ਤਕਨੀਕੀ ਨੁਕਸ ਕਾਰਨ ਜਹਾਜ਼ ਉਤਾਰਿਆ !    ਗੁਜਰਾਤ ’ਚ ਚਾਰ ਸੀਟਾਂ ’ਤੇ ਚੋਣਾਂ ਲਈ ਕਾਂਗਰਸ ਨੇ ਸਵਾਲ ਉਠਾਇਆ !    ਵਿਸ਼ਵ ਜੇਤੂ ਗਾਮਾ ਭਲਵਾਨ !    ਤਬਾਹੀ ਵੱਲ ਵਧ ਰਿਹਾ ਐਮੇਜ਼ੌਨ !    ਬਹੁਪੱਖੀ ਸ਼ਖ਼ਸੀਅਤ ਮਹਿੰਦਰ ਸਿੰਘ ਰੰਧਾਵਾ !    ਸ਼ਾਂਤ ਤੇ ਖ਼ੂਬਸੂਰਤ ਤੀਰਥਨ ਘਾਟੀ !    ਮਿੰਨੀ ਕਹਾਣੀਆਂ !    ਕਾਲਾ ਪੰਡਤ !    ਦਲਿਤ ਸਾਹਿਤ ਦੀ ਸਮੀਖਿਆ !    ਦਲਿਤ ਜੀਵਨ ਦੀ ਪੇਸ਼ਕਾਰੀ !    

ਰੋਹਤਾਂਗ ਸੁਰੰਗ ਦੀ ਕਹਾਣੀ

Posted On June - 2 - 2019

ਕੇ.ਐਲ.ਨੋਤੇ

ਰੋਹਤਾਂਗ ਸ਼ਬਦ ਦਾ ਸ਼ਾਬਦਿਕ ਅਰਥ ਹੱਡੀ-ਪਿੰਜਰਾਂ ਦਾ ਢੇਰ ਹੁੰਦਾ ਹੈ। ਪੀਰ ਪੰਜਾਲ ਦੇ ਪਹਾੜਾਂ ਵਿਚ ਸਥਿਤ ਰੋਹਤਾਂਗ ਦੱਰਾ ਹਿਮਾਚਲ ਪ੍ਰਦੇਸ਼ ਦੀ ਕੁੱਲੂ ਘਾਟੀ ਨੂੰ ਲਾਹੌਲ ਸਪਿਤੀ ਘਾਟੀ ਨਾਲ ਜੋੜਦਾ ਹੈ। ਸਮੁੰਦਰ ਤਲ ਤੋਂ 13,050 ਫੁੱਟ ਉੱਚਾ ਇਹ ਦੱਰਾ ਸਰਦੀ ਦੀ ਰੁੱਤ ਵਿਚ ਬਰਫ਼ ਦੀ ਮੋਟੀ ਪਰਤ ਹੇਠ ਦੱਬਿਆ ਜਾਣ ਕਾਰਨ ਆਮ ਆਵਾਜਾਈ ਲਈ 15 ਅਕਤੂਬਰ ਤੋਂ 15 ਜੁਲਾਈ ਤਕ ਬੰਦ ਰੱਖਿਆ ਜਾਂਦਾ ਹੈ। ਪਰ ਲਾਹੌਲ ਵਾਸੀ ਕਿਸੇ ਨਾ ਕਿਸੇ ਮਜਬੂਰੀ ਕਾਰਨ ਇਸ ਭਿਅੰਕਰ ਰਾਹ ’ਤੇ ਮਨਾਹੀ ਵਾਲੀ ਸਰਦ ਰੁੱਤ ਵਿਚ ਵੀ ਆਰ-ਪਾਰ ਜਾਣ ਦਾ ਖ਼ਤਰਾ ਮੁੱਲ ਲੈ ਲੈਂਦੇ ਹਨ। ਕਦੇ ਕਦੇ ਮੌਸਮ ਦੇ ਅਚਾਨਕ ਵਿਗੜ ਜਾਣ ’ਤੇ ਜੋਤ ਵਿਚ ਫਸ ਕੇ ਜਾਨ ਗਵਾ ਦਿੰਦੇ ਹਨ। ਇਸ ਕਾਰਨ ਹੀ ਇਸ ਰਸਤੇ ਦਾ ਨਾਂ ਰੋਹਤਾਂਗ ਪਿਆ। ਸਰਦੀਆਂ ਵਿਚ ਇਸ ਗੰਭੀਰ ਸਮੱਸਿਆ ਤੋਂ ਨਿਜਾਤ ਪਾਉਣ ਲਈ ਜ਼ਮੀਨਦੋਜ਼ ਰਸਤੇ ਜਾਂ ਸੁਰੰਗ ਦੀ ਲਾਹੌਲ ਵਾਸੀਆਂ ਨੂੰ ਹਮੇਸ਼ਾਂ ਜ਼ਰੂਰਤ ਰਹੀ ਹੈ।

ਵਾਯੂਮੰਡਲ ਅਤੇ ਵਾਤਾਵਰਨ

ਹਿਮਾਲਿਆ ਪਰਬਤ, ਖ਼ਾਸਕਰ ਪੀਰਪੰਜਾਲ ਲੜੀ ਦੇ ਆਰ-ਪਾਰ ਆਉਣ ਜਾਣ ਲਈ ਇੱਥੋਂ ਦੇ ਵਾਯੂਮੰਡਲ, ਵਾਤਾਵਰਨ ਅਤੇ ਹਵਾ ਦੀ ਰਫ਼ਤਾਰ ਬਾਰੇ ਚੰਗੀ ਤਰ੍ਹਾਂ ਜਾਣਨਾ ਲਾਜ਼ਮੀ ਹੈ। ਹਲਕੀ, ਗਰਮ ਅਤੇ ਭਾਰੀ ਠੰਢੀਆਂ ਹਵਾਵਾਂ ਦਾ ਉਲਟ ਦਿਸ਼ਾ ਵਿਚ ਵਗਣਾ ਰਾਹੀ ਦੇ ਸੁਰੱਖਿਅਤ ਸਫ਼ਰ ਨੂੰ ਪ੍ਰਭਾਵਿਤ ਕਰਦਾ ਹੈ। ਹਿਮਾਲਿਆ ਪਰਬਤ ਦੇ ਘੇਰੇ ਵਿਚ ਘੱਟ ਤੋਂ ਘੱਟ ਉਚਾਈ ਵਾਲਾ ਸਿਰਫ਼ ਰੋਹਤਾਂਗ ਦੱਰਾ ਹੀ ਹੈ। ਵਾਯੂਮੰਡਲ ਦੀ ਠੰਢੀ ਹਵਾ ਵਜ਼ਨ ਵਿਚ ਭਾਰੀ ਹੋਣ ਕਾਰਨ ਕਿਸੇ ਵੀ ਖੇਤਰ ਜਾਂ ਵਾਦੀ ਵਿਚ ਹੇਠਾਂ-ਹੇਠਾਂ ਹੁੰਦੀ ਹੈ ਅਤੇ ਗਰਮ ਹਵਾ ਘੱਟ ਵਜ਼ਨ ਦੀ ਹੋਣ ਕਾਰਨ ਉਪਰ-ਉਪਰ ਰਹਿੰਦੀ ਹੈ। ਇਸ ਲਈ ਤਿੱਬਤ ਪਠਾਰ ਤੋਂ ਸ਼ੁਰੂ ਹੋਕੇ ਲੱਦਾਖ ਦੇ ਜਾਂਸਕਰ, ਪਦਮ, ਰੂਪਸ਼ੋ ਆਦਿ ਵਾਦੀਆਂ ਵਿਚ ਜਮ੍ਹਾਂ ਠੰਢੀ ਭਾਰੀ ਹਵਾ ਪੀਰਪੰਜਾਲ ਵਿਚ ਰੋਹਤਾਂਗ ਵਿਚਦੀ ਵਗਦਿਆਂ ਬਿਆਸ ਘਾਟੀ ਦੇ ਰਸਤੇ ਉੱਤਰੀ ਭਾਰਤ ਦੇ ਮੈਦਾਨਾਂ ਵੱਲ ਤੇਜ਼ੀ ਗਤੀ ਨਾਲ ਵਹਿੰਦੀ ਹੈ ਅਤੇ ਇਸ ਸਫ਼ਰ ਨੂੰ ਮੁਸਾਫ਼ਿਰਾਂ ਲਈ ਘਾਤਕ ਬਣਾ ਦਿੰਦੀ ਹੈ। ਠੰਢੀ ਭਾਰੀ ਅਤੇ ਗਰਮ ਹਲਕੀ ਹਵਾ ਦਾ ਉਲਟ ਦਿਸ਼ਾਵਾਂ ਵਿਚ ਵਹਾਅ ਕਦੇ ਕਦੇ ਭਿਅੰਕਰ ਸੁਨਾਮੀ ਬਣ ਕੇ ਜਾਨਲੇਵਾ ਹੋ ਜਾਂਦਾ ਹੈ।

ਕੇ.ਐਲ.ਨੋਤੇ

ਸੁਰੰਗ ਬਾਰੇ ਸੋਚ ਦੀ ਪਹਿਲ

ਲਾਹੌਲ ਵਾਸੀ ਮਾਰੂ ਰੋਹਤਾਂਗ ਦੱਰੇ ਤੋਂ ਬਚਾਅ ਲਈ ਸੁਰੰਗ ਬਣਾਉਣ ਦੀ ਵਿਕਲਪ ਬਾਰੇ ਸਬੰਧਿਤ ਆਗੂਆਂ ਅਤੇ ਅਧਿਕਾਰੀਆਂ ਅੱਗੇ ਵਾਰ ਵਾਰ ਬੇਨਤੀ ਕਰਦੇ ਆ ਰਹੇ ਸਨ। ਇਸ ਲਈ ਲਾਹੌਲ ਵਾਸੀਆਂ ਦੀਆਂ ਮੁਸ਼ਕਿਲਾਂ ਦੀ ਚੰਗੀ ਜਾਣਕਾਰੀ ਦੇ ਮੱਦੇਨਜ਼ਰ ਇਸ ਲੇਖਕ ਵੱਲੋਂ ਲਿਖਿਆ ਇਕ ਸੁਝਾਅ ਪੱਤਰ 12 ਮਾਰਚ 1981 ਨੂੰ ‘ਟ੍ਰਿਬਿਊਨ’ ਵਿਚ ਛਪਿਆ ਸੀ। ਉਸ ਪੱਤਰ ਵਿਚ ਇਹ ਸੁਝਾਅ ਦਿੱਤਾ ਗਿਆ ਸੀ ਕਿ ਸਰਕਾਰ ਕੋਲ ਮੌਜੂਦ ਧਨ ਰਾਸ਼ੀ ਮੁਤਾਬਿਕ ਮੱਢੀ ਤੋਂ ਗ੍ਰਾਮਫੂੰ ਵਿਚਕਾਰ ਇਕ ਛੋਟੀ ਸੁਰੰਗ ਖੁਦਵਾਉਣ ਬਾਰੇ ਸਬੰਧਿਤ ਜਾਣਕਾਰਾਂ ਨਾਲ ਸਲਾਹ ਮਸ਼ਵਰਾ ਕੀਤਾ ਜਾਵੇ। ਉਸ ਸੁਝਾਅ ਪੱਤਰ ਵਾਲੀ ਅਖ਼ਬਾਰ ਨੂੰ ਲੈ ਕੇ ਲਾਹੌਲ ਵਾਸੀ ਹਿਮਾਚਲ ਪ੍ਰਦੇਸ਼ ਦੇ ਤਤਕਾਲੀ ਵਣ ਮੰਤਰੀ ਠਾਕੁਰ ਦੇਵੀ ਸਿੰਘ ਦਿੱਲੀ ਜਾ ਕੇ ਤਤਕਾਲੀ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਨੂੰ ਮਿਲੇ। ਉਨ੍ਹਾਂ ਨੇ ਸੁਰੰਗ ਬਣਾਉਣ ਬਾਰੇ ਚਰਚਾ ਕੀਤੀ ਅਤੇ ਸ੍ਰੀਮਤੀ ਇੰਦਰਾ ਗਾਂਧੀ ਨੇ ਸੁਰੰਗ ਬਣਵਾਉਣ ਦਾ ਸੁਝਾਅ ਪ੍ਰਵਾਨ ਕਰ ਲਿਆ। ਜ਼ਿਕਰਯੋਗ ਹੈ ਕਿ ਪ੍ਰਧਾਨ ਮੰਤਰੀ ਦੀ ਸਹਿਮਤੀ ਦੇ ਬਾਵਜੂਦ ਸੁਰੰਗ ਦੇ ਨਿਰਮਾਣ ਦਾ ਕੰਮ ਸ਼ੁਰੂ ਨਾ ਹੋ ਸਕਿਆ। ਚਾਰ ਅਗਸਤ 1984 ਨੂੰ ਜਦੋਂ ਸ੍ਰੀਮਤੀ ਗਾਂਧੀ ਲਾਹੌਲ ਦੇ ਦੌਰੇ ਲਈ ਆਏ ਤਾਂ ਉੱਥੇ ਮੌਜੂਦ ਹਜ਼ਾਰਾਂ ਲਾਹੌਲ ਵਾਸੀਆਂ ਅਤੇ ਆਗੂਆਂ ਨੇ ਉਨ੍ਹਾਂ ਨੂੰ ਰੋਹਤਾਂਗ ਸੁਰੰਗ ਦਾ ਨਿਰਮਾਣ ਛੇਤੀ ਤੋਂ ਛੇਤੀ ਸ਼ੁਰੂ ਕਰਵਾਉਣ ਲਈ ਇਕ ਵਾਰ ਫਿਰ ਬੇਨਤੀ ਕੀਤੀ ਸੀ। ਪ੍ਰਧਾਨ ਮੰਤਰੀ ਨੇ ਆਪਣੀ 1981 ਦੀ ਸਹਿਮਤੀ ਨੂੰ ਦੁਹਰਾਉਂਦਿਆਂ ਫਿਰ ਕਿਹਾ ਸੀ ਕਿ ਰੋਹਤਾਂਗ ਸੁਰੰਗ ਦਾ ਨਿਰਮਾਣ ਜ਼ਰੂਰ ਹੋਵੇਗਾ। ਪਰ ਅਫ਼ਸੋਸ ਦੀ ਗੱਲ ਹੈ ਕਿ ਇੰਦਰਾ ਗਾਂਧੀ ਦੇ ਦੇਹਾਂਤ ਕਾਰਨ ਰੋਹਤਾਂਗ ਸੁਰੰਗ ਦੇ ਨਿਰਮਾਣ ਦੀ ਤਜਵੀਜ਼ ਇਕ ਵਾਰ ਫਿਰ ਠੰਢੇ ਬਸਤੇ ਵਿਚ ਪੈ ਗਈ।
1999 ਵਿਚ ਠੋਲੰਗ, ਲਾਹੌਲ ਵਾਸੀ ਤਾਸ਼ੀ ਦਾਵਾ ਉਰਫ਼ ਕ੍ਰਿਸ਼ਨ ਗੋਪਾਲ ਨੇ ਤਤਕਾਲੀ ਪ੍ਰਧਾਨ ਮੰਤਰੀ ਅਟਲ ਬਿਹਾਰੀ ਵਾਜਪਾਈ ਨੂੰ ਆਪਣੀ ਪੁਰਾਣੀ ਦੋਸਤੀ ਅਤੇ ਰਾਸ਼ਟਰੀ ਸਵੈਮਸੇਵਕ ਸੰਘ ਦਾ ਪੁਰਾਣਾ ਮੈਂਬਰ ਹੋਣ ਦਾ ਹਵਾਲਾ ਦਿੰਦਿਆਂ ਰੋਹਤਾਂਗ ਵਿਚ ਸੁਰੰਗ ਬਣਾਉਣ ਲਈ ਬੇਨਤੀ ਕੀਤੀ, ਪਰ ਸ੍ਰੀ ਵਾਜਪਾਈ ਤਾਂ ਲਾਹੌਲ ਵਾਸੀਆਂ ਦੀ ਬੇਨਤੀ ਨੂੰ ਪਹਿਲਾਂ ਹੀ ਮਨਜ਼ੂਰ ਕਰ ਆਏ ਸਨ।

