ਅਯੁੱਧਿਆ ਕੇਸ: ਸਾਰੇ ਸਵਾਲ ਸਾਡੇ ਤੋਂ ਹੀ ਕਿਉਂ? !    ਜਾਪਾਨ ’ਚ ਸਮੁੰਦਰੀ ਤੂਫ਼ਾਨ ਨਾਲ ਮਰਨ ਵਾਲਿਆਂ ਦੀ ਗਿਣਤੀ 56 ਹੋਈ !    ਆਵਲਾ ਖ਼ਿਲਾਫ਼ ਚੋਣ ਕਮਿਸ਼ਨ ਕੋਲ ਸ਼ਿਕਾਇਤ !    ਅਕਾਲੀ ਦਲ ਦਾ ਰਾਜਸੀ ਵਿੰਗ ਹੈ ਸ਼੍ਰੋਮਣੀ ਕਮੇਟੀ: ਰੰਧਾਵਾ !    ਗੁਰਬੱਤ ਵੀ ਨਹੀਂ ਰੋਕ ਸਕੀ ਬੂਟ ਪਾਲਿਸ਼ ਵਾਲੇ ਸਨੀ ਦਾ ਰਾਹ !    ਪੁਲੀਸ ਵੱਲੋਂ ਪਿੰਡਾਂ ’ਚ ਤਲਾਸ਼ੀ ਮੁਹਿੰਮ ਜਾਰੀ !    ਪ੍ਰਕਾਸ਼ ਪੁਰਬ ਸਮਾਗਮਾਂ ਨੂੰ ਤਾਰਪੀਡੋ ਕਰ ਰਿਹੈ ਬਾਦਲ ਦਲ: ਸਰਨਾ !    ਪਾਦਰੀ ਕੇਸ: ਮੁਹਾਲੀ ਅਦਾਲਤ ਨੇ ਨਿਰਮਲ ਤੇ ਸੁਰਿੰਦਰਪਾਲ ਭਗੌੜੇ ਐਲਾਨੇ !    ਦਿੱਲੀ ਦੇ ਚਾਰ ਸਟੇਡੀਅਮ ਸਾਰਿਆਂ ਲਈ ਖੋਲ੍ਹਣ ਦਾ ਫ਼ੈਸਲਾ !    ਪੰਜਾਬ ਨੇ ਕੌਮੀ ਸੀਨੀਅਰ ਤੇ ਜੂਨੀਅਰ ਗਤਕਾ ਚੈਂਪੀਅਨਸ਼ਿਪ ਜਿੱਤੀ !    

ਯਹੂਦੀ ਘੱਲੂਘਾਰੇ ਦਾ ਪ੍ਰਮਾਣਿਕ ਹਸਤਾਖਰ

Posted On June - 16 - 2019

ਮਨਮੋਹਨ

ਨੋਬੇਲ ਪੁਰਸਕਾਰ ਜੇਤੂ ਐਲੀ ਵੀਜ਼ਲ ਦੇ ਤਿੰਨ ਨਾਵਲਾਂ ਦਾ ਕੇ.ਐਲ. ਗਰਗ ਵੱਲੋਂ ਕੀਤਾ ਗਿਆ ਅਨੁਵਾਦ।

ਦੂਜਾ ਵਿਸ਼ਵ ਯੁੱਧ ਅਤੇ ਯਹੂਦੀ ਘੱਲੂਘਾਰਾ ਮੇਰੇ ਮਨਭਾਉਂਦੇ ਵਿਸ਼ੇ ਰਹੇ ਹਨ। ਵਿਦਿਆਰਥੀ ਜੀਵਨ ’ਚ ਜਦੋਂ ਐਨ ਫਰੈਂਕ ਦੀ ਡਾਇਰੀ, ਮਾਈਕਲ ਐਲਕਿਨਸ ਦੀ ਕਿਤਾਬ ‘ਫਰੋਜ਼ਡ ਇਨ ਫਿਊਰੀ’ ਅਤੇ ਲਿਊਨ ਯੂਰਿਸ ਦਾ ਨਾਵਲ ‘ਐਕਸੋਡਸ’ ਪੜ੍ਹੇ ਤਾਂ ਇਸ ’ਚ ਮੇਰੀ ਦਿਲਸਚਪੀ ਹੋਰ ਵਧੀ। ਇਸ ਵਿਸ਼ੇ ਦੀ ਵਿਕਰਾਲਤਾ ਨੂੰ ਪੇਸ਼ ਕਰਦੀਆਂ ਕੁਝ ਫਿਲਮਾਂ ਨੇ ਵੀ ਮੈਨੂੰ ਬਹੁਤ ਪ੍ਰਭਾਵਿਤ ਕੀਤਾ।
ਬੀਤੇ ਦਿਨੀਂ ਪੰਜਾਬੀ ਦੇ ਸਥਾਪਿਤ ਅਨੁਵਾਦਕ ਕੇ.ਐਲ. ਗਰਗ ਨੇ ਆਪਣੀ ਅਨੁਵਾਦਿਤ ਕਿਤਾਬ ‘ਐਲੀ ਵੀਜ਼ਲ ਦੇ ਤਿੰਨ ਨਾਵਲ’ ਦਿੱਤੀ ਜਿਸ ’ਚ ‘ਰਾਤ’, ‘ਪਹੁ ਫੁਟਾਲਾ’ ਅਤੇ ‘ਦੁਰਘਟਨਾ’ ਨਾਮੀ ਨਾਵਲ ਸ਼ਾਮਿਲ ਹਨ। ਇਉਂ ਮੇਰਾ ਪਸੰਦੀਦਾ ਵਿਸ਼ਾ ਇਕ ਵਾਰ ਮੇਰੇ ਫਿਰ ਸਾਹਮਣੇ ਸੀ।
