਕਣਾ ਤੇ ਨਾ ਹੀ ਅਜਿਹੇ ਭਾਵ ਸਾਡੇ ਚਿਹਰਿਆਂ ’ਤੇ ਬਰਦਾਸ਼ਤ ਕਰਦੇ। ਇਸ ਮੌਕੇ ਪੂਰਾ ਅਨੁਸ਼ਾਸ਼ਨ ਰੱਖਿਆ ਜਾਂਦਾ ਅਤੇ ਸਟੇਜ ਦੇ ਪਿੱਛੇ ਕਲਾਕਾਰਾਂ ਵੱਲੋਂ ਜੇ ਕੋਈ ਘੁਸਰ-ਮੁਸਰ ਕੀਤੀ ਜਾਂਦੀ ਤਾਂ ਨਾਟਕ ਵਿਚਲੀਆਂ ਸਾਰੀਆਂ ਗਾਲਾਂ ‘ਉੱਲੂ ਦੇ ਪੱਠਿਓ’ ਮਤਲਬ ਸਾਡੇ ਲਈ ਹੀ ਹੁੰਦੀਆਂ।
ਪੇਸ਼ਕਾਰੀਆਂ ਕਰਨ ਜਾਂਦਿਆਂ ਗੱਡੀ ਵਿੱਚ ਅਕਸਰ ਗਿਆਨ, ਸਾਹਿਤ ਤੇ ਆਲੋਚਨਾ ਆਦਿ ਦੀਆਂ ਗੱਲਾਂ ਚਲਦੀਆਂ, ਹਾਸਾ-ਮਖੌਲ ਵੀ ਬਹੁਤ ਹੁੰਦਾ ਪਰ ਸਟੇਜ ’ਤੇ ਜਾ ਕੇ ਸਾਰੇ ਕਲਾਕਾਰਾਂ ਦੇ ਲਈ ਜ਼ਰੂਰੀ ਸੀ ਕਿ ਸਭ ਤੋਂ ਪਹਿਲਾਂ ਸਟੇਜ ਦੇਖੀ ਜਾਵੇ ਕਿਤੋਂ ਉੱਚੀ-ਨਿਵੀਂ, ਅਗੜੀ-ਦੁਗੜੀ, ਪ੍ਰਵੇਸ਼, ਨਿਕਾਸ ਅਤੇ ਗਰੀਨ ਰੂਮ ਕਿਹੋ-ਜਿਹੇ ਹਨ, ਇਹ ਸਾਰਾ ਕੁਝ ਚੈੱਕ ਕਰਕੇ ਉਸ ਤੋਂ ਬਾਅਦ ਹੀ ਚਾਹ-ਪਾਣੀ ਪੀਤਾ ਜਾਂਦਾ। ਰਾਹ ਵਿੱਚ ਵੀ ਜੇਕਰ ਕਿਤੇ ਕੁੱਝ ਖਾਣਾ-ਪੀਣਾ ਹੁੰਦਾ ਉਸ ਸਮੇਂ ਪਰਿਵਾਰ ਨੂੰ ਕਲਾਕਾਰਾਂ ਦੇ ਬਰਾਬਰ ਹੀ ਰੱਖਦੇ ਸਨ ਭਾਵ ਸਾਰਿਆਂ ਨੂੰ ਇਕੋ-ਜਿਹਾ ਅਤੇ ਇੱਕੋ-ਜਿੰਨਾ ਹੀ ਮਿਲਦਾ।
ਡੈਡੀ ਕਲਾਕਾਰਾਂ ਨੂੰ ਦੇਖ ਕੇ ਹੀ ਪਾਤਰ ਉਸਾਰੀ ਕਰਦੇ। ਕਲਾਕਾਰਾਂ ਦੀ ਚੋਣ ਬੜੀ ਕਮਾਲ ਦੀ ਹੁੰਦੀ ਸੀ। ਉਨ੍ਹਾਂ ਵੇਲਿਆਂ ਵਿੱਚ ਲੜਕੀਆਂ ਦਾ ਨਾਟਕ ਵਿੱਚ ਕੰਮ ਕਰਨ ਸਮਾਜ ਨੂੰ ਪਸੰਦ ਨਹੀਂ ਸੀ ਪਰ ਡੈਡੀ ਦੇ ਕਾਲਜ ਵਿੱਚ ਪੜ੍ਹਾਉਣ, ਵਿਚਾਰਧਾਰਕ ਪ੍ਰੱਪਕਤਾ ਅਤੇ ਲੋਕ-ਹਿਤੈਸ਼ੀ ਹੋਣ, ਇਹ ਮਸਲਾ ਵੀ ਹੱਲ ਕਰ ਦਿੰਦਾ ਸੀ ਪਰ ਯੁਵਕ ਮੇਲੇ ਤੋਂ ਬਾਅਦ ਲੜਕੀਆਂ ਦਾ ਪੇਸ਼ਕਾਰੀਆਂ ਲਈ ਜਾਣਾ ਲਗਭਗ ਅਸੰਭਵ ਹੋ ਜਾਂਦਾ ਸੀ ਜਿਸ ਕਰਕੇ ਡੈਡੀ ਨੇ ਸਾਡੇ ਮੰਮੀ ਮਨਜੀਤ ਕੌਰ ਨੂੰ ਕਲੱਬ ਦਾ ਮੈਂਬਰ ਬਣਾ ਲਿਆ ਅਤੇ ਫਿਰ ਮੇਰੀ ਵਾਰੀ ਆਈ। ਜੋਤੀ ਅਤੇ ਲੀਜ਼ਾ ਬਹੁਤ ਛੋਟੀਆਂ ਸਨ ਇਨ੍ਹਾਂ ਦੀ ਵਾਰੀ ਬਾਲ-ਕਲਾਕਾਰਾਂ ਦੇ ਤੌਰ ’ਤੇ ਆਈ। ਡੈਡੀ ਨੇ ਕਈ ਅਣਪੜ੍ਹ ਔਰਤਾਂ ਕੋਲੋਂ ਵੀ ਨਾਟਕ ਵਿੱਚ ਕੰਮ ਕਰਵਾਇਆ। ਇਸ ਤੋਂ ਬਾਅਦ ਲੋਕ-ਕਲਾ ਮੰਚ ਵਿੱਚ ਲੜਕੀਆਂ ਦੀ ਆਮਦ ਸ਼ੁਰੂ ਹੋ ਗਈ। ਕਿਉਂਕਿ ਇੱਕ ਤਾਂ ਲੋਕਾਂ ਅਨੁਸਾਰ ਜੇ ਨਾਟਕਾਂ ਵਿੱਚ ਕੰਮ ਕਰਨ ਮਾੜਾ ਹੁੰਦਾ ਤਾਂ ਔਲਖ ਆਪਣੀਆਂ ਧੀਆਂ ਨੂੰ ਨਾਟਕਾਂ ਵਿੱਚ ਕਿਉਂ ਲਾਉਂਦਾ ਤੇ ਦੂਜਾ ਪੰਜਾਬ ਵਿੱਚ ਗੁਰਸ਼ਰਨ ਭਾਅ ਜੀ ਤੋਂ ਬਾਅਦ ਪਿੰਡਾਂ ਵਿੱਚ ਰੰਗਮੰਚੀ ਇਨਕਲਾਬ ਲਿਆਉਣ ਵਾਲਾ ਯੋਧਾ ਸੀ, ਅਜਮੇਰ ਸਿੰਘ ਔਲਖ। ਇਸ ਨੇ ਪੰਜਾਬ ਅਤੇ ਖ਼ਾਸ ਤੌਰ ’ਤੇ ਪੇਂਡੂ ਲੋਕਾਂ ਦਾ ਨਾਟਕ ਅਤੇ ਰੰਗਮੰਚ ਪ੍ਰਤੀ ਨਜ਼ਰੀਆ ਬਦਲਿਆ। ਨਾਟਕ ਗੰਭੀਰ ਵਿਧਾ ਹੈ, ਨੂੰ ਪੇਂਡੂ ਦਰਸ਼ਕਾਂ ਨੇ ਕਬੂਲਿਆਂ ਅਤੇ ਸਤਿਕਾਰ ਦਿੱਤਾ ਇਸ ਦੇ ਨਾਲ ਹੀ ਪੇਂਡੂ ਰੰਗਮੰਚ ਨੂੰ ਹੁਲਾਰਾ ਦਿੱਤਾ ਜਿਸ ਕਰਕੇ ਪਿੰਡਾਂ ਵਿੱਚ ਸ਼ਹਿਰਾਂ ਨਾਲ ਵੱਧ ਨਾਟਕ ਹੋਣ ਲੱਗ ਪਏ। ਇਸ ਦੇ ਫਲਸਰੂਪ ਅਗਲੀ ਪੀੜ੍ਹੀ ਦੇ ਨਾਟਕਕਾਰ ਵੀ ਹੌਸਲੇ ਵਿੱਚ ਹੋਏ ਕਿ ਪੰਜਾਬੀ ਨਾਟਕ ਨੂੰ ਦਰਸ਼ਕਾਂ ਦੀ ਘਾਟ ਨਹੀਂ।
