ਸਰਕਾਰੀ ਸਕੂਲਾਂ ਵਿੱਚ ਤਕਨਾਲੋਜੀ ਦੀ ਵਰਤੋਂ !    ਡਾਕਟਰਾਂ ਤੇ ਮਰੀਜ਼ਾਂ ਵਿੱਚ ਮਜ਼ਬੂਤ ਰਿਸ਼ਤਿਆਂ ਦੀ ਜ਼ਰੂਰਤ !    ਅਜੋਕੀ ਸਿੱਖਿਆ ਤੇ ਬੌਧਿਕ ਵਿਕਾਸ !    ਖ਼ਰਾਬ ਮੌਸਮ ਕਾਰਨ 26 ਉਡਾਣਾਂ ’ਚ ਤਬਦੀਲੀ !    370: ਸੁਪਰੀਮ ਕੋਰਟ ਵੱਲੋਂ ਪਟੀਸ਼ਨਾਂ ਸੱਤ ਮੈਂਬਰੀ ਬੈਂਚ ਕੋਲ ਭੇਜਣ ਦਾ ਸੰਕੇਤ !    ਕਤਲ ਮਾਮਲਾ: ਮੁਲਜ਼ਮਾਂ ਦੀ ਗ੍ਰਿਫ਼ਤਾਰੀ ਲਈ ਆਵਾਜਾਈ ਰੋਕੀ !    ਭਾਰਤ-ਅਮਰੀਕਾ ਵਿਚਾਲੇ 2+2 ਗੱਲਬਾਤ 18 ਨੂੰ !    ਸੀਬੀਆਈ ਵੱਲੋਂ 13 ਟਿਕਾਣਿਆਂ ’ਤੇ ਛਾਪੇ !    ਅਤਿਵਾਦੀ ਹਮਲੇ ’ਚ ਨਾਈਜਰ ਦੇ 71 ਫੌਜੀ ਹਲਾਕ !    ਛੱਤੀਸਗੜ੍ਹ ’ਚ ਦੋ ਨਕਸਲੀ ਹਲਾਕ !    

ਯੁਵਰਾਜ ਨੇ ਕੌਮਾਂਤਰੀ ਕ੍ਰਿਕਟ ਤੋਂ ਲਿਆ ਸੰਨਿਆਸ

Posted On June - 11 - 2019

ਮੁੰਬਈ, 10 ਜੂਨ

ਸੰਨਿਆਸ ਦਾ ਐਲਾਨ ਕਰਨ ਮੌਕੇ ਪ੍ਰੈੱਸ ਕਾਨਫਰੰਸ ਦੌਰਾਨ ਆਪਣੀ ਮਾਤਾ ਸ਼ਬਨਮ ਅਤੇ ਪਤਨੀ ਹੇਜ਼ਲ ਕੀਚ ਨਾਲ ਕ੍ਰਿਕਟਰ ਯੁਵਰਾਜ ਸਿੰਘ। -ਫੋਟੋ: ਪੀਟੀਆਈ

ਕੈਂਸਰ ’ਤੇ ਜਿੱਤ ਹਾਸਲ ਕਰਨ ਤੋਂ ਅੱਠ ਸਾਲ ਮਗਰੋਂ ਕ੍ਰਿਕਟਰ ਯੁਵਰਾਜ ਸਿੰਘ ਨੇ ਅੱਜ ਭਾਵੁਕ ਹੁੰਦਿਆਂ ਉਤਰਾਅ-ਚੜ੍ਹਾਅ ਭਰੇ ਆਪਣੇ ਕਰੀਅਰ ਨੂੰ ਅਲਵਿਦਾ ਕਹਿਣ ਦਾ ਐਲਾਨ ਕੀਤਾ। ਉਹ ਹੁਣ ਆਈਪੀਐਲ ਵੀ ਨਹੀਂ ਖੇਡੇਗਾ। ਇਸ ਦੌਰਾਨ ਉਸ ਦੀ ਸਭ ਤੋਂ ਵੱਡੀ ਉਪਲਬਧੀ ਭਾਰਤ ਦੇ 2011 ਵਿਸ਼ਵ ਕੱਪ ਜਿੱਤਣ ਵਿੱਚ ਅਹਿਮ ਯੋਗਦਾਨ ਰਿਹਾ। ਪ੍ਰਤਿਭਾ ਦੇ ਧਨੀ ਇਸ ਕਰਿਸ਼ਮਈ ਖਿਡਾਰੀ ਨੂੰ ਸੀਮਤ ਓਵਰਾਂ ਦੀ ਕ੍ਰਿਕਟ ਦਾ ਮਾਹਿਰ ਮੰਨਿਆ ਜਾਂਦਾ ਰਿਹਾ ਹੈ, ਪਰ ਉਸ ਨੇ ਇਸ ਚੀਸ ਨਾਲ ਸੰਨਿਆਸ ਲਿਆ ਕਿ ਉਹ ਟੈਸਟ ਮੈਚਾਂ ਵਿੱਚ ਉਮੀਦ ਅਨੁਸਾਰ ਪ੍ਰਦਰਸ਼ਨ ਨਹੀਂ ਕਰ ਸਕਿਆ।
ਖੱਬੇ ਹੱਥ ਦੇ ਇਸ ਬੱਲੇਬਾਜ਼ ਨੇ ਹਾਲਾਂਕਿ ਸੰਨਿਆਸ ਲੈਣ ਤੋਂ ਪਹਿਲਾਂ ਕਈ ਵਾਰ ਹਾਲਾਤਾਂ ਨੂੰ ਆਪਣੇ ਪੱਖ ਵਿੱਚ ਮੋੜਨ ਦੇ ਯਤਨ ਕੀਤੇ। 37 ਸਾਲ ਦੇ ਇਸ ਕ੍ਰਿਕਟ ਨੇ ਪ੍ਰੈੱਸ ਕਾਨਫਰੰਸ ਦੌਰਾਨ ਕਿਹਾ, ‘‘ਮੈਂ 25 ਸਾਲ 22 ਗਜ ਦੀ ਪਿੱਚ ’ਤੇ ਬਿਤਾਉਣ ਅਤੇ ਲਗਪਗ 17 ਸਾਲ ਕੌਮਾਂਤਰੀ ਕ੍ਰਿਕਟ ਖੇਡਣ ਮਗਰੋਂ ਅੱਗੇ ਵਧਣ ਦਾ ਫ਼ੈਸਲਾ ਕੀਤਾ ਹੈ। ਕ੍ਰਿਕਟ ਨੇ ਮੈਨੂੰ ਸਭ ਕੁੱਝ ਦਿੱਤਾ ਅਤੇ ਇਹੀ ਕਾਰਨ ਹੈ ਕਿ ਮੈਂ ਅੱਜ ਇੱਥੇ ਹਾਂ।’’
