ਅਯੁੱਧਿਆ ਕੇਸ: ਸਾਰੇ ਸਵਾਲ ਸਾਡੇ ਤੋਂ ਹੀ ਕਿਉਂ? !    ਜਾਪਾਨ ’ਚ ਸਮੁੰਦਰੀ ਤੂਫ਼ਾਨ ਨਾਲ ਮਰਨ ਵਾਲਿਆਂ ਦੀ ਗਿਣਤੀ 56 ਹੋਈ !    ਆਵਲਾ ਖ਼ਿਲਾਫ਼ ਚੋਣ ਕਮਿਸ਼ਨ ਕੋਲ ਸ਼ਿਕਾਇਤ !    ਅਕਾਲੀ ਦਲ ਦਾ ਰਾਜਸੀ ਵਿੰਗ ਹੈ ਸ਼੍ਰੋਮਣੀ ਕਮੇਟੀ: ਰੰਧਾਵਾ !    ਗੁਰਬੱਤ ਵੀ ਨਹੀਂ ਰੋਕ ਸਕੀ ਬੂਟ ਪਾਲਿਸ਼ ਵਾਲੇ ਸਨੀ ਦਾ ਰਾਹ !    ਪੁਲੀਸ ਵੱਲੋਂ ਪਿੰਡਾਂ ’ਚ ਤਲਾਸ਼ੀ ਮੁਹਿੰਮ ਜਾਰੀ !    ਪ੍ਰਕਾਸ਼ ਪੁਰਬ ਸਮਾਗਮਾਂ ਨੂੰ ਤਾਰਪੀਡੋ ਕਰ ਰਿਹੈ ਬਾਦਲ ਦਲ: ਸਰਨਾ !    ਪਾਦਰੀ ਕੇਸ: ਮੁਹਾਲੀ ਅਦਾਲਤ ਨੇ ਨਿਰਮਲ ਤੇ ਸੁਰਿੰਦਰਪਾਲ ਭਗੌੜੇ ਐਲਾਨੇ !    ਦਿੱਲੀ ਦੇ ਚਾਰ ਸਟੇਡੀਅਮ ਸਾਰਿਆਂ ਲਈ ਖੋਲ੍ਹਣ ਦਾ ਫ਼ੈਸਲਾ !    ਪੰਜਾਬ ਨੇ ਕੌਮੀ ਸੀਨੀਅਰ ਤੇ ਜੂਨੀਅਰ ਗਤਕਾ ਚੈਂਪੀਅਨਸ਼ਿਪ ਜਿੱਤੀ !    

ਰੂਹਾਨੀ ਰੁਤਬੇ ਦੀ ਬਾਤ ਹੈ ਜੁਗਨੀ

Posted On June - 15 - 2019

ਸੁਖਵੀਰ ਸਿੰਘ ਕੰਗ

ਜੁਗਨੀ ਪੰਜਾਬੀ ਲੋਕ ਗੀਤਾਂ ਦੀ ਪ੍ਰਮੁੱਖ ਸ਼ੈਲੀ ਹੈ ਜੋ ਪੰਜਾਬੀ ਗੀਤ ਅਤੇ ਸੰਗੀਤ ਪ੍ਰੇਮੀਆਂ ਵਿਚ ਬਹੁਤ ਹਰਮਨ ਪਿਆਰੀ ਹੈ। ਇਸਨੂੰ ਚੜ੍ਹਦੇ ਅਤੇ ਲਹਿੰਦੇ ਪੰਜਾਬ ਵਿਚ ਚਾਹ ਕੇ ਗਾਇਆ ਅਤੇ ਸੁਣਿਆ ਜਾਂਦਾ ਹੈ। ਅਲਗੋਜ਼ਿਆਂ ਦੇ ਸੁਰ ਦੀ ਚਾਸ਼ਣੀ ’ਚ ਭਿੱਜੀ ਜੁਗਨੀ ਹਰ ਸੰਗੀਤ ਰਸੀਏ ਦਾ ਮਨ ਮੋਹ ਲੈਂਦੀ ਹੈ। ਪੰਜਾਬੀ ਗਾਇਕੀ ਦੇ ਇਸ ਸੂਹੇ ਰੰਗ ਦਾ ਪਿਛੋਕੜ ਅਤੇ ਇਤਿਹਾਸ ਬਹੁਤ ਪੁਰਾਣਾ ਹੈ। ਇਹ ਪੰਜਾਬੀ ਤੋਂ ਇਲਾਵਾ ਮੁਲਤਾਨੀ, ਫਾਰਸੀ, ਅਰਬੀ ਆਦਿ ਭਾਸ਼ਾਵਾਂ ਵਿਚ ਵੀ ਪ੍ਰਚੱਲਿਤ ਹੈ। ਜੁਗਨੀ ਗਾਉਣ ਵਾਲੇ ਪੁਰਾਣੇ ਅਤੇ ਜੱਦੀ-ਪੁਸ਼ਤੀ ਗਾਇਕਾਂ ਨੂੰ ਸੁਣਨ ’ਤੇ ਇਹ ਆਭਾਸ ਸਹਿਜੇ ਹੀ ਹੋ ਜਾਂਦਾ ਹੈ ਕਿ ਜੁਗਨੀ ਇਨਸਾਨੀ ਰੂਹ ਦੀ ਗੱਲ ਹੈ, ਇਹ ਜ਼ਿੰਦਗੀ ਦਾ ਸਾਰ ਹੈ ਅਤੇ ਰੱਬ ਦੇ ਨਾਂ ਦੀ ਤਸ਼ਬੀਹ ਹੈ:
ਅੱਵਲ ਨਾਮ ਅੱਲ੍ਹਾ ਦਾ ਲਈਏ,
ਫੇਰ ਦਰੂਦ ਨਬੀ ਨੂੰ ਕਹੀਏ,
ਹਰ ਦਮ ਆਜਿਜ਼ੀ ਵਿਚ ਰਹੀਏ,
ਓ ਪੀਰ ਮੇਰਿਆ ਜੁਗਨੀ ਕਹਿੰਦੀ ਆ
ਨਾਮ ਅਲੀ ਦਾ ਲੈਂਦੀ ਆ…
ਗੀਤਾਂ ਅਤੇ ਦੰਦ ਕਥਾਵਾਂ ਵਿਚ ਸਾਂਭੀ ਜੁਗਨੀ ਦੇ ਆਰੰਭ ਅਤੇ ਪਿਛੋਕੜ ਬਾਰੇ ਕੋਈ ਪ੍ਰਮਾਣਕ ਤੱਥ ਤਾਂ ਨਹੀਂ ਮਿਲਦੇ, ਪਰ ਇਸਦੀ ਪੁਰਾਣੀ ਗਾਇਕੀ ਦੇ ਕੇਂਦਰੀ ਭਾਵ ਨੂੰ ਮਹਿਸੂਸ ਕਰਕੇ ਅਤੇ ਇਸ ਸਬੰਧੀ ਪੜ੍ਹੇ-ਸੁਣੇ ਬਿਰਤਾਤਾਂ ਦੇ ਆਧਾਰ ’ਤੇ ਕਿਹਾ ਜਾ ਸਕਦਾ ਹੈ ਕਿ ਜੁਗਨੀ ਹਜ਼ਾਰਾਂ ਸਾਲ ਪਹਿਲਾਂ ਹੋਂਦ ਵਿਚ ਆ ਚੁੱਕੀ ਸੀ। ਪੁਰਾਤਨ ਸਮੇਂ ਤੋਂ ਸਿੱਧ, ਯੋਗੀ, ਪੀਰ ਅਤੇ ਫ਼ਕੀਰ ਆਪਣੇ ਗਲ਼ੇ ਵਿਚ ਧਾਤ ਦਾ ਕੈਪਸੂਲਨੁਮਾ ਤਵੀਤ ਧਾਗੇ ਜਾਂ ਮਾਲ਼ਾ ਵਿਚ ਪਰੋ ਕੇ ਧਾਰਨ ਕਰਕੇ ਰੱਖਦੇ ਸਨ ਜੋ ਉਨ੍ਹਾਂ ਦੀ ਸਾਧਨਾ, ਯੋਗ ਅਤੇ ਫ਼ਕੀਰੀ ਦੀ ਕਮਾਈ ਅਤੇ ਰੂਹ ਹੁੰਦਾ ਸੀ। ਇਸ ਨੂੰ ਯੋਗ-ਗ੍ਰਹਿਣੀ ਕਿਹਾ ਜਾਂਦਾ ਸੀ ਜੋ ਅੱਗੇ ਚੱਲ ਕੇ ਯੋਗਿਨੀ ਅਤੇ ਫਿਰ ਜੁਗਨੀ ਬਣ ਗਈ। ਕੁਝ ਯੋਗੀ ਜਾਂ ਫ਼ਕੀਰ ਇਸਨੂੰ ਡੌਲ਼ੇ ਨਾਲ ਵੀ ਬੰਨ੍ਹ ਲੈਂਦੇ ਸਨ। ਯੋਗੀ ਆਪਣੇ ਚੇਲਿਆਂ ਨੂੰ ਯੋਗ ਵਿੱਦਿਆ ਵਿਚ ਨਿਪੁੰਨ ਹੋਣ ’ਤੇ ਉਨ੍ਹਾਂ ਨੂੰ ਯੋਗ ਦੇਣ ਵੇਲੇ ਉਨ੍ਹਾਂ ਦੇ ਗਲ਼ ਵਿਚ ਇਹ ਯੋਗਿਨੀ ਧਾਰਨ ਕਰਾਉਂਦੇ ਸਨ, ਭਾਵ ਇਹ ਯੋਗ ਗ੍ਰਹਿਣ ਅਤੇ ਨਿਪੁੰਨ ਯੋਗੀ ਦੇ ਚਿੰਨ੍ਹ ਵਜੋਂ ਪ੍ਰਚੱਲਿਤ ਹੋਈ। ਇਸੇ ਤਰ੍ਹਾਂ ਹੀ ਇਸਲਾਮ ਦੀ ਸੰਗੀਤ ਪ੍ਰੇਮੀ ਸੰਪਰਦਾਏ ਸੂਫ਼ੀ ਮਤ ਵਿਚ ਵੀ ਇਸੇ ਤਰ੍ਹਾਂ ਪੀਰ-ਮੁਰਸ਼ਦ ਆਪਣੇ ਸਭ ਤੋਂ ਕਾਬਲ ਸ਼ਾਗਿਰਦ ਨੂੰ ਜਦੋਂ ਆਪਣੀ ਗੱਦੀ ਦਿੰਦੇ ਜਾਂ ਖ਼ਾਸ ਅਵਸਥਾ ਵਿਚ ਪੁੱਜਣ ਵਾਲੇ ਦਰਵੇਸ਼ ਨੂੰ ਫ਼ਕੀਰੀ ਬਖ਼ਸ਼ਦੇ ਤਾਂ ਉਹ ਵੀ ਆਪਣੀ ਯੋਗਿਨੀ ਭਾਵ ਰੂਹ ਉਸਨੂੰ ਧਾਰਨ ਕਰਵਾ ਦਿੰਦੇ ਸਨ। ਇਸ ਤਰ੍ਹਾਂ ਯੋਗਿਨੀ ਅੱਗੇ ਤੋਂ ਅੱਗੇ ਚੱਲਦੀ ਰਹਿੰਦੀ ਸੀ। ਕਠਿਨ ਸਾਧਨਾ ’ਤੇ ਮਿਲੀ ਯੋਗਿਨੀ ਇਕ ਰੁਤਬਾ ਮੰਨੀ ਜਾਂਦੀ ਸੀ। ਇਸ ਮੌਕੇ ’ਤੇ ਜਸ਼ਨ ਵੀ ਮਨਾਏ ਜਾਂਦੇ ਸਨ, ਜਿਨ੍ਹਾਂ ਵਿਚ ਰੱਬ, ਅੱਲ੍ਹਾ, ਪੀਰ, ਮੁਰਸ਼ਦ ਜਾਂ ਗੁਰੂ ਦੀ ਸਿਫ਼ਤ ਸਲਾਹ ਦਾ ਗਾਇਨ ਵੀ ਹੁੰਦਾ ਸੀ। ਇਸ ਤਰ੍ਹਾਂ ਜੁਗਨੀ ਵਰਗਾ ਪਾਕ-ਪਵਿੱਤਰ ਗਹਿਣਾ ਕਦੇ ਸਿੱਧਾਂ, ਯੋਗੀਆਂ ਅਤੇ ਪੀਰਾਂ ਦੀ ਕਮਾਈ ਹੁੰਦਾ ਸੀ ਜਿਸਨੂੰ ਧਾਰਨ ਕਰਕੇ ਉਹ ਲੋਕਾਈ ਦੀ ਸੇਵਾ ਅਤੇ ਸੁਧਾਰ ਕਰਦੇ ਸਨ। ਇਹ ਪੰਜਾਬੀ ਲੋਕ ਗੀਤਾਂ ਵਿਚਲੀ ਯੋਗਿਨੀ ਤੋਂ ਬਣੀ ਜੁਗਨੀ ਦਾ ਆਰੰਭ ਅਤੇ ਅਸਲ ਵਜੂਦ ਹੈ।

ਸੁਖਵੀਰ ਸਿੰਘ ਕੰਗ

ਇਸ ਤੋਂ ਬਿਨਾਂ ਇਕ ਹੋਰ ਦੰਦ ਕਥਾ ਸੁਣਨ ਨੂੰ ਮਿਲਦੀ ਹੈ ਕਿ ਭਾਰਤ ਵਿਚ ਆਪਣੇ ਸਾਮਰਾਜ ਦੇ ਪੰਜਾਹ ਵਰ੍ਹੇ ਪੂਰੇ ਹੋਣ ’ਤੇ 1887 ਵਿਚ ਬਰਤਾਨਵੀ ਰਾਣੀ ਵਿਕਟੋਰੀਆ ਨੇ ਗੋਲਡਨ ਜੁਬਲੀ ਦੇ ਜਸ਼ਨਾਂ ਵਜੋਂ ਇਕ ਮਸ਼ਾਲ ਪੂਰੇ ਭਾਰਤ ਦੇ ਪ੍ਰਮੁੱਖ ਸ਼ਹਿਰਾਂ ਵਿਚ ਘੁੰਮਾਈ ਸੀ, ਇਹ ਮਸ਼ਾਲ ਜਿਸ ਸ਼ਹਿਰ ਜਾਂਦੀ ਤਾਂ ਉੱਥੇ ਇਕੱਠ ਕਰਕੇ ਅੰਗਰੇਜ਼ ਅਫ਼ਸਰਾਂ ਅਤੇ ਉਨ੍ਹਾਂ ਦੇ ਹਮਾਇਤੀਆਂ ਵੱਲੋਂ ਜਸ਼ਨ ਮਨਾਇਆ ਜਾਂਦਾ ਸੀ। ਇਸ ਦੇ ਵਿਰੋਧ ਵਜੋਂ ਪੰਜਾਬ ਦੇ ਸੁਤੰਤਰਤਾ ਸੰਗਰਾਮੀਆਂ ਨੇ ਅੰਗਰੇਜ਼ਾਂ ਦੇ ਜਸ਼ਨ ਦੇ ਮੁਕਾਬਲੇ ਵਜੋਂ ਉਸੇ ਸ਼ਹਿਰ, ਉਸੇ ਸਮੇਂ ਬਰਾਬਰ ਇਕੱਠ ਕਰਕੇ ਆਪਣਾ ਗੁੱਸਾ ਪ੍ਰਗਟਾਉਣ ਦਾ ਫ਼ੈਸਲਾ ਕੀਤਾ। ਇਕੱਠ ਕਰਨ ਅਤੇ ਵਧੇਰੇ ਲੋਕਾਂ ਨੂੰ ਬਿਠਾਈ ਰੱਖਣ ਲਈ ਅੰਮ੍ਰਿਤਸਰ ਜ਼ਿਲ੍ਹੇ ਦੇ ਦੋ ਕਵੀਸ਼ਰਾਂ ਨੂੰ ਬੁਲਾ ਕੇ ਹਰ ਪ੍ਰੋਗਰਾਮ ’ਤੇ ਜੁਬਲੀ ਵਿਰੋਧੀ ਗੀਤ ਗਾਉਣ ਲਈ ਕਿਹਾ ਗਿਆ। ਬਿਸ਼ਨਾ ਅਤੇ ਮਾਂਦਾ ਨਾਂ ਦੇ ਇਨ੍ਹਾਂ ਅਨਪੜ੍ਹ ਗਾਇਕਾਂ ਨੇ ‘ਜੁਬਲੀ’ ਸ਼ਬਦ ਨੂੰ ‘ਜੁਗਨੀ’ ਸਮਝਦਿਆਂ ਆਪਣੇ ਹਿਸਾਬ ਨਾਲ ਮੌਕੇ ’ਤੇ ਸਬੰਧਤ ਸ਼ਹਿਰ ਦਾ ਨਾਂ ਲੈ ਕੇ ਗੀਤ ਜੋੜ ਲਏ :
ਜੁਗਨੀ ਜਾ ਵੜੀ ਮਜੀਠੇ,
ਕੋਈ ਰੰਨ ਨਾ ਚੱਕੀ ਪੀਠੇ,
ਪੁੱਤ ਗੱਭਰੂ ਮੁਲਕ ਵਿਚ ਮਾਰੇ,
ਰੋਵਣ ਅੱਖੀਆਂ ਪਰ ਬੁਲ੍ਹ ਸੀਤੇ,
ਪੀਰ ਮੇਰਿਆ ਓਏ ਜੁਗਨੀ ਆਈ ਆ,
ਇਨ੍ਹਾਂ ਕਿਹੜੀ ਜੋਤ ਜਗਾਈ ਆ।
ਜੁਗਨੀ ਜਾ ਵੜੀ ਲੁਧਿਆਣੇ,
ਉਹਨੂੰ ਪੈ ਗਏ ਅੰਨ੍ਹੇ ਕਾਣੇ
ਮਾਰਨ ਮੁੱਕੀਆਂ ਮੰਗਣ ਦਾਣੇ,
ਪੀਰ ਮੇਰਿਆ ਉਏ ਜੁਗਨੀ ਕਹਿੰਦੀ ਆ
ਜਿਹੜੀ ਨਾਮ ਸਾਈਂ ਦਾ ਲੈਂਦੀ ਆ
ਕਈ ਇਸ ਘਟਨਾ ਨੂੰ ਜੁਗਨੀ ਦੀ ਉਪਜ ਕਹਿ ਦਿੰਦੇ ਹਨ, ਪਰ ਇਹ ਸਹੀ ਨਹੀਂ ਹੈ। ਇਸਨੂੰ ਅਸੀਂ ਜੁਗਨੀ ਦੇ ਸਫ਼ਰ ਦਾ ਇਕ ਮੋੜ ਹੀ ਕਹਿ ਸਕਦੇ ਹਾਂ। ਜਿਸਨੇ ਜੁਗਨੀ ਨੂੰ ਸ਼ਹਿਰਾਂ ਅਤੇ ਕਸਬਿਆਂ ਨਾਲ ਜੋੜ ਦਿੱਤਾ। ਮਰਦ ਅਤੇ ਔਰਤਾਂ ਜੁਗਨੀ ਨੂੰ ਇਕ ਗਹਿਣੇ ਵਜੋਂ ਵੀ ਪਹਿਨਦੇ ਹਨ।
ਜੁਗਨੀ ਨੂੰ ਸੰਗੀਤਕ ਰੂਪ ਵਿਚ ਗਾਉਣ ਵਾਲਿਆਂ ਦੀ ਗੱਲ ਕਰੀਏ ਤਾਂ ਸਭ ਤੋਂ ਪਹਿਲਾਂ ਦੋ ਨਾਂ ਉੱਭਰਦੇ ਹਨ, ਪਹਿਲਾ ਪਿੰਡ ਕੋਟ ਇਨਾਇਤ ਖਾਂ (ਪਾਕਿਸਤਾਨ) ਵਾਲਾ ਨਵਾਬ ਹੈ, ਜੋ ਨੈਬ ਕੋਟੀਆ ਘੁਮਿਆਰ ਦੇ ਨਾਂ ਨਾਲ ਮਸ਼ਹੂਰ ਹੈ ਅਤੇ ਦੂਸਰਾ ਵੀ ਪਾਕਿਸਤਾਨ ਦੇ ਕਸਬੇ ਲਾਲਾ ਮੂਸਾ ਦਾ ਆਲਮ ਲੁਹਾਰ ਹੈ। ਨੈਬ ਕੋਟੀਆ ਆਪਣੇ ਪੁੱਤਰਾਂ ਸਰਜਾ, ਮਿਰਜ਼ਾ, ਬੂਟੇ ਅਤੇ ਜਾਨੇ ਨਾਲ ਗਾਉਂਦਿਆ ਜਦੋਂ ‘ਪੀਰ ਮੇਰਿਆ ਜੁਗਨੀ’ ਤੋਂ ਬਾਅਦ ‘ਉਏ’ ਕਹਿੰਦਾ ਹੈ ਤਾਂ ਸੰਗੀਤ ਰਸੀਆਂ ਦੇ ਕਾਲਜੇ ਧੂ ਪਾ ਦਿੰਦਾ ਹੈ, ਉਹ ਜੁਗਨੀ ਲੋਰੀ ਵਾਂਗ ਗਾਉਂਦਾ ਹੈ :
ਅੱਵਲ ਸਿਫ਼ਤ ਖੁਦਾ ਦੀ ਆਖਾਂ ਜਿਹੜਾ ਪਰਵਰਦਿਗਾਰ,
ਦੂਜੀ ਸਿਫ਼ਤ ਰਸੂਲ ਇਲ-ਲਿਲਹਾ ਦੀ,
ਆਖਾਂ ਹਮਦ ਹਜ਼ਾਰ,
ਤੀਜੀ ਸਿਫ਼ਤ ਉਨ੍ਹਾਂ ਦੀ ਆਖਾਂ, ਜਿਹੜੇ ਪਿਆਰੇ ਯਾਰ,
ਨਾਮ ਨਵਾਬ ਤੇ ਜਾਤ ਕੰਮੀ ਦੀ, ਜੁਗਨੀ ਕਰਾਂ ਤਿਆਰ
ਪੀਰ ਮੇਰਿਆ ਜੁਗਨੀ ਉਏ,
ਪੀਰ ਮੇਰਿਆ ਜੁਗਨੀ ਕਹਿੰਦੀ ਆ
ਜਿਹੜੀ ਨਾਮ ਅੱਲ੍ਹਾ ਦਾ ਲੈਂਦੀ ਆ।
ਇਸੇ ਤਰ੍ਹਾਂ ਆਲਮ ਲੁਹਾਰ ਨੇ ਜਿੱਥੇ ਬਹੁਤ ਸਾਰੀਆਂ ਲੋਕ-ਕਥਾਵਾਂ ਅਤੇ ਗੀਤਾਂ ਨੂੰ ਪੰਜਾਬੀ ਲੋਕ ਗਾਇਕੀ ਦੀ ਝੋਲੀ ਪਾਇਆ ਉੱਥੇ ਉਸਨੇ ਜੁਗਨੀ ਨੂੰ ਵੀ ਬੜੀ ਰੂਹ ਨਾਲ ਗਾਇਆ :
ਅਲੀ ਵਾਕ ਇਮਾਮ ਦਾ, ਮੈਂ ਬਿਰਦ ਕਰਾਂ ਦਮ ਦਮ,
ਇਹਨੂੰ ਪੈਣ ਉਜੱਲੇ ਨੂਰ ਦੇ, ਜਿਉਂ ਕਤਰੇ ਸ਼ਬਨਮ,
ਮੈਂ ਪੜ੍ਹੀ ਨਮਾਜ਼ ਐ ਇਸ਼ਕ ਦੀ, ਦੂਰ ਹੋਏ ਸਭ ਗ਼ਮ,
ਓ ਮੈਂ ਗਾਵਾਂ ਜੁਗਨੀ…
