ਤਕਨੀਕੀ ਨੁਕਸ ਕਾਰਨ ਜਹਾਜ਼ ਉਤਾਰਿਆ !    ਗੁਜਰਾਤ ’ਚ ਚਾਰ ਸੀਟਾਂ ’ਤੇ ਚੋਣਾਂ ਲਈ ਕਾਂਗਰਸ ਨੇ ਸਵਾਲ ਉਠਾਇਆ !    ਵਿਸ਼ਵ ਜੇਤੂ ਗਾਮਾ ਭਲਵਾਨ !    ਤਬਾਹੀ ਵੱਲ ਵਧ ਰਿਹਾ ਐਮੇਜ਼ੌਨ !    ਬਹੁਪੱਖੀ ਸ਼ਖ਼ਸੀਅਤ ਮਹਿੰਦਰ ਸਿੰਘ ਰੰਧਾਵਾ !    ਸ਼ਾਂਤ ਤੇ ਖ਼ੂਬਸੂਰਤ ਤੀਰਥਨ ਘਾਟੀ !    ਮਿੰਨੀ ਕਹਾਣੀਆਂ !    ਕਾਲਾ ਪੰਡਤ !    ਦਲਿਤ ਸਾਹਿਤ ਦੀ ਸਮੀਖਿਆ !    ਦਲਿਤ ਜੀਵਨ ਦੀ ਪੇਸ਼ਕਾਰੀ !    