ਨਿਰਮਾਤਾ ਸੰਸਥਾਨ ਅਤੇ ਸ਼ੁਰੂਆਤ

ਰੋਹਤਾਂਗ ਸੁਰੰਗ ਦੇ ਨਿਰਮਾਣ ਦਾ ਕੰਮ ਭਾਰਤੀ ਫ਼ੌਜ ਦੇ ਜ਼ਰੂਰੀ ਅੰਗ ਸੀਮਾ ਸੜਕ ਸੰਗਠਨ ਦੇ ਜ਼ਿੰਮੇ ਰਿਹਾ ਹੈ। ਸਾਲ 2005 ਵਿਚ ਭਾਰਤ ਸਰਕਾਰ ਨੇ ਰੋਹਤਾਂਗ ਜੋਤ ਨੂੰ ਭਿਅੰਕਰ ਰਸਤਾ ਮੰਨਦਿਆਂ ਇਸ ਦੇ ਹੇਠਾਂ ਸੁਰੰਗ ਦੇ ਨਿਰਮਾਣ ਲਈ ਪਿੰਡ ਪਲਚਾਨ ਤੋਂ ਢੁੰਢੀ ਤਕ ਭਾਵ ਸੁਰੰਗ ਦੇ ਦੱਖਣ ਦਰਵਾਜ਼ੇ ਤਕ ਸੜਕ ਬਣਾਉਣ ਅਤੇ ਸ਼ੁਰੂਆਤੀ ਸਰਵੇਖਣ ਅਤੇ ਖੋਜਬੀਨ ਲਈ 500 ਕਰੋੜ ਰੁਪਏ ਰੱਖੇ ਸਨ। ਲਾਜ਼ਮੀ ਕਾਰਵਾਈਆਂ ਪੂਰੀਆਂ ਹੋਣ ’ਤੇ 2009 ਵਿਚ ਸੁਰੰਗ ਦੀ ਖੁਦਾਈ ਦਾ ਕੰਮ ਕਿਸੇ ਵਿਦੇਸ਼ੀ ਕੰਪਨੀ ਨੂੰ ਸੌਂਪ ਕੇ ਸ਼ੁਰੂ ਕਰਨਾ ਤੈਅ ਹੋਇਆ। ਸ਼ੁਰੂਆਤੀ ਕਾਰਵਾਈਆਂ ਮੁਕੰਮਲ ਹੋਣ ਮਗਰੋਂ 28 ਜੂਨ 2010 ਨੂੰ ਸ੍ਰੀਮਤੀ ਸੋਨੀਆ ਗਾਂਧੀ ਨੇ ਕੈਬਨਿਟ ਦੀ ਨੈਸ਼ਨਲ ਕੌਂਸਲ ਐਡਵਾਈਜ਼ਰੀ ਦੀ ਮੁਖੀ ਹੋਣ ਨਾਤੇ ਪ੍ਰਸਤਾਵਿਤ ਸੁਰੰਗ ਦੇ ਦੱਖਣੀ ਦਰਵਾਜ਼ੇ ’ਤੇ ਇਸ ਕਾਰਜ ਦਾ ਉਦਘਾਟਨ ਕੀਤਾ ਸੀ। ਸਤੰਬਰ 2009 ਵਿਚ ਇਹ ਨਿਰਮਾਣ ਕਾਰਜ ਆਸਟਰੀਆ ਦੀ ਇਕ ਕੰਪਨੀ ਨੂੰ ਸੌਂਪ ਦਿੱਤਾ ਗਿਆ ਸੀ। ਸੁਰੰਗ ਦਾ ਨਿਰਮਾਣ ਕਾਰਜ 2015 ਤਕ ਮੁਕੰਮਲ ਹੋਣ ਦੀ ਉਮੀਦ ਸੀ, ਪਰ ਇਸ ਦੌਰਾਨ ਕਈ ਮੁਸ਼ਕਿਲਾਂ ਆਉਣ ਕਰਕੇ ਨਿਰਮਾਣ ਕਾਰਜ ਨੂੰ ਪੂਰਾ ਕਰਨ ਦਾ ਸਮਾਂ ਵਧ ਗਿਆ ਹੈ। ਖ਼ੁਸ਼ੀ ਦੀ ਗੱਲ ਇਹ ਹੈ ਕਿ ਅਕਤੂਬਰ 2017 ਵਿਚ ਦੱਖਣੀ ਅਤੇ ਉੱਤਰੀ ਦਿਸ਼ਾਵਾਂ ਵੱਲੋਂ ਖੁਦਾਈ ਦਾ ਮਿਲਾਣ ਮੁਕੰਮਲ ਹੋ ਗਿਆ ਅਤੇ ਹੁਣ ਸੁਰੰਗ ਦੀ ਅੰਦਰੂਨੀ ਛੱਤ ਦੀ ਮਜ਼ਬੂਤੀ ਲਈ ਨਿਰਮਾਣ ਕਾਰਜ ਜਾਰੀ ਹੈ। ਸਬੰਧਿਤ ਇੰਜਨੀਅਰ ਇਸ ਕੰਮ ਨੂੰ 2019 ਤਕ ਪੂਰਾ ਕਰਨ ਲਈ ਵਚਨਬੱਧ ਹਨ। ਇਸ ਤਰ੍ਹਾਂ ਲਾਹੌਲ ਵਾਸੀਆਂ ਦੇ ਨਾਲ ਨਾਲ ਭਾਰਤੀ ਸੈਨਾ ਦੇ ਅਧਿਕਾਰੀ ਵੀ ਰੋਹਤਾਂਗ ਸੁਰੰਗ ਦੇ ਸਫ਼ਰ ਲਈ ਖੁੱਲ੍ਹਣ ਦੇ ਐਲਾਨ ਦਾ ਬੜੇ ਚਾਅ ਨਾਲ ਇੰਤਜ਼ਾਰ ਕਰ ਰਹੇ ਹਨ।

