ਅਯੁੱਧਿਆ ਕੇਸ: ਸਾਰੇ ਸਵਾਲ ਸਾਡੇ ਤੋਂ ਹੀ ਕਿਉਂ? !    ਜਾਪਾਨ ’ਚ ਸਮੁੰਦਰੀ ਤੂਫ਼ਾਨ ਨਾਲ ਮਰਨ ਵਾਲਿਆਂ ਦੀ ਗਿਣਤੀ 56 ਹੋਈ !    ਆਵਲਾ ਖ਼ਿਲਾਫ਼ ਚੋਣ ਕਮਿਸ਼ਨ ਕੋਲ ਸ਼ਿਕਾਇਤ !    ਅਕਾਲੀ ਦਲ ਦਾ ਰਾਜਸੀ ਵਿੰਗ ਹੈ ਸ਼੍ਰੋਮਣੀ ਕਮੇਟੀ: ਰੰਧਾਵਾ !    ਗੁਰਬੱਤ ਵੀ ਨਹੀਂ ਰੋਕ ਸਕੀ ਬੂਟ ਪਾਲਿਸ਼ ਵਾਲੇ ਸਨੀ ਦਾ ਰਾਹ !    ਪੁਲੀਸ ਵੱਲੋਂ ਪਿੰਡਾਂ ’ਚ ਤਲਾਸ਼ੀ ਮੁਹਿੰਮ ਜਾਰੀ !    ਪ੍ਰਕਾਸ਼ ਪੁਰਬ ਸਮਾਗਮਾਂ ਨੂੰ ਤਾਰਪੀਡੋ ਕਰ ਰਿਹੈ ਬਾਦਲ ਦਲ: ਸਰਨਾ !    ਪਾਦਰੀ ਕੇਸ: ਮੁਹਾਲੀ ਅਦਾਲਤ ਨੇ ਨਿਰਮਲ ਤੇ ਸੁਰਿੰਦਰਪਾਲ ਭਗੌੜੇ ਐਲਾਨੇ !    ਦਿੱਲੀ ਦੇ ਚਾਰ ਸਟੇਡੀਅਮ ਸਾਰਿਆਂ ਲਈ ਖੋਲ੍ਹਣ ਦਾ ਫ਼ੈਸਲਾ !    ਪੰਜਾਬ ਨੇ ਕੌਮੀ ਸੀਨੀਅਰ ਤੇ ਜੂਨੀਅਰ ਗਤਕਾ ਚੈਂਪੀਅਨਸ਼ਿਪ ਜਿੱਤੀ !    

