ਜਾਨ੍ਹਵੀ ਕਪੂਰ ਨੇ ਆਪਣੀ ਮਾਂ ਨੂੰ ਯਾਦ ਕੀਤਾ !    ਇਕ ਹਫ਼ਤੇ ਲਈ ਦੋ ਦਰਜਨ ਰੇਲ ਗੱਡੀਆਂ ਦੇ ਰੂਟ ਰੱਦ !    ਸਿਨਹਾ ਨੇ ਅਲਵੀ ਦੇ ਫ਼ਿਕਰਾਂ ਦੇ ‘ਸਮਰਥਨ’ ਤੋਂ ਕੀਤਾ ਇਨਕਾਰ !    ਜਲ ਸੈਨਾ ਦਾ ਮਿੱਗ ਹਾਦਸਾਗ੍ਰਸਤ !    ਸਰਕਾਰ ਦੀ ਅਣਦੇਖੀ ਕਾਰਨ ਕਈ ਕਾਲਜਾਂ ਦੇ ਬੰਦ ਹੋਣ ਦੀ ਤਿਆਰੀ !    ਸਰਕਾਰੀ ਵਾਅਦੇ: ਅੱਗੇ-ਅੱਗੇ ਸਰਕਾਰ, ਪਿੱਛੇ-ਪਿੱਛੇ ਬੇਰੁਜ਼ਗਾਰ !    ਮਾੜੀ ਆਰਥਿਕਤਾ ਕਾਰਨ ਸਰਕਾਰ ਦੇ ਵਾਅਦਿਆਂ ਨੂੰ ਨਹੀਂ ਪਿਆ ਬੂਰ !    ਦੁੱਨੇਕੇ ਵਿੱਚ ਪਰਵਾਸੀ ਮਜ਼ਦੂਰ ਜਿਉਂਦਾ ਸੜਿਆ !    ਕਿਲ੍ਹਾ ਰਾਏਪੁਰ ਦੀਆਂ ਖੇਡਾਂ ਅੱਜ ਤੋਂ !    ਕਾਂਗਰਸ ਨੂੰ ਅਗਵਾਈ ਦਾ ਮਸਲਾ ਤੁਰੰਤ ਨਜਿੱਠਣ ਦੀ ਲੋੜ: ਥਰੂਰ !    

ਮੇਮਸਾਹਿਬਾਂ ਦਾ ਦੌਰ: ਦਸ਼ਾ ਤੇ ਦਿਸ਼ਾ

Posted On June - 24 - 2019

ਪੜ੍ਹਦਿਆਂ-ਸੁਣਦਿਆਂ

ਸੁਰਿੰਦਰ ਸਿੰਘ ਤੇਜ

ਪੰਜਾਬ ਦੀਆਂ ਲੋਕ ਕਥਾਵਾਂ ਦਾ ਅੰਗਰੇਜ਼ੀ ਵਿਚ ਤਰਜਮਾ ਕਰ ਕੇ ਉਨ੍ਹਾਂ ਨੂੰ ਸਭ ਤੋਂ ਪਹਿਲਾਂ ਪ੍ਰਕਾਸ਼ਿਤ ਕਿਸ ਨੇ ਕਰਵਾਇਆ? ਇਸ ਸਵਾਲ ਦਾ ਜਵਾਬ ਬ੍ਰਿਟਿਸ਼ ਇਤਿਹਾਸਕਾਰ ਕੇਟੀ ਹਿੱਕਮੈਨ ਦੀ ਕਿਤਾਬ ‘ਸ਼ੀ ਮਰਚੈਂਟਸ, ਬਕੇਨੀਅਰਜ਼ ਐਂਡ ਜੈਂਟਲਵਿਮੈੱਨ’ (ਹੈਚੇੱਟ ਇੰਡੀਆ; 699 ਰੁਪਏ; 390 ਪੰਨੇ) ਵਿਚੋਂ ਸਹਿਜੇ ਹੀ ਮਿਲ ਜਾਂਦਾ ਹੈ। ਆਪਣੇ ਔਖੇ ਜਿਹੇ ਸਿਰਲੇਖ ਦੇ ਬਾਵਜੂਦ ਇਹ ਕਿਤਾਬ 17ਵੀਂ ਸਦੀ ਦੇ ਮੁੱਢ ਤੋਂ ਲੈ ਕੇ 19ਵੀਂ ਸਦੀ ਦੇ ਅੰਤ ਤਕ ਭਾਰਤ ਆਉਣ ਵਾਲੀਆਂ ਬ੍ਰਿਟਿਸ਼ ਇਸਤਰੀਆਂ ਬਾਰੇ ਅਨੂਠੀ ਤੇ ਲਾਮਿਸਾਲ ਜਾਣਕਾਰੀ ਪ੍ਰਦਾਨ ਕਰਦੀ ਹੈ। ਨਾਲ ਹੀ ਇਹ ਕਿਤਾਬ ਇਨ੍ਹਾਂ ਇਸਤਰੀਆਂ ਕਾਰਨ ਬ੍ਰਿਟੇਨ ਅੰਦਰਲੇ ਪਰਿਵਾਰਕ, ਸਮਾਜਿਕ ਤੇ ਸਿਆਸੀ ਵਰਤਾਰਿਆਂ ਵਿਚ ਆਈਆਂ ਵਿਆਪਕ ਤਬਦੀਲੀਆਂ ਦਾ ਖੁਲਾਸਾ ਵੀ ਕਰਦੀ ਹੈ।
