ਜਵਾਨੀ ਦੇ ਅਵੱਲੇ ਜੋਸ਼ ’ਚ ਹੋਸ਼ ਰੱਖਣਾ ਵੀ ਜ਼ਰੂਰੀ !    ਨੌਜਵਾਨ ਸੋਚ:ਵਿਦਿਆਰਥੀ ਸਿਆਸਤ ਦਾ ਉਭਾਰ !    ਸਭ ਦੇ ਸਿਰ ਚੜ੍ਹ ਬੋਲ ਰਹੀ ਟਿੱਕ ਟੌਕ ਦੀ ਦੀਵਾਨਗੀ !    ਖੇਲੋ ਇੰਡੀਆ: ਉਤਕਰਸ਼ ਤੇ ਪ੍ਰਿਯੰਕਾ ਨੂੰ ਸੋਨ ਤਗ਼ਮੇ !    ਰਾਫੇਲ ਨਡਾਲ ਦੀ ਟੈਨਿਸ ਟੂਰਨਾਮੈਂਟ ’ਚ ਵਾਪਸੀ !    ਕੇਰਲ ਹਾਈ ਕੋਰਟ ਨੇ ਕਾਲਜਾਂ ਤੇ ਸਕੂਲਾਂ ਵਿੱਚ ਪ੍ਰਦਰਸ਼ਨ ਕਰਨ ’ਤੇ ਰੋਕ ਲਗਾਈ !    ਨਵੀਨ ਪਟਨਾਇਕ ਬੀਜੇਡੀ ਦੇ ਅੱਠਵੀਂ ਵਾਰ ਪ੍ਰਧਾਨ ਬਣੇ !    ਕੈਨੇਡਾ ਨੇ ਚੀਨ ਦੇ ਸ਼ਹਿਰਾਂ ਨੂੰ ਹਵਾਈ ਸੇਵਾ ਸ਼ੁਰੂ ਨਾ ਕੀਤੀ !    ਸੰਵਿਧਾਨ ਬਚਾਓ ਮੰਚ ਵੱਲੋਂ ਦਿੱਲੀ ਵਿਚ ਫੈਲਾਈ ਜਾ ਰਹੀ ਹਿੰਸਾ ਦੀ ਨਿਖੇਧੀ !    ਢੀਂਡਸਾ ਦੀ ਟਕਸਾਲੀਆਂ ਨਾਲ ਨਹੀਂ ਗਲਣੀ ਸਿਆਸੀ ਦਾਲ !    

ਮੇਰੀ ਆਵਾਜ਼ ਹੀ ਪਹਿਚਾਨ ਹੈ… !

Posted On June - 23 - 2019

ਯਾਦਵਿੰਦਰ ਸਿੰਘ

ਫਿਲਮਸਾਜ਼ ਗੁਰਵਿੰਦਰ ਸਿੰਘ (ਸੱਜੇ) ਵੱਲੋਂ ਬਣਾਈ ਗਈ ਫਿਲਮ ‘ਆਵਾਜ਼ਾਂ’ ਦੇ ਦ੍ਰਿਸ਼ ਵਿਚ ਅਮਰਜੀਤ ਚੰਦਨ।

ਅਮਰਜੀਤ ਚੰਦਨ ਨੇ ਫੈਲਸੂਫੀਆਂ ਲਿਖਣ ਲੱਗਿਆਂ ਸ਼ਾਇਦ ਸ਼ਰਾਰਤਵੱਸ ਹੀ ‘ਲੱਲਾ’ ਪੁੱਠਾ ਪਾ ਦਿੱਤਾ ਸੀ। ਇਹ ਇਲਮ ਤਾਂ ਬਾਅਦ ਵਿਚ ਹੋਇਆ ਕਿ ਇਸ ਸ਼ਬਦ ਅੰਦਰ ਸਿੱਧਾ ਤਾਂ ‘ਲੱਲਾ’ ਹੀ ਹੈ; ਬਾਕੀ ਅੱਖਰ ਪੁੱਠੇ ਹਨ। ਸਿੱਧ-ਪੁੱਠ ਦਾ ਮਸਲਾ ਵੀ ਬੜਾ ਪੇਚੀਦਾ ਹੈ। ਉਨ੍ਹਾਂ ਸਿੱਧ-ਪੱਧਰਾ ਨਹੀਂ ਜਿੰਨਾ ਨਜ਼ਰ ਆਉਂਦਾ ਹੈ। ਚੰਦਨ ਨੇ ਜਦੋਂ ਇਸ ਸਿੱਧ-ਪੁੱਠ ਦੀ ਕਥਾ ਇਕ ਹੋਰ ਫੈਲਸੂਫ ਸੋਹਨ ਕਾਦਰੀ ਅੱਗੇ ਪਾਈ ਤਾਂ ਉਸ ਨੇ ਅੱਗੋਂ ਚੀਨੀ ਫ਼ਕੀਰ ਖਵਾਂਤਸੂ ਦਾ ਜ਼ਿਕਰ ਕਰਦਿਆਂ ਬਾਤ ਦਾ ‘ਆਲੂ ਪਲੱਸ’ ਬਣਾ ਦਿੱਤਾ। ਖਵਾਂਤਸੂ ਕਹਿੰਦਾ ਰਾਤ ਮੈਂ ਸੁਫ਼ਨੇ ਅੰਦਰ ਤਿਤਲੀ ਬਣਿਆ ਫੁੱਲਾਂ ਦੁਆਲੇ ਮੰਡਰਾ ਰਿਹਾ ਸੀ। ਇਸ ਗੱਲ ਤੋਂ ਬੇਖ਼ਬਰ ਕਿ ਮੈਂ ਖਵਾਂਤਸੂ ਨਾਂ ਦਾ ਬੰਦਾਂ। ਹੁਣ ਜਾਗਿਆਂ ਤਾਂ ਸੋਚ ਰਿਹਾਂ ਕਿ ਕੱਲ ਰਾਤ ਜੋ ਮੈਂ ਦੇਖਿਆ ਉਹ ਸੁਫ਼ਨਾ ਸੀ, ਜਾਂ ਤੁਹਾਡੇ ਸਾਹਮਣੇ ਬੈਠਾ ਇਹ ਖਵਾਂਤਸੂ ਕਿਸੇ ਤਿਤਲੀ ਦਾ ਸੁਫ਼ਨਾ ਹੈ? ‘ਲੱਲਾ’ ਫੇਰ ਪੁੱਠਾ ਹੋ ਗਿਆ।
ਅਮਰਜੀਤ ਚੰਦਨ ਦੀ ਨਸਰ ਵਿਚੋਂ ਤੁਰਿਆ ਇਹ ਪੁੱਠਾ ‘ਲੱਲਾ’ ਗੁਰਵਿੰਦਰ ਸਿੰਘ ਦੀ ਫਿਲਮਸਾਜ਼ੀ ਤਕ ਵੀ ਆ ਬਹੁੜਿਆ। ਅੰਤਰ ਏਨਾ ਕੁ ਵਾਪਰਿਆ ਕਿ ਕਲਮ ਦੀ ਥਾਂ ਕੈਮਰੇ ਨੇ ਲੈ ਲਈ। ਕੈਮਰਾ ਵੀ ਅਜੀਬ ਸ਼ੈਅ ਹੈ। ਇਸ ਦੀ ਆਪਣੀ ਜਾਦੂਗਰੀ ਹੈ। ਇਹ ਬੀਤ ਰਹੇ ਸਮੇਂ ਨੂੰ ਚੋਰੀ ਕਰ ਕੇ ਸਹੇਜ ਲੈਂਦਾ ਹੈ। ਕਾਲ ਦੀ ਗਤੀ ਵਿਚ ਨਿੱਤ ਪਲ ਗੁਜ਼ਰ ਰਿਹਾ ਮਨੁੱਖ ਆਪਣੇ ਬੀਤੇ ਨੂੰ ਮੁੜ-ਮੁੜ ਜਿਊਣਾ ਚਾਹੁੰਦਾ ਹੈ। ਕੈਮਰਾ ਇਸ ਬੀਤ ਰਹੇ ਮਨੁੱਖ ਦੇ ਗੁਆਚੇ ਛਿਣਾਂ ਦਾ ਝਾਉਲਾ ਹੈ। ਵਰ੍ਹਿਆਂ ਬਾਅਦ ਪਰਦੇਸੀ ਜਦੋਂ ਘਰ ਮੁੜਦਾ ਹੈ ਤਾਂ ਉਹ ਸਿਰਫ਼ ਦੇਸ ਹੀ ਨਹੀਂ ਪਰਤ ਰਿਹਾ ਹੁੰਦਾ, ਉਹ ਬੀਤ ਚੁੱਕੇ ਸਮੇਂ ਅੰਦਰ ਵੀ ਮੁੜਨਾ ਲੋਚਦਾ ਹੈ। ਕੈਮਰਾ ਉਸ ਦੀ ਸੰਭਾਵਨਾ ਹੈ; ਬੀਤੇ ਸਮੇਂ ਦੀ ਸੈਰ ਕਰਵਾਉਣ ਵਾਲਾ ਯੰਤਰ। ਗੁਰਵਿੰਦਰ ਸਿੰਘ ਨੇ ਅਮਰਜੀਤ ਚੰਦਨ ਦੀ ਪੰਜਾਬ ਫੇਰੀ ਨੂੰ ਆਪਣੇ ਕੈਮਰੇ ਵਿਚ ਸਹੇਜ ਲਿਆ ਅਤੇ ਇਸ ਨੂੰ ਫਿਲਮ ‘ਆਵਾਜ਼ਾਂ’ ਦਾ ਰੂਪ ਦੇ ਦਿੱਤਾ। ਇਹ ਫਿਲਮ ਚੰਦਨ ਦੇ ਅਤੀਤ ਵੱਲ ਕੀਤੇ ਸਫ਼ਰ ਦੀ ਸਾਖੀ ਹੈ। ਇਸ ਨੂੰ ਦੇਖਣਾ ਬਲੈਕ ਹੋਲ ਵਾਂਗ ਦੂਰ ਰਹਿ ਗਏ ਦੇਸ-ਕਾਲ ਅੰਦਰ ਪਰਤਣ ਜਿਹਾ ਅਨੁਭਵ ਹੈ।