ਰਿਸ਼ਤਿਆਂ ਦੀਆਂ ਪਰਤਾਂ ਫਰੋਲਣ ਦਾ ਯਤਨ

Posted On June - 9 - 2019

ਗੁਰਮੀਤ ਸਿੰਘ ਫਾਜ਼ਿਲਕਾ
ਮਾਸਟਰ ਨਗਿੰਦਰ ਸਿੰਘ ਰੰਗੂਵਾਲ ਦੀ ਪੁਸਤਕ ‘ਤਾਰੋ’ (ਕੀਮਤ: 150 ਰੁਪਏ; ਸੁਮਿਤ ਪ੍ਰਕਾਸ਼ਨ, ਲੁਧਿਆਣਾ) ਵਿਚ ਦਸ ਕਹਾਣੀਆਂ ਹਨ। ਇਹ ਉਸ ਦਾ ਪਹਿਲਾ ਕਹਾਣੀ ਸੰਗ੍ਰਹਿ ਹੈ। ਮੁੱਖਬੰਦ ਵਿਚ ਲੇਖਕ ਦਾ ਸਵੈ ਕਥਨ ਹੈ- ਮੈਂ ਕੋਈ ਲੇਖਕ ਨਹੀਂ। ਇਹ ਕਹਾਣੀਆਂ ਕਦੇ ਕਦੇ ਕਲਮ ਚੁੱਕ ਕੇ ਝਰੀਟ ਹੋ ਗਈਆਂ। ਪੁਸਤਕ ਵੀ ਪਰਿਵਾਰ ਦੇ ਜ਼ੋਰ ਪਾਉਣ ’ਤੇ ਛਪਵਾਈ ਹੈ। ਇਹ ਲੇਖਕ ਦੀ ਨਿਰਮਾਣਤਾ ਹੈ। ਪਹਿਲੀ ਕਹਾਣੀ ‘ਡਬਲ ਬੈੱਡ’ ਬਾਰੇ ਲੇਖਕ ਲਿਖਦਾ ਹੈ ਕਿ ਇਹ ਕਹਾਣੀ ਉਸ ਦੀ ਆਪਣੀ ਹੱਡਬੀਤੀ ਹੈ। ਘਰ ਵਿਚ ਡਬਲਬੈੱਡ ਨਹੀਂ ਹੈ। ਪਤਨੀ ਦੀ ਗੁਆਂਢਣ ਆਉਂਦੀ ਹੈ। ਆਪਣੇ ਘਰ ਲਈ ਡਬਲਬੈੱਡ ਬਾਜ਼ਾਰ ਵਿਚ ਵੇਖ ਕੇ ਆਈ ਹੈ। ਪਤਨੀ, ਪਤੀ (ਮੈਂ ਪਾਤਰ) ਨੂੰ ਡਬਲਬੈੱਡ ਲੈਣ ਦਾ ਕਹਿੰਦੀ ਹੈ, ਪਰ ਕੀਮਤ ਸੁਣ ਕੇ ਹੌਸਲਾ ਨਹੀਂ ਪੈਂਦਾ ਸਗੋਂ ਉਹ ਗੁੱਸੇ ਵਿਚ ਪਤਨੀ ਨੂੰ ਬੋਲਦਾ ਹੈ: ‘ਜੇ ਐਨਾ ਹੀ ਸ਼ੌਕ ਸੀ ਤਾਂ ਡਬਲਬੈੱਡ ਆਪਣੇ ਪਿਉ ਤੋਂ ਕਿਉਂ ਨਾ ਲੈ ਕੇ ਆਈ’। ਗੱਲ ਵਧ ਜਾਂਦੀ ਹੈ। ਪਤੀ ਚਾਹ ਵਾਲਾ ਕੱਪ ਪਤਨੀ ਵੱਲ ਸੁਟਦਾ ਹੈ। ਕੱਪ ਮੱਥੇ ’ਤੇ ਵਜਦਾ ਹੈ। ਲਹੂ ਨਿਕਲ ਆਉਂਦਾ ਹੈ। ਗੁੱਸੇ ਵਿਚ ਪਤੀ ਸਾਈਕਲ ਚੁੱਕ ਘਰੋਂ ਬਾਹਰ ਚਲਾ ਜਾਂਦਾ ਹੈ। ਗਈ ਰਾਤ ਘਰ ਆਉਂਦਾ ਹੈ। ਪਤਨੀ ਬੁਸ ਬੁਸ ਕਰਦੀ ਸੌਂ ਜਾਂਦੀ ਹੈ। ਅਗਲੀ ਸਵੇਰ ਚਾਹ ਲਿਆਉਂਦੀ ਹੈ। ਡਬਲਬੈੱਡ ਦੀ ਕੋਈ ਗੱਲ ਨਹੀਂ ਹੁੰਦੀ ਸਗੋਂ ਪਤਨੀ ਪਛਤਾਵਾ ਕਰਦੀ ਹੈ। ਇਸ ਸਾਰੇ ਘਟਨਾਕ੍ਰਮ ਪਿੱਛੇ ਮੈਂ ਪਾਤਰ ਦੇ ਬੋਲ ਹਨ- ‘ਮੈਂ ਦੂਜੇ ਕਲਰਕਾਂ ਵਾਂਗ ਗਰੀਬਾਂ ਦਾ ਲਹੂ ਨਹੀਂ ਚੂਸਦਾ।’ ਸਪਸ਼ਟ ਹੈ ਕਿ ਲੇਖਕ ਇਮਾਨਦਾਰ ਹੈ। ਆਲਾ-ਦੁਆਲਾ ਭ੍ਰਿਸ਼ਟ ਹੈ।