ਗਰਗ ਦਾ ਐਲੀ ਵੀਜ਼ਲ ਬਾਰੇ ਕਹਿਣਾ ਹੈ ਕਿ ਉਹ ਇਕ ਹੱਸਾਸਪਸੰਦ ਤੇ ਡੂੰਘੀ ਸੋਚ ਤੇ ਨੀਝ ਵਾਲਾ ਲੇਖਕ ਹੈ ਜਿਸ ਨੇ ਹਿਟਲਰ ਦੀਆਂ ਜੇਲ੍ਹਾਂ ਅਤੇ ਤਸੀਹਾ ਕੇਂਦਰਾਂ ’ਚ ਮਨੁੱਖਤਾ ਤੋਂ ਡਿੱਗੀਆਂ ਹੋਈਆਂ ਕੋਝੀਆਂ ਹਰਕਤਾਂ, ਪਾਗ਼ਲਪਣ, ਵਹਿਸ਼ੀਪੁਣਾ, ਕਰੂਰਤਾ ਅਤੇ ਜ਼ੁਲਮ ਦਾ ਨੰਗਾ ਨਾਚ ਆਪਣੀ ਕਿਸ਼ੋਰ ਅਵਸਥਾ ਵਿਚ ਆਪਣੀਆਂ ਅੱਖਾਂ ਨਾਲ ਦੇਖਿਆ ਤੇ ਤਨ ਮਨ ’ਤੇ ਹੰਢਾਇਆ। ਉਸ ਦੇ ਬਿਆਨ ’ਚ ਤਰਕ ਤੇ ਸਾਦਗੀ ਹੈ। ਮਾਨਵੀ ਦੁੱਖ ਪ੍ਰਤੀ ਸੱਚੀ ਸੁੱਚੀ ਸੰਵੇਦਨਾ ਹੈ। ਵਿਸ਼ਵ ਯੁੱਧ ਤੋਂ ਪੈਦਾ ਹੋਏ ਦੁੱਖ, ਭੁੱਖ, ਜ਼ਲਾਲਤ, ਬੇਵੱਸੀ, ਲਾਚਾਰੀ ਦਾ ਉਹ ਚਸ਼ਮਦੀਦ ਗਵਾਹ ਹੈ। ਉਸ ਦੀ ਲਿਖਤ ਦਾ ਕਮਾਲ ਹੈ ਕਿ ਉਹ ਜਰਵਾਣਿਆਂ ਖ਼ਿਲਾਫ਼ ਨਫ਼ਰਤ, ਆਕ੍ਰੋਸ਼ ਤੇ ਗੁੱਸਾ ਪੈਦਾ ਕਰਦਾ ਹੈ ਤੇ ਮਜ਼ਲੂਮਾਂ ਦੇ ਹੱਕ ’ਚ ਆਵਾਜ਼ ਚੁੱਕਦਾ ਹੋਇਆ ਉਨ੍ਹਾਂ ਪ੍ਰਤੀ ਤਰਸ ਦੀ ਭਾਵਨਾ ਪੈਦਾ ਕਰਦਾ ਹੈ। ਉਹ ਸਾਨੂੰ ਯਥਾਰਥ ਦੇ ਅਜਿਹੇ ਕੌੜੇ ਅਹਿਸਾਸਾਂ ਦੇ ਰੂਬਰੂ ਕਰਦਾ ਜਿਨ੍ਹਾਂ ਨੇ ਹਮੇਸ਼ਾ ਮਨੁੱਖ ਦੀ ਸਮੱਰਥਾ ਦਾ ਇਮਤਿਹਾਨ ਲਿਆ ਹੈ। ਹੱਕ ਸੱਚ ਦੀ ਇਸ ਲੰਮੀ ਜੱਦੋਜਹਿਦ ਵਿਚ ਜ਼ਾਲਿਮ ਹਮੇਸ਼ਾ ਹਾਰਿਆ ਹੈ ਤੇ ਮਨੁੱਖਤਾ ਦੀ ਕਦਰਸ਼ਨਾਸੀ ਹਮੇਸ਼ਾ ਜਿੱਤ ਦੀਆਂ ਬਰੂਹਾਂ ’ਤੇ ਖਲੋਤੀ ਉਗਮ ਰਹੇ ਸੂਰਜ ਦੇ ਚਾਨਣ ਦਾ ਇੰਤਜ਼ਾਰ ਕਰਦੀ ਹੈ। ਐਲੀ ਵੀਜ਼ਲ ਦੀਆਂ ਲਿਖਤਾਂ ਮਾਨਵਵਾਦੀ ਸੋਚ ਦੇ ਹੱਕ ’ਚ ਆਪਣੀ ਆਵਾਜ਼ ਬੁਲੰਦ ਤਾਂ ਕਰਦੀਆਂ ਹੀ ਹਨ, ਉਸ ਸੋਚ ’ਤੇ ਪਹਿਰਾ ਵੀ ਦਿੰਦੀਆਂ ਹਨ। ਸੰਘਰਸ਼ਸ਼ੀਲ ਮਨੁੱਖ ਦਾ ਸਰੂਪ ਐਲੀ ਵੀਜ਼ਲ ਦੀਆਂ ਲਿਖਤਾਂ ਰਾਹੀਂ ਸਹਿਜੇ ਹੀ ਚਿਤਵਿਆ ਜਾ ਸਕਦਾ ਹੈ।