ਅਮਰਜੀਤ ਚੰਦਨ ਦੀ ਇਹ ਯਾਤਰਾ ਪੰਜਾਬ ਦੇ ਅੱਜ ਵਿਚੋਂ ਇਸ ਦੇ ਗੁਆਚੇ ਸੁਫ਼ਨਿਆਂ ਦੀ ਸ਼ਨਾਖ਼ਤ ਵੱਲ ਦਾ ਸਫ਼ਰ ਹੈ। ਇਸ ਅਧੂਰੇ ਸੁਫ਼ਨੇ ਦੀ ਇਬਾਰਤ ਪ੍ਰੀਤਨਗਰ ਦੇ ਖੰਡਰਾਂ ਉਤੇ ਉੱਕਰੀ ਹੈ। ਗ਼ਦਰੀ ਬਾਬੇ, ਭਗਤ ਸਿੰਘ ਤੇ ਪਾਸ਼ ਇਸ ਸਫ਼ਰ ਦੇ ਪਾਂਧੀ ਹਨ, ਚੰਦਨ ਦੇ ਵੱਡ-ਵਡੇਰੇ ਧਰੇਜਾ ਤੇ ਗੁਣੀ ਰਾਮ ਵੀ। ਚੰਦਨ ਵਰਤਮਾਨ ਪੰਜਾਬ ਅੰਦਰ ਵਿਚਰ ਰਿਹਾ ਹੈ ਅਤੇ ਬੀਤਿਆ ਪੰਜਾਬ ਚੰਦਨ ਅੰਦਰ। ਰੁੱਖ, ਕਾਗਜ਼, ਪੰਛੀ ਤੇ ਕਵਿਤਾ ਦ੍ਰਿਸ਼ ਅੰਦਰ ਇੱਕ-ਮਿੱਕ ਹੋ ਗਏ ਹਨ। ਕੈਮਰੇ ਨੇ ਮਿੱਟੀ-ਘੱਟਾ, ਪਾਣੀ ਤੇ ਪਦਾਰਥਕ ਕਿਹਾ ਜਾਣ ਵਾਲਾ ਸੰਸਾਰ ਵੀ ਇਸ ਸਫ਼ਰ ਵਿਚ ਜੋੜ ਦਿੱਤਾ ਹੈ।
ਚੰਦਨ ਦੀ ਇਸ ਯਾਤਰਾ ਦਾ ਮਾਰਗ ਕਵਿਤਾ ਥਾਣੀਂ ਹੋ ਕੇ ਲੰਘਦਾ ਹੈ। ਕਵਿਤਾ ਦਾ ਭਰਿਆ ਸੰਦੂਕ ਦ੍ਰਿਸ਼ ਨੂੰ ਆਵਾਜ਼ ਨਾਲ ਜੋੜਦਾ ਹੈ। ਇਹ ਸਾਂਝ ਸਿਨਮਾ ਨੂੰ ਕਵਿਤਾ ਦੇ ਨੇੜੇ ਲੈ ਆਉਂਦੀ ਹੈ। ਇਹ ਸਾਂਝ ਵਿਆਕਰਨ ਦੇ ਨੇਮਾਂ ਤੋਂ ਬਾਹਰ ਜਾ ਕੇ ਆਪਣੀ ਗੱਲ ਕਹਿਣ ਵਿਚ ਵੀ ਪਈ ਹੈ। ਕਵਿਤਾ ਤੇ ਸਿਨਮਾ ਦੋਵੇਂ ਭਾਸ਼ਾ ਦੇ ਨੇਮ-ਪ੍ਰਬੰਧ ਨਾਲ ਟਕਰਾਉਂਦੇ ਹਨ। ਦੋਵੇਂ ਸਾਰਾ ਕੁਝ ਸਪਸ਼ਟ ਨਹੀਂ ਕਰਦੇ; ਥੋੜ੍ਹਾ ਓਹਲਾ ਰੱਖਦੇ ਹਨ। ਫਿਲਮ ‘ਆਵਾਜ਼ਾਂ’ ਕੈਮਰੇ ਤੇ ਕਵਿਤਾ ਦੀ ਸਾਂਝੀ ਬੋਲੀ ਘੜਦੀ ਹੈ। ਇਸ ਫਿਲਮ ਵਿਚੋਂ ਵਿਚਰਨਾ ਬੋਲੇ ਜਾ ਰਹੇ ਸ਼ਬਦਾਂ ਨੂੰ ਸਿਰਫ਼ ਸੁਣਨਾ ਹੈ; ਬਿਨਾਂ ਇਹ ਜਾਣਿਆਂ ਕਿ ਇਨ੍ਹਾਂ ਦਾ ਮਤਲਬ ਕੀ ਹੈ।
