ਮਜ਼ਬੂਤ ਰੱਖਿਆ ਦੀਵਾਰ ਵਾਲਾ ਕੁੰਭਲਗੜ੍ਹ ਕਿਲ੍ਹਾ !    ਵਿਆਹ ਦੀ ਪਹਿਲੀ ਵਰ੍ਹੇਗੰਢ !    ਸੰਵਿਧਾਨ ’ਤੇ ਹਮਲੇ ਦਾ ਵਿਰੋਧ ਲਾਜ਼ਮੀ: ਸਿਧਾਰਥ ਵਰਦਰਾਜਨ !    ਆ ਆਪਾਂ ਘਰ ਬਣਾਈਏ !    ਵਿਗਿਆਨ ਗਲਪ ਦੀ ਦਸਤਾਵੇਜ਼ੀ ਲਿਖਤ !    ਮਿੰਨੀ ਕਹਾਣੀ !    ਬਹੁਪੱਖੀ ਜਾਣਕਾਰੀ ਵਾਲਾ ਸਫ਼ਰਨਾਮਾ !    ਲੋਕ ਸਰੋਕਾਰਾਂ ਦੀ ਗੱਲ !    ਬੌਲੀਵੁੱਡ ’ਚ ਭੈਣ-ਭਰਾਵਾਂ ਦਾ ਜਲਵਾ !    ‘ਸਾਂਢ ਕੀ ਆਂਖ’ ਮਹਿਲਾ ਸਸ਼ਕਤੀਕਰਨ ਦੀ ਦਾਸਤਾਨ !    

ਲਾਹੇਵੰਦ ਹੈ ਬੱਕਰੀ ਪਾਲਣ ਦਾ ਧੰਦਾ

Posted On June - 29 - 2019

ਸੁਖਪਾਲ ਸਿੰਘ ਗਿੱਲ
ਸਾਡੇ ਸੱਭਿਆਚਾਰ, ਭੂਗੋਲਿਕ ਚੋਗਿਰਦੇ ਅਤੇ ਆਰਥਿਕਤਾ ਵਿੱਚ ਬੱਕਰੀ ਦੀ ਹੋਂਦ ਆਮ ਦਿਖਦੀ ਸੀ। ਵਿਕਾਸਸ਼ੀਲ ਗਤੀ ਨੇ ਬੱਕਰੀ ਪਾਲਣੀ ਅਤੇ ਮੱਝ ਪਾਲਣ ਨੂੰ ਗ਼ਰੀਬ-ਅਮੀਰ ਦੇ ਪਾੜੇ ਵਜੋਂ ਸਥਾਪਤ ਕਰ ਦਿੱਤਾ। ਗ਼ਰੀਬ ਦੇ ਘਰ ਦੀ ਮੁੱਢਲੀ ਆਰਥਿਕਤਾ ਬੱਕਰੀਆਂ ਉੱਤੇ ਟਿਕੀ ਹੋਈ ਸੀ। ਸਭ ਤੋਂ ਖ਼ਾਸ ਗੱਲ ਇਹ ਸੀ ਕਿ ਇਸ ਦੀ ਪਾਲਣਾ ਗ਼ਰੀਬ, ਛੋਟਾ ਕਿਸਾਨ ਅਤੇ ਬੇਜ਼ਮੀਨਾ ਵੀ ਕਰ ਸਕਦਾ ਹੈ। ਇਸ ਦੋ ਥਣੇ ਜਾਨਵਰ ਨੂੰ ਗ਼ਰੀਬ ਦਾ ਫਰਿੱਜ ਵੀ ਕਿਹਾ ਜਾਂਦਾ ਸੀ। ਜਦੋਂ ਚਾਹੇ ਉਦੋਂ ਦੋ ਧਾਰਾਂ ਮਾਰ ਕੇ ਦੁੱਧ ਕੱਢਿਆ ਜਾ ਸਕਦਾ ਹੈ। ਇਸ ਸਾਊ ਅਤੇ ਸ਼ਰੀਫ ਜਾਨਵਰ ਨੂੰ ਬੱਚੇ ਅਤੇ ਔਰਤਾਂ ਵੀ ਬੰਨ੍ਹ ਤੇ ਛੱਡ ਸਕਦੀਆਂ ਹਨ।
ਆਮ ਬੱਕਰੀ 14-15 ਮਹੀਨੇ ਦੀ ਸੂਅ ਪੈਂਦੀ ਹੈ। ਬੱਕਰੀ ਗਰਭ ਧਾਰਨ ਤੋਂ 145-156 ਦਿਨਾਂ ਤੱਕ ਸੂਅ ਪੈਂਦੀ ਹੈ। ਸਰਕਾਰ ਵੱਲੋਂ ਬੱਕਰੀ ਪਾਲਣ ਦੇ ਕਿੱਤੇ ਨੂੰ ਸਬਸਿਡੀ ਅਧੀਨ ਵੀ ਲਿਆਂਦਾ ਗਿਆ ਹੈ। ਅੱਜ ਦੇ ਸਮੇਂ ਨਿਵੇਕਲਾ ਪਹਿਲੂ ਇਹ ਹੈ ਕਿ ਇਸ ਦਾ ਦੁੱਧ ਦਵਾਈ ਦੇ ਤੌਰ ’ਤੇ ਕਈ ਬਿਮਾਰੀਆਂ ਲਈ ਵਰਤਿਆ ਜਾਂਦਾ ਹੈ। ਪੰਜਾਬ ਸਰਕਾਰ ਵੱਲੋਂ ਮਿਸ਼ਨ ਤੰਦਰੁਸਤ ਤਹਿਤ ਬੱਕਰੀ ਦੇ ਦੁੱਧ ਤੋਂ ਥੈਲੇਸਿਮੀਆਂ ਦੇ ਇਲਾਜ ਦੀ ਸ਼ੁਰੂਆਤ ਕਰਨਾ ਵਿਚਾਰ ਅਧੀਨ ਹੈ। ਕੁੱਲ ਦੁਨੀਆਂ ਵਿੱਚ ਬੱਕਰੀ ਦੀਆਂ 102 ਪ੍ਰਜਾਤੀਆਂ ਹਨ ਜਦੋਂਕਿ ਇਕੱਲੇ ਭਾਰਤ ਵਿੱਚ 20 ਪ੍ਰਜਾਤੀਆਂ ਹਨ। ਬੱਕਰੀ ਨੂੰ ਗ਼ਰੀਬ ਦੀ ਗਾਂ ਵੀ ਕਿਹਾ ਜਾਂਦਾ ਹੈ। ਪਹਿਲੇ ਜ਼ਮਾਨੇ ਵਿੱਚ ਬੱਕਰੀ ਦੀ ਖ਼ੁਰਾਕ ਕਿੱਕਰ ਦੀਆਂ ਫਲੀਆਂ ਅਤੇ ਘਾਹ ਬੂਟੀਆਂ ਹੁੰਦੀਆਂ ਸਨ। ਲੋਕ ਇਨ੍ਹਾਂ ਨੂੰ ਚਾਰ ਕੇ ਬਹੁਤੇ ਖ਼ਰਚੇ ਤੋਂ ਬਚ ਜਾਂਦੇ ਸਨ। ਦੁੱਧ ਦੇ ਨਾਲ ਇਸ ਦਾ ਮੀਟ ਵੀ ਕਾਫ਼ੀ ਪ੍ਰਚੱਲਿਤ ਹੈ।