ਸਾਲ 1600 ਵਿਚ ਪਹਿਲਾ ਬ੍ਰਿਟਿਸ਼ ਬੇੜਾ ‘ਹਿੰਦੂਸਤਾਨੀ’ ਸਾਹਿਲ ’ਤੇ ਪਹੁੰਚਿਆ। ਈਸਟ ਇੰਡੀਆ ਕੰਪਨੀ (ਈਆਈਸੀ) ਦੇ ਝੰਡੇ ਹੇਠ ਆਇਆ ਇਹ ਬੇੜਾ ਨੌਂ ਮਹੀਨੇ ਲੰਮੇ ਸਫ਼ਰ ਦੀਆਂ ਖੁਆਰੀਆਂ ਕਾਰਨ ਤਿੰਨ ਜਹਾਜ਼ਾਂ ਤੋਂ ਘਟ ਕੇ ਇਕ ਜਹਾਜ਼ ਤਕ ਸੀਮਤ ਰਹਿ ਗਿਆ ਸੀ। ਮਸਾਲਿਆਂ, ਖ਼ਾਸ ਕਰਕੇ ਕਾਲੀ ਮਿਰਚ ਦੀ ਦਰਾਮਦ ਤੇ ਸਪਲਾਈ ਯਕੀਨੀ ਬਣਾਉਣ ਲਈ ਬ੍ਰਿਟਿਸ਼ ਵਪਾਰੀਆਂ ਵੱਲੋਂ ਵਿੱਢੀ ਗਈ ਇਹ ਤੀਜੀ ਮੁਹਿੰਮ ਸੀ। ਇਸ ਤੋਂ ਪਹਿਲੀਆਂ ਦੋ ਮੁਹਿੰਮਾਂ ਆਰਕਟਿਕ ਸਾਗਰ ਵਿਚ ਰੁਲ ਕੇ ਰਹਿ ਗਈਆਂ ਸਨ। ਉਹ ਦਿਨ ਬ੍ਰਿਟਿਸ਼ ਜਹਾਜ਼ੀਆਂ ਲਈ ਸੁਖਾਵੇਂ ਨਹੀਂ ਸਨ। ਦੁਨੀਆਂ ਦੇ ਦੱਖਣੀ ਸਮੁੰਦਰੀ ਪਾਣੀਆਂ ਉੱਤੇ ਪੁਰਤਗੀਜ਼ਾਂ ਤੇ ਸਪੇਨੀਆਂ ਦੀ ਸਰਦਾਰੀ ਸੀ। ਪੁਰਤਗੀਜ਼ ਮਸਾਲੇਦਾਰ ਟਾਪੂਆਂ (ਦੱਖਣ ਭਾਰਤ, ਸ੍ਰੀਲੰਕਾ, ਜਾਵਾ-ਸੁਮਾਤਰਾ ਆਦਿ) ਉੱਤੇ ਪੂਰੀ ਇਕ ਸਦੀ ਤੋਂ ਹਾਵੀ ਸਨ। ਬ੍ਰਿਟਿਸ਼ ਕਾਰੋਬਾਰੀਆਂ ਨੇ ਉਨ੍ਹਾਂ ਨਾਲ ਲੋਹਾ ਲੈਣ ਦਾ ਜੋਖ਼ਿਮ ਉਠਾਉਣ ਦੀ ਥਾਂ ਉੱਤਰ ਵੱਲੋਂ ਘੁੰਮ ਕੇ ਪੂਰਬ ਵੱਲ ਜਾਣ ਦਾ ਫ਼ੈਸਲਾ ਕੀਤਾ। ਇਹ ਤਰਕੀਬ ਖਿਆਲੀ ਤੌਰ ’ਤੇ ਸਹੀ ਸੀ, ਅਮਲੀ ਤੌਰ ’ਤੇ ਨਹੀਂ। ਸਾਲ ਵਿਚ ਅੱਠ ਮਹੀਨਿਆਂ ਤੋਂ ਵੱਧ ਸਮੇਂ ਤਕ ਜੰਮੇ ਰਹਿਣ ਵਾਲੇ ਸੁਮੰਦਰਾਂ ਵਿਚੋਂ ਪੂਰਬ ਤਕ ਪਹੁੰਚਣ ਦੀ ਵਿਧੀ ਵਲਾਦੀਮੀਰ ਪੂਤਿਨ ਦੇ ਰੂਸ ਦੇ ਵਿਗਿਆਨੀ ਅਜੇ ਤਕ ਨਹੀਂ ਲੱਭ ਸਕੇ, ਪੰਜ ਸਦੀਆਂ ਪਹਿਲਾਂ ਅਜਿਹਾ ਹੋਣਾ ਤਾਂ ਹੋਰ ਵੀ ਨਾਮੁਮਕਿਨ ਸੀ। ਲਿਹਾਜ਼ਾ, ਪਹਿਲੀਆਂ ਦੋ ਮੁਹਿੰਮਾਂ ਦੀ ਨਾਕਾਮੀ ਨੇ ਬ੍ਰਿਟਿਸ਼ ਕਾਰੋਬਾਰੀਆਂ ਨੂੰ ਪੁਰਤਗੀਜ਼ਾਂ ਨਾਲ ਲੋਹਾ ਲੈਣ ਦੇ ਰਾਹ ਤੋਰ ਦਿੱਤਾ।