ਆਸ਼ਕ ਲੋਕ ਤੇ ਕਮਲੇ ਰਮਲੇ, ਦੁਨੀਆਂ ਬੜੀ ਸਿਆਣੀ,
ਚਿੱਟੇ ਦਿਨ ਤੇ ਕਾਲੀਆਂ ਰਾਤਾਂ, ਖਾਂਦੇ ਜਾਣ ਜੁਆਨੀ,
ਕੀ ਮੁਨਿਆਦ ਐ ਬੰਦਿਆ ਤੇਰੀ, ਤੂੰ ਫ਼ਾਨੀ ਮੈਂ ਫ਼ਾਨੀ,
ਰੰਗੇ ਜਾਈਏ ਜੇ ਮਿਲ ਜਾਵੇ, ਢੋਲ ਦਿਲਾਂ ਦਾ ਜਾਨੀ,
ਓ ਮੈਂ ਗਾਵਾਂ ਜੁਗਨੀ …
ਜੇਕਰ ਪੰਜਾਬੀ ਗਾਇਕੀ ਅਤੇ ਜੁਗਨੀ ਦਾ ਦਮ ਦੇਖਣਾ ਹੋਵੇ ਤਾਂ ਬੀਬਾ ਗੁਰਮੀਤ ਬਾਵਾ ਦੀ ਜੁਗਨੀ ਸੁਣੀ ਜਾ ਸਕਦੀ ਹੈ। ਉਹ ਲੰਬੀ ਹੇਕ ਲਾਉਂਦੇ ਹਨ ਤਾਂ ਸੁਣਨ ਵਾਲਿਆਂ ਦੇ ਸਾਹ ਰੁਕ ਜਾਂਦੇ ਹਨ। ਜੁਗਨੀ ਨੂੰ ਆਲਮੀ ਪ੍ਰਸਿੱਧੀ ਦੇਣ ਵਿਚ ਆਲਮ ਲੁਹਾਰ ਦੇ ਪੁੱਤਰ ਆਰਿਫ਼ ਲੁਹਾਰ ਦਾ ਵੀ ਅਹਿਮ ਯੋਗਦਾਨ ਹੈ। ਅੱਜ ਦੀ ਪੰਜਾਬੀ ਲੋਕ ਗਾਇਕੀ ਦੇ ਨਾਮਵਰ ਤੇ ਦਮਦਾਰ ਫ਼ਨਕਾਰ ਨੇ ਕੋਕ ਸਟੂਡੀਓ ਵਿਚ ਮੀਸ਼ਾ ਸ਼ਫੀ ਨਾਲ ਨਿਵੇਕਲੇ ਸੰਗੀਤ ਵਿਚ ਜੁਗਨੀ ਗਾ ਕੇ ਇਸਨੂੰ ਹੋਰ ਪ੍ਰਸਿੱਧੀ ਅਤੇ ਵਧੇਰੇ ਹਰਮਨ ਪਿਆਰਤਾ ਦਿਵਾਈ :
ਏਹ ਵੇ ਅੱਲ੍ਹਾ ਵਾਲਿਆਂ ਦੀ ਜੁਗਨੀ ਜੀ,
ਏਹ ਵੇ ਨਬੀ ਪਾਕ ਦੀ ਜੁਗਨੀ ਜੀ,
ਏਹ ਵੇ ਮੌਲਾ ਅਲੀ ਵਾਲੀ ਜੁਗਨੀ ਜੀ,
ਏਹ ਵੇ ਮੇਰੇ ਪੀਰ ਦੀ ਜੁਗਨੀ ਜੀ,
ਦਮ ਗੁਟਕੂੰ, ਦਮ ਗੁਟਕੂੰ, ਕਰੇ ਸਾਈਂ,
ਇਹ ਕਲਮਾਂ ਨਬੀ ਦਾ ਪੜ੍ਹੇ ਸਾਈਂ।
