ਵਿੰਬਲਡਨ ਟੈਨਿਸ ਟੂਰਨਾਮੈਂਟ-2019: ਨੋਵਾਕ ਜੋਕੋਵਿਚ ਅਤੇ ਸਿਮੋਨਾ ਹਾਲੇਪ ਚੈਂਪੀਅਨ ਬਣੇ !    ਸਬਜ਼ੀਆਂ ਦੀ ਬਿਜਾਈ ਦਾ ਵੇਲਾ !    ਪੰਜਾਬੀ ਸਿਨਮਾ ਦੀ ਚੜ੍ਹਤ !    ਝੋਨੇ ਦੇ ਕੀੜੇ-ਮਕੌੜਿਆਂ ਦੀ ਰੋਕਥਾਮ ਦੇ ਨੁਕਤੇ !    ਬਰ-ਏ-ਸਗ਼ੀਰ ਦੀ ਕਲਾਕਾਰ ਆਸ਼ਾ ਪੌਸਲੇ !    ਦਿਮਾਗ਼ ਨੂੰ ਰੱਖੋ ਜਵਾਨ !    ਮਾਤ ਭਾਸ਼ਾ ਰਾਹੀਂ ਬੱਚੇ ਦਾ ਸ਼ਖ਼ਸੀ ਵਿਕਾਸ !    ਖੇਤੀ ਵੰਨ-ਸੁਵੰਨਤਾ ਨੂੰ ਸਹੀ ਗਤੀ ਤੇ ਦਿਸ਼ਾ ਦੀ ਲੋੜ !    ਸਟੇਜੀ ਹੋਈਆਂ ਤੀਆਂ !    ਛੋਟਾ ਪਰਦਾ !    

ਲਾਹੌਰ: ਇਤਿਹਾਸ ਦੀਆਂ ਪੈੜਾਂ

Posted On June - 26 - 2019

ਸਾਂਝੀ ਵਿਰਾਸਤ

ਲਾਹੌਰ ਸਥਿਤ ਰਤਨ ਚੰਦ ਦਾ ਮੰਦਰ।

ਬਹੁਤੇ ‘ਪੱਕੇ ਲਾਹੌਰੀਆਂ’ ਲਈ ਇਹ ਹੈਰਾਨੀ ਵਾਲੀ ਗੱਲ ਹੋ ਸਕਦੀ ਹੈ ਕਿ ਪੁਰਾਣਾ ਲਾਹੌਰ ਸ਼ਹਿਰ (ਅੰਦਰੂਨੀ ਸ਼ਹਿਰ) ਉਨ੍ਹਾਂ ਵਿਚੋਂ ਬਹੁਤਿਆਂ ਦੇ ਅੰਦਾਜ਼ਿਆਂ ਨਾਲੋਂ ਕਿਤੇ ਵੱਧ ਪੁਰਾਣਾ ਹੈ। ਇਸ ਨੇ ਅਨੇਕਾਂ ਉਸਾਰੂ ਹਲਚਲਾਂ ਨੂੰ ਜਨਮ ਦਿੱਤਾ। ਇਹ ਕੁਝ ਮਹਾਨ ਧਾਰਮਿਕ ਲਹਿਰਾਂ ਦਾ ਵੀ ਜਨਮ ਸਥਾਨ ਰਿਹਾ ਹੈ। ਇਹੋ ਕਾਰਨ ਹੈ ਕਿ ਇਥੋਂ ਦੇ ਮੂਲ ਬਾਸ਼ਿੰਦੇ ਧਾਰਮਿਕ ਨਿਸ਼ਠਾ ਤੇ ਅਕੀਦਿਆਂ ਦੇ ਮਾਮਲੇ ਬਾਰੇ ਇਕ ਖ਼ਾਸ ਠਰੰਮਾ ਰੱਖਦੇ ਹਨ।
ਲਾਹੌਰ ਬਹੁਤ ਹੀ ਪੁਰਾਣਾ ਸ਼ਹਿਰ ਹੈ ਅਤੇ ਇਸ ਦੀ ਨਿਸ਼ਾਨਦੇਹੀ ਬਹੁਤ ਪਹਿਲਾਂ ਬੀਤੇ ਸਮਿਆਂ ਵਿਚ ਕੀਤੀ ਜਾ ਸਕਦੀ ਹੈ। ਮਸ਼ਹੂਰ ਕਵੀ ਵਾਲਮੀਕਿ ਨੇ 5000 ਸਾਲ ਤੋਂ ਵੀ ਪਹਿਲਾਂ ਮਸ਼ਹੂਰ ਹਿੰਦੂ ਮਹਾਂਕਾਵਿ ‘ਰਾਮਾਇਣ’ ਦੀ ਰਚਨਾ ਲਾਹੌਰ ਵਿਚ ਕੀਤੀ। ਇਸ ਮਹਾਂਕਾਵਿ ਵਿਚ ਗਰਭਵਤੀ ਸੀਤਾ ਆਪਣੇ ਦੂਜੇ ਬਣਵਾਸ ਦੌਰਾਨ ਰਾਵੀ ਦਰਿਆ ਵਾਲੇ ਇਲਾਕੇ ਵਿਚ ਰਹਿੰਦੀ ਹੈ। ਰਾਵੀ ਮਿੱਟੀ ਦੇ ਉਸੇ ਟਿੱਲੇ ਦੁਆਲੇ ਵਗਦਾ ਹੈ ਤੇ ਇਹ ਇਲਾਕਾ ਸਦੀਆਂ ਤੋਂ ਆਬਾਦ ਹੈ। ਖੋਜ ਤੋਂ ਪਤਾ ਲੱਗਦਾ ਹੈ ਕਿ ਉਸ ਦੇ ਪੁੱਤਰ ਲਵ ਦਾ ਪਾਲਣ-ਪੋਸ਼ਣ ਇਸ ਟਿੱਲੇ ਉਤੇ ਹੋਇਆ, ਜਿਸ ਨੂੰ ਬਾਅਦ ਵਿਚ ਉਸ ਦੇ ਨਾਂ ’ਤੇ ਲਾਹੌਰ ਆਖਿਆ ਗਿਆ। ਇਸ ਗੱਲ ’ਤੇ ਹਮੇਸ਼ਾ ਵਿਵਾਦ ਰਿਹਾ ਹੈ ਕਿ ਸੀਤਾ ਅਸਲ ਵਿਚ ਮਿੱਟੀ ਦੇ ਟਿੱਲੇ ਉਤੇ ਜਾਂ ਲਾਹੌਰ ਵਿਚ ਕਿਥੇ ਰਹਿੰਦੀ ਰਹੀ ਹੈ। ਇਸ ਸਬੰਧੀ ਇਕ ਵਿਚਾਰ ਜਿਹੜਾ ਵਿਦਵਾਨਾਂ ਵਿਚ ਮਕਬੂਲ ਹੈ, ਮੁਤਾਬਕ ਇਹ ਉਹ ਥਾਂ ਸੀ ਜਿਥੇ ਹੁਣ ਲਾਹੌਰ ਕਿਲ੍ਹਾ ਹੈ, ਬਿਲਕੁਲ ਉਹ ਥਾਂ ਜਿਥੇ ਸੜਕ ਉਪਰਲੇ ਪਾਸਿਓਂ ਹਾਥੀ ਦਰਵਾਜ਼ੇ ਨੂੰ ਵਲ਼ਦੀ ਹੈ।
