ਸ਼ੈਲਰ ਮਾਲਕਾਂ ਵੱਲੋਂ ਜੀਰੀ ਸਟੋਰ ਕਰਨ ਤੋਂ ਇਨਕਾਰ !    ਮਾਮਲਾ ਕਰਨਲ ਜ਼ਾਹਿਰ ਦੀ ਗੁੰਮਸ਼ੁਦਗੀ ਦਾ... !    ਲੋਕਾਂ ’ਤੇ ਹਾਵੀ ਹੋ ਰਿਹਾ ਤੰਤਰ !    ਇਹ ਆਕਾਸ਼ਵਾਣੀ ਹੈ, ਤੁਹਾਨੂੰ ਗਰਮੀ ਕਿਉਂ ਚੜ੍ਹੀ ਹੋਈ ਹੈ? !    ਸੁੰਨਾ ਹੋਇਆ ਬਾਬਲ ਦਾ ਵਿਹੜਾ, ਬੂਹਿਆਂ ਨੂੰ ਜਿੰਦਰੇ ਵੱਜੇ !    ਤਿੰਨ ਮਾਓਵਾਦੀ ਹਲਾਕ !    ਪਾਕਿ ’ਚ ਹਾਦਸਾ, 26 ਹਲਾਕ !    ਜ਼ੀਰਕਪੁਰ ਦੀਆਂ ਸੜਕਾਂ ਹੋਈਆਂ ਜਾਮ !    ਹਰਿਆਣਾ ਵਾਤਾਵਰਨ ਸੁਰੱਖਿਆ ਫਾਊਂਡੇਸ਼ਨ ਕਾਇਮ !    ਮੁੰਬਈ ਦੀਆਂ ਸੰਗਤਾਂ ਨੇ ਕੌਮਾਂਤਰੀ ਨਗਰ ਕੀਰਤਨ ਦੇ ਦਰਸ਼ਨ ਕੀਤੇ !    

ਲਾਹੌਰ ਦਾ ਰਾਜਾ ਜੈਪਾਲ: ਜਿਸ ਨੇ ਹਾਰਨ ਨਾਲੋਂ ਮਰਨ ਕਬੂਲ ਕੀਤਾ

Posted On June - 5 - 2019

ਪੁਰਾਣੇ ਅੰਦਰੂਨੀ ਲਾਹੌਰ ਸ਼ਹਿਰ ਦੀਆਂ ਦੀਵਾਰਾਂ ਦੇ ਬਾਹਰਵਾਰ ਭੱਟੀ ਗੇਟ ਤੇ ਮੋਰੀ ਗੇਟ ਵਿਚਕਾਰਲੇ ਇਲਾਕੇ ਦਾ ਮੰਜ਼ਰ ਜ਼ਹਿਨ ਵਿਚ ਲਿਆਓ। ਸਾਲ 996 ਈਸਵੀ ਨੂੰ ਘਿਓ ਨਾਲ ਪੂਰੀ ਤਰ੍ਹਾਂ ਨੁੱਚੜਦੇ ਹੋਏ ਪੰਜਾਬੀ ਰਾਜੇ ਨੇ ਵਿਦੇਸ਼ੀ ਹਮਲਾਵਰਾਂ ਤੋਂ ਵਾਰ-ਵਾਰ ਮਿਲ ਰਹੀਆਂ ਹਾਰਾਂ ਤੋਂ ਦੁਖੀ ਹੋ ਕੇ ਖ਼ੁਦ ਨੂੰ ਅੱਗ ਦੇ ਹਵਾਲੇ ਕਰ ਦਿੱਤਾ।
ਸਾਡੀ ਇਸ ਸਰਜ਼ਮੀਨ, ਖ਼ਾਸਕਰ ਲਾਹੌਰ ਦੀ ਧਰਤੀ ’ਤੇ ਦੋ ਪੰਜਾਬੀ ਹਾਕਮਾਂ ਦਾ ਕੱਦ ਸਭ ਤੋਂ ਉੱਚਾ ਦਿਖਾਈ ਦਿੰਦਾ ਹੈ। ਇਨ੍ਹਾਂ ਵਿਚੋਂ ਪਹਿਲਾ ਸੀ ਰਾਜਾ ਜੈਪਾਲ ਤੇ ਦੂਜਾ ਮਹਾਰਾਜਾ ਰਣਜੀਤ ਸਿੰਘ, ਜੋ ਪਹਿਲੇ ਤੋਂ ਕਰੀਬ 800 ਸਾਲਾਂ ਬਾਅਦ 1799 ਵਿਚ ਆਇਆ। ਮਹਾਰਾਜਾ ਰਣਜੀਤ ਸਿੰਘ ਬਾਰੇ ਅਸੀਂ ਕਾਫ਼ੀ ਕੁਝ ਜਾਣਦੇ ਹਾਂ, ਪਰ ਰਾਜਾ ਜੈਪਾਲ ਬਾਰੇ ਸਾਨੂੰ ਜ਼ਿਆਦਾ ਜਾਣਕਾਰੀ ਨਹੀਂ।
ਪੁਰਾਣੇ ਸਮੇਂ ਦੇ ਇਤਿਹਾਸਕਾਰਾਂ ਦਾ ਕਹਿਣਾ ਹੈ ਕਿ ਰਾਜਾ ਜੈਪਾਲ ਦਾ ਰਾਜ ‘ਸਰਹਿੰਦ ਤੋਂ ਲਗ਼ਮਾਨ (ਅਫ਼ਗ਼ਾਨ ਸੂਬਾ) ਤੱਕ ਅਤੇ ਕਸ਼ਮੀਰ ਤੋਂ ਮੁਲਤਾਨ ਤੱਕ’ ਫੈਲਿਆ ਹੋਇਆ ਸੀ। ਮੁਸਲਿਮ ਇਤਿਹਾਸਕਾਰ ਫਰਿਸ਼ਤਾ ਮੁਤਾਬਕ 682 ਈਸਵੀ ਵਿਚ ਕਰਮਾਨ ਤੇ ਪਿਸ਼ਾਵਰ ਦੇ ਅਫ਼ਗ਼ਾਨਾਂ ਨੇ ਲਾਹੌਰ ਦੇ ਚੌਹਾਨ ਰਾਜਪੂਤ ਰਾਜਿਆਂ ਨੂੰ ਵੰਗਾਰਨਾ ਸ਼ੁਰੂ ਕਰ ਦਿੱਤਾ। ਇਕ ਵੇਰਵੇ ਮੁਤਾਬਕ ਮਹਿਜ਼ ਪੰਜ ਮਹੀਨਿਆਂ ਦੌਰਾਨ ਹੀ ਹਮਲਾਵਰਾਂ ਨਾਲ 70 ਲੜਾਈਆਂ ਲੜੀਆਂ ਗਈਆਂ। ਅਫ਼ਗ਼ਾਨਾਂ ਨੇ ਖੇਵੜਾ (ਜ਼ਿਲ੍ਹਾ ਜਿਹਲਮ, ਲਹਿੰਦਾ ਪੰਜਾਬ) ਤੇ ਮੀਆਂਵਾਲੀ ਦੇ ਗੱਖੜਾਂ ਦੀ ਮਦਦ ਨਾਲ ਤਖ਼ਤ ਲਾਹੌਰ ਦਾ ਵੱਡਾ ਇਲਾਕਾ ਖੋਹ ਲਿਆ।
ਸੰਨ 975 ਵਿਚ ਖ਼ੁਰਾਸਾਨ ਦੇ ਸੂਬੇਦਾਰ ਸੁਬੁਕਤਗੀਨ ਨੇ ਸਿੰਧੂ ਦਰਿਆ ਦੇ ਪਾਰ (ਚੜ੍ਹਦੇ ਪਾਸੇ ਵੱਲ) ਭਾਰਤੀ ਬਰ-ਏ-ਸਗ਼ੀਰ ਨੂੰ ਲੁੱਟਣ ਤੇ ਕਬਜ਼ਾਉਣ ਦੇ ਇਰਾਦੇ ਨਾਲ ਹਮਲਾ ਕਰਨ ਦਾ ਫ਼ੈਸਲਾ ਕੀਤਾ। ਇਸ ਲਈ ਉਸ ਨੂੰ ਲਾਹੌਰ ਦੀਆਂ ਫ਼ੌਜਾਂ ਨਾਲ ਟੱਕਰ ਲੈਣੀ ਪੈਣੀ ਸੀ, ਜਿਸ ਦੀ ਅਗਵਾਈ ਗੌਰਵਸ਼ਾਲੀ ਰਾਜਪੂਤ ਰਾਜਾ ਜੈਪਾਲ ਕਰ ਰਿਹਾ ਸੀ। ਭੱਟ ਰਾਜਪੂਤ ਉਦੋਂ ਲਾਹੌਰ ਦੀ ਆਬਾਦੀ ਦਾ ਬੜਾ ਵੱਡਾ ਹਿੱਸਾ ਸਨ ਅਤੇ ਉਹ ਲਾਹੌਰ ਦਰਬਾਰ ਵਿਚ ਬਹੁਤ ਰਸੂਖ਼ਵਾਨ ਸਨ। ਉਨ੍ਹਾਂ ਸਲਾਹ ਦਿੱਤੀ ਕਿ ਜਾਂਗਲੀ ਅਫ਼ਗ਼ਾਨਾਂ ਨਾਲ ਲੜਨ ਨਾਲੋਂ ਉਨ੍ਹਾਂ ਨੂੰ ਰੋਕ ਕੇ ਰੱਖਣਾ ਬਿਹਤਰ ਹੋਵੇਗਾ। ਇਸ ’ਤੇ ਗੱਲਬਾਤ ਦਾ ਰਾਹ ਅਖ਼ਤਿਆਰ ਕੀਤਾ ਗਿਆ ਕਿਉਂਕਿ ਰਾਜਾ ਜੈਪਾਲ ਨੇ ਫ਼ੈਸਲਾ ਕੀਤਾ ਕਿ ਸ਼ਾਂਤੀ ਹੀ ਸਹੀ ਰਸਤਾ ਸੀ। ਇਸ ਤਰ੍ਹਾਂ ਭੱਟੀ ਹਮਲੇ ਨੂੰ ਟਾਲਣ ਵਿਚ ਕਾਮਯਾਬ ਰਹੇ।
ਜਦੋਂ ਸੁਬੁਕਤਗੀਨ ਨੇ ਗ਼ਜ਼ਨੀ ਦੀ ਬਾਦਸ਼ਾਹਤ ਸੰਭਾਲੀ ਤਾਂ ਉਹ ਸਮਝ ਗਿਆ ਕਿ ਭਾਰਤ ਦੇ ਅਮੀਰ ਇੰਨੇ ਦਿਲਕਸ਼ ਸਨ ਕਿ ਉਸ ਲਈ ਉਨ੍ਹਾਂ ਨੂੰ ਨਜ਼ਰਅੰਦਾਜ਼ ਕਰਨਾ ਮੁਸ਼ਕਲ ਸੀ ਅਤੇ ਉਸ ਨੇ ਲਗਾਤਾਰ ਹਮਲੇ ਸ਼ੁਰੂ ਕਰ ਦਿੱਤੇ, ਜਿਸ ਨਾਲ ਬਰ-ਏ-ਸਗ਼ੀਰ ਦਾ ਚਿਹਰਾ-ਮੋਹਰਾ ਹੀ ਬਦਲ ਗਿਆ। ਜਦੋਂ ਸੁਬੁਕਤਗੀਨ ਨੇ ਪਹਿਲੇ ਹਮਲੇ ਦੀ ਤਿਆਰੀ ਕੀਤੀ ਤਾਂ ਰਾਜਾ ਜੈਪਾਲ ਨੇ ਉਸ ਨੂੰ ਲਮਗ਼ਾਨ ਵਿਚ ਹੀ ਟੱਕਰਨ ਤੇ ਰੋਕਣ ਦਾ ਫ਼ੈਸਲਾ ਕੀਤਾ। ਪਰ ਫ਼ੁਰਤੀਲੇ ਅਫ਼ਗ਼ਾਨ ਘੋੜਸਵਾਰ ਫ਼ੌਜੀਆਂ ਨੇ ਲਾਹੌਰ ਦੀ ਹਾਥੀਆਂ ਵਾਲੀ ਰਵਾਇਤੀ ਫ਼ੌਜ ਨੂੰ ਪਛਾੜ ਸੁੱਟਿਆ।

ਮਜੀਦ ਸ਼ੇਖ਼

ਰਾਜਾ ਜੈਪਾਲ ਹਾਰ ਗਿਆ, ਪਰ ਉਸ ਨੇ ਇਕ ਵਾਰੀ ਫਿਰ ਅਮਨ ਦਾ ਹੱਥ ਵਧਾਇਆ ਅਤੇ ਸੁਬੁਕਤਗੀਨ ਅੱਗੇ ਦਲੀਲ ਰੱਖੀ ਕਿ ਉਸ ਨੇ ਆਪਣਾ ਅਹਿਦ ਤੋੜਿਆ ਸੀ। ਹਾਂ, ਇਕ ਪਾਸੇ ਹਾਰੇ ਹੋਣ ਅਤੇ ਦੂਜੇ ਪਾਸੇ ਤਾਕਤਵਰ ਫ਼ੌਜਾਂ ਦੇ ਸਾਹਮਣੇ ਦਲੀਲਬਾਜ਼ੀ ਕਿੱਥੇ ਚੱਲਦੀ ਹੈ। ਅਜਿਹੀ ਨਾਜ਼ੁਕ ਹਾਲਤ ਨੂੰ ਕੀਮਤ ਚੁਕਾ ਕੇ ਹੀ ਸੰਭਾਲਿਆ ਜਾ ਸਕਦਾ ਸੀ ਅਤੇ ਰਾਜਾ ਜੈਪਾਲ ਨੇ ਵੀ ਕੀਮਤ ਅਦਾ ਕਰਨ ਦਾ ਫ਼ੈਸਲਾ ਕੀਤਾ। ਸੁਬੁਕਤਗੀਨ ਨੇ ਰਾਜਾ ਜੈਪਾਲ ਵੱਲੋਂ ਕੀਤੇ ਅਹਿਦ ਮੁਤਾਬਕ ਫਿਰੌਤੀ ਵਸੂਲਣ ਲਈ ਆਪਣੇ ਏਲਚੀ ਅੰਦਰੂਨੀ ਲਾਹੌਰ ਸ਼ਹਿਰ ਭੇਜੇ। ਪਰ ਰਾਜਾ ਜੈਪਾਲ ਨੇ ਏਲਚੀਆਂ ਨੂੰ ਬੰਦੀ ਬਣਾ ਲਿਆ ਅਤੇ ਕੀਮਤ ਅਦਾ ਕਰਨ ਤੋਂ ਨਾਂਹ ਕਰ ਦਿੱਤੀ ਤੇ ਇਸ ਦੀ ਥਾਂ ਇਕ ਵਾਰੀ ਮੁੜ ਲੜਨ ਦਾ ਫ਼ੈਸਲਾ ਕੀਤਾ।
ਇਸ ਤੋਂ ਬਾਅਦ ਹੋਈਆਂ ਖ਼ੂਨੀ ਝੜਪਾਂ ਦੌਰਾਨ ਸੁਬੁਕਤਗੀਨ ਨੇ ਰਾਜਾ ਜੈਪਾਲ ਦੀਆਂ ਫ਼ੌਜਾਂ ਨੂੰ ਬੁਰੀ ਤਰ੍ਹਾਂ ਹਰਾ ਦਿੱਤਾ ਅਤੇ ਉਸ ਨੂੰ ਸਿੰਧੂ ਦਰਿਆ ਦੇ ਲਹਿੰਦੇ ਵੱਲ ਦੀ ਛੱਡਣ ਲਈ ਮਜਬੂਰ ਕੀਤਾ। ਇਹ ਦੋਹਰੀ ਹਾਰ ਸੀ। ਜਦੋਂ ਰਾਜਾ ਜੈਪਾਲ ਲਾਹੌਰ ਪਰਤਿਆ ਤਾਂ ਉਹ ਬੁਰੀ ਤਰ੍ਹਾਂ ਟੁੱਟ ਚੁੱਕਾ ਸੀ। ਇਕ ਵੇਰਵੇ ਮੁਤਾਬਕ ਉਹ ਸਾਰੀ ਰਾਤ ਜਾਗ ਕੇ ਇਹ ਸੋਚਦਾ ਰਿਹਾ ਕਿ ਅਗਾਂਹ ਕੀ ਕੀਤਾ ਜਾਵੇ। ਅਗਲੀ ਸਵੇਰ ਇਸ ਅਣਖ਼ੀਲੇ ਰਾਜਪੂਤ ਰਾਜੇ ਨੇ ਸਿਰੇ ਦਾ ਕਦਮ ਚੁੱਕਦਿਆਂ ਜੌਹਰ (ਆਤਮਦਾਹ) ਕਰਨ ਦਾ ਫ਼ੈਸਲਾ ਕੀਤਾ। ਰਾਜੇ ਦੇ ਹੁਕਮਾਂ ’ਤੇ ਇਸ ਲਈ ਸਾਰੇ ਬੰਦੋਬਸਤ ਕਰ ਦਿੱਤੇ ਗਏ।
ਰਾਜਾ ਆਪਣੀ ਜੰਗੀ ਯੋਧੇ ਵਾਲੀ ਪੂਰੀ ਪੁਸ਼ਾਕ ਪਹਿਨ ਕੇ ਅਤੇ ਹੱਥ ਵਿਚ ਆਪਣੀ ਹੀਰਿਆਂ ਜੜੀ ਤਲਵਾਰ ਫੜ ਕੇ ਖੁੱਲ੍ਹੇ ਮੈਦਾਨ ਵਿਚ ਪੁੱਜਾ। ਇਹ ਜਗ੍ਹਾ ਅਜੋਕੇ ਲਾਹੌਰ ਦੇ ਭੱਟੀ ਗੇਟ ਵਾਲੀ ਥਾਂ ਦੇ ਐਨ ਬਾਹਰਵਾਰ ਸੀ, ਅੱਜ ਜਿਥੇ ਮੋਰੀ ਗੇਟ ਹੈ, ਉਸ ਦੇ ਬਿਲਕੁਲ ਖੱਬੇ ਪਾਸੇ। ਉਸ ਨੇ ਆਪਣੇ ਉਤੇ ਬਹੁਤ ਸਾਰਾ ਘਿਓ ਡੋਲ੍ਹ ਕੇ ਖ਼ੁਦ ਨੂੰ ਪੂਰੀ ਤਰ੍ਹਾਂ ਗੜੁੱਚ ਕਰ ਲਿਆ। ਇਕ ਸੇਵਾਦਾਰ ਨੇ ਰਾਜੇ ਨੂੰ ਬਲਦੀ ਹੋਈ ਮਸ਼ਾਲ ਫੜਾਈ ਤੇ ਘਿਓ ਨਾਲ ਨੁੱਚੜਦੇ ਰਾਜਾ ਜੈਪਾਲ ਨੇ ਆਪਣੇ ਆਪ ਨੂੰ ਅੱਗ ਹਵਾਲੇ ਕਰ ਦਿੱਤਾ। ਲੋਕ ਵਿਸ਼ਵਾਸ ਮੁਤਾਬਕ ਰਾਜੇ ਨੇ ਆਪਣੇ ਇਸ ਆਖ਼ਰੀ ਮੌਕੇ ਇਕ ਵਾਰ ਵੀ ਸੀਅ ਤੱਕ ਨਹੀਂ ਕੀਤੀ। ਹਾਂ, ਉਸ ਨੇ ਆਪਣੇ ਪੁੱਤਰ ਤੋਂ ਵਿਦੇਸ਼ੀ ਹਮਲਾਵਰਾਂ ਕੋਲੋਂ ਬਦਲਾ ਲੈਣ ਦਾ ਵਚਨ ਜ਼ਰੂਰ ਲਿਆ ਸੀ।
ਇਸ ਤਰ੍ਹਾਂ ਰਾਜਾ ਜੈਪਾਲ ਦਾ ਬਹੁਤ ਹੀ ਵਧੀਆ ਤੇ ਲੰਬਾ ਰਾਜ ਕਾਲ ਕਰੀਬ 1000 ਸਾਲ ਪਹਿਲਾਂ ਖ਼ਤਮ ਹੋ ਗਿਆ। ਉਸ ਦੇ ਪੁੱਤਰ ਨੇ ਆਪਣੇ ਪਿਤਾ ਨੂੰ ਦਿੱਤਾ ਵਚਨ ਨਿਭਾਇਆ ਅਤੇ ਅਫ਼ਗਾਨਾਂ ਨਾਲ ਪਿਸ਼ਾਵਰ ਦੀ ਜੰਗ ਵਿਚ ਟੱਕਰ ਲਈ ਪਰ ਉਹ ਵੀ ਆਪਣੇ ਪਿਤਾ ਵਾਂਗ ਹਾਰ ਗਿਆ। ਉਸ ਦੇ ਪੁੱਤਰ ਨੂੰ ਵੀ ਜੈਪਾਲ (ਦੋਇਮ) ਆਖਿਆ ਜਾਂਦਾ ਸੀ ਪਰ ਇਤਿਹਾਸ ਵਿਚ ਉਸ ਦਾ ਜ਼ਿਕਰ ਨਰੰਜਨਪਾਲ ਵਜੋਂ ਕੀਤਾ ਗਿਆ ਹੈ। ਉਸ ਨੇ ਲਾਹੌਰ ਉਤੇ 1022 ਈਸਵੀ ਤੱਕ ਰਾਜ ਕੀਤਾ। ਆਖ਼ਰ ਸੁਬੁਕਤਗੀਨ ਦਾ ਪੁੱਤਰ ਜਿਸ ਨੂੰ ਮਹਿਮੂਦ ਗ਼ਜ਼ਨਵੀ ਵਜੋਂ ਜਾਣਿਆ ਜਾਂਦਾ ਹੈ, ਕਸ਼ਮੀਰ ਵਾਲੇ ਪਾਸਿਉਂ ਚੜ੍ਹ ਕੇ ਆਇਆ ਅਤੇ ਉਸ ਨੇ ਇਕ ਤਰ੍ਹਾਂ ਬਿਨਾਂ ਲੜਿਆਂ ਹੀ ਲਾਹੌਰ ਉਤੇ ਕਬਜ਼ਾ ਕਰ ਲਿਆ। ਫਿਰ ਮਹਿਮੂਦ ਗ਼ਜ਼ਨਵੀ ਨੇ ਆਪਣੇ ਫ਼ੌਜੀਆਂ ਨੂੰ ਸ਼ਹਿਰ ਵਿਚ ਲੁੱਟ-ਮਾਰ ਦੀ ਪੂਰੀ ਖੁੱਲ੍ਹ ਦੇ ਦਿੱਤੀ। ਪੂਰੇ ਸੱਤ ਦਿਨ ਤੇ ਸੱਤ ਰਾਤਾਂ ਤੱਕ ਲਾਹੌਰ ਦੀ ਪੱਤ ਲੁਟੀਂਦੀ ਰਹੀ।
ਰਾਜਾ ਜੈਪਾਲ ਦੋਇਮ ਭੱਜ ਕੇ ਅਜਮੇਰ ਚਲਾ ਗਿਆ ਅਤੇ ਇਸ ਦੇ ਨਾਲ ਹੀ ਲਾਹੌਰ ਤੇ ਪੰਜਾਬ ਤੋਂ ਰਾਜਪੂਤਾਂ ਦਾ ਰਾਜ ਹਮੇਸ਼ਾ ਲਈ ਖ਼ਤਮ ਹੋ ਗਿਆ। ਆਖ਼ਰ ਇਸ ਤੋਂ ਕਰੀਬ 800 ਸਾਲਾਂ ਬਾਅਦ ਉਹ ਘੜੀ ਆਈ ਜਦੋਂ ਪੰਜਾਬੀ ਆਪਣੇ ਆਪ ਨੂੰ ਅਫ਼ਗ਼ਾਨਾਂ ਤੋਂ ਆਜ਼ਾਦ ਕਰਾਉਣ ਵਿਚ ਸਫਲ ਰਹੇ, ਪਰ ਮਹਿਜ਼ 50 ਕੁ ਸਾਲਾਂ ਲਈ ਅਤੇ ਇਸ ਤੋਂ ਬਾਅਦ ਉਨ੍ਹਾਂ ਦੀ ਆਜ਼ਾਦੀ ਫਿਰ ਖੁੱਸ ਗਈ ਤੇ ਅੰਗਰੇਜ਼ ਉਨ੍ਹਾਂ ਦੇ ਹਾਕਮ ਬਣ ਗਏ। ਜਦੋਂ ਵੀ ਕਦੇ ਤੁਸੀਂ ਸਰਕੂਲਰ ਰੋਡ ਤੋਂ ਲੰਘੋ ਤਾਂ ਮੋਰੀ ਗੇਟ ਲਾਗੇ ਕੁਝ ਪਲਾਂ ਲਈ ਰੁਕਣਾ, ਜਿਥੇ ਬਾਗ਼ ਵਿਚ ਅੱਜ ਵੀ ਪਿੱਪਲ਼ ਦਾ ਪੁਰਾਣਾ ਦਰਖ਼ਤ ਖੜ੍ਹਾ ਹੈ। ਬਹੁਤੀ ਦੇਰ ਨਹੀਂ ਹੋਈ, ਜਦੋਂ ਇਸ ਨੂੰ ‘ਜੈਪਾਲ ਦਾ ਪਿੱਪਲ਼’ ਆਖਿਆ ਜਾਂਦਾ ਸੀ। ਕੁਝ ਲੋਕ ਇਸ ਨੂੰ ‘ਜੌਹਰ ਰੁੱਖ’ ਵੀ ਆਖਦੇ ਸਨ… ਅਜਿਹਾ ਰੁੱਖ ਜਿਹੜਾ ਇਕ ਅਜਿਹੀ ਘਟਨਾ ਦਾ ਗਵਾਹ ਹੈ, ਜੋ ਬਹੁਤ ਹੀ ਲੰਬੇ ਅਤੀਤ ਨਾਲ ਜੁੜੀ ਹੋਈ ਹੈ।


Comments Off on ਲਾਹੌਰ ਦਾ ਰਾਜਾ ਜੈਪਾਲ: ਜਿਸ ਨੇ ਹਾਰਨ ਨਾਲੋਂ ਮਰਨ ਕਬੂਲ ਕੀਤਾ
1 Star2 Stars3 Stars4 Stars5 Stars (No Ratings Yet)
Loading...
Both comments and pings are currently closed.

Comments are closed.

Available on Android app iOS app
Powered by : Mediology Software Pvt Ltd.