ਐਲੀ ਵੀਜ਼ਲ ਸਿਗੇਤ, ਰੋਮਾਨੀਆ ’ਚ 30 ਸਤੰਬਰ 1928 ਨੂੰ ਜਨਮਿਆ। ਉਸ ਦੇ ਪਿਤਾ ਸ਼ਲੋਮੋ ਨੇ ਆਪਣੇ ਸਿੱਖਿਆ, ਹਿਬਰੂ ਭਾਸ਼ਾ ਤੇ ਸਾਹਿਤ ਪ੍ਰਤੀ ਮੋਹ ਅਤੇ ਤੋਰਾਹ ਦੇ ਅਧਿਐਨ ਰਾਹੀਂ ਐਲੀ ’ਚ ਮਾਨਵਵਾਦੀ ਸੰਵੇਦਨਾਵਾਂ ਪ੍ਰਪੱਕਤਾ ਨਾਲ ਭਰੀਆਂ। ਮਾਰਚ 1944 ’ਚ ਜਰਮਨੀ ਨੇ ਹੰਗਰੀ ’ਤੇ ਕਬਜ਼ਾ ਕਰ ਲਿਆ। ਸਿਗੇਤ ਦੀ ਨੱਬੇ ਫ਼ੀਸਦੀ ਯਹੂਦੀ ਜਨਤਾ ਨੂੰ ਗੈਟੋਜ਼ ’ਚ ਤਾੜ ਦਿੱਤਾ ਗਿਆ। ਬਾਅਦ ’ਚ ਪੰਦਰਾਂ ਸਾਲ ਦੀ ਉਮਰ ਦਾ ਐਲੀ ਵੀਜ਼ਲ ਆਪਣੇ ਪਿਤਾ ਨਾਲ ਯਹੂਦੀ ਕੈਦੀ ਵਜੋਂ ਔਸ਼ਵਿਚਜ਼ ਤੇ ਬੁਖ਼ਨਵਾਲਡ ਦੇ ਤਸੀਹਾ ਕੇਂਦਰਾਂ ’ਚ ਰਿਹਾ ਜੋ ਅਣਮਨੁੱਖੀ ਜ਼ੁਲਮਾਂ ਲਈ ਬਦਨਾਮ ਹਨ। ਨਾਜ਼ੀਆਂ ਨੇ ਉਸ ਦੀ ਬਾਂਹ ’ਤੇ ਉਸ ਦਾ ਕੈਦੀ ਨੰਬਰ ‘ਅ-7713’ ਖੁਣਿਆ ਜੋ ਉਸ ਨੂੰ ਸਾਰੀ ਉਮਰ ਇਕ ਦੁਖਦੀ ਰਗ਼ ਵਾਂਗ ਦੁਖ ਦਿੰਦਾ ਰਿਹਾ। 11 ਅਪਰੈਲ 1945 ਨੂੰ ਅਮਰੀਕੀ ਫ਼ੌਜ ਨੇ ਯਹੂਦੀ ਕੈਦੀਆਂ ਨੂੰ ਮੁਕਤ ਕਰਾਇਆ, ਪਰ ਮਹਿਜ਼ ਪੰਜ ਫ਼ੀਸਦੀ ਕੈਦੀ ਹੀ ਬਚ ਸਕੇ ਤੇ ਬਾਕੀ ਦੇ ਨਾਜ਼ੀ ਜ਼ੁਲਮਾਂ ਦੀ ਭੇਟ ਚੜ੍ਹ ਗਏ। ਇਨ੍ਹਾਂ ਵਿਚ ਐਲੀ ਦੀ ਮਾਂ, ਪਿਤਾ ਤੇ ਇਕ ਭੈਣ ਵੀ ਸ਼ਾਮਿਲ ਸਨ। ਬਚ ਨਿਕਲਣ ਬਾਅਦ ਐਲੀ ਦਾ ਮਰਨੋਂ ਬਚ ਗਈਆਂ ਆਪਣੀਆਂ ਦੂਜੀਆਂ ਦੋ ਭੈਣਾਂ ਨਾਲ ਪੈਰਿਸ ਦੇ ਇਕ ਯਤੀਮਖਾਨੇ ਵਿਚ ਮੁੜ ਮੇਲ ਹੋਇਆ। ਇੱਥੇ ਹੀ ਉਸ ਨੇ ਫਰਾਂਸਿਸੀ ਸਿੱਖੀ ਅਤੇ ਸੌਰਬੇਨੇ ਵਿਖੇ ਸਾਹਿਤ, ਦਰਸ਼ਨ ਤੇ ਮਨੋਵਿਗਿਆਨ ਦੀ ਪੜ੍ਹਾਈ ਕੀਤੀ। ਕੁਝ ਦੇਰ ਉਸ ਨੇ ਪੱਤਰਕਾਰੀ ਵੀ ਕੀਤੀ। ਉਸ ਨੇ ਯਹੂਦੀ ਚਿੰਤਕ ਤੇ ‘ਆਈ ਐਂਡ ਦਾਓ’ ਕਿਤਾਬ ਦੇ ਲੇਖਕ ਮਾਰਤਿਨ ਬੂਬਰ ਅਤੇ ਅਸਤਿਤਵਵਾਦੀ ਚਿੰਤਕ ਜਾਂ ਪਾਲ ਸਾਰਤਰ ਦੇ ਵਿਚਾਰ ਸੁਣੇ। ਉਸ ਦੀਆਂ ਸ਼ਾਮਾਂ ਅਕਸਰ ਫਿਓਦਰ ਦੋਸਤੋਵਸਕੀ, ਫਰਾਂਜ਼ ਕਾਫਕਾ ਅਤੇ ਥਾਮਸ ਮਾਨ ਦੀਆਂ ਲਿਖਤਾਂ ਪੜ੍ਹਦਿਆਂ ਬੀਤਦੀਆਂ।
ਪਹਿਲੇ ਦਸ ਸਾਲਾਂ ਤਕ ਐਲੀ ਦਾ ਰਤਾ ਮਨ ਨਹੀਂ ਸੀ ਕਿ ਉਹ ਆਪਣੇ ਔਸ਼ਵਿਚਜ਼ ਤੇ ਬੁਖਨਵਾਲਡ ਕੈਪਾਂ ’ਚ ਬਿਤਾਏ ਭਿਆਨਕ ਦਿਨਾਂ ਦੇ ਅਨੁਭਵ ਲਿਖੇ। ਇਸ ਦੌਰਾਨ 1952 ਦੇ ਸਾਹਿਤ ਦੇ ਨੋਬੇਲ ਪੁਰਸਕਾਰ ਜੇਤੂ ਫਰਾਂਕੋਇਸ ਮੌਰਿਸ ਨਾਲ ਉਸ ਦੀ ਨੇੜਤਾ ਹੋ ਗਈ। ਮੌਰਿਸ ਨੇ ਐਲੀ ਨੂੰ ਪ੍ਰੇਰਿਤ ਕੀਤਾ ਕਿ ਉਹ ਇਹ ਅਨੁਭਵ ਜ਼ਰੂਰ ਲਿਖੇ। ਐਲੀ ਨੇ ਪਹਿਲਾਂ ਯੀਦਿਸ਼ ਭਾਸ਼ਾ ’ਚ ਨੌਂ ਸੌ ਪੰਨਿਆਂ ਦਾ ਖਰੜਾ ਤਿਆਰ ਕੀਤਾ। 