ਇਸ ਵਿਚਾਰ ਨੂੰ ਇਸ ਗੱਲ ਤੋਂ ਮਜ਼ਬੂਤੀ ਮਿਲਦੀ ਹੈ ਕਿ ਲਵ ਦਾ ਮੰਦਰ ਹਾਲੇ ਵੀ ਲਾਹੌਰ ਕਿਲ੍ਹੇ ਵਿਚ ਮੌਜੂਦ ਹੈ। ਦੂਜਾ ਵਿਚਾਰ, ਜਿਸ ਨੂੰ ਪੁਰਾਣੇ ਸ਼ਹਿਰ ਦੇ ਦਾਨਿਸ਼ਵਰਾਂ ਨੇ ਬਹੁਤਾ ਪ੍ਰਚਾਰਿਆ, ਮੁਤਾਬਕ ਇਹ ਥਾਂ ਪਾਣੀਵਾਲਾ ਤਲਾਬ ਦੇ ਕੋਲ ਸੀ। ਉਂਜ ਹਕੀਕਤ ’ਚ ਇਹ ਦੋਵੇਂ ਥਾਵਾਂ ਮਹਿਜ਼ 500 ਗਜ਼ ਦੇ ਫ਼ਾਸਲੇ ’ਤੇ ਹਨ ਅਤੇ ਦੋਵੇਂ ਉਚੀਆਂ ਉਠੀਆਂ ਹੋਈਆਂ ਹਨ ਤੇ ਸਾਰੇ ਸ਼ਹਿਰ ਤੋਂ ਉੱਚੀਆਂ ਦਿਖਾਈ ਦਿੰਦੀਆਂ ਹਨ। ਨਾਲ ਹੀ ਪ੍ਰਾਚੀਨ ਹਿੰਦੂ ਸ਼ਾਸਤਰਾਂ ਖ਼ਾਸਕਰ ਰਿਗਵੇਦ ਦਾ ਬਹੁਤਾ ਹਿੱਸਾ ਲਾਹੌਰ ਵਿਚ ਰਾਵੀ ਦੇ ਕੰਢੇ ਲਿਖਿਆ ਗਿਆ ਸੀ, ਜਿਸ ਕਾਰਨ ਇਹ ਗੱਲ ਕਾਫ਼ੀ ਭਰੋਸੇ ਨਾਲ ਆਖੀ ਜਾ ਸਕਦੀ ਹੈ ਕਿ ਹਿੰਦੂ ਧਰਮ, ਮੁੱਖ ਤੌਰ ’ਤੇ ਇਸੇ ਮਹਾਨ ਸ਼ਹਿਰ ਦੇ ਲੋਕਾਂ ਵਿਚ ਵਿਗਸਿਆ ਤੇ ਉਨ੍ਹਾਂ ਹੀ ਇਸ ਨੂੰ ਅੱਗੇ ਵਧਾਇਆ।
ਇਸ ਦੇ ਬਾਵਜੂਦ ਇਹ ਗੱਲ ਵੀ ਹੈਰਾਨੀ ਵਾਲੀ ਹੈ ਕਿ ਖ਼ਾਸ ਕਰ ਕੇ ਲਾਹੌਰ ਅਤੇ ਆਮ ਕਰ ਕੇ ਪੰਜਾਬ ਨੇ ਇਸ ਉਪ ਮਹਾਂਦੀਪ ਵਿਚ ਬੁੱਧ ਧਰਮ ਦੇ ਪਸਾਰ ਵਿਚ ਅਹਿਮ ਕਿਰਦਾਰ ਨਿਭਾਇਆ। ਇਹ ਨਹੀਂ ਕਿ ਗੌਤਮ ਬੁੱਧ ਇਥੇ ਆਏ, ਸਗੋਂ ਚੰਦਰਗੁਪਤ ਮੌਰਿਆ, ਜੋ ਮੌਰਿਆ ਸਾਮਰਾਜ ਦੇ ਬਾਨੀ ਅਤੇ ਮਹਾਨ ਰਾਜਾ ਅਸ਼ੋਕ ਦੇ ਦਾਦਾ ਸਨ, ਦੋਵੇਂ ਲਾਹੌਰ ਵਿਚ ਰਹੇ। ਉਨ੍ਹਾਂ 318 ਈਸਾ ਪੂਰਬ ਵਿਚ ਰਾਜਾ ਪੋਰਸ ਦੇ ਹੋਏ ਕਤਲ ਤੋਂ ਬਾਅਦ ਹੋਈ ਬਗ਼ਾਵਤ ਦੀ ਅਗਵਾਈ ਕਰਨ ਪਿੱਛੋਂ ਬੁੱਧ ਧਰਮ ਦਾ ਪ੍ਰਚਾਰ ਕੀਤਾ। ਰਾਜਾ ਪੋਰਸ ਵੱਲੋਂ ਯੂਨਾਨੀਆਂ ਨਾਲ ਮਿਲ ਜਾਣ ਕਾਰਨ ਉਸ ਨਾਲ ਸਾੜਾ ਕਰਦੇ ਯੂਨਾਨੀ ਅਹਿਲਕਾਰਾਂ ਨੇ ਉਸ ਦਾ ਕਤਲ ਕਰ