ਮੁੱਢਲੀਆਂ ਮੁਹਿੰਮਾਂ ਵਿਚ ਸਿਰਫ਼ ਪੁਰਸ਼ ਹੀ ਸ਼ਾਮਲ ਰਹੇ। ਸੂਰਤ (ਗੁਜਰਾਤ) ਵਿਚ ਬ੍ਰਿਟਿਸ਼ ਫੈਕਟਰੀ (ਕਾਰੋਬਾਰੀ ਚੌਕੀ) ਕਾਇਮ ਹੋ ਗਈ। ਉਸ ਦੀ ਕਿਲਾਬੰਦੀ ਵੀ ਕਰ ਲਈ ਗਈ। ਜਿਵੇਂ ਕਿ ਕੁਦਰਤ ਦਾ ਦਸਤੂਰ ਹੈ, ਜਿੱਥੇ ਪੁਰਸ਼ ਪੁੱਜਦੇ ਹਨ, ਉੱਥੇ ਇਸਤਰੀਆਂ ਵੀ ਪੁੱਜ ਜਾਂਦੀਆਂ ਹਨ। 27 ਹਜ਼ਾਰ ਮੀਲ ਲੰਮੀ ਸਮੁੰਦਰੀ ਯਾਤਰਾ ਆਸਾਨ ਨਹੀਂ ਸੀ। ਪੈਰ ਪੈਰ ’ਤੇ ਜੋਖ਼ਿਮ। ਸਮੁੰਦਰੀ ਤੂਫ਼ਾਨ, ਪੁਰਤਗੀਜ਼ਾਂ ਦੇ ਜਲ ਸੈਨਿਕ ਹਮਲੇ, ਸਮੁੰਦਰੀ ਡਾਕੂਆਂ ਦਾ ਖ਼ੌਫ਼, ਬਿਮਾਰੀਆਂ ਦੀ ਬਹੁਤਾਤ ਅਤੇ ਜਲ ਤੇ ਅੰਨ ਦੀ ਭਾਰੀ ਘਾਟ। ਅਜਿਹੀਆਂ ਦੁਸ਼ਵਾਰੀਆਂ ਦੇ ਬਾਵਜੂਦ ਡੇਢ ਦਹਾਕੇ ਦੇ ਅੰਦਰ ਬ੍ਰਿਟਿਸ਼ ਇਸਤਰੀਆਂ ਵੀ ਭਾਰਤ ਪੁੱਜਣੀਆਂ ਸ਼ੁਰੂ ਹੋ ਗਈਆਂ। ਉਹ ਜਾਂ ਤਾਂ ਪੁਰਸ਼ਾਂ ਦੇ ਨਾਲ ਆਈਆਂ ਅਤੇ ਜਾਂ ਫਿਰ ਪੁਰਸ਼ਾਂ (ਪਤੀਆਂ) ਦੀ ਤਲਾਸ਼ ਵਿਚ ਆਈਆਂ। ਉਨ੍ਹਾਂ ਦੇ ਤਿੰਨ ਰੂਪ ਪ੍ਰਮੁੱਖ ਰਹੇ: ਮਹਿਲਾ ਵਪਾਰੀ, ਸ਼ਰੀਫ਼ਜ਼ਾਦੀਆਂ (ਭਾਵ ਜਹਾਜ਼ੀ ਅਫ਼ਸਰਾਂ ਦੀਆਂ ਪਤਨੀਆਂ/ਧੀਆਂ ਤੇ ਉਨ੍ਹਾਂ ਦੀਆਂ ਸੇਵਿਕਾਵਾਂ) ਅਤੇ ਚੰਚਲ ਸ਼ੋਖ਼ ਹਸੀਨਾਵਾਂ (ਭਾਵ ਤਵਾਇਫ਼ਾਂ)। ਇਹ ਮਹਿਲਾਵਾਂ ਉਦੋਂ ਵੀ ਆਈਆਂ ਜਦੋਂ ਉਨ੍ਹਾਂ ਦੇ ਆਉਣ ਦੀ ਇਜਾਜ਼ਤ ਨਹੀਂ ਸੀ; ਅਤੇ ਜਦੋਂ ਇਜਾਜ਼ਤ ਮਿਲ ਗਈ ਤਾਂ ਪੂਰੇ ਨਾਜ਼-ਨਖ਼ਰਿਆਂ ਨਾਲ ਆਈਆਂ। ਇਨ੍ਹਾਂ ਨਾਜ਼-ਨਖ਼ਰਿਆਂ ਨੇ ਹੀ ‘ਮੇਮਸਾਹਿਬ’ ਦੇ ਸੰਕਲਪ ਨੂੰ ਜਨਮ ਦਿੱਤਾ। ਉਂਜ, ਇਹ ਰੁਤਬਾ ਸੰਭਵ ਬਣਾਉਣ ਲਈ ਇਨ੍ਹਾਂ ਇਸਤਰੀਆਂ ਨੂੰ ਕੁਰਬਾਨੀਆਂ ਵੀ ਬੇਪਨਾਹ ਦੇਣੀਆਂ ਪਈਆਂ।
ਈਸਟ ਇੰਡੀਆ ਕੰਪਨੀ ਦੀ ਭਾਰਤ ਵਿਚ ਪਹਿਲੀ ਤਜਾਰਤੀ ਚੌਕੀ 1600 ਵਿਚ ਸਥਾਪਿਤ ਹੋਈ। ਇਸ ਚੌਕੀ ਵਿਚ 17 ਸਾਲ ਬਾਅਦ ਭਾਵ 1617 ਵਿਚ ਪਹਿਲੀ ਵਾਰ ਤਿੰਨ ਬਰਤਾਨਵੀ ਬੀਬੀਆਂ ਨੇ ਚਰਨ ਪਾਏ। ਇਨ੍ਹਾਂ ਦੇ ਨਾਮ ਸਨ: ਮਿਸਿਜ਼ ਟਾਵਰਸਨ, ਫਰੈਂਸਿਜ਼ ਵੈੱਬ-ਸਟੀਲ ਅਤੇ ਮਿਸਿਜ਼ ਹਡਸਨ। ਮਿਸਿਜ਼ ਟਾਵਰਸਨ ਜਹਾਜ਼ ‘ਨਿਊ ਯੀਅਰ ਗਿਫ਼ਟ’ ਦੇ ਕਪਤਾਨ ਟਾਵਰਸਨ ਦੀ ਪਤਨੀ ਸੀ। ਮਿਸਿਜ਼ ਹਡਸਨ ਨੂੰ ਉਸ ਦੀ ਖ਼ਿਦਮਤਗਾਰ ਦੇ ਰੂਪ ਵਿਚ ਜਹਾਜ਼ ’ਤੇ ਦਾਖ਼ਲਾ ਮਿਲਿਆ। ਫਰੈਂਸਿਜ਼ ਵੈੱਬ ਕਿਵੇਂ ਜਹਾਜ਼ ’ਚ ਪਹੁੰਚ ਗਈ, ਇਹ ਰਾਜ਼ ਅੱਜ ਵੀ ਇਕ ਰਾਜ਼ ਹੈ ਕਿਉਂਕਿ ਉਸ ਯੁੱਗ ਦੇ ਸਾਰੇ ਕਾਗਜ਼ਾਤ ਕਿਤੋਂ ਵੀ ਨਹੀਂ ਮਿਲ ਰਹੇ। ਇਹ ਵੱਖਰੀ ਗੱਲ ਹੈ ਕਿ ਸਾਰੇ ਜਹਾਜ਼ੀਆਂ ਲਈ ‘ਸੰਕਟ’ ਫਰੈਂਸਿਜ਼ ਵੈੱਬ ਨੇ ਖੜ੍ਹਾ ਕੀਤਾ। ਉਹ ਹਾਮਲਾ ਹੋ ਗਈ। ਈਸਟ ਇੰਡੀਆ ਕੰਪਨੀ ਦੇ ਦਸਤਾਵੇਜ਼ਾਂ ਅਨੁਸਾਰ ਜਦੋਂ ‘ਨਿਊ ਯੀਅਰ ਗਿਫ਼ਟ’ ਭਾਰਤੀ ਸਾਹਿਲ ਤੋਂ ‘ਮਹੀਨੇ ਭਰ ਦੀ ਦੂਰੀ’ ਉੱਤੇ ਸੀ ਤਾਂ ਫਰੈਂਸਿਜ਼ ਵੈੱਬ ਨੇ ਦੋ ਜੌੜੇ ਬੱਚਿਆਂ ਨੂੰ ਜਨਮ ਦਿੱਤਾ ਜਿਹੜੇ ਬਚ ਨਾ ਸਕੇ। ਕਪਤਾਨ ਟਾਵਰਸਨ ਨੂੰ ਸ਼ਾਹੀ ਹੁਕਮਾਂ ਕਾਰਨ ਜਾਂਚ-ਪੜਤਾਲ ਕਰਵਾਉਣੀ ਪਈ। ਇਸ ਤੋਂ ਇਹ ਤੱਥ ਸਾਹਮਣੇ ਆਇਆ ਕਿ ਬੱਚਿਆਂ ਦਾ ਪਿਤਾ ਮਲੂਕ ਜਿਹਾ ਜਾਪਣ ਵਾਲਾ ਵਪਾਰੀ ਰਿਚਰਡ ਸਟੀਲ ਸੀ। ਖ਼ੈਰ, ਸੂਰਤ ਸਥਿਤ ਛੜਿਆਂ ਦੀ ਢਾਣੀ ’ਚ ਤਿੰਨ ਇਸਤਰੀਆਂ ਦੇ ਆ ਪੁੱਜਣ ਤੋਂ ਨਿੱਤ ਨਵੇਂ ਪੰਗੇ ਪੈਣੇ ਸੁਭਾਵਿਕ ਸਨ। ਲਿਹਾਜ਼ਾ, ਤਿੰਨਾਂ ਨੂੰ ਢਾਣੀ ਤੋਂ ਬਾਹਰ ਰਿਹਾਇਸ਼ ਰੱਖੇ ਜਾਣ ਦੇ ਹੁਕਮ ਦਿੱਤੇ ਗਏ। ਮਿਸਿਜ਼ ਹਡਸਨ ਆਪਣੇ ਨਾਲ 100 ਪੌਂਡ ਲੈ ਕੇ ਆਈ ਸੀ। ਉਹ ਖ਼ਿਦਮਤਗ਼ਾਰੀ ਛੱਡ ਕੇ ਨੀਲ ਦਾ ਵਪਾਰ ਕਰਨ ਵਾਸਤੇ ਦ੍ਰਿੜ੍ਹ ਸੀ, ਪਰ ਉਸ ਨੂੰ ਨੀਲ ਦੀ ਥਾਂ ਕੱਪੜੇ ਦਾ ਕਾਰੋਬਾਰ ਕਰਨ ਦੀ ਇਜਾਜ਼ਤ ਹੀ ਮਿਲੀ। ਖ਼ੈਰ, ਉਹ ਚੰਗੀ ਵਪਾਰੀ ਸਾਬਿਤ ਹੋਈ। ਢਾਈ ਦਹਾਕਿਆਂ ਵਿਚ ਸ਼ਾਹਣੀ ਬਣ ਕੇ ਵਤਨ ਪਰਤ ਗਈ।