ਸੁਰੰਗ ਦਾ ਨਾਮ ਬਦਲਣ ਬਾਰੇ ਯੋਜਨਾਵਾਂ

ਰਾਸ਼ਟਰੀ ਸਵੈਮਸੇਵਕ ਸੰਘ ਨਾਲ ਸਬੰਧਿਤ ਕਾਰਕੁਨ ਤਾਸ਼ੀ ਦਾਵਾ ਦੇ ਰਿਸ਼ਤੇਦਾਰ ਇਸ ਪਰਿਯੋਜਨਾ ਦਾ ਸਾਰਾ ਸਿਹਰਾ ਤਾਸ਼ੀ ਦਾਵਾ ਨੂੰ ਦਿਵਾ ਕੇ ਇਸ ਸੁਰੰਗ ਨੂੰ ਉਸ ਦੇ ਨਾਮ ਕਰਵਾਉਣਾ ਚਾਹੁੰਦੇ ਹਨ। ਪਰ ਅਪਰੈਲ 1981 ਤੋਂ ਸ਼ੁਰੂ ਹੋ ਕੇ 1999 ਤਕ ਇਸ ਸੁਰੰਗ ਸਬੰਧੀ ਸੁਝਾਵਾਂ ਅਤੇ ਨਿਰਮਾਣ ਕਾਰਜ ਸ਼ੁਰੂ ਕਰਵਾਉਣ ਵਿਚ ਬਹੁਤ ਸਾਰੇ ਲੋਕਾਂ ਦੀ ਹਿੱਸੇਦਾਰੀ ਰਹੀ ਹੈ। ਇਸ ਲਈ ਸੰਘ ਨਾਲ ਜੁੜੇ ਹੋਣ ਨੂੰ ਆਧਾਰ ਬਣਾ ਕੇ ਤਾਸ਼ੀ ਦਾਵਾ ਅਤੇ ਉਨ੍ਹਾਂ ਦੇ ਰਿਸ਼ਤੇਦਾਰਾਂ ਵੱਲੋਂ ਕੀਤਾ ਜਾ ਰਿਹਾ ਦਾਅਵਾ ਉਨ੍ਹਾਂ ਲਈ ਆਪਣੇ ਮੂੰਹ ਮਿਆਂ ਮਿੱਠੂ ਬਣਨ ਵਾਲੀ ਗੱਲ ਹੈ। ਇਸ ਲਈ ਨਾਮਕਰਨ ਦੇ ਝਗੜੇ ਵਿਚ ਨਾ ਪੈਂਦਿਆਂ ਸੁਰੰਗ ਦਾ ਕੰਮ ਮੁਕੰਮਲ ਹੋਣ ਦਿੱਤਾ ਜਾਵੇ।

ਨਿਚੋੜ

ਮੁੱਕਦੀ ਗੱਲ ਇਹ ਹੈ ਕਿ ਰੋਹਤਾਂਗ ਜੋਤ ਦੇ ਹੇਠਾਂ ਸੁਰੰਗ ਬਣਨ ਨਾਲ ਇੱਥੋਂ ਦੇ ਵਾਸੀਆਂ ਦੇ ਨਾਲ ਨਾਲ ਸੈਨਾ ਦੀ ਸੁਰੱਖਿਆ ਲਈ ਵੀ ਇਹ ਯੁੱਧਨੀਤਕ ਉਪਲੱਬਧੀ ਰਹੇਗੀ। ਇਸ ਦੇ ਨਾਲ ਹੀ ਖੇਤਰ ਵਿਚ ਸੈਲਾਨੀਆਂ ਦਾ ਆਉਣਾ-ਜਾਣਾ ਵੀ ਵਧੇਗਾ।

ਸੰਪਰਕ: 98160-88855


Comments Off on ਰੋਹਤਾਂਗ ਸੁਰੰਗ ਦੀ ਕਹਾਣੀ
1 Star2 Stars3 Stars4 Stars5 Stars (No Ratings Yet)
Loading...
Both comments and pings are currently closed.

Comments are closed.

Available on Android app iOS app
Powered by : Mediology Software Pvt Ltd.