ਲਾਹੌਰ ਸਥਿਤ ਮਹਾਰਾਜਾ ਰਣਜੀਤ ਸਿੰਘ ਦੀ ਸਮਾਧੀ।

ਦਿੱਤਾ, ਜਿਹੜੇ ਪਹਿਲਾਂ ਸਿਕੰਦਰ ਦੇ ਮਾਤਹਿਤ ਕੰਮ ਕਰਦੇ ਸਨ। ਰਾਜਾ ਪੋਰਸ ਦਾ ਅਸਲ ਨਾਂ ਪੌਰਵਾ (ਪੋਰਸ ਵਿਗੜਿਆ ਹੋਇਆ ਯੂਨਾਨੀ ਨਾਂ) ਸੀ, ਜਿਹੜਾ 327 ਈਸਾ ਪੂਰਬ ’ਚ ਦਰਿਆ ਜੇਹਲਮ ਦੇ ਕੰਢੇ ਯੂਨਾਨੀ ਫ਼ੌਜ ਨਾਲ ਹੋਈ ਲੜਾਈ ਵਿਚ ਹਾਰ ਗਿਆ ਸੀ। ਉਸ ਨੇ ਹਾਰਨ ਪਿੱਛੋਂ ਸਿਕੰਦਰ ਨਾਲ ਹੱਥ ਮਿਲਾ ਲਿਆ। ਅਜਿਹਾ ਉਦੋਂ ਵਾਪਰਿਆ, ਜਦੋਂ ਸੱਤ ਫੁੱਟ ਲੰਮਾ ਤੇ ਕਾਲਾ ਪੋਰਸ ਜ਼ਖ਼ਮੀ ਹੋਣ ਪਿੱਛੋਂ ਫੜ ਲਿਆ ਗਿਆ ਅਤੇ ਉਦੋਂ ਉਸ ਨੇ ਕਿਹਾ ਸੀ ਕਿ ਉਸ ਨਾਲ ਉਹੋ ਜਿਹਾ ਸਲੂਕ ਹੋਣਾ ਚਾਹੀਦਾ ਹੈ, ‘ਜਿਹੋ ਜਿਹਾ ਇਕ ਰਾਜਾ ਦੂਜੇ ਨਾਲ ਕਰਦਾ ਹੈ।’ ਕਹਿੰਦੇ ਹਨ ਕਿ ਇਸ ਤੋਂ ਸਿਕੰਦਰ ਬਹੁਤ ਪ੍ਰਭਾਵਿਤ ਹੋਇਆ, ਜਾਂ ਕੁਝ ਆਖਦੇ ਹਨ ਕਿ ਸਿਕੰਦਰ ਅਸਲ ਵਿਚ ਡਰ ਗਿਆ ਤੇ ਉਸ ਨੇ ਪੋਰਸ ਨੂੰ ਆਪਣੇ ਇਲਾਕੇ ਦਾ ਰਾਜਾ ਬਣਾਉਣ ਦਾ ਫ਼ਰਮਾਨ ਜਾਰੀ ਕਰ ਦਿੱਤਾ। ਇਸ ਤੋਂ ਨੌਂ ਸਾਲਾਂ ਬਾਅਦ ਪੋਰਸ ਦੇ ਕਤਲ ਦੇ ਨਾਲ ਹੀ ਯੂਨਾਨੀ ਸਾਮਰਾਜ ਦਾ ਵੀ ਅੰਤ ਹੋ ਗਿਆ।
