ਅਯੁੱਧਿਆ ਕੇਸ: ਸਾਰੇ ਸਵਾਲ ਸਾਡੇ ਤੋਂ ਹੀ ਕਿਉਂ? !    ਜਾਪਾਨ ’ਚ ਸਮੁੰਦਰੀ ਤੂਫ਼ਾਨ ਨਾਲ ਮਰਨ ਵਾਲਿਆਂ ਦੀ ਗਿਣਤੀ 56 ਹੋਈ !    ਆਵਲਾ ਖ਼ਿਲਾਫ਼ ਚੋਣ ਕਮਿਸ਼ਨ ਕੋਲ ਸ਼ਿਕਾਇਤ !    ਅਕਾਲੀ ਦਲ ਦਾ ਰਾਜਸੀ ਵਿੰਗ ਹੈ ਸ਼੍ਰੋਮਣੀ ਕਮੇਟੀ: ਰੰਧਾਵਾ !    ਗੁਰਬੱਤ ਵੀ ਨਹੀਂ ਰੋਕ ਸਕੀ ਬੂਟ ਪਾਲਿਸ਼ ਵਾਲੇ ਸਨੀ ਦਾ ਰਾਹ !    ਪੁਲੀਸ ਵੱਲੋਂ ਪਿੰਡਾਂ ’ਚ ਤਲਾਸ਼ੀ ਮੁਹਿੰਮ ਜਾਰੀ !    ਪ੍ਰਕਾਸ਼ ਪੁਰਬ ਸਮਾਗਮਾਂ ਨੂੰ ਤਾਰਪੀਡੋ ਕਰ ਰਿਹੈ ਬਾਦਲ ਦਲ: ਸਰਨਾ !    ਪਾਦਰੀ ਕੇਸ: ਮੁਹਾਲੀ ਅਦਾਲਤ ਨੇ ਨਿਰਮਲ ਤੇ ਸੁਰਿੰਦਰਪਾਲ ਭਗੌੜੇ ਐਲਾਨੇ !    ਦਿੱਲੀ ਦੇ ਚਾਰ ਸਟੇਡੀਅਮ ਸਾਰਿਆਂ ਲਈ ਖੋਲ੍ਹਣ ਦਾ ਫ਼ੈਸਲਾ !    ਪੰਜਾਬ ਨੇ ਕੌਮੀ ਸੀਨੀਅਰ ਤੇ ਜੂਨੀਅਰ ਗਤਕਾ ਚੈਂਪੀਅਨਸ਼ਿਪ ਜਿੱਤੀ !    

ਯੁੱਗ ਏਦਾਂ ਹੀ ਬਦਲਦੇ ਨੇ…

Posted On June - 15 - 2019

ਰਾਸ ਰੰਗ

ਡਾ. ਸਾਹਿਬ ਸਿੰਘ

ਨਾਦਿਰਾ ਜ਼ਹੀਰ ਬੱਬਰ ਦੀ ਲੇਖਣੀ, ਕੇਵਲ ਧਾਲੀਵਾਲ ਦੀ ਨਿਰਦੇਸ਼ਨਾ, ਅਨੀਤਾ ਦੇਵਗਨ ਦੀ ਅਦਾਕਾਰੀ, ਇਹ ਮੁਜੱਸਮਾ ਖ਼ੂਬ ਰਿਹਾ, ਨਾਟਕ ‘ਕਣਸੋ’ ਦੀ ਪੇਸ਼ਕਾਰੀ ਯਾਦਗਾਰੀ ਬਣ ਗਈ। ‘ਕਣਸੋ’ ਲੋਕਾਂ ਦੇ ਘਰਾਂ ਵਿਚ ਕੰਮ ਕਰਦੀ ਹੈ, ਉਹ ਗ਼ਰੀਬ ਹੈ, ਲੋੜਵੰਦ ਹੈ, ਪਰ ਕਮਜ਼ੋਰ ਨਹੀਂ। ਉਹ ਘਰਾਂ ਦੇ ਭੇਤ ਜਾਣਦੀ ਹੈ, ਪੱਕੀਆਂ ਰੰਗਦਾਰ ਕੰਧਾਂ ’ਚ ਪਈਆਂ ਤਰੇੜਾਂ ਉਸ ਤੋਂ ਛੁਪੀਆਂ ਨਹੀਂ ਹੋਈਆਂ, ਉਹ ਵਾਹ ਲੱਗਦੀ ਭੇਤ ਹਿੱਕ ਅੰਦਰ ਛੁਪਾ ਕੇ ਰੱਖਦੀ ਹੈ, ਪਰ ਜਿੱਥੇ ਕੋਈ ਉਸਦੇ ਸਵੈਮਾਣ ਨੂੰ ਸੱਟ ਮਾਰਨ ਦੀ ਕੋਸ਼ਿਸ਼ ਕਰਦਾ ਹੈ ਤਾਂ ਭਾਂਬੜ ਬਣ ਮੱਚ ਉੱਠਦੀ ਹੈ। ਪੰਜਾਬੀ ਰੰਗਮੰਚ ਅੰਦਰ ‘ਕਣਸੋ’ ਦੇ ਕਿਰਦਾਰ ਦਾ ਪ੍ਰਵੇਸ਼ ਨਾਰੀ ਪ੍ਰਧਾਨ ਨਾਟਕਾਂ ਦੀ ਸੁਰ ਬਦਲਣ ਵਾਲਾ ਕਾਰਜ ਕਰਦਾ ਹੈ, ਜਿੱਥੇ ਦਰਦ ਤਾਂ ਹੈ, ਪਰ ਤਰਸ ਭਰਿਆ ਰੁਦਨ ਨਹੀਂ ਹੈ। ਜਿੱਥੇ ਬਗਾਵਤ ਤਾਂ ਹੈ, ਪਰ ਅੱਡੀਆਂ ਚੁੱਕ ਕੇ ਮਾਰੀ ਚੀਖ ਵਰਗੀ ਨਹੀਂ ਹੈ, ਬਲਕਿ ਭਿੱਜੀਆਂ ਅੱਖਾਂ ਦੇ ਕੋਇਆਂ ’ਚੋਂ ਫੁੱਟੀ ਇਕ ਅਵੱਲੀ ਚਿਣਗ ਵਰਗੀ ਹੈ। ਕਣਸੋ ਰੂਪੀ ਕਿਰਦਾਰ ਦੀ ਮੰਚ ’ਤੇ ਭਰਪੂਰਤਾ ਅਨੀਤਾ ਦੇ ਭਰਪੂਰ ਜੁੱਸੇ ਕਾਰਨ ਨਹੀਂ, ਬਲਕਿ ਨਿੱਗਰ ਨਾਟਕਕਾਰੀ, ਕਲਪਨਾਸ਼ੀਲ ਤੇ ਢੁਕਵੀਂ ਮੰਚ ਜੜਤ ਅਤੇ ਕੁਦਰਤੀ ਅਦਾਕਾਰੀ ਦੇ ਮਿਸ਼ਰਣ ਕਰਕੇ ਹੈ। ਇਹ ਇਕ ਅਜਿਹਾ ਇਕ ਪਾਤਰੀ ਨਾਟਕ ਹੈ ਜੋ ਤਰ੍ਹਾਂ-ਤਰ੍ਹਾਂ ਦੇ ਪਾਤਰਾਂ ਨੂੰ ਗਿੱਚੀਓਂ ਫੜ ਕੇ ਦਰਸ਼ਕ ਸਾਹਮਣੇ ਲਿਆਉਂਦਾ ਹੈ ਤੇ ਫਿਰ ਬੇਕਿਰਕ ਹੋ ਕੇ ਉਨ੍ਹਾਂ ਦੀ ਛਿੱਲ ਉਧੇੜਦਾ ਹੈ। ਨਾਟਕ ਹਸਾਉਂਦਾ ਹੈ, ਰੁਲਾਉਂਦਾ ਹੈ, ਉਤੇਜਿਤ ਕਰਦਾ ਹੈ, ਗੁੱਸਾ-ਖਿੱਝ ਪ੍ਰਗਟ ਕਰਦਾ ਹੈ, ਕਣਸੋ ਦੇ ਦੁੱਖ ਨੂੰ ਆਪਣਾ ਦੁੱਖ ਸਮਝਣ ਲੱਗਦਾ ਹੈ ਤੇ ਅਖੀਰ ਵਿਚ ਉਸ ਦੀ ਧੀ ਰਾਹੀਂ ਜਿੱਤ ’ਤੇ ਮਾਣ ਦਾ ਪਰਚਮ ਲਹਿਰਾਉਂਦਾ ਹੈ, ਉਦੋਂ ਕਣਸੋ ਦੇ ਨਾਲ-ਨਾਲ ਦਰਸ਼ਕ ਵੀ ਜਿੱਤਿਆ ਮਹਿਸੂਸ ਕਰਦਾ ਹੈ।
ਨਾਟਕ ਆਰੰਭ ਹੁੰਦਾ ਹੈ ਤਾਂ ਇਕ ਵੱਡੇ ਘਰ ਦਾ ਖਿਲਾਰੇ ਵਾਲਾ ਲਿਵਿੰਗ ਰੂਮ ਦ੍ਰਿਸ਼ਟੀਗੋਚਰ ਹੁੰਦਾ ਹੈ, ਕਣਸੋ ਘਰ ਨੂੰ ਤਰਤੀਬ ਦੇ ਰਹੀ ਹੈ ਤੇ ਪਰਿਵਾਰ ਬਾਰੇ ਹੱਸ-ਹੱਸ ਗੱਲਾਂ ਕਰ ਰਹੀ ਹੈ। ਵਿਚ-ਵਿਚ ਫੋਨ ਆਉਂਦੇ ਹਨ ਤਾਂ ਕਣਸੋ ਫੋਨ ਦੇ ਉਸ ਪਾਰ ਬੈਠੇ ਕਿਰਦਾਰ ਨਾਲ ਦਰਸ਼ਕਾਂ ਦੀ ਸਾਂਝ ਪੁਆਉਂਦੀ ਹੈ। ਲਹਿਜਾ ਖੁੱਲ੍ਹਾ-ਡੁੱਲ੍ਹਾ ਤੇ ਤਨਜ਼ ਵਾਲਾ ਹੈ, ਪਰ ਜਦ ਅਚਾਨਕ ਗੱਲਬਾਤ ਦਾ ਰੁਖ਼ ਕਣਸੋ ਦੀ ਆਪਣੀ ਜ਼ਿੰਦਗੀ ਵੱਲ ਮੋੜ ਕੱਟਦਾ ਹੈ ਤਾਂ ਅਨੀਤਾ ਦੀ ਆਵਾਜ਼ ਕੰਬਣ ਲੱਗਦੀ  ਹੈ, ਬੋਲ ਸੱਚੇ ਤੇ ਜਜ਼ਬਾਤੀ ਹੋ ਜਾਂਦੇ ਹਨ। ਦਰਸ਼ਕ ਉਸ ਦੇ ਪਿਛੋਕੜ ਨੂੰ ਦਿਲ ’ਤੇ ਹੱਥ ਰੱਖ ਦੇਖ-ਸੁਣ ਰਿਹਾ ਹੈ। ਕਣਸੋ ਦੇ ਪਿਓ ਦਾ ਇਕ ਹੱਥ ਵਿੰਗਾ ਹੈ, ਉਹ ਜ਼ੋਰ ਵਾਲਾ ਕੰਮ ਨਹੀਂ ਕਰ ਸਕਦਾ, ਚਾਚੇ-ਤਾਏ ਉਸ ਨੂੰ ਹਿੱਸਾ ਪੂਰਾ ਨਹੀਂ ਦਿੰਦੇ। ਕਣਸੋ ਦਾ ਜੀ ਕਰਦਾ ਹੈ ਕਿ ਆਪਣਾ ਪੂਰਾ ਤਨ ਗਾਲ ਕੇ ਕਿਵੇਂ ਨਾ ਕਿਵੇਂ ਆਪਣੇ ਪਿਓ ਦਾ ‘ਸੱਜਾ ਹੱਥ’ ਬਣ ਜਾਵਾਂ ਤੇ ਘਰ ਦਾ ਹੱਥ ਸੁਖਾਲਾ ਹੋ ਜਾਵੇ। ਨਾਨੀ ਕਣਸੋ ਦੀ ਮਾਂ ਤੇ ਭੈਣ ਨੂੰ ਸ਼ਹਿਰ ਲੈ ਆਉਂਦੀ ਹੈ, ਲੋਕਾਂ ਦੇ ਘਰਾਂ ’ਚ ਕੰਮ ਕਰਦੀਆਂ ਹਨ। ਮੁਸ਼ਕਿਲਾਂ ਸ਼ਾਇਦ ਗ਼ਰੀਬ ਦਾ ਪਤਾ ਨਹੀਂ ਭੁੱਲਦੀਆਂ, ਕਣਸੋ ਦੀ ਭੈਣ ਨਾਲ ਗ਼ਲਤ ਵਾਪਰ ਜਾਂਦਾ ਹੈ ਤੇ ਉਹ ਆਤਮ-ਹੱਤਿਆ ਕਰ ਲੈਂਦੀ ਹੈ। ਕਣਸੋ ਨੂੰ ਸਫ਼ੈਦ ਰੰਗ ਪਸੰਦ ਹੈ, ਚਿੱਟਾ ਸੂਟ ਉਸ ਨੇ ਸੰਭਾਲ ਕੇ ਰੱਖਿਆ ਹੋਇਆ ਹੈ, ਇਕ ਦਿਨ ਬੜੇ ਚਾਅ ਨਾਲ ਉਹ ਸੂਟ ਪਹਿਨਦੀ ਹੈ, ਪਰ ਮਾਂ ਦੇ ਘਰ ਨਾ ਹੋਣ ਦੀ ਸੂਰਤ ’ਚ ਮਾਮੇ ਦੀ ਬਦਫੈਲੀ ਦਾ ਸ਼ਿਕਾਰ ਹੁੰਦੀ ਹੈ। ਚਿੱਟਾ ਰੰਗ ਲਾਲ ਹੋ ਗਿਆ ਹੈ, ਮਾਂ-ਧੀ ਸਾਰੀ ਰਾਤ ਖੁੱਲ੍ਹੇ ਅੰਬਰ ਹੇਠ ਤੇਜ਼ ਵਰ੍ਹਦੇ ਮੀਂਹ ’ਚ ਕੱਟਦੀਆਂ ਹਨ। ਨਿਰਦੇਸ਼ਕ ਆਪਣੀ ਡਿਜ਼ਾਈਨਿੰਗ ਦੇ ਜਾਦੂ ਨਾਲ ਇਕ ਨੀਲੇ ਰੰਗ ਦਾ ਮੋਮਜਾਮਾ ਵਰਤ ਕੇ ਇਸ ਦ੍ਰਿਸ਼ ਨੂੰ ਹੋਰ ਮਾਰਮਿਕ ਬਣਾ ਦਿੰਦਾ ਹੈ। ਸੁਰਜੀਤ ਪਾਤਰ ਦੇ ਬੋਲ ਤੇ ਗਾਇਕਾ ਸੁਪਨੰਦਨ ਦੀ ਆਵਾਜ਼ ਸੁੰਨ ਪੈਦਾ ਕਰਦੀ ਹੈ।

