ਪੰਜਾਬ ਦੇ ਕਲਾਕਾਰਾਂ ਦਾ ਸਹਾਰਾ ਬਣੇਗੀ ਆਰਟਿਸਟ ਐਸੋਸੀਏਸ਼ਨ !    ਅਸਤੀਫਾ ਦੇ ਚੁੱਕੇ ‘ਆਪ’ ਵਿਧਾਇਕਾਂ ਨੂੰ ਕਮੇਟੀਆਂ ’ਚ ਨਾਮਜ਼ਦ ਕਰਨ ਦਾ ਵਿਰੋਧ !    ਸ਼ੇਰ ਇਕੱਲਾ ਹੀ ਬਹੁਤ ਹੁੰਦੈ: ਮਾਨ !    ਛੇਵੀਂ ਪਾਤਸ਼ਾਹੀ ਦੇ ਪ੍ਰਕਾਸ਼ ਪੁਰਬ ’ਤੇ ਲੱਗੀਆਂ ਰੌਣਕਾਂ !    ਇਰਾਨ ਵਲੋਂ ਸੀਆਈਏ ਦੇ ਜਾਸੂਸੀ ਨੈੱਟਵਰਕ ਦਾ ਪਰਦਾਫਾਸ਼ !    ਪਾਕਿ ਸਿੱਖ ਆਗੂ ਵਲੋਂ ਕਰਤਾਰਪੁਰ ਲਈ ਦੋਹਰੀ ਦਾਖ਼ਲਾ ਵੀਜ਼ਾ ਸਹੂਲਤ ਦੀ ਸ਼ਲਾਘਾ !    ਅਯੁੱਧਿਆ ਦਹਿਸ਼ਤੀ ਹਮਲਾ ਕੇਸ ’ਚ ਚਾਰ ਨੂੰ ਉਮਰ ਕੈਦ !    ਗੁਜਰਾਤ: ਰਾਜ ਸਭਾ ਸੀਟਾਂ ’ਤੇ ਵੱਖ-ਵੱਖ ਜ਼ਿਮਨੀ ਚੋਣਾਂ ਖ਼ਿਲਾਫ਼ ਸੁਣਵਾਈ ਅੱਜ !    ਪੰਥ ਰਤਨ ਮਾਸਟਰ ਤਾਰਾ ਸਿੰਘ !    ਮੀਰੀ ਪੀਰੀ ਦੇ ਮਾਲਕ ਗੁਰੂ ਹਰਿਗੋਬਿੰਦ ਸਾਹਿਬ !    

ਲੀਕ ਤੋਂ ਹਟਵੀਂ ਕਹਾਣੀ

Posted On June - 9 - 2019

ਪਰਮਜੀਤ ਢੀਂਗਰਾ
ਪੁਸਤਕ ਪੜਚੋਲ

ਪੰਜਾਬੀ ਕਹਾਣੀ ਨੇ ਵਿਸ਼ੇ, ਰੂਪ, ਆਕਾਰ, ਵਿਧਾ ਤੇ ਭਾਸ਼ਾ ਪੱਖੋਂ ਕਾਫ਼ੀ ਵਿਕਾਸ ਕਰ ਲਿਆ ਹੈ। ਅੱਜ ਪੰਜਾਬੀ ਕਹਾਣੀ ਭਾਰਤੀ ਭਾਸ਼ਾਵਾਂ ਦੇ ਸਾਹਿਤ ਨਾਲ ਹੀ ਨਹੀਂ ਸਗੋਂ ਵਿਸ਼ਵ ਪੱਧਰ ’ਤੇ ਲਿਖੀ ਜਾ ਰਹੀ ਕਹਾਣੀ ਨਾਲ ਬਰ ਮੇਚ ਰਹੀ ਹੈ। ਪੰਜਾਬੀ ਵਿਚ ਨਵੇਂ ਕਥਾ ਲੇਖਕਾਂ ਨੇ ਵਿਸ਼ੈ ਅਤੇ ਸ਼ੈਲੀ ਪੱਖੋਂ ਨਵੀਆਂ ਪੈੜਾਂ ਪਾਈਆਂ ਹਨ। ਇਹੀ ਕਾਰਨ ਹੈ ਕਿ ਕਹਾਣੀ ਨੂੰ ਕੂੰਦਾਂ ਵਿਚ ਵੰਡ ਕੇ ਇਹਦੇ ਅਧਿਐਨ ਵਿਸ਼ਲੇਸ਼ਣ ਕੀਤੇ ਜਾ ਰਹੇ ਹਨ।
ਅਜਮੇਰ ਸਿੱਧੂ ਪੰਜਾਬੀ ਕਥਾ ਜਗਤ ਵਿਚ ਅਸਲੋਂ ਨਿਵੇਕਲੀ ਸੁਰ ਵਾਲਾ ਕਥਾਕਾਰ ਹੈ। ਉਹਨੇ ਆਪਣੇ ਵਿਗਿਆਨਕ ਪੈਰਾਡਾਈਮਾਂ ਰਾਹੀਂ ਵੱਖਰੀ ਸਪੇਸ ਸਿਰਜੀ ਹੈ। ਵਿਗਿਆਨ ਜਗਤ ਵਿਚ ਵਾਪਰ ਰਹੇ ਵਰਤਾਰਿਆਂ ਨੂੰ ਉਹ ਗਲਪੀ ਪਾਠਾਂ ਵਿਚ ਢਾਲਣ ਦਾ ਮਾਹਰ ਹੈ। ਕਹਾਣੀ-ਸੰਗ੍ਰਹਿ ‘ਰੰਗ ਦੀ ਬਾਜ਼ੀ’ ਦੀ ਕਹਾਣੀ ‘ਅੰਨ੍ਹੇ ਸੁਜਾਖੇ’ ਵਿਚਲਾ ਪੰਜਾਬੀ ਵਿਗਿਆਨੀ ਜੋ ਡੌਲੀ (ਭੇਡ) ਦੀ ਕਲੋਨਿੰਗ ਵਾਲੇ ਤਜਰਬੇ ਵਿਚ ਭਾਈਵਾਲ ਸੀ। ਪਰਦੇਸੋਂ ਪਿੰਡ ਆ ਕੇ ਲੋਕਾਂ ਨੂੰ ਵਿਗਿਆਨ ਦੀਆਂ ਅਜੋਕੀਆਂ ਲੱਭਤਾਂ ਤੋਂ ਜਾਣੂੰ ਕਰਾਉਣ ਦਾ ਬੀੜਾ ਚੁੱਕਦਾ ਹੈ, ਪਰ ਅਧਿਆਤਮਕਤਾ ਤੇ ਧਾਰਮਿਕ ਅੰਨ੍ਹੇਪਣ ਦੀ ਸ਼ਿਕਾਰ ਪੇਂਡੂ ਮਾਨਸਿਕਤਾ ਇਨ੍ਹਾਂ ਵਿਗਿਆਨਕ ਲੱਭਤਾਂ ਵੱਲੋਂ ਪ੍ਰਤੀਗਾਮੀ ਰੁਚੀ ਦਿਖਾਉਂਦੀ ਹੈ। ਇਸ ਤਣਾਅ ਵਿਚ ਕਹਾਣੀ ਅਸਲ ਵਿਚ ਸੱਭਿਆਚਾਰਕ ਤਣਾਅ ਵਿਚੋਂ ਟੱਕਰ ਸਿਰਜਦੀ ਹੈ। ਤਰਕਸ਼ੀਲਤਾ ਰਾਹੀਂ ਹੀ ਵਿਗਿਆਨਕ ਬੁੱਧੀ ਸਿਰਜੀ ਜਾ ਸਕਦੀ ਹੈ।