ਕੰਪਨੀ ਨੇ 1667 ਵਿਚ ਆਪਣੇ ਬੰਬਈ ਸਥਿਤ ਅੱਡੇ ਵਿਚ ਬ੍ਰਿਟਿਸ਼ ਇਸਤਰੀਆਂ ਨੂੰ ਵਸਾਏ ਜਾਣ ਦੀ ਖੁੱਲ੍ਹ ਦੇ ਦਿੱਤੀ। ਇਹ ਖੁੱਲ੍ਹ ਮਜਬੂਰੀਵੱਸ ਦਿੱਤੀ ਗਈ ਕਿਉਂਕਿ ਅਜਿਹਾ ਕੀਤੇ ਬਿਨਾਂ ਬੰਬਈ ਦਾ ਕਾਰੋਬਾਰੀ ਨਗਰੀ ਵਜੋਂ ਫਲਣਾ-ਫੁਲਣਾ ਸੰਭਵ ਨਹੀਂ ਸੀ। ਬਰਤਾਨਵੀ ਇਸਤਰੀਆਂ ਦੇ ਉੱਥੇ ਜਾ ਵਸਣ ਲਈ ਸਿਰਫ਼ ਇਕ ਸ਼ਰਤ ਰੱਖੀ ਗਈ। ਉਹ ਕਿਸੇ ਹੋਰ ਮੁਲਕ (ਭਾਵ ਪੁਰਤਗਾਲ ਜਾਂ ਹਾਲੈਂਡ) ਦੇ ਨਾਗਰਿਕ ਨਾਲ ਵਿਆਹ ਨਹੀਂ ਕਰਵਾ ਸਕਣਗੀਆਂ ਅਤੇ ‘‘ਬ੍ਰਿਟਿਸ਼ ਇਖ਼ਲਾਕੀ ਕਦਰਾਂ ਦੀਆਂ ਪਾਬੰਦ ਰਹਿਣਗੀਆਂ।’’ ਅਜਿਹੇ ਹੁਕਮਾਂ ਨਾਲ ਬ੍ਰਿਟਿਸ਼ ਇਸਤਰੀਆਂ ਦੇ ਭਾਰਤ ਜਾਣ ਦੇ ਦਰ ਪੂਰੀ ਤਰ੍ਹਾਂ ਖੁੱਲ੍ਹ ਗਏ। ਪੁਸਤਕ ਵਿਚ ‘ਮੇਮਸਾਹਿਬ’ ਵਾਲਾ ਹੈਂਕੜਵਾਨ ਅਕਸ ਸਥਾਪਤ ਕਰਨ ਅਤੇ ਭਾਰਤੀਆਂ ਪ੍ਰਤੀ ਨਸਲੀ ਵਿਤਕਰਿਆਂ ਨੂੰ ਹਵਾ ਦੇਣ ਵਿਚ ਜਿੱਥੇ ਹੈਨਰੀਏਟਾ ਕਲਾਈਵ (ਪਲਾਸੀ ਦੀ ਲੜਾਈ ਰਾਹੀਂ ਭਾਰਤ ਵਿਚ ਬ੍ਰਿਟਿਸ਼ ਸਾਮਰਾਜ ਦਾ ਮੁੱਢ ਬੰਨ੍ਹਣ ਵਾਲੇ ਰੌਬਰਟ ਕਲਾਈਵ ਦੀ ਨੂੰਹ) ਤੇ ਪਹਿਲੇ ਗਵਰਨਰ ਜਨਰਲ ਵਾਰੈੱਨ ਹੇਸਟਿੰਗਜ਼ ਦੀ ਪਤਨੀ ਮੇਰੀਅਨ ਹੇਸਟਿੰਗਜ਼ ਦੀਆਂ ਭੂਮਿਕਾਵਾਂ ਦਾ ਵਿਸ਼ਲੇਸ਼ਣ ਕੀਤਾ ਗਿਆ ਹੈ, ਉੱਥੇ ‘ਬੇਟੀ ਪੜ੍ਹਾਓ’ ਦਾ ਸੰਕਲਪ ਉਭਾਰਨ ਅਤੇ ਸਰਕਾਰੀ ਸੇਵਾਵਾਂ ਵਿਚ ਇਸਤਰੀਆਂ ਦੇ ਦਾਖ਼ਲੇ ਦਾ ਰਾਹ ਖੋਲ੍ਹਣ ਵਿਚ ਕੁਝ ਬ੍ਰਿਟਿਸ਼ ਇਸਤਰੀਆਂ ਦੇ ਸਾਰਥਕ ਰੋਲ ਨੂੰ ਵੀ ਪੇਸ਼ ਕੀਤਾ ਗਿਆ ਹੈ।

ਸੁਰਿੰਦਰ ਸਿੰਘ ਤੇਜ

ਇਸੇ ਪ੍ਰਸੰਗ ਵਿਚ ਫਲੋਰਾ ਐਨੀ ਸਟੀਲ ਤੇ ਉਸਦੀ ਸਹੇਲੀ ਗਰੇਸ ਗਾਰਡੀਨਰ ਦਾ ਯੋਗਦਾਨ ਵਿਸ਼ੇਸ਼ ਤੌਰ ’ਤੇ ਵਰਨਣ ਯੋਗ ਹੈ। 1870ਵਿਆਂ ਤੇ 80ਵਿਆਂ ਵਿਚ ਭਾਰਤ ਵਿਚ ਆਪਣੇ 22 ਵਰ੍ਹਿਆਂ ਦੇ ਕਿਆਮ ਦੌਰਾਨ ਫਲੋਰਾ ਸਟੀਲ ਨੇ ਦੋ ਦਰਜਨ ਦੇ ਕਰੀਬ ਕਿਤਾਬਾਂ ਲਿਖੀਆਂ ਜਿਨ੍ਹਾਂ ਵਿਚੋਂ ਇਕ ਦਰਜਨ ਨਾਵਲ ਸਨ। ਉਹ ਆਪਣੇ ਆਈਸੀਐੱਸ ਪਤੀ ਹੈਨਰੀ ਵਿਲੀਅਮ ਸਟੀਲ ਨਾਲ 22 ਵਰ੍ਹਿਆਂ ਤਕ ਭਾਰਤ ਰਹੀ। ਸਭ ਤੋਂ ਪਹਿਲਾ ਕਿਆਮ ਲੁਧਿਆਣਾ ਵਿਚ ਰਿਹਾ। ਇੱਥੇ ਉਸ ਨੇ ਆਪਣੀ ਕੋਠੀ ਵਿਚ ਭਾਰਤੀ ਬੱਚੀਆਂ ਲਈ ਸਕੂਲ ਸ਼ੁਰੂ ਕੀਤਾ। ਫਿਰ ਉਹ ਕਸੂਰ ਤੇ ਸਿਆਲਕੋਟ ਰਹੀ। ਬਾਅਦ ਵਿਚ ਕੁਝ ਵਰ੍ਹੇ ਸ਼ਿਮਲੇ ਬਿਤਾਏ। ਲੁਧਿਆਣੇ ਤੇ ਕਸੂਰ ਰਹਿੰਦਿਆਂ ਉਸ ਨੇ ਪੰਜਾਬੀ ਤੇ ਉਰਦੂ ਸਿੱਖੀ। ਇਸੇ ਸਦਕਾ ਅੰਗਰੇਜ਼ੀ ਵਿਚ ਪੰਜਾਬੀ ਲੋਕ ਕਥਾਵਾਂ ਦੀ ਕਿਤਾਬ ‘ਟੇਲਜ਼ ਆਫ ਪੰਜਾਬ’ ਵਜੂਦ ਵਿਚ ਆਈ। ਇਹ ਕਿਤਾਬ ਹੁਣ ਵੀ ਉਪਲੱਬਧ ਹੈ।
* * *
ਪੂਰਨ ਸਿੰਘ ਯੂ.ਕੇ. ਦੀਆਂ ਲਿਖਤਾਂ ਨਾਲ ਜਾਣ-ਪਛਾਣ ਵਾਸਤੇ ਮੈਂ ਹਰਿਆਣਾ ਦੇ ਚੀਫ਼ ਪੋਸਟ-ਮਾਸਟਰ ਜਨਰਲ, ਕਰਨਲ ਸੁਖਦੇਵ ਰਾਜ ਦਾ ਰਿਣੀ ਹਾਂ। ਉਨ੍ਹਾਂ ਨੇ ‘ਸੋਚ ਦਾ ਸਫ਼ਰ’ ਪੁਸਤਕ ਭੇਜ ਕੇ ਅਤੇ ਇਸ ਨੂੰ ਪੜ੍ਹਨ ਲਈ ਪ੍ਰੇਰ ਕੇ ਇਸ ਮਹਾਨ ਦਾਰਸ਼ਨਿਕ ਦੀ ਸੋਚ ਤੇ ਸੁਹਜ ਦੇ ਮੈਨੂੰ ਦੀਦਾਰੇ ਕਰਵਾਏ। ਪੂਰਨ ਸਿੰਘ ਦੀ ਇਕ ਹੋਰ ਪੁਸਤਕ ‘ਪਰਲੋਕ ਦਾ ਭਰਮ’ (ਸਾਤਵਿਕ ਬੁੱਕਸ; 150 ਰੁਪਏ; 240 ਪੰਨੇ) ਮੈਂ ਹਾਲ ਹੀ ’ਚ ਪੜ੍ਹੀ ਹੈ। 2015 ਵਿਚ ਛਪੀ ਇਹ ਪੁਸਤਕ ਪੂਰਨ ਸਿੰਘ ਦੀ ਵਿਦਵਤਾ, ਚਿੰਤਨਸ਼ੀਲਤਾ ਤੇ ਤਰਕਸ਼ੀਲਤਾ ਦਾ ਸੁਮੇਲ ਪੇਸ਼ ਕਰਦੀ ਹੈ। ਇਸ ਵਿਚ 29 ਨਿਬੰਧ ਸ਼ਾਮਲ ਹਨ ਜੋ ਕਿ ‘ਪਰਲੋਕ ਦੇ ਭਰਮ’ ਨਾਲ ਜੁੜੇ ਸਵਾਲਾਂ ਤੇ ਸੰਸਿਆਂ ਦਾ ਤਾਰਕਿਕ ਢੰਗ ਨਾਲ ਨਿਵਾਰਣ ਕਰਦੇ ਹਨ। ਮੈਨੂੰ ਕੁਝ ਸਤਰਾਂ ਬੇਹੱਦ ਆਕਰਸ਼ਕ ਲੱਗੀਆਂ। ਦੋ ਮਿਸਾਲਾਂ ਪੇਸ਼ ਹਨ:
‘‘ਅਗਿਆਨ ਸਰਵ-ਵਿਆਪਕ ਹੈ, ਇਸ ਲਈ ਅਗਿਆਨੀ ਹੋਣਾ ਮਿਹਣੇ ਜਾਂ ਸ਼ਰਮਸਾਰੀ ਵਾਲੀ ਗੱਲ ਨਹੀਂ। ਅਗਿਆਨ ਦੀ ਉਪਜਾਊ ਧਰਤੀ ਵਿਚ ਹੀ ਜਗਿਆਸਾ ਅਤੇ ਸ਼ਰਧਾ ਦੇ ਸੰਜੋਗ ਨਾਲ ਗਿਆਨ ਦੀ ਫ਼ਸਲ ਉੱਗਦੀ ਹੈ।’’ … ‘‘ਆਧੁਨਿਕ ਯੁੱਗ ਵਿਚ ਸਿਆਸੀ ਅਤੇ ਧਾਰਮਿਕ, ਦੋ ਵੰਡਾਂ ਹੋਰ ਸਾਰੀਆਂ ਨਾਲੋਂ ਵੱਧ ਪਰਮੁੱਖ ਤੇ ਮਹੱਤਵਪੂਰਣ ਹਨ। ਇਹ ਦੋ ਵੰਡਾਂ ਆਪਣੇ ਜਨਮ ਤੋਂ ਹੀ ਵਿਰੋਧਾਂ ਤੇ ਕਲੇਸ਼ਾਂ ਦਾ ਕਾਰਨ ਬਣਦੀਆਂ ਆਈਆਂ ਹਨ।’’