ਡਾ. ਸਾਹਿਬ ਸਿੰਘ

ਕਣਸੋ ਹਾਰਦੀ ਨਹੀਂ, ਮਾਂ ਨੇ ਹਾਰਨਾ ਸਿਖਾਇਆ ਨਹੀਂ। ਤਲਖ ਹਕੀਕਤਾਂ ਸੰਗ ਸਿੱਧੀ ਹੋ ਟੱਕਰਦੀ ਹੈ, ਆਸ ਦਾ ਦੀਵਾ ਕਦੇ ਬੁਝਣ ਨਹੀਂ ਦਿੰਦੀ। ਆਪਣੀ ਧੀ ਨੂੰ ਪੜ੍ਹਾਉਂਦੀ ਹੈ ਤੇ ਹਰ ਵੇਲੇ ਕੰਮ ਵਿਚ ਰੁੱਝੀ ਰਹਿੰਦੀ ਹੈ। ਕਣਸੋ ਕੰਮਵਾਲੀ ਹੈ, ਉਸ ਦੀ ਜ਼ਿੰਦਗੀ ’ਚ ਬਰਤਨ, ਕੱਪੜੇ, ਪਾਣੀ, ਅੱਗ, ਭਾਂਡੇ ਸੰਭਾਲਣ ਵਾਲੇ ਰੈਕ, ਕੱਪੜੇ ਸੁੱਕਣੇ ਪਾਉਣ ਵਾਲੀਆਂ ਰੱਸੀਆਂ, ਟੱਬ, ਪਰਾਤਾਂ ਦੀ ਭੂਮਿਕਾ ਉਵੇਂ ਦੀ ਹੈ ਜਿਵੇਂ ਜਿਉਂਦੇ ਰਹਿਣ ਲਈ ਭੋਜਨ ਦੀ। ਨਿਰਦੇਸ਼ਕ ਮੰਚ ਸਜਾਵਟ ਅੰਦਰ ਇਨ੍ਹਾਂ ਸਾਰੀਆਂ ਵਸਤਾਂ ਦਾ ਇਸਤੇਮਾਲ ਕਰਦਾ ਹੈ, ਪਰ ਕਲਪਨਾ ਦੇ ਬੂਹੇ ਖੁੱਲ੍ਹੇ ਰੱਖਣ ਲਈ ਇਨ੍ਹਾਂ ਦੀ ਵਰਤੋਂ ਵੇਲੇ ਸ਼ੁੱਧ ਯਥਾਰਥ ਨਹੀਂ ਸਿਰਜਦਾ, ਬਲਕਿ ਦਰਸ਼ਕ ਲਈ ਥਾਂ ਛੱਡਦਾ ਹੈ। ਅਦਾਕਾਰਾ ਉਨ੍ਹਾਂ ਵਸਤਾਂ ਦਾ ਇਸਤੇਮਾਲ ਜਿਸ ਸਹਿਜਤਾ ਤੇ ਪ੍ਰਪੱਕਤਾ ਨਾਲ ਕਰਦੀ ਹੈ, ਉਸ ਨਾਲ ਵਿਉਂਤੇ ਹੋਏ ਭਾਵ ਸੰਚਾਰਿਤ ਹੁੰਦੇ ਹਨ। ਮੰਚ ਉੱਪਰ ਘਰ ਦਾ ਬਾਹਰਲਾ ਦਰਵਾਜ਼ਾ, ਬਾਥਰੂਮ, ਨਾਨੀ ਦਾ ਘਰ, ਸੜਕ ਮੌਜੂਦ ਨਹੀਂ ਹੈ, ਪਰ ਦਰਸ਼ਕ ਫਿਰ ਵੀ ਸਭ ਦੇਖ ਰਿਹਾ ਹੈ। ਨਾਟਕ ਦੀ ਰਵਾਨੀ ਇਵੇਂ ਦੀ ਹੈ ਕਿ ਪਲ-ਪਲ ਬਦਲਦੇ ਨੌਂ ਰਸਾਂ ਨੂੰ ਆਤਮਸਾਤ ਕਰਨ ਲਈ ਦਰਸ਼ਕ ਕੁਰਸੀ ਦੇ ਸਿਰੇ ਤਕ ਤਾਂ ਆਉਂਦਾ ਹੈ, ਪਰ ਉਸ ਦੀ ਅੱਖ ਕਣਸੋ ਤੋਂ ਪਾਸੇ ਨਹੀਂ ਜਾਂਦੀ। ਨਾਦਿਰਾ ਨੇ ਇਹ ਨਾਟਕ ਮੁੰਬਈ ਦੀ ਜ਼ਿੰਦਗੀ ਤੇ ਘਰ ’ਚ ਕੰਮ ਕਰਦੀਆਂ ‘ਬਾਈਆਂ’ ਨੂੰ ਆਧਾਰ ਬਣਾ ਕੇ ਲਿਖਿਆ ਸੀ, ਪਰ ਕੇਵਲ ਧਾਲੀਵਾਲ ਅਤੇ ਅਨੀਤਾ ਦੇਵਗਨ ਨੇ ਇਸ ਦਾ ਪਿੰਡਾ ਸੰਪੂਰਨ ਪੰਜਾਬੀ ਬਣਾ ਕੇ ਇਸ ਨਾਟਕ ਨੂੰ ਹੋਰ ਸਾਰਥਕ ਕਰ ਦਿੱਤਾ ਹੈ।