ਲਾਹੌਰ ਦੇ ਰਾਜਧਾਨੀ ਹੁੰਦਿਆਂ, ਪੰਜਾਬ ਦਾ ਸਰਕਾਰੀ ਧਰਮ ਬੁੱਧ ਸੀ। ਪਿਛਲੇ ਸਾਲਾਂ ਦੌਰਾਨ ਤਾਲਿਬਾਨਾਂ ਵੱਲੋਂ ਅਫ਼ਗ਼ਾਨਿਸਤਾਨ ’ਚੋਂ ਬੁੱਧ ਦੇ ਬੁੱਤਾਂ ਨੂੰ ਤੋਪਾਂ ਰਾਹੀਂ ਉਡਾ ਦੇਣ ਦੀ ਘਟਨਾ ਤੋਂ ਜ਼ਾਹਰ ਹੈ ਕਿ ਪੱਛਮ ਵੱਲ ਅਸ਼ੋਕ ਦਾ ਸਾਮਰਾਜ ਕੰਧਾਰ ਤੱਕ ਫੈਲਿਆ ਹੋਇਆ ਸੀ। ਅਸ਼ੋਕ ਦੇ ਦੌਰ ਦੌਰਾਨ ਉਸ ਦੇ ਹੁਕਮਾਂ ’ਤੇ ਬੁੱਧ ਦੇ ਬੁੱਤ ਬਣਾਏ ਗਏ ਅਤੇ ਅੱਜ ਉਹ ਖ਼ਤਰੇ ਵਿਚ ਹਨ।
ਸਿੱਖ ਧਰਮ ਭਾਵੇਂ ਖਾਸ ਤੌਰ ’ਤੇ ਲਾਹੌਰ ਵਿਚ ਨਹੀਂ ਪਰ ਪੰਜਾਬ ਵਿਚ ਹੀ ਪੈਦਾ ਹੋਇਆ। ਇਸ ਦੇ ਬਾਨੀ ਗੁਰੂ ਨਾਨਕ ਦੇਵ ਦਾ ਜਨਮ ਲਾਹੌਰ ਦੇ ਨਜ਼ਦੀਕ ਪੈਂਦੇ ਇਲਾਕੇ ਤਲਵੰਡੀ ਵਿਚ ਹੋਇਆ। ਪਰ ਆਪਣੇ ਇਤਿਹਾਸ ਵਿਚ ਸਿੱਧ ਧਰਮ ਆਪਣੀ ਚੋਟੀ ਉਤੇ ਉਦੋਂ ਪੁੱਜਿਆ ਜਦੋਂ ਗੁਰੂ ਗੋਬਿੰਦ ਸਿੰਘ ਨੇ ਆਪਣੇ ਪੁਰਅਮਨ ਸ਼ਰਧਾਲੂਆਂ ਨੂੰ ਜੰਗੀ ਯੋਧਿਆਂ ਵਿਚ ਬਦਲ ਦਿੱਤਾ। ਖ਼ਾਲਸਾ ਰਾਜ ਦੀ ਰਾਜਧਾਨੀ ਲਾਹੌਰ ਹੀ ਸੀ ਅਤੇ ਇਹੋ ਕਾਰਨ ਹੈ ਕਿ ਅੱਜ ਵੀ ਅਧਿਆਤਮਕਤਾ ਇਸ ਦੇ ਮਨ ਵਿਚ ਹੈ।
ਇੰਨਾ ਹੀ ਨਹੀਂ, ਹੋਰਨਾਂ ਧਰਮਾਂ ਨੂੰ ਮੰਨਣ ਵਾਲੇ ਲੋਕ ਵੀ ਲਾਹੌਰ ਆਏ, ਜਿਵੇਂ ਤਾਤਾਰ ਅਤੇ ਹੂਣ। ਇਹ ਆਪਣੇ ਦੇਵਤਿਆਂ ਵਿਚ ਵਿਸ਼ਵਾਸ ਰੱਖਦੇ ਸਨ। ਆਖਿਆ ਜਾਂਦਾ ਹੈ ਕਿ ਜੱਟ, ਜਿਹੜੇ ਪੰਜਾਬ ਦੇ ਸ਼ਾਇਦ ਸਭ ਤੋਂ ਵੱਡੀ ਗਿਣਤੀ ਵਾਲਾ ਨਸਲੀ ਸਮੂਹ ਹਨ, ਅਸਲ ਵਿਚ ਹੂਣ ਹਨ।

ਮਜੀਦ ਸ਼ੇਖ਼

ਇਸ ਇਤਿਹਾਸ ਨੂੰ ਦੇਖਦਿਆਂ, ਇਹ ਕੋਈ ਹੈਰਾਨੀ ਵਾਲੀ ਗੱਲ ਨਹੀਂ ਕਿ ਲਾਹੌਰ ਉਹ ਥਾਂ ਸੀ ਜਿਥੇ ਪੰਜਾਬ ਦੀ ਪਹਿਲੀ ਮਸਜਿਦ ਇਕ ਹਜ਼ਾਰ ਵਰ੍ਹੇ ਤੋਂ ਵੀ ਪਹਿਲਾਂ ਸੰਨ 977 ਈਸਵੀ ਵਿਚ ਤਾਮੀਰ ਕੀਤੀ ਗਈ, ਉਦੋਂ ਜਦੋਂ ਰਾਜਾ ਜੈਪਾਲ ਨੂੰ ਸੁਲਤਾਨ ਮਹਿਮੂਦ ਗਜ਼ਨਵੀ ਦੇ ਪਿਤਾ ਸੁਬੁਕਤਗਿਨ ਨੇ ਹਰਾ ਦਿੱਤਾ। ਇਹ ਮਸਜਿਦ ਕਿਲ੍ਹੇ ਦੇ ਅੰਦਰ ਸੁਨਹਿਰੀ ਮਸਜਿਦ ਵਾਲੀ ਥਾਂ ਉਸਾਰੀ ਗਈ ਦੱਸੀ ਜਾਂਦੀ ਹੈ। ਇਹ ਮਸਜਿਦ ਕਈ ਵਾਰ ਮੁੜ ਉਸਾਰੀ ਗਈ ਪਰ ਮਾਹਿਰਾਂ ਦਾ ਕਹਿਣਾ ਹੈ ਕਿ ਇਹ ਪੰਜਾਬ ਵਿਚ ਉੱਸਰੀ ਪਹਿਲੀ ਮਸਜਿਦ ਸੀ। ਇਸ ਤਰ੍ਹਾਂ ਪਹਿਲੀ ਮਸਜਿਦ ਤੇ ਪਹਿਲਾ ਮੰਦਰ ਕਿਲ੍ਹੇ ਦੇ ਅੰਦਰ ਨਾਲੋ-ਨਾਲ ਮੌਜੂਦ ਹਨ।
ਲਾਹੌਰ ਨਾਲ ਇਨ੍ਹਾਂ ਵੱਖੋ-ਵੱਖ ਧਾਰਮਿਕ ਰਿਸ਼ਤਿਆਂ ਦਾ ਸਿੱਟਾ ਇਹ ਨਿਕਲਿਆ ਕਿ ਇਥੋਂ ਦੇ ਲੋਕਾਂ ਨੇ ਉਨ੍ਹਾਂ ਦੀ ਵਿਆਖਿਆ ਦਾ ਇਕ ਬਹੁਤ ਹੀ ਖ਼ਾਸ ਤੇ ਸੰਵੇਦਨਸ਼ੀਲ ਤਰੀਕਾ ਅਪਣਾ ਲਿਆ, ਜਿਹੜਾ ਇਨਸਾਨੀਅਤ ਅਤੇ ਸਹਿਣਸ਼ੀਲਤਾ ਉਤੇ ਆਧਾਰਿਤ ਹੈ। ਇਸਲਾਮ ਵਿਚ ਸੂਫ਼ੀਆਂ ਨੇ ਹਮੇਸ਼ਾ ਲੋਕਾਂ ਦੇ ਦਿਲੋ-ਦਿਮਾਗ਼ ’ਤੇ ਬੜੀ ਖ਼ਾਸ ਥਾਂ ਬਣਾਈ ਰੱਖੀ ਹੈ। ਉਨ੍ਹਾਂ ਦਾ ਪ੍ਰਭਾਵ ਲਗਾਤਾਰ ਤੇ ਮੁਕੰਮਲ ਬਣਿਆ ਰਿਹਾ ਹੈ। ਇਹ ਉਹ ਚੀਜ਼ ਹੈ ਜਿਹੜੀ ਪੁਰਾਣੇ ਲਾਹੌਰ ਦੇ ਬਾਸ਼ਿੰਦਿਆਂ ਨੂੰ ਨਰਮਦਿਲ ਅਤੇ ‘ਦਰਬਾਰੀ ਚਾਪਲੂਸੀ ਦੇ ਵਿਰੋਧੀ’ ਬਣਾਉਂਦੀ ਹੈ। ਇਥੋਂ ਤੱਕ ਕਿ ਅੱਜ ਵੀ ਜਦੋਂ ਹੋਰ ਛੋਟੇ ਸ਼ਹਿਰਾਂ ਤੇ ਕਸਬਿਆਂ ਨੂੰ ਪੁਜਾਰੀ-ਮੌਲਾਣੇ ਇਕ ਤਰ੍ਹਾਂ ਆਪਣੇ ਬੰਧਕ ਬਣਾ ਲੈਂਦੇ ਹਨ, ਉਥੇ ਪੁਰਾਣਾ ਲਾਹੌਰ ਕਿਸੇ ਵੀ ਤਰ੍ਹਾਂ ਦੀ ਇੰਤਹਾਪਸੰਦੀ ਨੂੰ ਨਕਾਰਦਾ ਦਿਖਾਈ ਦਿੰਦਾ ਹੈ।


Comments Off on ਲਾਹੌਰ: ਇਤਿਹਾਸ ਦੀਆਂ ਪੈੜਾਂ
1 Star2 Stars3 Stars4 Stars5 Stars (No Ratings Yet)
Loading...
Both comments and pings are currently closed.

Comments are closed.

Available on Android app iOS app
Powered by : Mediology Software Pvt Ltd.