1955 ’ਚ ਇਸ ਦਾ ਲਘੂ ਰੂਪ ਫਰਾਂਸਿਸੀ ’ਚ ‘ਲਾ ਨੂਇਟ’ ਨਾਮ ਹੇਠ ਛਪਿਆ। 1960 ’ਚ ਇਸ ਦਾ ਅੰਗਰੇਜ਼ੀ ਅਨੁਵਾਦ ‘ਨਾਈਟ’ ਨਾਮ ਹੇਠ ਛਪਿਆ। ਪਹਿਲਾਂ ਪਹਿਲ ਇਹ ਘੱਟ ਪੜ੍ਹਿਆ ਗਿਆ, ਪਰ ਪ੍ਰਸਿੱਧ ਲੇਖਕ ਸੌਲ ਬੈਲੋ ਨਾਲ ਟੀਵੀ ਵਾਰਤਾ ਤੋਂ ਬਾਅਦ ਇਸ ਦੀ ਪ੍ਰਸਿੱਧੀ ਵਧੀ ਅਤੇ ਅੱਜ ਤੀਹ ਭਾਸ਼ਾਵਾਂ ’ਚ ਅਨੁਵਾਦ ਹੋ ਕੇ ਇਸ ਦੀਆਂ ਲੱਖਾਂ ਹੀ ਪ੍ਰਤੀਆਂ ਵਿਕ ਚੁੱਕੀਆਂ ਹਨ। ‘ਦਿ ਨਿਊਯਾਰਕ ਟਾਈਮਜ਼’ ਨੇ ‘ਰਾਤ’ ਬਾਰੇ ਲਿਖਿਆ ਕਿ ਇਸ ਲਿੱਸੀ ਜਿਹੀ ਕਿਤਾਬ ’ਚ ਅਤਿ ਡਰਾਉਣੀ ਊਰਜਾ ਹੈ।

ਮਨਮੋਹਨ

ਨਾਵਲ ‘ਰਾਤ’ ਵਿਚ ਕਈ ਦ੍ਰਿਸ਼ ਤੇ ਸਥਿਤੀਆਂ ਦਾ ਬਿਰਤਾਂਤ ਏਨਾ ਯਥਰਾਥਕ ਹੈ ਕਿ ਪੜ੍ਹਦਿਆਂ ਪਾਠਕ ਸੁੰਨ ਹੋ ਜਾਂਦਾ ਹੈ। ਅਣਮਨੁੱਖੀ ਪ੍ਰਸਥਿਤੀਆਂ ਦੇ ਕੁਝ ਅੰਸ਼ ਪੇਸ਼ ਹਨ ਜੋ ਇਸ ਬਿਰਤਾਂਤ ਨੂੰ ਅਨੁਭਵ ਦੀ ਪ੍ਰਮਾਣਿਕਤਾ ਬਖ਼ਸ਼ਦੇ ਹਨ। ਇਸ ਕਾਰਨ ਹੀ ਇਹ ਬਿਰਤਾਂਤ ਆਪਣੀ ਗਾਲਪਨਿਕ ਪ੍ਰਮਾਣਿਕਤਾ ਦਾ ਸਿਖਰ ਛੂੰਹਦਾ ਹੈ।
* ‘‘ਮੁੰਡਿਆ, ਬਹੁਤਾ ਖ਼ੁਸ਼ ਨਾ ਹੋ। ਇੱਥੇ ਵੀ ‘ਚੋਣ’ ਹੁੰਦੀ ਹੈ। ਬਾਹਰ ਨਾਲੋਂ ਬਹੁਤੀ। ਜਰਮਨਾਂ ਨੂੰ ਮੇਰੀ ਲੋੜ ਨਹੀਂ। ਜਦੋਂ ਅਗਲੀ ਗੱਡੀ ਆਈ ਤਾਂ ਤੇਰੇ ਕੋਲ ਨਵਾਂ ਗੁਆਂਢੀ ਹੋਵੇਗਾ।’’
* ‘‘ਬਹੁਤੇ ਭੁਲੇਖੇ ’ਚ ਨਾ ਰਹੀਂ। ਹਿਟਲਰ ਨੇ ਸਾਫ਼ ਕਹਿ ਦਿੱਤਾ ਏ ਕਿ ਬਾਰਾਂ ਵੱਜਣ ਤੋਂ ਪਹਿਲਾਂ ਪਹਿਲਾਂ ਸਮੂਹ ਯਹੂਦੀਆਂ ਦਾ ਨਾਸ ਕਰਕੇ ਛੱਡੇਗਾ, ਆਖ਼ਰੀ ਘੰਟਾ ਸੁਣਨ ਤੋਂ ਪਹਿਲਾਂ ਪਹਿਲਾਂ…।’’ ਮੈਂ ਉਸਨੂੰ ਟੁੱਟ ਕੇ ਪੈ ਗਿਆ, ‘‘ਤੈਨੂੰ ਇਸ ਨਾਲ ਕੀ? ਕੀ ਹਿਟਲਰ ਸਾਡੇ ’ਤੇ ਰੱਬ ਲੱਗਿਐ।’’ ਅੰਤ ਉਸ ਨੇ ਥੱਕੀ ਜਿਹੀ ਆਵਾਜ਼ ’ਚ ਕਿਹਾ: ‘‘ਮੈਨੂੰ ਦੂਜਿਆਂ ਨਾਲੋਂ ਹਿਟਲਰ ’ਤੇ ਵੱਧ ਯਕੀਨ ਹੈ। ਇਕੱਲਾ ਉਹੀ ਹੈ ਜਿਸਨੇ ਆਪਣਾ ਵਚਨ ਨਿਭਾਇਆ ਹੈ, ਯਹੂਦੀਆਂ ਨਾਲ ਕੀਤੇ ਆਪਣੇ ਸਾਰੇ ਕੌਲ ਕਰਾਰ ਪੂਰੇ ਕੀਤੇ ਨੇ।’’
* ‘‘ਮੁੰਡਿਆ ਮੇਰੀ ਇਕ ਗੱਲ ਧਿਆਨ ਨਾਲ ਸੁਣ। ਕਦੀ ਨਾ ਭੁੱਲੀਂ ਕਿ ਤੂੰ ਤਸੀਹਾ ਕੈਂਪ ’ਚ ਹੈਂ। ਇੱਥੇ ਹਰੇਕ ਬੰਦੇ ਨੂੰ ਦੂਜੇ ਦੀ ਥਾਂ ਆਪਣੇ ਲਈ ਸੰਘਰਸ਼ ਕਰਨਾ ਪੈਂਦਾ। ਇੱਥੇ ਕੋਈ ਕਿਸੇ ਦਾ ਪਿਓ, ਭਰਾ ਜਾਂ ਮਿੱਤਰ ਨਹੀਂ। ਇੱਥੇ ਹਰ ਕੋਈ ਆਪਣੇ ਲਈ ਜਿਊਂਦਾ ਹੈ। ਮੈਂ ਤੈਨੂੰ ਇਕ ਨੇਕ ਸਲਾਹ ਦਿੰਦਾਂ: ਕਦੀ ਆਪਣੀ ਡਬਲਰੋਟੀ ਅਤੇ ਸੂਪ ਦਾ ਹਿੱਸਾ ਆਪਣੇ ਬੁੱਢੇ ਪਿਉ ਨੂੰ ਨਾ ਦੇਵੀਂ। ਉਸ ਲਈ ਹੁਣ ਤੂੰ ਕੁਝ ਨਹੀਂ ਕਰ ਸਕਦਾ। ਤੂੰ ਆਪਣੇ ਆਪ ਨੂੰ ਵੀ ਮਾਰ ਰਿਹੈਂ। ਚਾਹੀਦਾ ਤਾਂ ਇਹ ਹੈ ਕਿ ਤੂੰ ਉਸਦਾ ਰਾਸ਼ਨ ਲੈ ਕੇ ਖਾਹ।’’ ਕਰੂਰ ਪ੍ਰਸਥਿਤੀਆਂ ਦਾ ਸੱਚ ਜੋ ਮਨੁੱਖ ਨੂੰ ਮਨੁੱਖ ਨਹੀਂ ਰਹਿਣ ਦਿੰਦਾ।
‘ਪਹੁ ਫੁਟਾਲਾ’ ਨਾਵਲ ਦਾ ਬਿਰਤਾਂਤ ਯਹੂਦੀ ਘੱਲੂਘਾਰੇ ਤੋਂ ਬਾਅਦ ਫ਼ਲਸਤੀਨ ’ਚ ਵਾਪਰੀਆਂ ਘਟਨਾਵਾਂ ਨੂੰ ਆਪਣਾ ਕੇਂਦਰ ਬਣਾਉਂਦਾ ਹੈ। ਇਹ ਇਲੀਸ਼ਾ ਨਾਮੀ ਉਸ ਯਹੂਦੀ ਦੀ ਵਿਥਿਆ ਹੈ ਜੋ ਆਪਣੇ ਨਾਲ ਵਾਪਰੇ ਦੁਖਾਂਤ ਕਾਰਨ ਹੋਏ ਨੁਕਸਾਨ ਲਈ ਗੁੱਸੇ ’ਚ ਹੈ, ਪਰ ਆਪਣੀਆਂ ਨੈਤਿਕ ਕਦਰਾਂ ਕੀਮਤਾਂ ਕਾਰਨ ਆਪਣੇ ਆਪ ਨੂੰ ਬੰਦੂਕ ਦੀ ਨਾਲੀ ਦੇ ਦੂਜੇ ਪਾਸੇ ਖੜ੍ਹਾ ਪਾਉਂਦਾ ਹੈ। ਇਲੀਸ਼ਾ ਨਾਮੀ ਪਾਤਰ ਦੇ ਅਮੂਰਤਨ ’ਚ ਮੂਲ ਰੂਪ ’ਚ ਐਲੀ ਦੇ ਹੀ ਜੀਵਨ ਬਿਰਤਾਂਤ ਦੀ ਝਲਕ ਦਿਖਾਈ ਦਿੰਦੀ ਹੈ। ਉਹ ਬੁਖ਼ਨਵਾਲਡ ਕੈਂਪ ਤੋਂ ਆਜ਼ਾਦ ਹੋ ਕੇ ਫਰਾਂਸ ’ਚ ਸੌਰਬੇਨੇ ਵਿਖੇ ਦਰਸ਼ਨ ਦੀ ਪੜ੍ਹਾਈ ਕਰਦਾ ਹੈ। 1946 ’ਚ ਇਰਗੁਨ ’ਚ ਕਿੰਗ ਡੇਵਿਡ ਹੋਟਲ ’ਚ ਹੋਏ ਬੰਬ ਧਮਾਕੇ ਤੋਂ ਪ੍ਰਭਾਵਿਤ ਹੋ ਕੇ ਕੁਝ ਦੇਰ ਲਈ ਜਿਊਨਵਾਦੀ ਲਹਿਰ ਨਾਲ ਜੁੜਦਾ ਹੈ, ਪਰ ਉਸ ਦੀਆਂ ਨੈਤਿਕ ਕਦਰਾਂ ਉਸ ਨੂੰ ਰੋਕ ਲੈਂਦੀਆਂ ਹਨ। ਜੌਹਨ ਡਾਅਸਨ ਨਾਮ ਦੇ ਇਕ ਅੰਗਰੇਜ਼ ਦੇ ਕਤਲ ਬਾਰੇ ਇਲੀਸ਼ਾ ਤੇ ਗੈਡ ਨਾਮੀ ਬੁੱਢੇ ਦਰਮਿਆਨ ਹੀ ਇਹ ਸਾਰਾ ਬਿਰਤਾਂਤ ਉਸਰਦਾ ਹੈ ਜੋ ਕਈ ਦਾਰਸ਼ਨਿਕ ਵਿਸ਼ਿਆਂ ਜਿਵੇਂ ਮੌਤ, ਈਸ਼ਵਰ, ਚੁੱਪ, ਜੀਵਨ ਤੇ ਮੌਤ ਤੋਂ ਬਾਅਦ ਦੇ ਰਹੱਸ ਬਾਰੇ ਬੜਾ ਮੁੱਲਵਾਨ ਚਰਚਾ ਹੈ ਜਿਸ ਦਾ ਬਹੁਤਾ ਆਧਾਰ ਤਾਲਮੁਦਿਕ ਤੇ ਬਿਬਲੀਕਲ ਦਰਸ਼ਨ ਮੀਮਾਂਸਾ ਹੈ।
‘ਦੁਰਘਟਨਾ’ ਨਾਵਲ ਦਾ ਬਿਰਤਾਂਤ ਵੀ ਐਲੀ ਵੀਜ਼ਲ ਦੇ ਜੀਵਨ ਅਨੁਭਵ ’ਤੇ ਹੀ ਆਧਾਰਿਤ ਹੈ। ਇਸ ਦੀ ਭੂਮਿਕਾ ’ਚ ਉਹ ਲਿਖਦਾ ਹੈ: ਭਾਵੇਂ ਇਹ ਪ੍ਰਥਮ ਪੁਰਖ ਸ਼ੈਲੀ ’ਚ ਲਿਖਿਆ ਹੈ। ਇਹ ਨਾਵਲ ਮੇਰੀ ਕਲਪਨਾ ਦੀ ਉਪਜ ਹੈ। ਮੈਂ ਆਪਣੇ ਪ੍ਰਵਕਤਾ ਦਾ ਪੱਖ ਪੂਰਦਾ ਹਾਂ, ਪਰ ਉਹ ਮੇਰੀ ਗੱਲ ਨਹੀਂ ਕਰਦਾ। ਉਸ ਨੇ ਮੇਰੇ ਕੁਝ ਅਨੁਭਵ ਹੰਢਾਏ ਹਨ, ਪਰ ਮੈਂ ਉਸ ਦੇ ਅਨੁਭਵ ਨਹੀਂ ਹੰਢਾਏ। ਫੇਰ ਵੀ, ਯਾਦਾਂ ਦਾ ਖ਼ਬਤ ਸਾਡਾ ਸਾਂਝਾ ਹੈ। ਯਾਦ ਸਾਡਾ ਖੋਲ ਹੈ।
ਇਸ ਬਿਰਤਾਂਤ ’ਚ ਗਲਪੀ ਵਰਤਮਾਨ ਵਿਸ਼ਵ ਯੁੱਧ ਤੋਂ ਬਾਅਦ ਮੈਂ ਪਾਤਰ ਦੇ ਅਮਰੀਕਾ ’ਚ ਵਸ ਜਾਣ ਦਾ ਹੈ। ਮੈਂ ਪਾਤਰ ਆਪਣੀ ਸਹੇਲੀ ਕੈਥਲੀਨ ਨਾਲ ਫਿਓਦਰ ਦੋਸਤੋਵਸਕੀ ਦੇ ਨਾਵਲ ‘ਬਰਦਰਜ਼ ਕ੍ਰਾਮਾਜ਼ੋਵ’ ’ਤੇ ਆਧਾਰਿਤ ਫਿਲਮ ਦੇਖਣ ਜਾਣ ਨਾਲ ਆਰੰਭ ਹੁੰਦਾ ਹੈ, ਪਰ ਮੈਂ ਪਾਤਰ ਸੜਕ ਦੁਰਘਟਨਾ ਦਾ ਸ਼ਿਕਾਰ ਹੋ ਜਾਂਦਾ ਹੈ। ਬਾਕੀ ਸਾਰਾ ਬਿਰਤਾਂਤ ਪਿੱਛਲਝਾਤ ਹੈ ਜਿਸ ’ਚ ਉਹ ਆਪਣੇ ਨਾਜ਼ੀ ਜ਼ੁਲਮਾਂ ਅਤੇ ਦੂਜੀ ਆਲਮੀ ਜੰਗ ਦੀ ਤਬਾਹੀ ਨਾਲ ਜੁੜੇ ਅਨੁਭਵਾਂ ਨੂੰ ਆਪਸ ’ਚ ਸਾਂਝੇ ਕਰਦੇ ਹਨ। ਇਸ ਬਿਰਤਾਂਤ ’ਚ ਇਕ ਦ੍ਰਿਸ਼ ਹੈ ਜਿਸ ਤੋਂ ਮੈਨੂੰ ‘ਐਨ ਫਰੈਂਕ ਦੀ ਡਾਇਰੀ’ ਦਾ ਇਕ ਦ੍ਰਿਸ਼ ਯਾਦ ਆ ਗਿਆ ਕਿ ਇਕ ਬੰਕਰ ’ਚ ਦਸ ਯਹੂਦੀ ਨਾਜ਼ੀ ਗੈਸਟੈਪੋ ਦੇ ਸਿਪਾਹੀਆਂ ਤੋਂ ਬਚਣ ਹਿੱਤ ਲੁਕੇ ਹੋਏ ਹਨ ਕਿ ਗੋਲਡਾ ਨਾਮੀਂ ਪਾਤਰ ਦਾ ਛੋਟਾ ਬੱਚਾ ਰੋਣ ਲੱਗ ਜਾਂਦੈ; ‘‘ਇਸਨੂੰ ਚੁੱਪ ਕਰਾ। ਇਸਦਾ ਧਿਆਨ ਕਰ… ਸਾਰਿਆਂ ਦੀ ਜ਼ਿੰਦਗੀ ਬਚਾਉਣ ਲਈ ਇਸ ਬਾਲ ਦੀ ਬਲੀ ਦੇਣੀ ਪਵੇਗੀ। ਬਾਲ ਨੂੰ ਉਸ ਗੋਲਡਾ ਹੱਥੋਂ ਲੈ ਲਿਆ। ਹਨੇਰੇ ’ਚ ਉਸ ਦੀਆਂ ਉਂਗਲਾਂ ਬੱਚੇ ਦੀ ਗਰਦਨ ਲਭ ਰਹੀਆਂ ਸਨ। ਤਦ, ਧਰਤੀ ਆਕਾਸ਼ ’ਤੇ ਇਕਦਮ ਸੰਨਾਟਾ ਛਾ ਗਿਆ ਸੀ। ਬਸ ਦੂਰ ਕਿਤੇ ਕੁੱਤਿਆਂ ਦੇ ਭੌਂਕਣ ਦੀ ਆਵਾਜ਼ ਹੀ ਸੁਣਾਈ ਦੇ ਰਹੀ ਸੀ।’’