ਇਸ ਫਿਲਮ ਨੂੰ ਦੇਖਦਿਆਂ ਸੰਸਾਰ ਅਤੇ ਸਮੇਂ ਬਾਰੇ ਸਾਡਾ ਕਿਆਸਿਆ ਅਨੁਭਵ ਕਾਟੇ ਹੇਠ ਆ ਜਾਂਦਾ ਹੈ। ਇਹ ਸੰਸਾਰ ਜਿਸ ਅੰਦਰ ਅਸੀਂ ਰਹਿ ਰਹੇ ਹਾਂ, ਉਹ ਸਾਥੋਂ ਟੁੱਟਿਆ ਹੋਇਆ ਬਾਹਰੀ ਜਗਤ ਹੀ ਨਹੀ, ਜਿਵੇਂ ਅਸੀਂ ਇਸ ਬਾਰੇ ਸੋਚਦੇ ਹਾਂ। ਸਾਡਾ ਸੰਸਾਰ ਸਾਡੀ ਹੋਂਦ ਅਤੇ ਸਾਡੇ ਅਤੀਤ ਦੀਆਂ ਯਾਦਾਂ ਵਿਚਲੀ ਕਸ਼ਮਕਸ਼ ਨਾਲ ਵੀ ਸਿਰਜਿਆ ਜਾ ਰਿਹਾ ਹੈ। ਇਕ ਪਾਸੇ ਜੀਵਿਆ ਜਾ ਰਿਹਾ ਸਮਾਂ ਹੈ; ਦੂਜੇ ਪਾਸੇ ਬੀਤੇ ਦੀਆਂ ਸਿਮਰਤੀਆਂ ਦਾ ਖੌਰੂ। ਇਨ੍ਹਾਂ ਦੋਵਾਂ ਵਿਚ ਅਸੀਂ ਲੀਕ ਵਾਹ ਦਿੱਤੀ ਹੈ ਜਿਸ ਨੂੰ ਅਸੀਂ ਸਮਾਂ ਕਹਿ ਦਿੰਦੇ ਹਾਂ। ਸਮੇਂ ਨੂੰ ਅਸੀਂ ਇਕ ਬਿੰਦੂ ਤੋਂ ਦੂਜੇ ਬਿੰਦੂ ਤਕ ਨਿਰੰਤਰ ਫੈਲ ਰਿਹਾ ਤਸੱਵਰ ਕਰਦੇ ਹਾਂ। ਸਾਡਾ ਇਹ ਮੰਨਣਾ ਹੈ ਕਿ ਕਿਸੇ ਘਟਨਾ ਦੇ ਵਾਪਰਨ ਵਿਚਲਾ ਵਕਫ਼ਾ ਹੀ ਸਮਾਂ ਹੈ। ਘੜੀ ਦੀਆਂ ਸੂਈਆਂ ਇਕ ਹਿੰਦਸੇ ਤੋਂ ਦੂਜੇ ਹਿੰਦਸੇ ਵੱਲ ਵਧਦੀਆਂ ਸਮੇਂ ਦੇ ਬੀਤ ਜਾਣ ਦਾ ਆਭਾਸ ਕਰਵਾਉਂਦੀਆਂ ਹਨ। ਫਿਲਮ ‘ਆਵਾਜ਼ਾਂ’ ਸੰਸਾਰ ਤੇ ਸਮੇਂ ਬਾਰੇ ਸਾਡੀਆਂ ਧਾਰਨਾਵਾਂ ਨੂੰ ਬਦਲ ਦਿੰਦੀ ਹੈ। ਗੁਰਵਿੰਦਰ ਦੇ ਕੈਮਰੇ ਦੀ ਅੱਖ ਥਾਣੀਂ ਲੰਘਿਆ ਸਮਾਂ ਇਕ ਬਿੰਦੂ ਤੋਂ ਦੂਜੇ ਵੱਲ ਨੂੰ ਵਧ ਰਿਹਾ ਲਕੀਰੀ ਸਮਾਂ ਨਹੀਂ ਰਹਿੰਦਾ। ਇਸ ਫਿਲਮ ਵਿਚ ਕੈਮਰਾ ਕਿਸੇ ਸਥਿਰ ਪੜਾਅ ਤੋਂ ਦ੍ਰਿਸ਼ ਨੂੰ ਨਹੀਂ ਫੜਦਾ। ਚੜ੍ਹਦੇ-ਛਿਪਦੇ ਦਿਨ, ਬਦਲਦੀਆਂ ਰੁੱਤਾਂ ਤੇ ਨਿੱਤ ਪਲ ਤਬਦੀਲ ਹੋ ਰਹੇ ਚੌਗਿਰਦੇ ਵਿਚਲੀ ਗਤੀ ਨੂੰ ਕੈਮਰਾ ਵੀ ਗਤੀਸ਼ੀਲ ਹੋ ਕੇ ਵਾਚਦਾ ਹੈ। ਜਦੋਂ ਕੈਮਰਾ ਤੇ ਇਸ ਰਾਹੀਂ ਫਿਲਮਾਇਆ ਜਾਣ ਵਾਲਾ ਦ੍ਰਿਸ਼ ਦੋਵੇਂ ਬਦਲਦੇ ਹਨ ਤਾਂ ਸਮਾਂ ਲਕੀਰੀ ਨਹੀਂ ਰਹਿੰਦਾ; ਇਹ ਕੈਮਰੇ ਦਾ ਘੜਿਆ ਸਮਾਂ ਹੋ ਨਿੱਬੜਦਾ ਹੈ।

ਯਾਦਵਿੰਦਰ ਸਿੰਘ

ਸਿਨਮਾ ਦੀ ਭਾਸ਼ਾ ਵਿਚ ਸਮੇਂ ਦੀ ਇਸ ਘਾੜਤ ਨੂੰ ਮੋਨਤਾਜ ਕਹਿੰਦੇ ਹਨ। ਮੋਨਤਾਜ ਦਾ ਇਕ ਕਾਰਜ ਸਮੇਂ ਬਾਰੇ ਸਾਡੇ ਤੈਅ ਕੀਤੇ ਅਨੁਭਵ ਦੇ ਦਾਇਰਿਆਂ ਨੂੰ ਉਲੰਘਣਾ ਹੈ। ਇਸ ਦਾ ਦੂਜਾ ਕਾਰਜ ਅਣਮਨੁੱਖੀ ਕਹਿ ਕੇ ਨਕਾਰ ਦਿੱਤੇ ਜਗਤ ਨੂੰ ਸਾਡੇ ਹੋਣ-ਥੀਣ ਦਾ ਹਿੱਸਾ ਬਣਾਉਣਾ ਹੈ। ਸਕਾਟਲੈਂਡ ਦਾ ਦਾਰਸ਼ਨਿਕ ਡੇਵਿਡ ਹਿਊਮ ਕਹਿੰਦਾ ਹੈ ਕਿ ਮਨੁੱਖ ਦੇ ਇਸ ਸੰਸਾਰ ਦਾ ਇਕਲੌਤਾ ਮਾਲਕ ਹੋਣ ਦੀ ਕਹਾਣੀ ਨਿਰੀ ਗੱਪ ਹੈ। ਮਨੁੱਖ ਆਪਣੇ ਅੱਧੇ-ਅਧੂਰੇ ਅਨੁਭਵ ਨੂੰ ਸੱਚ ਮੰਨ ਬੈਠਾ ਹੈ। ਜੀਵਨ ਕਿਸੇ ਨੇਮਬੱਧ ਅਰਥਾਂ ਦਾ ਧਾਰਨੀ ਨਹੀਂ ਜਿਸ ਨੂੰ ਭਾਸ਼ਾ ਦੇ ਤਰਕ ਨਾਲ ਸਮਝਿਆ ਜਾ ਸਕੇ। ਆਲਾ-ਦੁਆਲਾ ਸੁਆਲਾਂ ਦੇ ਰਹੱਸ ਨਾਲ ਭਰਿਆ ਪਿਆ ਹੈ। ਇਸ ਰਹੱਸ ਦੀ ਇਕ ਬਾਰੀ ਸਿਰਜਣਾ ਵੱਲ ਖੁੱਲ੍ਹਦੀ ਹੈ। ਇਸ ਸੰਸਾਰ ਨੂੰ ਕਦੇ ਵੀ ਨਾ ਜਾਣ ਸਕਣਾ ਹੀ ਸਾਨੂੰ ਸਿਰਜਣਾ ਦੇ ਰਾਹ ਤੋਰਦਾ ਹੈ। ਚੰਦਨ ਦੀ ਕਵਿਤਾ ਤੇ ਗੁਰਵਿੰਦਰ ਦਾ ਸਿਨਮਾ ਇਸ ਰਹੱਸ ਦੀਆਂ ਪੈੜਾਂ ਨੱਪਦੇ ਹਨ। ਇਸ ਰਹੱਸ ਦੀ ਰਹਿਤਲ ਪੰਜਾਬ ਹੈ; ਜਿਸ ਅੰਦਰ ਉਨ੍ਹਾਂ ਦੀਆਂ ਜੜ੍ਹਾਂ ਹਨ।