ਉਸ ਨੇ ਕਿਹਾ, ‘‘ਮੈਂ ਬਹੁਤ ਖ਼ੁਸ਼ਕਿਸਮਤ ਰਿਹਾ ਕਿ ਮੈਂ ਭਾਰਤ ਵੱਲੋਂ 400 ਮੈਚ ਖੇਡੇ। ਜਦੋਂ ਮੈਂ ਖੇਡਣਾ ਸ਼ੁਰੂ ਕੀਤਾ, ਤਾਂ ਮੈਂ ਇਸ ਬਾਰੇ ਸੋਚ ਵੀ ਨਹੀਂ ਸਕਦਾ ਸੀ।’’ ਇਸ ਹਮਲਾਵਰ ਬੱਲੇਬਾਜ਼ ਨੇ ਕਿਹਾ ਕਿ ਉਹ ਹੁਣ ‘ਜ਼ਿੰਦਗੀ ਦਾ ਲੁਤਫ਼’ ਉਠਾਉਣਾ ਚਾਹੁੰਦਾ ਹੈ ਅਤੇ ਬੀਸੀਸੀਆਈ ਤੋਂ ਮਨਜ਼ੂਰੀ ਮਿਲਣ ’ਤੇ ਕੌਮਾਂਤਰੀ ਪੱਧਰ ’ਤੇ ਵੱਖ-ਵੱਖ ਟੀ-20 ਲੀਗ ਵਿੱਚ ਫਰੀਲਾਂਸ ਖਿਡਾਰੀ ਵਜੋਂ ਖੇਡਣਾ ਚਾਹੁੰਦਾ ਹੈ, ਪਰ ਹੁਣ ਉਹ ਇੰਡੀਅਨ ਪ੍ਰੀਮੀਅਰ ਲੀਗ ਵਿੱਚ ਨਹੀਂ ਖੇਡੇਗਾ। ਯੁਵਰਾਜ ਨੇ ਭਾਰਤ ਵੱਲੋਂ 40 ਟੈਸਟ, 304 ਇੱਕ ਰੋਜ਼ਾ ਅਤੇ 58 ਟੀ-20 ਕੌਮਾਂਤਰੀ ਮੈਚ ਖੇਡੇ ਹਨ। ਉਸ ਨੇ ਟੈਸਟ ਮੈਚਾਂ ਵਿੱਚ 1900 ਅਤੇ ਇੱਕ ਰੋਜ਼ਾ ਵਿੱਚ 8701 ਦੌੜਾਂ ਬਣਾਈਆਂ। ਉਸ ਨੂੰ ਇੱਕ ਰੋਜ਼ਾ ਵਿੱਚ ਸਭ ਤੋਂ ਵੱਧ ਸਫਲਤਾ ਮਿਲੀ। ਟੀ-20 ਕੌਮਾਂਤਰੀ ਵਿੱਚ ਉਸ ਦੇ ਨਾਮ 1177 ਦੌੜਾਂ ਦਰਜ ਹਨ।
ਖੱਬੇ ਹੱਥ ਦੇ ਇਸ ਬੱਲੇਬਾਜ਼ ਨੇ ਆਪਣੇ ਕਰੀਅਰ ਦੇ ਤਿੰਨ ਮਹੱਤਵਪੂਰਨ ਪਲਾਂ ਵਿੱਚ ਵਿਸ਼ਵ ਕੱਪ 2011 ਦੀ ਜਿੱਤ ਅਤੇ ‘ਮੈਨ ਆਫ ਦਿ ਸੀਰੀਜ਼’ ਬਣਨਾ, ਟੀ-20 ਵਿਸ਼ਵ ਕੱਪ 2007 ਵਿੱਚ ਇੰਗਲੈਂਡ ਖ਼ਿਲਾਫ਼ ਇੱਕ ਓਵਰ ਵਿੱਚ ਛੇ ਛੱਕੇ ਮਾਰਨਾ ਅਤੇ ਪਾਕਿਸਤਾਨ ਖ਼ਿਲਾਫ਼ ਲਾਹੌਰ ਵਿੱਚ 2004 ਦੌਰਾਨ ਪਹਿਲੇ ਟੈਸਟ ਸੈਂਕੜੇ ਨੂੰ ਸ਼ਾਮਲ ਕੀਤਾ। -ਪੀਟੀਆਈ