ਮੇਮਣੇ ਦੀ ਸਮਝਦਾਰੀ

Posted On June - 29 - 2019

ਬਾਲ ਕਹਾਣੀ

ਰਘੁਵੀਰ ਸਿੰਘ ਕਲੋਆ

ਬੜੀ ਪੁਰਾਣੀ ਗੱਲ ਹੈ, ਜੰਗਲ ਵਿਚ ਬਹੁਤ ਚਾਲਾਕ ਭੇੜੀਆ ਰਹਿੰਦਾ ਸੀ। ਇਹ ਭੇੜੀਆ ਜਿਸ ਛੋਟੀ ਜਿਹੀ ਪਹਾੜੀ ’ਤੇ ਰਹਿੰਦਾ ਸੀ, ਉਸ ਦੇ ਬਿਲਕੁਲ ਹੇਠਾਂ ਵੱਲ ਭੇਡ-ਬੱਕਰੀਆਂ ਦਾ ਇਕ ਝੁੰਡ ਵੀ ਰਹਿੰਦਾ ਸੀ। ਉਚਾਈ ਤੋਂ ਇਨ੍ਹਾਂ ਭੇਡ-ਬੱਕਰੀਆਂ ਨੂੰ ਤਾੜਦਾ ਇਕ ਭੇੜੀਆ ਅਕਸਰ ਇਨ੍ਹਾਂ ਦੇ ਮਾਸੂਮ ਬੱਚਿਆਂ ਨੂੰ ਆਪਣਾ ਸ਼ਿਕਾਰ ਬਣਾ ਲੈਂਦਾ। ਵੱਡੇ ਭੇਡੂ ਆਪਣੇ ਵੱਲੋਂ ਬਹੁਤ ਨਿਗਰਾਨੀ ਰੱਖਦੇ, ਪਰ ਚਾਲਾਕ ਭੇੜੀਆ ਤਾਂ ਵੀ ਕਦੇ ਨਾ ਕਦੇ ਆਪਣਾ ਦਾਅ ਲਾ ਹੀ ਲੈਂਦਾ।
ਇਸ ਝੁੰਡ ਵਿਚ ਹੁਣ ਇਕ ਨਵੇਂ ਮੇਮਣੇ ਨੇ ਜਨਮ ਲਿਆ ਸੀ। ਇਹ ਮੇਮਣਾ ਬਹੁਤ ਪਿਆਰਾ ਸੀ ਤੇ ਸਾਰੇ ਇਸ ਦਾ ਬਹੁਤ ਖਿਆਲ ਰੱਖਦੇ। ਜਦੋਂ ਇਹ ਮੇਮਣਾ ਤਿੰਨ-ਚਾਰ ਮਹੀਨਿਆਂ ਦਾ ਹੋਇਆ ਤਾਂ ਟਪੂਸੀਆਂ ਮਾਰ ਝੱਟ ਇੱਧਰੋਂ ਉੱਧਰ ਭੱਜ ਜਾਂਦਾ। ਭੇੜੀਏ ਦੇ ਡਰ ਤੋਂ ਅਣਜਾਣ ਇਹ ਮੇਮਣਾ ਸਾਹਮਣੇ ਵਾਲੀ ਪਹਾੜੀ ਵੱਲ ਵੇਖ ਕੇ ਆਪਣੀ ਮਾਂ ਨੂੰ ਕਹਿਣ ਲੱਗਾ ‘ਮਾਂ! ਮੇਰਾ ਚਿੱਤ ਕਰਦਾ ਕਿ ਮੈਂ ਉਸ ਉੱਚੀ ਪਹਾੜੀ ਦੀ ਚੋਟੀ ’ਤੇ ਜਾਵਾਂ ਤੇ ਉੱਥੇ ਖੜ੍ਹਾ ਹੋ ਕੇ ਚੁਫ਼ੇਰਾ ਵੇਖਾਂ।’ ਉਸ ਦੀ ਇਹ ਗੱਲ ਸੁਣ ਕੇ ਉਸ ਦੀ ਮਾਂ ਨੇ ਉਸਨੂੰ ਸਮਝਾਇਆ, ‘ਨਾ ਪੁੱਤ! ਤੂੰ ਉੱਥੇ ਜਾਣ ਦਾ ਸੋਚੀਂ ਵੀ ਨਾ, ਉੱਥੇ ਇਕ ਬਹੁਤ ਖੂੰਖਾਰ ਭੇੜੀਆ ਰਹਿੰਦਾ ਹੈ। ਇਹੀ ਗੱਲ ਮੇਮਣੇ ਨੂੰ ਬਾਕੀਆਂ ਨੇ ਵੀ ਸਮਝਾਈ, ਪਰ ਮੇਮਣੇ ’ਤੇ ਇਸ ਦਾ ਬਹੁਤਾ ਅਸਰ ਨਾ ਹੋਇਆ। ਉਹ ਜਦੋਂ ਵੀ ਪਹਾੜੀ ਦੀ ਚੋਟੀ ਵੱਲ ਵੇਖਦਾ ਤਾਂ ਉਸ ਦਾ ਮਨ ਉੱਥੇ ਜਾਣ ਲਈ ਕਾਹਲਾ ਪੈਣ ਲੱਗਦਾ।