ਜੜ੍ਹਾਂ ਦੀ ਭਾਲ ਸਿਰਜਣਾਤਮਕ ਅਮਲ ਹੈ। ਇਹ ਖੋਜ ਤੋਂ ਵੱਖਰਾ ਰਾਹ ਹੈ। ਖੋਜ ਕੁਝ ਮਿੱਥ ਕੇ ਉਸ ਨੂੰ ਸਾਬਤ ਕਰਨ ਦਾ ਰੱਦੋ-ਅਮਲ ਹੈ ਜਦੋਂਕਿ ਤਲਾਸ਼ ਦਾ ਪੈਂਡਾ ਸਿਰਜਣਾ ਵਿਚੋਂ ਹੋ ਕੇ ਲੰਘਦਾ ਹੈ। ਫਿਲਮ ‘ਆਵਾਜ਼ਾਂ’ ਪੰਜਾਬ ਦੀ ਖੋਜਬੀਣ ਕਰਦੀ ਦਸਤਾਵੇਜ਼ੀ ਨਹੀਂ। ਇਹ ਦ੍ਰਸ਼ਟਾ ਵਾਂਗ ਚੀਜ਼ਾਂ, ਘਟਨਾਵਾਂ ਤੇ ਵਰਤਾਰਿਆਂ ਨੂੰ ਮਹਿਸੂਸ ਕਰਨਾ ਹੈ। ਦ੍ਰਸ਼ਟਾ ਹੋਣਾ ਹਰ ਦ੍ਰਿਸ਼ ਨੂੰ ਸੱਜਰੀ ਅੱਖ ਨਾਲ ਦੇਖਣਾ ਹੈ। ਦ੍ਰਸ਼ਟਾ ਸਾਹਵੇਂ ਜੋ ਵਾਪਰਦਾ ਹੈ, ਉਸ ਦੇ ਅਨੁਭਵ ਦਾ ਹਿੱਸਾ ਬਣ ਜਾਂਦਾ ਹੈ। ਇਸ ਵਿਚ ਇਕੱਲੇ ਮਨੁੱਖ ਦਾ ਹੀ ਅਨੁਭਵ ਸ਼ਾਮਲ ਨਹੀਂ। ਮਨੁੱਖ ਦੀ ਕਥਾ ਵਿਚੋਂ ਗ਼ੈਰਹਾਜ਼ਰ ਹੋਇਆ ਅਨੁਭਵ ਵੀ ਇਸ ਦਾ ਹਿੱਸਾ ਹੈ। ਫਿਲਮ ਵਿਚ ਕਬੂਤਰ ਦੇ ਗੁਟਕਣ, ਕੁੱਤਿਆਂ ਦੇ ਭੌਂਕਣ, ਭਾਂਡਿਆਂ ਦੇ ਖੜਕਣ ਤੇ ਵਗਦੇ ਪਾਣੀਆਂ ਦੀਆਂ ਆਵਾਜ਼ਾਂ ਕਥਾ ਤੇ ਬੰਦੇ ਦੀ ਸਿਰਦਾਰੀ ਨੂੰ ਚੁਣੌਤੀ ਦਿੰਦੀਆਂ ਹਨ। ਇਨ੍ਹਾਂ ਆਵਾਜ਼ਾਂ ਦੀ ਕੋਈ ਤਰਤੀਬ ਨਹੀਂ। ਬੇਤਰਤੀਬੀਆਂ ਆਵਾਜ਼ਾਂ ਉਲਟੇ ਰੁਖ਼ ਸਫ਼ਰ ਕਰਦੀਆਂ ਹਨ; ਵਰਤਮਾਨ ਤੋਂ ਅਤੀਤ ਅਤੇ ਅਤੀਤ ਤੋਂ ਮੁਸਤਕਬਿਲ ਵੱਲ। ਅਤੀਤ ਆਵਾਜ਼ਾਂ ਅੰਦਰ ਸੰਭਾਲਿਆ ਹੋਇਆ ਹੈ। ਚੰਦਨ ਦੀ ਸਿਮਰਤੀ ਵਿਚ ਪਈਆਂ ਇਨ੍ਹਾਂ ਆਵਾਜ਼ਾਂ ਵਿਚ ਭੂਤ-ਵਰਤਮਾਨ-ਭਵਿੱਖ ਰਲਗੱਡ ਹੋ ਗਿਆ ਹੈ। ਦ੍ਰਿਸ਼ ਤੇ ਆਵਾਜ਼ ਇਕ-ਦੂਜੇ ਅੰਦਰ ਸਮਾ ਗਏ ਹਨ। ਚੰਦਨ ਦੀ ਇਹ ਯਾਤਰਾ ਬੀਤੇ ਨੂੰ ਹੱਥ ਲਾ ਕੇ ਮੁੜਨ ਵਾਂਗ ਹੈ।