ਕੈਂਸਰ ਨੂੰ ਹਰਾਉਣ ਵਾਲੇ ਯੁਵਰਾਜ ਦੀਆਂ ਉਪਲੱਬਧੀਆਂ
ਅਕਤੂਬਰ 2000: ਯੁਵਰਾਜ ਨੇ ਨੈਰੋਬੀ ਵਿੱਚ ਕੀਨੀਆ ਖ਼ਿਲਾਫ਼ ਇੱਕ ਰੋਜ਼ਾ ਮੈਚ ਨਾਲ ਭਾਰਤ ਦੀ ਸੀਨੀਅਰ ਟੀਮ ’ਚ ਕੌਮਾਂਤਰੀ ਕਰੀਅਰ ਸ਼ੁਰੂ ਕੀਤਾ। ਇਸ ਮਹੀਨੇ ਯੁਵਰਾਜ ਨੇ ਆਈਸੀਸੀ ਨਾਕਆਊਟ ਟੂਰਨਾਮੈਂਟ ਵਿੱਚ ਆਸਟਰੇਲੀਆ ਖ਼ਿਲਾਫ਼ ਕੁਆਰਟਰ ਫਾਈਨਲ ਵਿੱਚ 80 ਗੇਂਦਾਂ ਵਿੱਚ 84 ਦੌੜਾਂ ਬਣਾ ਕੇ ਭਾਰਤ ਨੂੰ ਯਾਦਗਾਰ ਜਿੱਤ ਦਿਵਾਈ।
ਜੁਲਾਈ 2002: ਯੁਵਰਾਜ ਨੇ ਲਾਰਡਜ਼ ਵਿੱਚ ਨੈਟਵੇਸਟ ਸੀਰੀਜ਼ ਫਾਈਨਲ ’ਚ 69 ਦੌੜਾਂ ਦੀ ਪਾਰੀ ਖੇਡੀ ਅਤੇ ਮੁਹੰਮਦ ਕੈਫ ਨਾਲ ਮਿਲ ਕੇ ਭਾਰਤ ਨੂੰ ਇੰਗਲੈਂਡ ਖ਼ਿਲਾਫ਼ 325 ਦੌੜਾਂ ਦੇ ਟੀਚੇ ਦਾ ਪਿੱਛਾ ਕਰਦਿਆਂ ਦੋ ਵਿਕਟਾਂ ਦੀ ਜਿੱਤ ਦਿਵਾਈ।
ਫਰਵਰੀ 2006: ਯੁਵਰਾਜ ਇੱਕ ਰੋਜ਼ਾ ਕੌਮਾਂਤਰੀ ਮੈਚਾਂ ਵਿੱਚ ਭਾਰਤ ਦੇ ਸਭ ਤੋਂ ਲਗਾਤਾਰ ਪ੍ਰਦਰਸ਼ਨ ਕਰਨ ਵਾਲੇ ਕ੍ਰਿਕਟਰ ਵਜੋਂ ਉਭਰਿਆ। ਪਾਕਿਸਤਾਨ ਖ਼ਿਲਾਫ਼ ਲੜੀ ਵਿੱਚ 4-1 ਦੀ ਜਿੱਤ ਦੌਰਾਨ ਉਸ ਨੇ ਨਾਬਾਦ 87 ਅਤੇ 79 ਦੌੜਾਂ ਦੀ ਪਾਰੀ ਖੇਡੀ। ਉਸ ਨੇ ਇਸ ਲੜੀ ਦੌਰਾਨ 93 ਗੇਂਦਾਂ ਵਿੱਚ ਨਾਬਾਦ 107 ਦੌੜਾਂ ਵੀ ਬਣਾਈਆਂ, ਜਿਸ ਨਾਲ ਭਾਰਤ 287 ਦੌੜਾਂ ਦੇ ਟੀਚੇ ਦਾ ਪਿੱਛਾ ਕਰਨ ਵਿੱਚ ਸਫਲ ਰਿਹਾ।
ਸਤੰਬਰ 2007: ਪਹਿਲੇ ਵਿਸ਼ਵ ਟੀ-20 ਵਿੱਚ ਯੁਵਰਾਜ ਨੇ ਸਟੂਅਰਟ ਬਰਾਡ ਦੇ ਇੱਕ ਓਵਰ ਵਿੱਚ ਛੇ ਛੱਕੇ ਮਾਰ ਕੇ ਰਿਕਾਰਡ ਬੁੱਕ ਵਿੱਚ ਨਾਮ ਦਰਜ ਕਰਵਾਇਆ। ਉਸ ਨੇ ਸੈਮੀ ਫਾਈਨਲ ਵਿੱਚ ਆਸਟਰੇਲੀਆ ਖ਼ਿਲਾਫ਼ ਵੀ 70 ਦੌੜਾਂ ਦੀ ਮੈਚ ਜੇਤੂ ਪਾਰੀ ਖੇਡੀ, ਜਿਸ ਮਗਰੋਂ ਭਾਰਤ ਨੇ ਇਤਿਹਾਸਕ ਖ਼ਿਤਾਬ ਜਿੱਤਿਆ। ਸਭ ਤੋਂ ਲੰਮਾ 119 ਮੀਟਰ ਦਾ ਛੱਕਾ ਮਾਰਨ ਦਾ ਰਿਕਾਰਡ ਵੀ ਉਸ ਦੇ ਨਾਮ ਦਰਜ ਹੈ।
