ਅਯੁੱਧਿਆ ਕੇਸ: ਸਾਰੇ ਸਵਾਲ ਸਾਡੇ ਤੋਂ ਹੀ ਕਿਉਂ? !    ਜਾਪਾਨ ’ਚ ਸਮੁੰਦਰੀ ਤੂਫ਼ਾਨ ਨਾਲ ਮਰਨ ਵਾਲਿਆਂ ਦੀ ਗਿਣਤੀ 56 ਹੋਈ !    ਆਵਲਾ ਖ਼ਿਲਾਫ਼ ਚੋਣ ਕਮਿਸ਼ਨ ਕੋਲ ਸ਼ਿਕਾਇਤ !    ਅਕਾਲੀ ਦਲ ਦਾ ਰਾਜਸੀ ਵਿੰਗ ਹੈ ਸ਼੍ਰੋਮਣੀ ਕਮੇਟੀ: ਰੰਧਾਵਾ !    ਗੁਰਬੱਤ ਵੀ ਨਹੀਂ ਰੋਕ ਸਕੀ ਬੂਟ ਪਾਲਿਸ਼ ਵਾਲੇ ਸਨੀ ਦਾ ਰਾਹ !    ਪੁਲੀਸ ਵੱਲੋਂ ਪਿੰਡਾਂ ’ਚ ਤਲਾਸ਼ੀ ਮੁਹਿੰਮ ਜਾਰੀ !    ਪ੍ਰਕਾਸ਼ ਪੁਰਬ ਸਮਾਗਮਾਂ ਨੂੰ ਤਾਰਪੀਡੋ ਕਰ ਰਿਹੈ ਬਾਦਲ ਦਲ: ਸਰਨਾ !    ਪਾਦਰੀ ਕੇਸ: ਮੁਹਾਲੀ ਅਦਾਲਤ ਨੇ ਨਿਰਮਲ ਤੇ ਸੁਰਿੰਦਰਪਾਲ ਭਗੌੜੇ ਐਲਾਨੇ !    ਦਿੱਲੀ ਦੇ ਚਾਰ ਸਟੇਡੀਅਮ ਸਾਰਿਆਂ ਲਈ ਖੋਲ੍ਹਣ ਦਾ ਫ਼ੈਸਲਾ !    ਪੰਜਾਬ ਨੇ ਕੌਮੀ ਸੀਨੀਅਰ ਤੇ ਜੂਨੀਅਰ ਗਤਕਾ ਚੈਂਪੀਅਨਸ਼ਿਪ ਜਿੱਤੀ !    

ਮੁੜ ਪਰਵਾਜ਼ ਭਰ ਰਿਹਾ ਪੰਛੀ

Posted On June - 29 - 2019

ਅਮਰਬੀਰ ਸਿੰਘ ਚੀਮਾ
ਜਦੋਂ ਵੀ ਹਿੱਕ ਦੇ ਜ਼ੋਰ ਨਾਲ ਗਾਉਣ ਵਾਲੇ ਗਾਇਕਾਂ ਦੀ ਗੱਲ ਚੱਲੇਗੀ ਤਾਂ ਗਿਣੇ ਮਿਣੇ ਕਲਾਕਾਰਾਂ ਵਿਚੋਂ ਇਕ ਨਾਂ ਜ਼ਰੂਰ ਆਵੇਗਾ, ਉਹ ਨਾਂ ਹੈ ਪੰਜਾਬੀ ਲੋਕ ਗਾਇਕ ਸੁਖਵਿੰਦਰ ਪੰਛੀ ਦਾ। ਉਹ ਕੁਲਦੀਪ ਮਾਣਕ ਨੂੰ ਆਪਣਾ ਉਸਤਾਦ ਮੰਨਦਾ ਹੈ ਤੇ ਮਾਣਕ ਵੱਲੋਂ ਦਿੱਤੇ ਨਾਂ ‘ਪੰਛੀ’ ਸਦਕਾ ਉਸ ਨੇ ਦੁਨੀਆਂ ਦੇ ਲਗਪਗ ਸਾਰੇ ਮੁਲਕਾਂ ਦੀ ਪਰਵਾਜ਼ ਭਰੀ ਹੈ। ਲਗਪਗ 52 ਸਾਲ ਪਹਿਲਾਂ ਮਾਤਾ ਹਰਬੰਸ ਕੌਰ ਤੇ ਪਿਤਾ ਰੁਲਦੂ ਰਾਮ ਦੇ ਘਰ ਪਿੰਡ ਸਰੀਂਹ, ਤਹਿਸੀਲ ਨਕੋਦਰ, ਜ਼ਿਲ੍ਹਾ ਜਲੰਧਰ ਵਿਖੇ ਜਨਮਿਆ ਸੁਖਵਿੰਦਰ ਪੰਛੀ ਅੱਜ ਕਿਸੇ ਜਾਣ ਪਛਾਣ ਦਾ ਮੁਥਾਜ ਨਹੀਂ ਹੈ। ਅੱਜਕੱਲ੍ਹ ਉਹ ਆਪਣੀ ਪਤਨੀ ਤੇ ਗਾਇਕਾ-ਅਦਾਕਾਰਾ ਰਾਜਿੰਦਰ ਰੂਬੀ ਅਤੇ ਦੋ ਬੇਟਿਆਂ ਨਾਲ ਜਲੰਧਰ ਵਿਖੇ ਰਹਿ ਰਿਹਾ ਹੈ।
ਉਸਨੂੰ ਬਚਪਨ ਵਿਚ ਪਸ਼ੂ ਚਾਰਦਿਆਂ ਗਾਇਕੀ ਦੀ ਅਜਿਹੀ ਚੇਟਕ ਲੱਗੀ ਕਿ ਪੜ੍ਹਾਈ ਵੀ ਵਿਚੇ ਛੱਡ ਦਿੱਤੀ। ਕੁਲਦੀਪ ਮਾਣਕ ਦੀ ਗਾਇਕੀ ਤੋਂ ਪ੍ਰਭਾਵਿਤ ਹੋਣ ਕਾਰਨ ਕਈ ਸਾਲਾਂ ਤਕ ਉਸਨੇ ਮਾਣਕ ਦੀ ਸੰਗਤ ਮਾਣੀ, ਜਿੱਥੇ ਉਸਨੇ ਮਾਣਕ ਦੀਆਂ ਸਟੇਜਾਂ ’ਤੇ ਕੋਰਸ ਗਾਉਂਦਿਆਂ ਗਾਇਕੀ ਦੀਆਂ ਬਾਰੀਕੀਆਂ ਵੀ ਸਿੱਖੀਆਂ। 24 ਫਰਵਰੀ 1990 ਨੂੰ ਜਲੰਧਰ ਦੂਰਦਰਸ਼ਨ ਦੇ ਚਰਚਿਤ ਪ੍ਰੋਗਰਾਮ ‘ਰੌਣਕ ਮੇਲੇ’ ਵਿਚ ਉਸਨੇ ਸ਼ਾਰੀ ਦਾ ਲਿਖਿਆ ਗੀਤ ‘ਛੱਲੇ ਮੁੰਦੀਆਂ’ ਗਾਇਆ ਤਾਂ ਉਹ ਰਾਤੋ-ਰਾਤ ਸਟਾਰ ਬਣ ਗਿਆ। ਇਹ ਗੀਤ ਇੰਨਾ ਹਿੱਟ ਹੋਇਆ ਕਿ ਪੰਛੀ ਕੋਲ ਅਖਾੜਿਆਂ ਦੀਆਂ ਝੜੀਆਂ ਲੱਗ ਗਈਆਂ। ਉਸ ਸਮੇਂ ਦੌਰਾਨ ਉਸ ਨੇ ਮਹੀਨੇ ਦੇ ਚਾਲੀ-ਚਾਲੀ ਤੇ ਦਿਨ ’ਚ ਦੋ-ਦੋ ਪ੍ਰੋਗਰਾਮ ਵੀ ਕੀਤੇ। ਇਸ ਕੈਸੇਟ ਦੀ ਵਿੱਕਰੀ 37 ਲੱਖ ਦੇ ਕਰੀਬ ਹੋਈ ਸੀ ਜੋ ਅੱਜ ਵੀ ਇਕ ਰਿਕਾਰਡ ਹੈ।