ਹੁਣ ਪੰਜਾਬ ਦਾ ਪਸ਼ੂ ਪਾਲਣ ਵਿਭਾਗ ਵੀ ਬੱਕਰੀ ਪਾਲਣ ਦੇ ਕਿੱਤੇ ਪ੍ਰਤੀ ਕਿਰਿਆਸ਼ੀਲ ਹੈ। ਪੰਜਾਬ ਸਰਕਾਰ ਵੱਲੋਂ ਬੱਕਰੀ ਪਾਲਣ ਦੇ ਕਿੱਤੇ ਨੂੰ ਉਤਸ਼ਾਹਿਤ ਕਰਨ ਲਈ ਉਚੇਚੇ ਯਤਨ ਕੀਤੇ ਜਾ ਰਹੇ ਹਨ। ਸਾਲ 2013 ਦੀ ਪਸ਼ੂ ਜਨਗਣਨਾ ਅਨੁਸਾਰ ਪੰਜਾਬ ਵਿੱਚ ਬੱਕਰੀਆਂ ਦੀ ਗਿਣਤੀ 3 ਲੱਖ 27 ਹਜ਼ਾਰ ਤੋਂ ਵੱਧ ਸੀ। ਪਹਿਲੇ ਬੱਕਰੀਆਂ ਦਾ ਇਕੱਠ ਜਿਸ ਨੂੰ ਇੱਜੜ ਕਹਿੰਦੇ ਸਨ, ਨੂੰ ਚਾਰਨ ਵਾਲੇ ਨੂੰ ਆਜੜੀ ਕਹਿੰਦੇ ਸਨ। ਹੁਣ ਇੱਜੜ ਅਤੇ ਆਜੜੀ ਘੱਟ ਹਨ। ਪਿਛਲੇ ਜ਼ਮਾਨੇ ਦੀ ਤਰ੍ਹਾਂ ਹੁਣ ਇੱਜੜ ਅਤੇ ਆਜੜੀ ਆਮ ਨਹੀਂ ਦਿਖਦੇ। ਸਰਕਾਰ ਦੇ ਉਪਰਾਲਿਆਂ ਕਰਕੇ ਬੱਕਰੀ ਪਾਲਣ ਦਾ ਕਿੱਤਾ ਅਪਣਾਉਣ ਲਈ ਮੁੜ ਸੁਰਜੀਤੀ ਸ਼ੁਰੂ ਹੋਈ ਹੈ, ਪਰ ਮੱਧਮ ਤੋਰ ਹੈ। ਕਈ ਲੋਕ ਸ਼ੌਕ ਅਤੇ ਵਿਹੜੇ ਦੇ ਸ਼ਿੰਗਾਰ ਵਜੋਂ ਵੀ ਬੱਕਰੀ ਪਾਲਦੇ ਹਨ। ਬੱਕਰੀ ਦੀਆਂ ਮੀਗਣਾਂ ਦੀ ਖਾਦ ਖੇਤਾਂ ਵਾਸਤੇ ਕਾਫ਼ੀ ਉਪਜਾਊ ਰਹਿੰਦੀ ਹੈ। ਅੱਜ ਵੀ ਹਰ ਜ਼ਿਮੀਦਾਰ ਪਰਿਵਾਰ ਨੂੰ ਅਤੇ ਜੋ ਜ਼ਿਮੀਦਾਰੀ ਦੇ ਕਿੱਤੇ ਨਾਲ ਸਬੰਧਤ ਹਨ, ਬੱਕਰੀ ਪਾਲਣ ਦਾ ਕਿੱਤਾ ਸਹਾਇਕ ਕਿੱਤੇ ਵਜੋਂ ਅਪਣਾਉਣਾ ਚਾਹੀਦਾ ਹੈ। ਇਸ ਨਾਲ ਛੋਟੇ ਅਤੇ ਮੱਧਮ ਕਿਸਾਨਾਂ ਨੂੰ ਆਰਥਿਕ ਹੁਲਾਰਾ ਮਿਲ ਸਕਦਾ ਹੈ।
ਸੰਪਰਕ: 98781-11445


Comments Off on ਲਾਹੇਵੰਦ ਹੈ ਬੱਕਰੀ ਪਾਲਣ ਦਾ ਧੰਦਾ
1 Star2 Stars3 Stars4 Stars5 Stars (No Ratings Yet)
Loading...
Both comments and pings are currently closed.

Comments are closed.

Available on Android app iOS app
Powered by : Mediology Software Pvt Ltd.