ਐਲੀ ਵੀਜ਼ਲ 1955 ’ਚ ਇਜ਼ਰਾਈਲੀ ਰਸਾਲੇ ‘ਯੀਦਿਓਤ ਆਹਰੋਨੋਤ’ ਦਾ ਵਿਦੇਸ਼ੀ ਪੱਤਰ ਪ੍ਰੇਰਕ ਬਣ ਕੇ ਨਿਊਯਾਰਕ ਆ ਗਿਆ। ਦੋ ਜੁਲਾਈ 2016 ਨੂੰ ਆਪਣੇ ਦੇਹਾਂਤ ਤਕ ਉਸ ਨੇ ਯਹੂਦੀ ਘੱਲੂਘਾਰੇ, ਯਹੂਦੀ ਧਰਮ ਤੇ ਦਰਸ਼ਨ ਦੇ ਵਿਸ਼ਿਆਂ ਉਪਰ ਲਗਾਤਾਰ 57 ਕਿਤਾਬਾਂ ਲਿਖੀਆਂ ਜਿਨ੍ਹਾਂ ਵਿਚੋਂ ‘ਦਿ ਟਾਊਨ ਬਿਓਂਡ ਦਿ ਵਾਲ’, ‘ਦਿ ਫੌਰਗੋਟਨ’, ‘ਸੌਲਜ਼ ਆਫ ਫਾਇਰ’, ‘ਦਿ ਔਥ’, ‘ਸੇਜ਼ਜ਼ ਐਂਡ ਡਰੀਮਰਜ਼’, ‘ਏ ਬੈਗਰ ਇਨ ਯੋਰੋਸ਼ਲਮ’, ‘ਦਿ ਟਾਈਮ ਆਫ ਦਿ ਅਪਰੂਟਡ’, ‘ਦਿ ਫਿਫਥ ਸਨ’, ‘ਦਿ ਜੱਜ’ ਤੇ ‘ਵਾਈਜ਼ ਮੈੱਨ ਐਂਡ ਦੇਅਰ ਟੇਲਜ਼’ ਆਪਣੇ ਪ੍ਰਮਾਣਿਕ ਅਨੁਭਵ ਦੀ ਬਿਰਤਾਂਤਕਾਰੀ ਕਾਰਨ ਬਹੁਤ ਚਰਚਿਤ ਹੋਈਆਂ।
ਐਲੀ ਨੇ ਦੋ ਭਾਗਾਂ ’ਚ ਆਪਣੀਆਂ ਯਾਦਾਂ ਵੀ ਲਿਖੀਆਂ। ਪਹਿਲਾ ‘ਆਲ ਰਿਵਰਜ਼ ਰਨ ਟੂ ਦਿ ਸੀਅ’ 1994 ’ਚ ਪ੍ਰਕਾਸ਼ਿਤ ਹੋਇਆ ਜਿਸ ਵਿਚ ਉਸ ਨੇ 1969 ਤਕ ਦੀਆਂ ਆਪਣੀਆਂ ਜੀਵਨ ਯਾਦਾਂ ਦਰਜ ਕੀਤੀਆਂ ਹਨ। ਦੂਜਾ ਭਾਗ ‘ਐਂਡ ਦਿ ਸੀਅ ਇਜ਼ ਨੈਵਰ ਫੁਲ’ 1999 ਵਿਚ ਪ੍ਰਕਾਸ਼ਿਤ ਹੋਇਆ।
ਐਲੀ ਨੇ ਦੋ ਨਾਟਕ ਵੀ ਲਿਖੇ। ‘ਦਿ ਮੈਡਨੈੱਸ ਆਫ ਗੌਡ’ ਅਤੇ ‘ਦਿ ਟਰਾਇਲ ਆਫ ਗੌਡ’ ਜੋ ਵਿਸ਼ਵ ਪ੍ਰਸਿੱਧ ਹੋਏ ਤੇ ਕਈ ਥਾਂ ਇਨ੍ਹਾਂ ਦਾ ਸਫ਼ਲ ਮੰਚਨ ਹੋਇਆ। ‘ਦਿ ਟਰਾਇਲ ਆਫ ਗੌਡ’ ਉਸ ਦੇ ਔਸ਼ਵਿਚਜ਼ ਦੇ ਅਸਲ ਅਨੁਭਵਾਂ ’ਤੇ ਆਧਾਰਿਤ ਹੈ ਜਿਸ ’ਚ ਤਿੰਨ ਯਹੂਦੀ ਕੈਦੀਆਂ ਦਾ ਬਿਰਤਾਂਤ ਹੈ ਜੋ ਜ਼ੁਲਮਾਂ ਦੀ ਮਾਰ ਕਾਰਨ ਮਰਨ ਕਿਨਾਰੇ ਹਨ। ਉਹ ਰੱਬ ’ਤੇ ਮੁਕੱਦਮਾ ਚਲਾਉਂਦੇ ਹਨ ਕਿ ਰੱਬ ਨੇ ਸਦਾ ਯਹੂਦੀਆਂ ’ਤੇ ਅਕਹਿ ਜ਼ੁਲਮ ਕੀਤੇ। ਐਲੀ ਨੇ ਦੋ ਕਨਟਾਟਾਜ਼ ਭਾਵ ਕੋਰਲ ਬੰਦਿਸ਼ਾਂ ਜਿਵੇਂ ‘ਐਨੀ ਮਾਮੀਨ’ ਅਤੇ ‘ਏ ਸੌਂਗ ਆਫ ਹੋਪ’ ਵੀ ਸਿਰਜੀਆਂ ਜਿਨ੍ਹਾਂ ਦਾ ਵੀ ਬਹੁਤ ਚਰਚਾ ਹੋਇਆ।