ਸੰਘਰਸ਼ ਦੇ ਦਿਨਾਂ ’ਚ ਪੰਛੀ, ਬੂਟਾ ਮੁਹੰਮਦ, ਸਰਦੂਲ ਸਿਕੰਦਰ ਆਦਿ ਮਾਣਕ ਦੇ ਦਫ਼ਤਰ ’ਚ ਹੀ ਰਿਆਜ਼ ਕਰਦੇ ਤੇ ਉੱਥੇ ਹੀ ਦਰੀ ਵਿਛਾ ਕੇ ਸੌਂ ਜਾਂਦੇ ਸਨ। ਉਸ ਵਕਤ ਇਹ ਮੰਨਿਆ ਜਾਂਦਾ ਸੀ ਕਿ ਸੰਗੀਤ ਸਮਰਾਟ ਚਰਨਜੀਤ ਆਹੂਜਾ ਤੋਂ ਬਗੈਰ ਕੋਈ ਕਲਾਕਾਰ ਹਿੱਟ ਨਹੀਂ ਹੋ ਸਕਦਾ, ਪਰ ਸੁਖਵਿੰਦਰ ਪੰਛੀ ਉਨ੍ਹਾਂ ਤੋਂ ਬਗੈਰ ਰਿਕਾਰਡ ਵੀ ਹੋਇਆ ਤੇ ਸੁਪਰ-ਡੁਪਰ ਹਿੱਟ ਵੀ ਹੋਇਆ। ਇੰਨਾ ਹੀ ਨਹੀਂ ਉਸ ਨੇ ਦੋ-ਗਾਣਿਆਂ ਦੇ ਦੌਰ ’ਚ ਰੁਮਾਂਟਿਕ ਗੀਤਾਂ ਦੀ ਸ਼ੁਰੂਆਤ ਵੀ ਕੀਤੀ। ਪੰਛੀ ਦੀ ਆਵਾਜ਼ ਵਿਚ ਕਰੀਬ 550 ਗੀਤ ਰਿਕਾਰਡ ਹੋ ਚੁੱਕੇ ਹਨ ਤੇ 45 ਦੇ ਕਰੀਬ ਐਲਬਮਾਂ ਆ ਚੁੱਕੀਆਂ ਹਨ। ਇਸ ਤੋਂ ਇਲਾਵਾ ਉਸ ਨੇ ਕਈ ਪੰਜਾਬੀ ਫ਼ਿਲਮਾਂ ’ਚ ਵੀ ਗੀਤ ਗਾਏ ਹਨ। ‘ਛੱਲੇ ਮੁੰਦੀਆਂ’, ‘ਮੁੰਡਾ ਦਿਲ ਦਾ ਨੀਂ ਮਾੜਾ’, ‘ਸ਼ਾਹਾਂ ਦੀਏ ਕੁੜੀਏ’, ‘ਦਿੱਲੀ ਦੇ ਹਵਾਈ ਅੱਡੇ ’ਤੇ’, ‘ਗ਼ਮ ਖਾਂਦੇ ਹਾਂ’, ‘ਹੁਣ ਤੈਨੂੰ ਚੰਗਾ ਨੀਂ ਲੱਗਦਾ ਮੈਂ’, ‘ਸਾਡੀ ਮੁੰਦਰੀ ਸੱਜਣਾ’, ‘ਨਿੱਕੀ ਜਿਹੀ ਗੱਲ ਪਿੱਛੇ ਝੱਲੀਏ’ ਆਦਿ ਗੀਤਾਂ ਸਮੇਤ ਪੰਛੀ ਦੇ ਹਿੱਟ ਗੀਤਾਂ ਦੀ ਸੂਚੀ ਬਹੁਤ ਲੰਬੀ ਹੈ। ਉਸ ਨੂੰ ਆਪਣੇ ਲਗਪਗ ਸਾਰੇ ਗੀਤ ਜ਼ੁਬਾਨੀ ਯਾਦ ਹਨ।
ਉਹ ਆਪਣੇ ਸਮੇਂ ਦੇ ਸਾਰੇ ਨਾਮੀਂ ਸੰਗੀਤਕਾਰਾਂ ਨਾਲ ਕੰਮ ਕਰ ਚੁੱਕਿਆ ਹੈ। ਗੀਤਕਾਰਾਂ ’ਚ ਉਹ ਦੇਵ ਥਰੀਕਿਆਂ ਵਾਲਾ, ਗਿੱਲ ਜੱਲੋਮਾਜਰਾ, ਦੇਬੀ ਮਕਸੂਦਪੁਰੀ, ਸ਼ਾਰੀ, ਜਸਬੀਰ ਗੁਣਾਚੌਰੀਆ, ਗੁਰਮਿੰਦਰ ਕੈਂਡੋਵਾਲ, ਅਸ਼ੋਕ ਭੌਰਾ, ਹਰਵਿੰਦਰ ਓਹੜਪੁਰੀ, ਸਤਪਾਲ ਭੰਗੂ, ਝਰਮਲ ਢੰਡਾ, ਅਲਮਸਤ ਕੇਸਰੁਪਰ, ਮੱਖਣ ਲੁਹਾਰ, ਬਲਜੀਤ ਪੁਰੇਵਾਲ, ਸ਼ਿਵਜੀਤ ਪੁਰੇਵਾਲ, ਡਾ. ਗੁਰਦਿਆਲ ਸੰਧੂ, ਹਰਜੀਤ ਸਿੰਘ ਮੰਟੂ ਤੱਲੇ ਵਾਲਾ, ਮਿੰਟੂ ਹੇਅਰ, ਬੱਗਾ ਸਮਰਾੜੀਵਾਲਾ, ਹਰਬਖਸ਼ ਟਾਹਲੀ, ਗੁੱਡੂ ਸਿੱਧਵਾਂ ਵਾਲਾ, ਸੂਰਜ ਹੁਸੈਨਪੁਰੀ ਆਦਿ ਦੇ ਲਿਖੇ ਗੀਤਾਂ ਨੂੰ ਉਹ ਆਪਣੀ ਆਵਾਜ਼ ’ਚ ਗਾ ਚੁੱਕਿਆ ਹੈ।
ਉਸ ਦਾ ਸੰਘਰਸ਼ ਅੱਜ ਵੀ ਜਾਰੀ ਹੈ ਅਤੇ ਰਿਆਜ਼ ਵੀ ਉਹ ਪਹਿਲਾਂ ਵਾਂਗ ਹੀ ਨਿੱਤ ਕਰਦਾ ਹੈ। ਸ਼ਾਇਦ ਇਹੀ ਉਸ ਦੀ ਟੁਣਕਵੀਂ, ਗੜਕਵੀਂ ਤੇ ਦਿਲ ਖਿੱਚਵੀਂ ਆਵਾਜ਼ ਦਾ ਰਾਜ਼ ਹੈ। ਆਪਣੇ ਚਾਰ ਦਹਾਕਿਆਂ ਦੇ ਗਾਇਕੀ ਦੇ ਸਫਰ ’ਚ ਉਸ ਨੇ ਅਨੇਕਾਂ ਉਤਰਾਅ-ਚੜ੍ਹਾਅ ਦੇਖੇ ਹਨ। ਆਪਣੀ ਜ਼ਿੰਦਗੀ ਦੇ ਸੁਨਿਹਰੀ ਦੌਰ ਮਤਲਬ ਟੀਸੀ ’ਤੇ ਹੁੰਦਿਆਂ ਉਸ ’ਤੇ ਕਬੂਤਰਬਾਜ਼ੀ ਦੇ ਦੋਸ਼ ਲੱਗੇ ਤੇ ਉਹ ਕੁਝ ਸਮਾਂ ਜੇਲ੍ਹ ’ਚ ਵੀ ਰਿਹਾ। ਇਨ੍ਹਾਂ ਦੋਸ਼ਾਂ ਤੋਂ ਬਾਅਦ ਮਣਾਂ-ਮੂੰਹੀਂ ਪਿਆਰ ਦੇਣ ਵਾਲੇ ਤੇ ਸਿਰ-ਅੱਖਾਂ ’ਤੇ ਬਿਠਾਉਣ ਵਾਲੇ ਸਰੋਤਿਆਂ ਨੇ ਉਸ ਨੂੰ ਇਕ ਵਾਰ ਸਿਰੇ ਤੋਂ ਨਕਾਰ ਦਿੱਤਾ। ਉਸ ਤੋਂ ਬਾਅਦ ਉਸ ਦੇ ਕਰੀਅਰ ’ਚ ਇਕ ਖੜੋਤ ਜਿਹੀ ਆ ਗਈ ਸੀ। ਉਸ ਨੇ ਜ਼ਿੰਦਗੀ ’ਚ ਆਮ ਤੋਂ ਖ਼ਾਸ ਹੋਣ ਦੇ ਨਜ਼ਾਰਿਆਂ ਨੂੰ ਵੀ ਬਾਖ਼ੂਬੀ ਮਾਣਿਆ ਅਤੇ ਫਿਰ ਖ਼ਾਸ ਤੋਂ ਆਮ ਹੋਣ ਦਾ ਦਰਦ ਵੀ ਆਪਣੇ ਸੀਨੇ ’ਤੇ ਹੰਢਾਇਆ ਹੈ।