ਇਕ ਦਿਨ ਦੁਪਹਿਰ ਵੇਲੇ ਜਦੋਂ ਸਾਰਾ ਝੁੰਡ ਆਰਾਮ ਕਰ ਰਿਹਾ ਸੀ ਤਾਂ ਮੇਮਣਾ ਚੁੱਪ-ਚਪੀਤੇ ਉੱਥੋਂ ਖਿਸਕ ਗਿਆ। ਟਪੂਸੀਆਂ ਮਾਰਦਾ ਉਹ ਝੱਟ ਹੀ ਪਹਾੜੀ ਦੀ ਚੜ੍ਹਾਈ ਚੜ੍ਹਦਿਆਂ ਉਸ ਦੇ ਅੱਧ ਵਿਚਕਾਰ ਪਹੁੰਚ ਗਿਆ। ਉਸੇ ਵੇਲੇ ਉੱਥੇ ਬਣੀ ਪਗਡੰਡੀ ’ਤੇ ਸਾਹਮਣੇ ਤੋਂ ਭੇੜੀਆ ਆ ਰਿਹਾ ਸੀ। ਅਚਾਨਕ ਗੋਭਲੇ ਜਿਹੇ ਮੇਮਣੇ ਨੂੰ ਇਕੱਲਾ ਦੇਖ ਕੇ ਭੇੜੀਏ ਦੀਆਂ ਤਾਂ ਵਾਛਾਂ ਖਿੜ ਗਈਆਂ। ਇਸ ਤੋਂ ਪਹਿਲਾਂ ਕਿ ਭੇੜੀਆ ਉਸ ਉੱਪਰ ਹਮਲਾ ਕਰਦਾ, ਮੇਮਣਾ ਹੁਸ਼ਿਆਰੀ ਤੋਂ ਕੰਮ ਲੈਂਦਿਆਂ ਤੁਰੰਤ ਬੋਲ ਪਿਆ।
‘ਸ੍ਰੀ ਮਾਨ ਜੀ, ਨਮਸਕਾਰ! ਤੁਸੀਂ ਮੈਨੂੰ ਖਾ ਤਾਂ ਲੈਣਾ ਹੀ ਹੈ, ਕੀ ਤੁਸੀਂ ਮੇਰੀ ਇਕ ਇੱਛਾ ਪੂਰੀ ਕਰ ਸਕਦੇ ਹੋ?’
‘ਉਹ ਕਿਹੜੀ?’ ਭੇੜੀਏ ਨੇ ਹੈਰਾਨੀ ਨਾਲ ਪੁੱਛਿਆ। ‘ਜੀ, ਪਹਾੜੀ ਦੇ ਉਸ ਪਾਰ ਮੇਰੇ ਨਾਨਕੇ ਰਹਿੰਦੇ ਆ, ਮੈਂ ਇਕ ਵਾਰ ਉਨ੍ਹਾਂ ਨੂੰ ਮਿਲਣਾ ਚਾਹੁੰਦਾ।’ ਇਹ ਆਖ ਕੇ ਮੇਮਣਾ ਨਾਲ ਹੀ ਇਹ ਮੁਹਾਰਨੀ ਰਟਣ ਲੱਗਾ, ‘ਨਾਨਕੇ ਘਰ ਜਾਵਾਂਗਾ, ਮੋਟਾ ਹੋ ਕੇ ਆਵਾਂਗਾ।’ ਭੇੜੀਆ ਜੋ ਸਵੇਰ ਦੀ ਖੁਰਾਕ ਖਾ ਕੇ ਪਹਿਲਾਂ ਹੀ ਰੱਜਿਆ ਪਿਆ ਸੀ, ਨੇ ਸੋਚਿਆ ਕਿ ਕਿਉਂ ਨਾ ਇਸ ਨੂੰ ਇਕ ਵਾਰ ਇੱਥੋਂ ਲੰਘ ਜਾਣ ਦਿਆਂ ਕਿਉਂਕਿ ਵਾਪਸੀ ’ਤੇ ਤਾਂ ਇਸ ਨੂੰ ਫਿਰ ਇਸੇ ਰਸਤੇ ਤੋਂ ਮੁੜਨਾ ਪੈਣਾ, ਜਦੋਂ ਤਾਈਂ ਇਹ ਮੁੜ ਕੇ ਆਵੇਗਾ, ਮੈਨੂੰ ਵੀ ਦੁਬਾਰਾ ਭੁੱਖ ਲੱਗ ਜਾਣੀ ਹੈ। ਇਹ ਸੋਚ ਮੇਮਣੇ ਨੇ ਭੇੜੀਏ ਨੂੰ ਅੱਗੇ ਜਾਣ ਦਿੱਤਾ। ਉੱਥੋਂ ਲੰਘ ਕੇ ਜਦੋਂ ਮੇਮਣਾ ਪਹਾੜੀ ਦੀ ਚੋਟੀ ’ਤੇ ਪਹੁੰਚਿਆ ਤਾਂ ਚੁਫੇ਼ਰਾ ਦੇਖ ਕੇ ਉਹ ਬਹੁਤ ਖ਼ੁਸ਼ ਹੋਇਆ, ਪਰ ਹੁਣ ਉਸ ਨੂੰ ਵਾਪਸੀ ’ਤੇ ਰਸਤੇ ਵਿਚ ਬੈਠੇ ਭੇੜੀਏ ਦਾ ਡਰ ਸਤਾਉਣ ਲੱਗਾ। ਸਮਝਦਾਰੀ ਤੋਂ ਕੰਮ ਲੈਂਦਿਆਂ ਉਹ ਉੱਥੇ ਬੈਠ ਤਰਕੀਬਾਂ ਲਾਉਣ ਲੱਗਾ। ਉਸ ਦੀ ਨਜ਼ਰ ਉੱਥੇ ਪਏ ਇਕ ਪੁਰਾਣੇ ਢੋਲ ’ਤੇ ਪਈ ਜਿਸ ਦੀ ਖੱਲ ਇਕ ਪਾਸੇ ਤੋਂ ਉੱਧੜੀ ਪਈ ਸੀ। ਮੇਮਣਾ ਉਸ ਉੱਧੜੇ ਪਏ ਪਾਸੇ ਤੋਂ ਢੋਲ ਦੇ ਅੰਦਰ ਜਾ ਵੜਿਆ ਤੇ ਅੰਦਰੋਂ ਹੀ ਢੋਲ ਨੂੰ ਧੱਕਾ ਮਾਰ ਕੇ ਉਸ ਨੂੰ ਹੇਠਾਂ ਵੱਲ ਰੋੜ੍ਹ ਲਿਆ। ਰਿੜ੍ਹਦਾ ਢੋਲ ਉੱਚੀ-ਉੱਚੀ ਖੜਕਾ ਕਰਦਾ ਜਦੋਂ ਭੇੜੀਏ ਦੇ ਨੇੜੇ ਪੁੱਜਾ ਤਾਂ ਡਰ ਨਾਲ ਉਸ ਦਾ ਦਿਲ ਕੰਬਣ ਲੱਗਾ। ਉਹ ਢੋਲ ਭੇੜੀਏ ਦੇ ਬਿਲਕੁਲ ਨੇੜੇ ਪਹੁੰਚਿਆਂ ਤਾਂ ਇਕ ਪੱਥਰ ਦੀ ਟੱਕਰ ਕਾਰਨ ਉਹ ਉੱਥੇ ਹੀ ਰੁਕ ਗਿਆ। ਮਾਸ-ਖੋਰਾ ਭੇੜੀਆ ਜਿਉਂ ਹੀ ਢੋਲ ਵੱਲ ਵਧ ਉਸ ਨੂੰ ਸੁੰਘਣ ਲੱਗਾ ਤਾਂ ਅੰਦਰ ਬੈਠੇ ਮੇਮਣੇ ਨੇ ਇਹ ਆਖਦਿਆਂ ਢੋਲ ਨੂੰ ਜ਼ੋਰ-ਜ਼ੋਰ ਨਾਲ ਵਜਾਉਣਾ ਸ਼ੁਰੂ ਕਰ ਦਿੱਤਾ,
‘ਚੱਲ ਮੇਰੇ ਢੋਲਕ ਢੁੰਮਕ-ਢੂੰ, ਆ ਗਈ ਆਫ਼ਤ ਬਚ ਲੈ ਤੂੰ।’ ਹਿੱਲਜੁਲ ਨਾਲ ਢੋਲ ਦੁਬਾਰਾ ਰਿੜ੍ਹ ਪਿਆ ਤੇ ਉਸ ਦਾ ਤਾਲ ਵੀ ਉੱਚਾ ਹੋ ਗਿਆ। ਪਹਿਲਾਂ ਤੋਂ ਡਰਿਆ ਭੇੜੀਆ ਆਫ਼ਤ ਦਾ ਨਾਮ ਸੁਣ ਹੋਰ ਵੀ ਜ਼ਿਆਦਾ ਭੈਅ-ਭੀਤ ਹੋ ਗਿਆ ਤੇ ਉੱਥੋਂ ਤੇਜ਼ੀ ਨਾਲ ਭੱਜ ਉੱਠਿਆ। ਢੋਲ ’ਚ ਰੁੜ੍ਹਦਾ ਮੇਮਣਾ ਜਦੋਂ ਬਾਕੀ ਝੁੰਡ ਕੋਲ ਪਹੁੰਚਿਆ ਤਾਂ ਸਾਰੇ ਉਸ ਦੀ ਗੱਲ ਸੁਣ ਕੇ ਬਹੁਤ ਖ਼ੁਸ਼ ਹੋਏ। ਉਸ ਦਿਨ ਦਾ ਡਰਿਆ ਭੇੜੀਆ, ਉਹ ਇਲਾਕਾ ਹੀ ਛੱਡ ਕੇ ਸਦਾ ਲਈ ਕਿਤੇ ਦੂਰ ਚਲਾ ਗਿਆ।

ਸੰਪਰਕ: 98550-24495


Comments Off on ਮੇਮਣੇ ਦੀ ਸਮਝਦਾਰੀ
1 Star2 Stars3 Stars4 Stars5 Stars (No Ratings Yet)
Loading...
Both comments and pings are currently closed.

Comments are closed.

Available on Android app iOS app
Powered by : Mediology Software Pvt Ltd.