ਐਲੀ ਵੀਜ਼ਲ ਅਮਰੀਕਾ ਦੀ ਬੋਸਟਨ ਯੂਨੀਵਰਸਿਟੀ ਵਿਚ ਮਾਨਵਿਕੀ ਦਾ ਪ੍ਰੋਫ਼ੈਸਰ ਰਿਹਾ ਅਤੇ ਉਸ ਦੇ ਨਾਮ ’ਤੇ ਇੱਥੇ ‘ਐਲੀ ਵੀਜ਼ਲ ਸੈਂਟਰ ਆਫ ਜਿਊਸ਼ ਸਟੱਡੀਜ਼’ ਵੀ ਸਥਾਪਿਤ ਹੋਇਆ। ਉਹ ਅੰਤ ਤਕ ਯਹੂਦੀ ਸਰੋਕਾਰਾਂ ਨੂੰ ਸਮਰਪਿਤ ਰਿਹਾ ਅਤੇ ਵਾਸ਼ਿੰਗਟਨ ਡੀਸੀ ’ਚ ਉਸ ਨੇ ‘ਹੋਲੋਕਾਸਟ ਮੈਮੋਰੀਅਲ ਮਿਊਜ਼ੀਅਮ’ ਸਥਾਪਿਤ ਕਰਨ ਵਿਚ ਵੱਡੀ ਭੂਮਿਕਾ ਨਿਭਾਈ। ਉਸ ਨੇ ਆਪਣੀਆਂ ਰਾਜਨੀਤਕ ਸਰਗਰਮੀਆਂ ਰਾਹੀਂ ਦੱਖਣੀ ਅਫਰੀਕਾ, ਨਿਕਾਰਾਗੂਆ, ਕੋਸੋਵੋ ਅਤੇ ਸੁਡਾਨ ’ਚ ਜ਼ੁਲਮ ਦੇ ਸ਼ਿਕਾਰ ਲੋਕਾਂ ਦੇ ਹੱਕ ’ਚ ਹਾਅ ਦਾ ਨਾਅਰਾ ਮਾਰਿਆ। ਉਹ ਸਦਾ ਮਨੁੱਖੀ ਅਧਿਕਾਰਾਂ ਦਾ ਅਲੰਬਰਦਾਰ ਰਿਹਾ ਅਤੇ ਉਸ ਨੇ ਪਹਿਲੀ ਵਿਸ਼ਵ ਜੰਗ ਦੌਰਾਨ ਵਾਪਰੇ 1915 ਦੇ ਆਰਮੀਨੀਆਈ ਘੱਲੂਘਾਰੇ ਦੀ ਪੁਰਜ਼ੋਰ ਨਿਖੇਧੀ ਕੀਤੀ। ‘ਲਾਸ ਏਂਜਲਸ ਟਾਈਮਜ਼’ ਰਸਾਲੇ ਨੇ ਐਲੀ ਵੀਜ਼ਲ ਨੂੰ ਅਮਰੀਕਾ ਦੇ ਸਭ ਤੋਂ ਮਹੱਤਵਪੂਰਨ ਯਹੂਦੀ ਦਾ ਲਕਬ ਦਿੱਤਾ।
ਐਲੀ ਵੀਜ਼ਲ ਨੂੰ ਉਸ ਦੀਆਂ ਯਹੂਦੀ ਘੱਲੂਘਾਰੇ ਨੂੰ ਸਮਰਪਿਤ ਲਿਖਤਾਂ, ਉਸ ਦੀਆਂ ਰਾਜਨੀਤਕ ਸਰਗਰਮੀਆਂ, ਮਨੁੱਖੀ ਅਧਿਕਾਰਾਂ ਦੀ ਪੈਰਵੀ, ਤਾਲਮੁਦਿਕ ਤੇ ਹਿਸਦਿਕ ਦਰਸ਼ਨ ਅਤੇ ਯਹੂਦੀ ਧਰਮ ਬਾਰੇ ਗਿਆਨ ਕਾਰਨ 1986 ’ਚ ਸ਼ਾਂਤੀ ਨੋਬੇਲ ਪੁਰਸਕਾਰ ਨਾਲ ਨਿਵਾਜਿਆ ਗਿਆ।

ਸੰਪਰਕ: 82839-48811


Comments Off on ਯਹੂਦੀ ਘੱਲੂਘਾਰੇ ਦਾ ਪ੍ਰਮਾਣਿਕ ਹਸਤਾਖਰ
1 Star2 Stars3 Stars4 Stars5 Stars (1 votes, average: 5.00 out of 5)
Loading...
Both comments and pings are currently closed.

Comments are closed.

Available on Android app iOS app
Powered by : Mediology Software Pvt Ltd.