‘ਕਿਊਟਾ ਕਿਊਟਾ ਤਾਰੇ ਤਾਰੇ’ ਕਹਾਣੀ ਵਿਗਿਆਨ ਦੇ ਲਾਅ ਆਫ ਇਨਰਸ਼ੀਆ ਨਾਂ ਦੇ ਨੇਮ ਦੀ ਵਿਆਖਿਆ ਹੈ। ਇਹ ਗੈਲਿਲੀਓ ਦਾ ਪ੍ਰਸਿੱਧ ਨੇਮ ਹੈ। ਮਗਰੋਂ ਆਉਣ ਵਾਲੇ ਕਈ ਵਿਗਿਆਨੀਆਂ ਨੇ ਇਹਦਾ ਵਿਸਥਾਰ ਕੀਤਾ। ਇਸ ਨੇਮ ਦਾ ਸਰਲ ਤੱਤ ਇਹ ਹੈ ਕਿ ਜੇ ਕਿਸੇ ਵਸਤੂ ਨੂੰ ਇਕ ਸੇਧ ਵਿਚ ਕਿਸੇ ਰਫ਼ਤਾਰ ’ਤੇ ਤੋਰ ਦਿੱਤਾ ਜਾਵੇ ਤਾਂ ਉਹ ਓਸੇ ਸੇਧ ਵਿਚ ਤੇ ਓਸੇ ਰਫ਼ਤਾਰ ਨਾਲ ਤੱਦ ਤਕ ਅੱਗੇ ਵਧਦੀ ਜਾਵੇਗੀ ਜਦ ਤਕ ਕੋਈ ਹੋਰ ਤਾਕਤ ਉਹਦੀ ਸੇਧ ਤੇ ਰਫ਼ਤਾਰ ਵਿਚ ਰੋੜਾ ਨਾ ਅਟਕਾਵੇ। ਇਹ ਕਹਾਣੀ ਭੌਤਿਕ ਸਿਧਾਂਤ ’ਤੇ ਖੜ੍ਹੀ ਹੈ।
ਏਸੇ ਤਰ੍ਹਾਂ ਬਾਕੀ ਕਹਾਣੀਆਂ ਦਾ ਲੈਨਿਨ ਫਰਾਮ ਕਲੋਨ ਵੈਲੀ, ਮੈਂ ਮਾਂ, ਵਿਗਿਆਨ ਦੇ ਸਹਾਰੇ ਖੜ੍ਹੀਆਂ ਹਨ। ਬਾਕੀ ਕਹਾਣੀਆਂ ਵਿਚ ਰੰਗ ਦੀ ਬਾਜ਼ੀ, ਕੰਡੇ ਦਾ ਜ਼ਖ਼ਮ, ਝਨਾਂ ਦੀਆਂ ਛੱਲਾਂ ਜ਼ਿਕਰਯੋਗ ਹਨ। ਸਿੱਧੂ ਕੋਲ ਵਿਲੱਖਣ ਸ਼ੈਲੀ ਹੈ। ਜਿਵੇਂ ਰੰਗ ਦੀ ਬਾਜ਼ੀ ਵਿਚ ਮਾਟੋ ਇਕ ਹੈ- ਦੋਸਤ ਦਾ ਪਤਾ ਗੰਨਾ ਚੂਪਣ ਵੇਲੇ ਵੀ ਲੱਗਦਾ ਹੈ ਕਿ ਉਹ ਜੜ੍ਹਾਂ ਵਾਲਾ ਪਾਸਾ ਆਪ ਰੱਖਦਾ ਹੈ ਜਾਂ ਦੋਸਤ ਨੂੰ ਦੇਂਦਾ ਹੈ। ਮਾਟੋ ਤਿੰਨ – ਸਕੂਲ ਗਿਆਨ ਤੇ ਯੋਗਤਾ ਦੀ ਚਿਣਗ ਪੈਦਾ ਕਰਨ ਦੇ ਮਾਧਿਅਮ ਹਨ। ਮਾਟੋ ਛੇ- ਸੇਵਾ ਕਰੋ ਪਰ ਫਲ ਦੀ ਇੱਛਾ ਨਾ ਰੱਖੋ। ਮਾਟੋ ਨੌਂ- ਸਫਲਤਾ ਦਾ ਮੋਤੀ ਮਿਹਨਤ ਦੀ ਸਿੱਪੀ ’ਚ ਬੰਦ ਹੈ। ਮਾਟੋ ਦਸ- ਚਰਿੱਤਰ ਦੀ ਸੰਪਤੀ ਸਭ ਤੋਂ ਵੱਡੀ ਦੌਲਤ ਹੁੰਦੀ ਹੈ। ਇਹ ਸੰਕੇਤਕ ਮਾਟੋ ਹੀ ਸਾਰੀ ਕਹਾਣੀ ਦੇ ਉਦੇਸ਼ ਤੇ ਸੰਰਚਨਾ ਨੂੰ ਸਿੱਧ ਕਰ ਦੇਂਦੇ ਹਨ। ਇਸੇ ਤਰ੍ਹਾਂ ਕੁਰੂਕਸ਼ੇਤਰ ਤੋਂ ਪਾਰ ਕਹਾਣੀ ਦਾ ਪਾਤਰ ਪੂਰੀ ਕਹਾਣੀ ਵਿਚ ਤਣਾਅ ਦਰ ਤਣਾਅ ਸਿਰਜਦਾ ਹੈ। ਪਰ ਅੰਤ ਜਦੋਂ ਸੱਚ ਸਾਹਮਣੇ ਆਉਂਦਾ ਹੈ ਤਾਂ ਤਣਾਅ ਟਕਰਾਅ ਦੀ ਬਜਾਏ ਪਛਤਾਵੇ ਵਿਚ ਢਲ ਜਾਂਦਾ ਹੈ। ਇਨ੍ਹਾਂ ਕਹਾਣੀਆਂ ਦੀ ਵਿਸ਼ੇਸ਼ਤਾ ਇਸ ਗੱਲ ਵਿਚ ਹੈ ਕਿ ਪੰਜਾਬੀ ਵਿਚ ਲਿਖੀ ਜਾ ਰਹੀ ਕਹਾਣੀ ਦੀ ਲੀਹ ਤੋਂ ਹਟ ਕੇ ਲਿਖੀਆਂ ਹਨ।
ਉਹਦੀਆਂ ਕਹਾਣੀਆਂ ਬਾਰੇ ਗੁਰਬਚਨ ਸਿੰਘ ਭੁੱਲਰ ਦਾ ਕਥਨ ਹੈ ਕਿ ਪਾਠਕ ਇਹ ਕਹਾਣੀਆਂ ਪੜ੍ਹਦਿਆਂ ਇਉਂ ਮਹਿਸੂਸ ਨਹੀਂ ਕਰਨਗੇ ਜਿਵੇਂ ਉਹ ਵੱਖ ਵੱਖ ਕਹਾਣੀਆਂ ਦੇ ਰੂਪ ਵਿਚ ਟੁਕੜਿਆਂ ਵਿਚ ਵੰਡੇ ਹੋਏ ਇਕੋ ਅਨੁਭਵ ਵਿਚੋਂ ਲੰਘ ਰਹੇ ਹੋਣ। ਮੈਨੂੰ ਯਕੀਨ ਹੈ ਉਹ ਮੇਰੇ ਵਾਂਗ ਹਰ ਕਹਾਣੀ ਨਾਲ ਅਜਿਹੇ ਅਨੁਭਵ ਵਿਚੋਂ ਲੰਘਣਗੇ ਜੋ ਵੱਖਰਾ ਵੀ ਹੋਵੇਗਾ ਅਤੇ ਕੁਝ ਕੁਝ ਅਨੋਖਾ ਵੀ। ਆਸ ਹੈ ਅਜਮੇਰ ਸਿੱਧੂ ਆਉਣ ਵਾਲੇ ਸਮੇਂ ਵਿਸ਼ਿਆਂ ਦੀ ਇਹ ਵੰਨ-ਸੁਵੰਨਤਾ ਵੀ ਬਣਾਈ ਰੱਖੇਗਾ ਤੇ ਪਾਠਕਾਂ ਨੂੰ ਕਹਾਣੀ ਨਾਲ ਜੋੜ ਲੈਣ ਵਾਲੀ ਆਪਣੀ ਪੇਸ਼ਕਾਰੀ ਨੂੰ ਵੀ ਲਗਾਤਾਰ ਨਿਖਾਰਦਾ ਰਹੇਗਾ।


Comments Off on ਲੀਕ ਤੋਂ ਹਟਵੀਂ ਕਹਾਣੀ
1 Star2 Stars3 Stars4 Stars5 Stars (No Ratings Yet)
Loading...
Both comments and pings are currently closed.

Comments are closed.

Available on Android app iOS app
Powered by : Mediology Software Pvt Ltd.