ਕਣਸੋ ਦੀ ਧੀ ਪੜ੍ਹ ਗਈ ਹੈ, ਉਹ ਲੇਖਕ ਬਣ ਗਈ ਹੈ, ਉਸ ਦੀ ਪਹਿਲੀ ਕਿਤਾਬ ਦੀ ਘੁੰਡ-ਚੁਕਾਈ ਦਾ ਸਮਾਗਮ ਉਲੀਕਿਆ ਜਾ ਚੁੱਕਾ ਹੈ। ਧੀ ਚਾਹੁੰਦੀ ਹੈ ਕਿ ਘੁੰਡ ਚੁੱਕਣ ਵੇਲੇ ਮਾਂ ਉੱਥੇ ਹੋਵੇ। ਕਣਸੋ ਕਿਵੇਂ ਨਾ ਕਿਵੇਂ ਉੱਥੇ ਪਹੁੰਚਦੀ ਹੈ, ਧੀ ਵੱਲ ਦੇਖ ਮਾਣ ਮਹਿਸੂਸ ਕਰਦੀ ਹੈ, ਧੀ ਮੰਚ ’ਤੇ ਸੱਦਾ ਦਿੰਦੀ ਹੈ, ਕਣਸੋ ਅਵੱਲੇ ਮਾਣ ਨਾਲ ਮੰਚ ਵੱਲ ਵਧਦੀ ਹੈ, ਹੁਣ ਵੇਲਾ ਆਖਿਰੀ ਸੱਟ ਦਾ ਹੈ, ਧੀ ਕਣਸੋ ਨੂੰ ਦੋ ਸ਼ਬਦ ਕਹਿਣ ਲਈ ਕਹਿੰਦੀ ਹੈ, ਕਣਸੋ ਮਾਈਕ ਸਾਹਮਣੇ ਖੜ੍ਹੀ ਹੈ, ਦਰਸ਼ਕ ਸਾਹ ਰੋਕੀ ਅਨੀਤਾ ਨੂੰ ਦੇਖ ਰਿਹਾ ਹੈ। ਕਣਸੋ ਸਾਹ ਲੈਂਦੀ ਹੈ ਤੇ ਫਿਰ ਸੁਖਵਿੰਦਰ ਅੰਮ੍ਰਿਤ ਦੀ ਕਵਿਤਾ ਰਾਹੀਂ ਹਾਜ਼ਰ ਹੁੰਦੀ ਹੈ:
ਹਰ ਯੁੱਗ ਵਿਚ ਮਾਵਾਂ ਆਪਣੀਆਂ ਧੀਆਂ ਨੂੰ
ਕੁਝ ਨਾ ਕੁਝ ਜ਼ਰੂਰ ਕਹਿੰਦੀਆਂ ਨੇ…
ਮੈਂ ਵੀ ਆਪਣੀ ਧੀ ਨੂੰ ਆਖਾਂਗੀ
ਤੂੰ ਘੁਟ-ਘੁਟ ਕੇ ਨਾ ਮਰੀਂ
ਦੀਵਾਰਾਂ ਨਾਲ ਸਮਝੌਤਾ ਨਾ ਕਰੀਂ…
ਸ਼ਾਇਦ ਮੇਰੀ ਧੀ ਵੀ ਆਪਣੀ ਧੀ ਨੂੰ ਕੁਝ ਨਾ ਕੁਝ ਜ਼ਰੂਰ ਕਹੇਗੀ
ਯੁੱਗ ਏਦਾਂ ਹੀ ਬਦਲਦੇ ਨੇ।

ਸੰਪਰਕ: 98880-11096


Comments Off on ਯੁੱਗ ਏਦਾਂ ਹੀ ਬਦਲਦੇ ਨੇ…
1 Star2 Stars3 Stars4 Stars5 Stars (No Ratings Yet)
Loading...
Both comments and pings are currently closed.

Comments are closed.

Available on Android app iOS app
Powered by : Mediology Software Pvt Ltd.