ਸਿਨਮਾ ਬੁਨਿਆਦੀ ਤੌਰ ’ਤੇ ਦ੍ਰਿਸ਼ ਕਲਾ ਹੈ। ਕੈਮਰਾ ਬੀਤੇ ਦੀਆਂ ਸਿਮਰਤੀਆਂ ਨੂੰ ਦ੍ਰਿਸ਼ ਅੰਦਰ ਸਹੇਜ ਲੈਂਦਾ ਹੈ। ਦ੍ਰਿਸ਼ ਦੇ ਤਿੰਨ ਪਾਸਾਰ ਮੰਨੇ ਜਾਂਦੇ ਹਨ; ਲੰਬਾਈ, ਚੌੜਾਈ ਤੇ ਡੂੰਘਾਈ। ਫਿਲਮ ‘ਆਵਾਜ਼ਾਂ’ ਵਿਚ ‘ਸਮਾਂ’ ਚੌਥੇ ਪਾਸਾਰ ਵਜੋਂ ਮੌਜੂਦ ਹੈ ਅਤੇ ਆਵਾਜ਼ਾਂ ਇਸ ਸਮੇਂ ਤਕ ਪਹੁੰਚਣ ਦਾ ਵਸੀਲਾ ਹਨ। ਸਿਨਮਾ ਵਿਚ ਅਕਸਰ ਦ੍ਰਿਸ਼ ਆਵਾਜ਼ ਉੱਤੇ ਹਾਵੀ ਹੋ ਜਾਂਦਾ ਹੈ। ਗੁਰਵਿੰਦਰ ਦਾ ਸਿਨਮਾ ਇਸ ਬਾਰੇ ਚੇਤੰਨ ਹੈ। ਉਹ ਦ੍ਰਿਸ਼ ਵਿਚੋਂ ਆਵਾਜ਼ ਨੂੰ ਖਾਰਜ ਨਹੀਂ ਹੋਣ ਦਿੰਦਾ। ਕਵਿਤਾ ਵਿਚ ਸਹੇਜੀਆਂ ਆਵਾਜ਼ਾਂ ਸਿਨਮਾ ਦੇ ਦ੍ਰਿਸ਼ ਨੂੰ ਨਵੇਂ ਸਿਰਿਓਂ ਵਿਉਂਤਦੀਆਂ ਹਨ। ਮਾਂ ਦਾ ਹਾਸਾ, ਪਿਓ ਦਾ ਗੱਚ ਭਰ ਆਉਣਾ, ਸਾਰੀ ਛੁੱਟੀ ਦੀ ਘੰਟੀ, ਜੇਲਖ਼ਾਨੇ ਦਾ ਖੁੱਲ ਰਿਹਾ ਗੇਟ, ਨਕੋਦਰ ਜਾਂਦੀ ਰੇਲਗੱਡੀ, ਦੁੱਧ ਚੁੰਘਦੇ ਬਾਲ ਨੂੰ ਆਇਆ ਉੱਥੂ; ਇਹ ਸਭ ਅਵਾਜ਼ਾਂ ਸਪੇਸ ਨੂੰ ਕਾਲ ਤੋਂ ਮੁਕਤ ਕਰ ਰਹੀਆਂ ਹਨ।
ਫਿਲਮ ‘ਆਵਾਜ਼ਾਂ’ ਸਾਡੀ ਇਸ ਸਹਿਜ ਸੂਝ ਨੂੰ ਤੋੜਦੀ ਹੈ ਕਿ ਸਿਨਮਾ ਮਹਿਜ਼ ਕਹਾਣੀ ਕਹਿਣ ਵਾਲੀ ਸਿਨਫ਼ ਹੈ। ਸਿਨਮਾ ਕਿਸੇ ਨਾਵਲ ਜਾਂ ਕਹਾਣੀ ਨੂੰ ਪਰਦੇ ’ਤੇ ਉਤਾਰਨ ਦਾ ਵਸੀਲਾ ਹੀ ਨਹੀਂ। ਇਸ ਦੀ ਵਿਲੱਖਣਤਾ ਕੈਮਰੇ ਦੀ ਤਕਨੀਕੀ ਮੁਹਾਰਤ ਵਿਚ ਹੈ। ਕੈਮਰਾ ਬਹੁਤ ਸਾਰੇ ਬੇਤਰਤੀਬੇ ਦ੍ਰਿਸ਼ਾਂ ਨੂੰ ਤਰਤੀਬ ਦਿੰਦਾ ਹੈ। ਇਹ ਤਰਤੀਬ ਮਨੁੱਖੀ ਅੱਖ ਦੀ ਥਾਂ ਕੈਮਰੇ ਦੀ ਅੱਖ ਥਾਣੀਂ ਘੜੀ ਜਾਂਦੀ ਹੈ। ਕੈਮਰੇ ਦੀ ਇਹ ਤਰਤੀਬ ਦ੍ਰਿਸ਼ ਨੂੰ ਕਿਸੇ ਗਿਣੇ-ਮਿੱਥੇ ਨਜ਼ਰੀਏ ਦਾ ਗ਼ੁਲਾਮ ਨਹੀਂ ਰਹਿਣ ਦਿੰਦੀ। ਵਸਤ-ਵਰਤਾਰੇ, ਜੀਅ-ਜੰਤ ਤੇ ਮਨੁੱਖ ਸਭ ਇਸ ਵਿਚ ਹਾਜ਼ਰ ਹਨ। ਬਿਰਖ਼ ਦੀ ਬਲੀ ਦੇ ਕੇ ਹਾਸਲ ਕੀਤਾ ਕਾਗਦ ਵੀ ਇਸ ਦਾ ਹਿੱਸਾ ਹੈ। ਇਸ ਕਾਗਦ ’ਤੇ ਸਿਰਫ਼ ਅੱਖਰ ਹੀ ਨਹੀਂ ਉੱਕਰੇ; ਇਸ ’ਤੇ ਕਿੰਨੇ ਹੀ ਆਲ੍ਹਣਿਆਂ ਦਾ ਵੀ ਵਾਸ ਹੈ। ਇਹ ਕਾਗਦ ਕਲਮ ਦੀ ਅੱਖ ਨਾਲ ਦੇਖਦਾ ਹੈ, ਰੰਗਾਂ ਨਾਲ ਬੋਲਦਾ ਹੈ ਅਤੇ ਹਰਫ਼ਾਂ ਨਾਲ ਸੁਣਦਾ ਹੈ। ਇੰਝ ਇਸ ਫਿਲਮ ਵਿਚੋਂ ਲੰਘਣਾ ਆਸਮਾਨ ਦੇ ਚੰਦੋਏ ਹੇਠ ਵਰਤ ਰਹੀ ਖੇਡ ਵਿਚ ਜਜ਼ਬ ਹੋ ਜਾਣਾ ਹੈ। ਇਹ ਫਿਲਮ ਪੰਜਾਬ ਦੇ ਕਾਇਨਾਤੀ ਤਸੱਵਰ ਦੀ ਤਲਾਸ਼ ਹੈ।

ਪੋਸਟ ਸਕ੍ਰਿਪਟ-

ਫਿਲਮ ‘ਆਵਾਜ਼ਾਂ’ (2016) ਗੁਰਵਿੰਦਰ ਸਿੰਘ ਦੇ ਨਿਰਦੇਸ਼ਨ ਵਿਚ ਕਲਾਊਡਡੋਰ ਫਿਲਮਜ਼ ਦੇ ਬੈਨਰ ਹੇਠ ਬਣੀ ਹੈ। ਇਸ ਫਿਲਮ ਦਾ ਬਹੁਤਾ ਹਿੱਸਾ ਅਮਰਜੀਤ ਚੰਦਨ ਦੀ ਸਾਲ 2009 ਵਿਚਲੀ ਪੰਜਾਬ ਫੇਰੀ ਦੌਰਾਨ ਫਿਲਮਾਇਆ ਗਿਆ। ਫਰਾਂਸ ਵਿਚ ਅੰਗਰੇਜ਼ੀ ਕਵੀ ਜੌਨ੍ਹ ਬਰਜਰ ਨਾਲ ਚੰਦਨ ਦੀ ਮੁਲਾਕਾਤ 2016 ਵਿਚ ਰਿਕਾਰਡ ਕੀਤੀ ਗਈ। ਕੈਮਰੇ ਦੀ ਦ੍ਰਿਸ਼ਕਾਰੀ ਸੁਨੈਣਾ ਸਿੰਘ ਤੇ ਗੁਰਵਿੰਦਰ ਸਿੰਘ ਦੀ ਹੈ। ਅਮਰਜੀਤ ਚੰਦਨ ਦੀਆਂ ਨਜ਼ਮਾਂ ਨੂੰ ਮਦਨ ਗੋਪਾਲ ਸਿੰਘ ਨੇ ਆਵਾਜ਼ ਦਿੱਤੀ ਹੈ। ਇਸ ਫਿਲਮ ਨੂੰ vimeo.com ’ਤੇ ਦੇਖਿਆ ਜਾ ਸਕਦਾ ਹੈ।

ਸੰਪਰਕ: 70420-73084


Comments Off on ਮੇਰੀ ਆਵਾਜ਼ ਹੀ ਪਹਿਚਾਨ ਹੈ… !
1 Star2 Stars3 Stars4 Stars5 Stars (No Ratings Yet)
Loading...
Both comments and pings are currently closed.

Comments are closed.

Manav Mangal Smart School
Available on Android app iOS app
Powered by : Mediology Software Pvt Ltd.