ਪੁਸਤਕ ਦੀ ਭੂਮਿਕਾ ਵਿਚ ਧਿਆਨ ਸਿੰਘ ਸ਼ਾਹ ਸਿਕੰਦਰ, ਰਹਿਮਤ ਕੱਵਾਲ ਵੱਲੋਂ ਗਾਏ ਗਏ ਇਕ ਸ਼ਿਅਰ ‘ਇਬਾਦਤ ਕੇ ਬਦਲੇ ਹੂਰੇਂ ਮਿਲੇਂਗੀ, ਤਜਾਰਤ ਨਹੀਂ ਹੈ ਤੋ ਫ਼ਿਰ ਔਰ ਕਿਆ ਹੈ’ ਦਾ ਹਵਾਲਾ ਦੇ ਕੇ ਲਿਖਦੇ ਹਨ ਕਿ ਪੂਰਨ ਸਿੰਘ ਦੇ ‘‘ਵਿਚਾਰਾਂ ਨੂੰ ਪੜ੍ਹ ਕੇ, ਘੋਖ ਕੇ, ਅਸੀਂ ਆਪਣੇ ਆਪ ਨੂੰ, ਅੱਗੇ ਨਾਲੋਂ ਸਿਆਣੇ ਹੋ ਗਏ ਅਨੁਭਵ ਕਰਦੇ ਹਾਂ।’’ ਇਹੋ ਹੀ ਇਸ ਪੁਸਤਕ ਦੀ ਅਸਲ ਪ੍ਰਾਪਤੀ ਹੈ।
* * *
ਫਿਲਮ ਤੇ ਟੀਵੀ ਅਦਾਕਾਰ (ਮਰਹੂਮ) ਟੌਮ ਆਲਟਰ ਦੀ ਇਕ ਪੁਰਾਣੀ ਇੰਟਰਵਿਊ ਹਾਲ ਹੀ ਵਿਚ ਸੁਣੀ। ਉਸ ਦਾ ਸ਼ਿਕਵਾ ਸੀ ਕਿ ਉਸ ਦੀ (ਗੋਰਿਆਂ ਵਾਲੀ) ਸੂਰਤ ਨੇ ਉਸ ਨੂੰ ਫਿਲਮ ਅਦਾਕਾਰ ਵਜੋਂ ਉਹ ਮੁਕਾਮ ਨਹੀਂ ਹਾਸਲ ਹੋਣ ਦਿੱਤਾ ਜਿਸ ਦਾ ਉਹ ਹੱਕਦਾਰ ਸੀ। ਇਹ ਸ਼ਿਕਵਾ ਬਿਲਕੁਲ ਸਹੀ ਹੈ। ਸੂਰਤ ਕਾਰਨ ਹੀ ਟੌਮ ਨਿੱਕੀਆਂ ਨਿੱਕੀਆਂ ਭੂਮਿਕਾਵਾਂ ਤਕ ਸੀਮਤ ਹੋ ਕੇ ਰਹਿ ਗਿਆ। ਇਨ੍ਹਾਂ ਭੂਮਿਕਾਵਾਂ ਕਾਰਨ ਹੀ ਉਸ ਨੂੰ ਹਿੰਦੀ/ਉਰਦੂ ਅੰਗਰੇਜ਼ੀਨੁਮਾ ਢੰਗ ਨਾਲ ਬੋਲਣੀ ਪਈ ਹਾਲਾਂਕਿ ਉਹ ਇਨ੍ਹਾਂ ਦੋਵਾਂ ਜ਼ੁਬਾਨਾਂ ਨੂੰ ਸਾਡੇ ਨਾਲੋਂ ਬਿਹਤਰ ਢੰਗ ਨਾਲ ਬੋਲ ਤੇ ਲਿਖ ਲੈਂਦਾ ਸੀ ਅਤੇ ਉਰਦੂ ਵਿਚ ਤਾਂ ਸ਼ਾਇਰੀ ਵੀ ਕਰਦਾ ਸੀ। ਬਹੁਤ ਘੱਟ ਲੋਕ ਜਾਣਦੇ ਹਨ ਕਿ ਟੌਮਸ ਬੀਚ ਆਲਟਰ ਨੂੰ ਪੰਜਾਬੀ ਦਾ ਵੀ ਗਿਆਨ ਸੀ ਅਤੇ ਪੰਜਾਬ ਨਾਲ ਉਸ ਦਾ ਰਿਸ਼ਤਾ ਵੀ ਚੋਖਾ ਪੁਰਾਣਾ ਸੀ। ਉਸ ਦੇ ਪਿਤਾ ਅਮਰੀਕੀ ਮਿਸ਼ਨਰੀ ਸਨ ਜਿਨ੍ਹਾਂ ਦਾ ਜਨਮ ਸਿਆਲਕੋਟ ਵਿਚ ਹੋਇਆ ਸੀ। ਦਰਅਸਲ, ਟੌਮ ਦੇ ਦਾਦਾ ਤੇ ਦਾਦੀ 1900ਵਿਆਂ ਦੇ ਸ਼ੁਰੂ ਵਿਚ ਮਿਸ਼ਨਰੀਆਂ ਦੇ ਰੂਪ ਵਿਚ ਭਾਰਤ ਆਏ ਸਨ ਅਤੇ ਮਦਰਾਸ ਤੋਂ ਸਿੱਧਾ ਲਾਹੌਰ ਪੁੱਜੇ ਸਨ। ਜਦੋਂ ਭਾਰਤ ਦੀ ਵੰਡ ਹੋਈ ਤਾਂ ਟੌਮ ਦਾ ਪਰਿਵਾਰ ਵੀ ਵੰਡਿਆ ਗਿਆ। ਦਾਦਾ-ਦਾਦੀ ਨੇ ਲਾਹੌਰ ਰਹਿਣਾ ਪਸੰਦ ਕੀਤਾ, ਟੌਮ ਦੇ ਪਿਤਾ ਨੇ ਭਾਰਤ ਚੁਣਿਆ। ਉਹ ਆਪਣੀ ਪਤਨੀ ਸਮੇਤ ਰਾਜਪੁਰ (ਮਸੂਰੀ ਦੇ ਨੇੜੇ) ਆ ਟਿਕੇ। ਉੱਥੇ ਹੀ 22 ਜੂਨ 1950 ਨੂੰ ਟੌਮ ਦਾ ਜਨਮ ਹੋਇਆ।
ਟੌਮ ਨੂੰ ਮਾਪਿਆਂ ਨੇ ਉੱਚ ਸਿੱਖਿਆ ਲਈ ਯੇਲ (ਅਮਰੀਕਾ) ਭੇਜਿਆ ਸੀ, ਪਰ ਉਹ ਸਾਲ ਬਾਅਦ ਪੜ੍ਹਾਈ ਛੱਡ ਕੇ ‘ਵਤਨ’ ਪਰਤ ਆਇਆ। ਉਸ ਨੇ ਜਗਾਧਰੀ (ਹਰਿਆਣਾ) ਦੇ ਸੇਂਟ ਥੌਮਸ ਸਕੂਲ ’ਚ ਅਧਿਆਪਕ ਤੇ ਕ੍ਰਿਕਟ ਕੋਚ ਵਜੋਂ ਨੌਕਰੀ ਕਰ ਲਈ। ਇਸ ਨੌਕਰੀ ਦੌਰਾਨ ਉਸ ਨੇ ਯਮੁਨਾਨਗਰ ਦੇ ਡਿੰਪਲ ਥੀਏਟਰ ’ਚ ਫਿਲਮ ‘ਆਰਾਧਨਾ’ ਇਕ ਨਹੀਂ, ਪੰਜ ਵਾਰ ਦੇਖੀ। ਰਾਜੇਸ਼ ਖੰਨਾ ਦੀ ਅਦਾਕਾਰੀ ਨੇ ਉਸ ਦੇ ਮਨ ਵਿਚ ਵੀ ਅਦਾਕਾਰ ਬਣਨ ਦੀ ਇੱਛਾ ਜਗਾ ਦਿੱਤੀ। ਇਹੀ ਚਾਹਤ ਉਸ ਨੂੰ ਪੁਣੇ ਦੇ ਫਿਲਮ ਇੰਸਟੀਟਿਊਟ ਲੈ ਗਈ।
ਟੌਮ ਫਿਲਮਾਂ ਤੋਂ ਇਲਾਵਾ ਕ੍ਰਿਕਟ ਅਤੇ ਕਈ ਹੋਰ ਖੇਡਾਂ ਦੀ ਦੀਵਾਨਾ ਸੀ। ਉਹ ਟੈਲੀਵਿਜ਼ਨ ’ਤੇ ਹਿੰਦੀ ਵਿਚ ਕ੍ਰਿਕਟ ਕੁਮੈਂਟਰੀ ਵੀ ਕਰਦਾ ਰਿਹਾ ਅਤੇ ਅੰਗਰੇਜ਼ੀ ਅਖ਼ਬਾਰਾਂ ਵਿਚ ਕ੍ਰਿਕਟ ਬਾਰੇ ਲਿਖਦਾ ਵੀ ਰਿਹਾ। ਮਸੂਰੀ ਵਿਚ ਰਹਿੰਦੇ ਉਸ ਦੇ ਇਕ ਦੋਸਤ ਵੱਲੋਂ ਹੁਣ ਇਨ੍ਹਾਂ ਲਿਖਤਾਂ ਨੂੰ ਪੁਸਤਕ ਦਾ ਰੂਪ ਦਿੱਤਾ ਜਾ ਰਿਹਾ ਹੈ। ਇਹ ਪੁਸਤਕ ਟੌਮ ਦੀ ਬਹੁ-ਪੱਖੀ ਸ਼ਖ਼ਸੀਅਤ ਨੂੰ ਸੱਚੀ ਅਕੀਦਤ ਹੋਵੇਗੀ।


Comments Off on ਮੇਮਸਾਹਿਬਾਂ ਦਾ ਦੌਰ: ਦਸ਼ਾ ਤੇ ਦਿਸ਼ਾ
1 Star2 Stars3 Stars4 Stars5 Stars (No Ratings Yet)
Loading...
Both comments and pings are currently closed.

Comments are closed.

Manav Mangal Smart School
Available on Android app iOS app
Powered by : Mediology Software Pvt Ltd.