ਸਿਰਲੇਖ ਕਹਾਣੀ ‘ਤਾਰੋ’ ਦੀ ਮੁੱਖ ਪਾਤਰ ਤਾਰੋ ਆਪਣੀ ਸਹੇਲੀ ਦੇ ਪਤੀ ਨਾਲ ਜਾਅਲੀ ਵਿਆਹ ਕਰਵਾ ਕੇ ਵਿਦੇਸ਼ ਜਾਂਦੀ ਹੈ ਫਿਰ ਤਲਾਕ ਹੁੰਦਾ ਹੈ। ਪੰਜਾਬ ਆਣ ਕੇ ਦੂਜਾ ਅਸਲੀ ਵਿਆਹ ਕਰਾਉਂਦੀ ਹੈ, ਪਰ ਇਹ ਵਿਆਹ ਵੀ ਸਫ਼ਲ ਨਹੀਂ ਹੁੰਦਾ। ਤੀਜੇ ਪਤੀ ਨਾਲ ਰਹਿੰਦੀ ਹੈ, ਪਰ ਉਹ ਨਸ਼ਿਆਂ ਦਾ ਮਾਰਿਆ ਹੈ। ਇਕ ਦਿਨ ਮਰ ਜਾਂਦਾ ਹੈ। ਤਾਰੋ ਦੇ ਦੁੱਖਾਂ ਵਿਚ ਵਾਧਾ ਹੋ ਜਾਂਦਾ ਹੈ। ਕਹਾਣੀ ਉਲਝੇ ਰਿਸ਼ਤਿਆਂ ਦਾ ਬਿਰਤਾਂਤ ਹੈ। ਕਹਾਣੀਆਂ ਵਿਚ ਵਿਦੇਸ਼ਾਂ ਵਿਚ ਪੰਜਾਬੀਆਂ ਦੇ ਰਿਸ਼ਤੇ ਤਿੜਕਣ ਦੀ ਲੰਮੀ ਗਾਥਾ ਹੈ। ‘ਮੀਤੇ ਦਾ ਬਾਪੂ’ ਦਾ ਤਾਰਾ ਸਿੰਘ ਨੂੰਹ ਪੁੱਤ ਦੇ ਮਜਬੂਰ ਕਰਨ ’ਤੇ ਖੇਤਾਂ ਵਿਚ ਕੰਮ ਕਰਦਾ ਹੈ। ‘ਮਰਿਆ ਹੋਇਆ ਸੱਪ’ ਵਿਚ ਵੀ ਬਜ਼ੁਰਗ ਦੀ ਦੁਰਦਸ਼ਾ ਹੈ। ‘ਤੜਪ’ ਕਹਾਣੀ ਵਿਚ ਜਵਾਨ ਕੁੜੀ ਘਰ ਦੇ ਸੀਰੀ ਨਾਲ ਨਿਕਲ ਜਾਂਦੀ ਹੈ। ਜੋੜੀ ਦੂਰ ਕਿਤੇ ਜਾ ਕੇ ਨਾਂ ਬਦਲ ਕੇ ਰਹਿਣ ਲੱਗਦੀ ਹੈ, ਪਰ ਇਕ ਦਿਨ ਪਕੜੇ ਜਾਣ ’ਤੇ ਬਾਪ ਯਾਦ ਆਉਂਦਾ ਹੈ। ‘ਹਰ ਵੇਲੇ ਤੜਪਦੀ ਹਾਂ ਕਿ ਮੇਰਾ ਧਰਮੀ ਬਾਬਲ ਇਕ ਵਾਰੀ ਮੈਨੂੰ ਗਲੇ ਲਗਾ ਕੇ ਫੇਰ ਛਿਤਰਾਂ ਨਾਲ ਕੁੱਟੇ।’ ਕੁੜੀ ਨੂੰ ਆਪਣੇ ਕੀਤੇ ਦਾ ਪਛਤਾਵਾ ਹੈ। ‘ਵਾਰਿਸ’ ਕਹਾਣੀ ਵਿਚ ਸੱਸ ਖ਼ੁਦ ਨੂੰਹ ਨੂੰ ਨਾਜ਼ਾਇਜ਼ ਰਿਸ਼ਤਾ ਬਣਾਉਣ ਲਈ ਮਜਬੂਰ ਕਰਦੀ ਹੈ ਕਿਉਂਕਿ ਉਸ ਦਾ ਨਸ਼ਈ ਪੁੱਤਰ ਵਿਆਹੁਤਾ ਸਬੰਧ ਬਣਾਉਣ ਦੇ ਯੋਗ ਨਹੀਂ ਹੁੰਦਾ। ਸੱਸ ਦਾ ਮੰਤਵ ਘਰ ਦਾ ਵਾਰਿਸ ਪੈਦਾ ਕਰਨਾ ਹੈ। ਕਹਾਣੀਆਂ ਆਪਣੇ ਬਿਗਾਨੇ, ਬੈਕੁੰਠ ਧਾਮ, ਬੇਬੇ ਵਾਲੀ ਹਵੇਲੀ, ਜੱਟ ਦਾ ਬਦਲਾ ਵੱਖ ਵੱਖ ਵਿਸ਼ਿਆਂ ’ਤੇ ਦਿਲਚਸਪ ਰਚਨਾਵਾਂ ਹਨ। ਪੁਸਤਕ ਦੀ ਦਿੱਖ ਚੰਗੀ ਹੈ।
ਸੰਪਰਕ: 98148-56160


Comments Off on ਰਿਸ਼ਤਿਆਂ ਦੀਆਂ ਪਰਤਾਂ ਫਰੋਲਣ ਦਾ ਯਤਨ
1 Star2 Stars3 Stars4 Stars5 Stars (No Ratings Yet)
Loading...
Both comments and pings are currently closed.

Comments are closed.

Available on Android app iOS app
Powered by : Mediology Software Pvt Ltd.