ਦਸੰਬਰ 2007: ਯੁਵਰਾਜ ਨੂੰ ਭਾਰਤ ਦੀ ਟੈਸਟ ਟੀਮ ਵਿੱਚ ਥਾਂ ਬਣਾਉਣ ਲਈ ਹਮੇਸ਼ਾ ਜੂਝਣਾ ਪਿਆ, ਪਰ ਉਸ ਨੇ ਪਾਕਿਸਤਾਨ ਖ਼ਿਲਾਫ਼ ਬੰਗਲੌਰ ਵਿੱਚ 169 ਦੌੜਾਂ ਦੀ ਪਾਰੀ ਖੇਡੀ, ਜਿਸ ਕਾਰਨ ਭਾਰਤ ਨੇ ਆਪਣੀ ਧਰਤੀ ’ਤੇ ਟੈਸਟ ਲੜੀ ਜਿੱਤੀ।
19 ਫਰਵਰੀ-2 ਅਪਰੈਲ 2011: ਭਾਰਤ ਨੇ 28 ਸਾਲ ਮਗਰੋਂ ਮੁੜ ਵਿਸ਼ਵ ਕੱਪ ਜਿੱਤਿਆ। ਯੁਵਰਾਜ ਨੇ ਨੌਂ ਮੈਚਾਂ ਵਿੱਚ 90.50 ਦੀ ਔਸਤ ਨਾਲ 362 ਦੌੜਾਂ ਬਣਾਈਆਂ। ਉਸ ਨੂੰ ਚਾਰ ‘ਮੈਨ ਆਫ ਦਿ ਮੈਚ’ ਤੋਂ ਇਲਾਵਾ ਟੂਰਨਾਮੈਂਟ ਦਾ ਸਰਵੋਤਮ ਖਿਡਾਰੀ ਚੁਣਿਆ ਗਿਆ। ਵਿਸ਼ਵ ਕੱਪ ਤੋਂ ਤੁਰੰਤ ਮਗਰੋਂ ਉਸ ਨੂੰ ਫੇਫੜਿਆਂ ਦੇ ਕੈਂਸਰ ਦਾ ਪਤਾ ਚੱਲਿਆ, ਪਰ ਉਹ ਇਸ ਤੋਂ ਉਭਰਨ ਵਿੱਚ ਸਫਲ ਰਿਹਾ ਅਤੇ ਅਗਲੇ ਸਾਲ ਦੇ ਅਖ਼ੀਰ ਤੱਕ ਕ੍ਰਿਕਟ ਦੇ ਮੈਦਾਨ ’ਤੇ ਵਾਪਸੀ ਕੀਤੀ।
ਜਨਵਰੀ 2017: ਯੁਵਰਾਜ ਨੇ ਇੰਗਲੈਂਡ ਖ਼ਿਲਾਫ਼ ਕਟਕ ਵਿੱਚ 122 ਗੇਂਦਾਂ ਵਿੱਚ 134 ਦੌੜਾਂ ਦੀ ਪਾਰੀ ਖੇਡੀ, ਜਿਸ ਨਾਲ ਭਾਰਤ ਨੇ 15 ਦੌੜਾਂ ਦੀ ਜਿੱਤ ਦਰਜ ਕੀਤੀ।


Comments Off on ਯੁਵਰਾਜ ਨੇ ਕੌਮਾਂਤਰੀ ਕ੍ਰਿਕਟ ਤੋਂ ਲਿਆ ਸੰਨਿਆਸ
1 Star2 Stars3 Stars4 Stars5 Stars (No Ratings Yet)
Loading...
Both comments and pings are currently closed.

Comments are closed.

Available on Android app iOS app
Powered by : Mediology Software Pvt Ltd.