ਨੈਬ ਕੋਟੀਆ ਘੁਮਿਆਰ, ਆਲਮ ਲੁਹਾਰ ਅਤੇ ਗੁਰਮੀਤ ਬਾਵਾ ਨੇ ਜੁਗਨੀ ਅਲਗੋਜ਼ਿਆਂ ਨਾਲ ਗਾਈ। ਇਨ੍ਹਾਂ ਸਭ ਗਾਇਕਾਂ ਨੇ ਜੁਗਨੀ ਦੇ ਵੱਖੋ-ਵੱਖ ਬੰਦ ਗਾਏ ਹਨ ਅਤੇ ਭਾਸ਼ਾ ਦਾ ਵੀ ਫ਼ਰਕ ਹੈ, ਫਿਰ ਵੀ ਇਨ੍ਹਾਂ ਦੇ ਕੁਝ ਬੰਦ ਸਾਂਝੇ ਹਨ :
ਮੇਰੀ ਜੁਗਨੀ ਦੇ ਧਾਗੇ ਬੱਗੇ,
ਜੁਗਨੀ ਓਹਦੇ ਮੂੰਹੋਂ ਫੱਬੇ,
ਜਿਸਨੂੰ ਸੱਟ ਇਸ਼ਕ ਦੀ ਲੱਗੇ,
ਓ ਪੀਰ ਮੇਰਿਆ ਜੁਗਨੀ ਕਹਿੰਦੀ ਆ,
ਜਦ ਨਾਮ ਅਲੀ ਦਾ ਲੈਂਦੀ ਆ।
ਇਸ ਤੋਂ ਬਿਨਾਂ ਹਜ਼ਾਰਾ ਸਿੰਘ ਰਮਤਾ, ਕੁਲਦੀਪ ਮਾਣਕ, ਨਰਿੰਦਰ ਬੀਬਾ, ਜਗਮੋਹਣ ਕੌਰ, ਗੁਰਦਾਸ ਮਾਨ, ਸੁਰਜੀਤ ਬਿੰਦਰਖੀਆ, ਲਖਵਿੰਦਰ ਵਡਾਲੀ, ਹਰਭਜਨ ਮਾਨ ਆਦਿ ਤੋਂ ਬਿਨਾਂ ਹੋਰ ਵੀ ਬਹੁਤ ਸਾਰੇ ਗਾਇਕਾਂ ਨੇ ਜੁਗਨੀ ਗਾਈ, ਜਿਸ ਵਿਚੋਂ ਬਹੁਤੇ ਗਾਇਕਾਂ ਦੀ ਜੁਗਨੀ ਅਸਲ ਸਿਧਾਂਤ ਤੋਂ ਦੂਰ ਹੈ। ਜੁਗਨੀ ਤਾਂ ਰੂਹ ਅਤੇ ਰਹਿਬਰ ਦੇ ਰਿਸ਼ਤੇ ਦੀ ਨਿਸ਼ਾਨੀ ਦੀ ਪਾਕ-ਪਵਿੱਤਰ ਬਾਤ ਹੈ।

ਸੰਪਰਕ: 85678-72291


Comments Off on ਰੂਹਾਨੀ ਰੁਤਬੇ ਦੀ ਬਾਤ ਹੈ ਜੁਗਨੀ
1 Star2 Stars3 Stars4 Stars5 Stars (No Ratings Yet)
Loading...
Both comments and pings are currently closed.

Comments are closed.

Available on Android app iOS app
Powered by : Mediology Software Pvt Ltd.