ਹੁਣ ਉਹ ਇਕ ਵਾਰੀ ਫੇਰ ਪਹਿਲਾਂ ਤੋਂ ਵੀ ਦੁੱਗਣੀ ਊਰਜਾ ਨਾਲ ਆਪਣੇ ਗਾਇਕੀ ਦੇ ਸਫਰ ਦੀ ਦੂਜੀ ਪਾਰੀ ਖੇਡਣ ਲਈ ਪੂਰੀ ਤਰ੍ਹਾਂ ਤਿਆਰ ਹੈ। ਹਾਲ ਹੀ ਵਿਚ ਉਸਦਾ ਸਿੰਗਲ ਟਰੈਕ ‘ਟਾਊਨ’ ਆਇਆ ਸੀ ਜਿਸ ਨੂੰ ਮਿੰਟੂ ਹੇਅਰ ਨੇ ਲਿਖਿਆ ਤੇ ਜ਼ੀ-ਮਿਊਜ਼ਿਕ ਕੰਪਨੀ ਵੱਲੋਂ ਰਿਲੀਜ਼ ਕੀਤਾ ਗਿਆ ਸੀ। ਇਸ ਤੋਂ ਇਲਾਵਾ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਧਾਰਮਿਕ ਗੀਤ ‘ਨਨਕਾਣਾ ਬਾਬੇ ਨਾਨਕ ਦਾ’ ਯੂ. ਕੇ. ਮਿਊਜ਼ਿਕ ਰਿਕਾਰਡਜ਼ ਕੰਪਨੀ ਨੇ ਰਿਲੀਜ਼ ਕੀਤਾ ਹੈ। ਜਲਦੀ ਹੀ ਉਸਦਾ ਗੀਤ ‘ਔਕਾਤ’ ਰਿਲੀਜ਼ ਕੀਤਾ ਜਾ ਰਿਹਾ ਹੈ, ਇਸ ਦੇ ਬੋਲ ਲੋਕ ਮਨਾਂ ਵਿਚ ਉਤਰ ਜਾਣ ਵਾਲੇ ਹਨ:
ਸਿਖਰਾਂ ’ਤੇ ਜਾ ਕੇ ਸ਼ੁਰੂਆਤ ਭੁੱਲ ਜਾਂਦੇ ਨੇ
ਕਈ ਬੰਦੇ ਆਪਣੀ ਔਕਾਤ ਭੁੱਲ ਜਾਂਦੇ ਨੇ
ਆਉਣ ਵਾਲੇ ਸਮੇਂ ’ਚ ਵੀ ਉਸਦੀ ਆਵਾਜ਼ ’ਚ ਕਈ ਗੀਤ ਆਉਣ ਵਾਲੇ ਹਨ ਜਿਨ੍ਹਾਂ ਦਾ ਸਰੋਤਿਆਂ ਨੂੰ ਬੇਸਬਰੀ ਨਾਲ ਇੰਤਜ਼ਾਰ ਹੈ।
ਸੰਪਰਕ : 98889-40211


Comments Off on ਮੁੜ ਪਰਵਾਜ਼ ਭਰ ਰਿਹਾ ਪੰਛੀ
1 Star2 Stars3 Stars4 Stars5 Stars (No Ratings Yet)
Loading...
Both comments and pings are currently closed.

Comments are closed.

Available on Android app iOS app
Powered by : Mediology Software Pvt Ltd.