ਡੈਡੀ ਦੀ ਇੱਕ ਸਿਫ਼ਤ ਇਹ ਵੀ ਸੀ ਕਿ ਆਪਣੇ ਕਹੇ ਉੱਤੇ ਪੂਰੇ ਉੱਤਰਦੇ ਸਨ ਅਤੇ ਕਲਾਕਾਰਾਂ ਤੋਂ ਵੀ ਇਹੋ ਆਸ ਰੱਖਦੇ ਸਨ। ਡੈਡੀ ਦੀ ਇਸ ਪ੍ਰਤਿਬੱਧਤਾ ਦਾ ਅਸਰ ਸਾਡੇ ਨਾਲ-ਨਾਲ ਸਾਰੇ ਹੀ ਕਲਾਕਾਰਾਂ ’ਤੇ ਵੀ ਪਿਆ। ਜੇ ਪੇਸ਼ਕਾਰੀ ਦੇਣ ਜਾਣਾ ਹੁੰਦਾ ਫਿਰ ਚਾਹੇ ਕੋਈ ਕਲਾਕਾਰ ਬਿਮਾਰ ਹੋਵੇ, ਵਿਆਹ-ਸ਼ਾਦੀ ਹੋਵੇ ਇੱਥੋਂ ਤੱਕ ਕੇ ਘਰ ਵਿੱਚ ਮਾੜੀ ਘਟਨਾ ਹੀ

ਸੁਪਨਦੀਪ

ਕਿਉਂ ਨਾ ਵਪਾਰੀ ਹੁੰਦੀ ਪਰ ਨਾਟਕ ਦੀ ਪੇਸ਼ਕਾਰੀ ਜ਼ਰੂਰ ਹੁੰਦੀ ਸੀ। ਇਸ ਦੀ ਉਦਾਹਰਨ ਕਲੱਬ ਦੇ ਸੀਨੀਅਰ ਕਲਾਕਾਰ ਸੁਰਿੰਦਰ ਸਿੰਘ ਸੋਹੀ ਹਨ। ਜਿਨ੍ਹਾਂ ਦਾ ਇੱਕ ਇਕਲੌਤੇ ਭਾਣਜੇ ਦੀ ਮੌਤ ਹੋ ਗਈ ਸੀ ਅਤੇ ਉਸ ਦਿਨ ਅਬੋਹਰ ਵਿਚ ਨਾਟਕ ਵੀ ਸੀ ਪਰ ਸੋਹੀ ਜੀ ਨਾਟਕ ਦੀ ਪੇਸ਼ਕਾਰੀ ਤੋਂ ਬਾਅਦ ਹੀ ਸਸਕਾਰ ’ਤੇ ਪਹੁੰਚੇ। ਇੱਥੋਂ ਤੱਕ ਕਿ ਬਿਮਾਰੀ ਕਾਰਨ ਡੈਡੀ ਦੀ ਆਪਣੀ ਸਿਹਤ ਵੀ ਕਾਫ਼ੀ ਮਾੜੀ ਹੋ ਗਈ ਸੀ ਪਰ ਜਿੰਨਾ ਚਿਰ ਪੱਕੇ ਤੌਰ ’ਤੇ ਮੰਜੇ ’ਤੇ ਨਹੀਂ ਬੈਠੇ ਅਤੇ ਉਹ ਹਰ ਪੇਸ਼ਕਾਰੀ ’ਤੇ ਨਾਲ ਜਾਂਦੇ ਸਨ।
ਡੈਡੀ ਨੇ ਇੱਕ ਸਿਰੜੀ ਯੋਧੇ ਵਾਂਗ ਅੰਤਲੇ ਸਾਹਾਂ ਤੱਕ ਸਾਰਿਆਂ ਨੂੰ ਇੱਕ-ਮੁੱਠ ਹੋ ਕੇ ਆਪਣੀ ਤਾਕਤ ਪਛਾਨਣ, ਕਮੀਆਂ ’ਤੇ ਝਾਤ ਪਾਉਣ ਅਤੇ ਇਨ੍ਹਾਂ ਨੂੰ ਵਿਚਾਰ ਕੇ ਆਪਣੀ ਹੋਣੀ ਨੂੰ ਸੰਵਾਰਨਾ ਦਾ ਹੋਕਾ ਦਿੱਤਾ। ਭਾਅ ਜੀ ਗੁਰਸ਼ਰਨ ਸਿੰਘ ਦੀ ਵਿਚਾਰਧਾਰਾ ਨਾਲ ਇੱਕਮੁਠਤਾ ਪ੍ਰਗਟਾਉਂਦਿਆਂ ਕਲਾਤਮਕ ਪੱਖੋਂ ਪੰਜਾਬੀ ਨਾਟਕ ਨੂੰ ਹੋਰ ਪ੍ਰਪੱਕ ਕੀਤਾ। ਸਮੁੱਚੇ ਪਾਠਕ, ਦਰਸ਼ਕਾਂ, ਲੋਕ-ਪੱਖੀ ਜਥੇਬੰਦੀਆਂ, ਸਾਹਿਤਕਾਰਾਂ, ਆਲੋਚਕਾਂ ਅਤੇ ਜਨ-ਸਾਧਾਰਨ ਨੇ ਇਲਾਜ ਸਮੇਂ ਤੋਂ ਲੈ ਕੇ ਸਰਧਾਂਜਲੀ ਸਮਾਗਮ ਤੱਕ ਅਤੇ ਉਸ ਤੋਂ ਬਾਅਦ ਵੀ ਜਿੱਥੇ ਸਾਨੂੰ ਸਾਡੇ ਪਰਿਵਾਰ ਦੇ ਐਨੇ ਵਿਸ਼ਾਲ ਹੋਣ ਦਾ ਅਹਿਸਾਸ ਕਰਵਾਇਆ। ਉੱਥੇ ਸਾਨੂੰ ਸਾਰਿਆਂ ਨੂੰ ਰੰਗਮੰਚੀ ਸ਼ਕਤੀ ਅਤੇ ਸਾਡੀ ਬਣਦੀ ਜ਼ਿੰਮੇਵਾਰੀ ਨਿਭਾਉਣ ਦਾ ਵੀ ਅਹਿਸਾਸ ਕਰਵਾਇਆ।
ਉਨ੍ਹਾਂ ਨੇ ਆਪਣੇ ਸਾਰੇ ਕਲਾਕਾਰਾਂ ਨੂੰ ਬਹੁਤ ਪਿਆਰ ਦਿੱਤਾ ਅਤੇ ਹਰ ਦੁੱਖ-ਸੁੱਖ ਵਿੱਚ ਉਨ੍ਹਾਂ ਦੇ ਨਾਲ ਖੜ੍ਹੇ। ਆਪਣੀ ਪਤਨੀ, ਧੀਆਂ-ਜਵਾਈਆਂ, ਦੋਹਤੇ-ਦੋਹਤੀਆਂ ਨੂੰ ਆਪਣੀ ਟੀਮ ਦਾ ਮੈਂਬਰ ਹੀ ਨਹੀਂ ਬਣਾਇਆ ਸਗੋਂ ਉਨ੍ਹਾਂ ਨੂੰ ਸਮੇਂ-ਸਮੇਂ ਆਉਣ ਵਾਲੀਆਂ ਸਮੱਸਿਆਵਾਂ ਨਾਲ ਨਜਿੱਠਣ ਲਈ ਵੀ ਤਿਆਰ ਕੀਤਾ। ਅਖੀਰ ਸਮੇਂ ਜ਼ੋਸ਼ ਨਾਲ ਭਰੇ ਚਿਹਰੇ ਨਾਲ ਕੁੱਝ ਕਹਿਣ ਦੀ ਕੋਸ਼ਿਸ਼ ਕਰ ਰਹੇ ਸਨ ਪਰ ਜੁਬਾਨ ਸਾਥ ਨਹੀਂ ਦੇ ਰਹੀ ਸੀ ਪਰ ਸਾਨੂੰ ਲੱਗਿਆ ਜਿਵੇਂ ਉਹ ਆਖ ਰਹੇ ਹੋਣ, “ਰੁਕਿਓ ਨਾ, ਰੰਗਮੰਚੀ ਸਫ਼ਰ ਨੂੰ ਜਾਰੀ ਰੱਖਿਓ।” ਅਸੀਂ ਸਾਰੇ ਅੱਜ ਵੀ ਡੈਡੀ ਨੂੰ ਆਪਣੇ ਅੰਗ-ਸੰਗ ਮਹਿਸੂਸ ਕਰਦੇ ਹਾਂ।
ਸੰਪਰਕ: 98726-30422


Comments Off on ਲੋਕਾਂ ਦਾ ਨਾਟਕਕਾਰ ਪ੍ਰੋ. ਅਜਮੇਰ ਸਿੰਘ ਔਲਖ
1 Star2 Stars3 Stars4 Stars5 Stars (No Ratings Yet)
Loading...
Both comments and pings are currently closed.

Comments are closed.

Manav Mangal Smart School
Available on Android app iOS app
Powered by : Mediology Software Pvt Ltd.