ਅਦਬ ਦਾ ਨੋਬੇਲ ਪੁਰਸਕਾਰ ਤੇ ਵਿਵਾਦ !    ਦੇਸ਼ ਭਗਤ ਯਾਦਗਾਰ ਹਾਲ ਦੀ ਸਿਰਜਣਾ ਦਾ ਇਤਿਹਾਸ !    ਮਹਾਨ ਵਿਗਿਆਨੀ ਸੀ.ਵੀ. ਰਮਨ !    ਤਿਲ੍ਹਕਣ ਅਤੇ ਫਿਸਲਣ !    ਲਾਹੌਰ-ਫ਼ਿਰੋਜ਼ਪੁਰ ਰੋਡ ਬਣਾਉਣ ਵਾਲਾ ਫ਼ੌਜੀ ਅਫ਼ਸਰ !    ਮਜ਼ਬੂਤ ਰੱਖਿਆ ਦੀਵਾਰ ਵਾਲਾ ਕੁੰਭਲਗੜ੍ਹ ਕਿਲ੍ਹਾ !    ਵਿਆਹ ਦੀ ਪਹਿਲੀ ਵਰ੍ਹੇਗੰਢ !    ਸੰਵਿਧਾਨ ’ਤੇ ਹਮਲੇ ਦਾ ਵਿਰੋਧ ਲਾਜ਼ਮੀ: ਸਿਧਾਰਥ ਵਰਦਰਾਜਨ !    ਆ ਆਪਾਂ ਘਰ ਬਣਾਈਏ !    ਵਿਗਿਆਨ ਗਲਪ ਦੀ ਦਸਤਾਵੇਜ਼ੀ ਲਿਖਤ !    

ਮੀਰੀ ਪੀਰੀ ਦੇ ਮਾਲਕ ਗੁਰੂ ਹਰਿਗੋਬਿੰਦ ਸਾਹਿਬ

Posted On June - 19 - 2019

ਪ੍ਰਕਾਸ਼ ਪੁਰਬ ’ਤੇ ਵਿਸ਼ੇਸ਼

ਮਨਜਿੰਦਰ ਸਿੰਘ ਸਿਰਸਾ*

ਗੁਰੂ ਨਾਨਕ ਸਾਹਿਬ ਨੇ 15ਵੀਂ ਸਦੀ ਵਿਚ ਮੱਨੁਖੀ ਅਧਿਕਾਰਾਂ ਦੀ ਰਾਖੀ ਲਈ ਅਤੇ ਜ਼ੁਲਮ ਵਿਰੁੱਧ ਆਵਾਜ਼ ਉਠਾਉਣ ਵਾਲੀ ਜਿਸ ਕੌਮ ਦੀ ਸ਼ੁਰੂਆਤ ਕੀਤੀ ਸੀ, ਉਸੇ ਕੌਮ ਦੇ ਹੱਥ ਵਿਚ ਤਲਵਾਰ ਫ਼ੜਾ ਕੇ ਛੇਵੇਂ ਪਾਤਸ਼ਾਹ ਗੁਰੂ ਹਰਿਗੋਬਿੰਦ ਸਾਹਿਬ ਨੇ 17ਵੀਂ ਸਦੀ ਵਿਚ ਜ਼ਾਲਮਾਂ ਦਾ ਟਾਕਰਾ ਕਰਨ ਲਈ ਸਿੱਖ ਕੌਮ ਨੂੰ ਮਾਰਸ਼ਲ ਕੌਮ ਵਿੱਚ ਤਬਦੀਲ ਕਰ ਦਿੱਤਾ। ਪੰਜਵੇਂ ਗੁਰੂ ਸਾਹਿਬ ਵੇਲੇ ਮੁਸਲਮਾਨਾਂ ਨੂੰ ਸਿੱਖ ਧਰਮ ਅਪਣਾਉਂਦੇ ਦੇਖ ਕੇ ਮੁਗਲ ਬਾਦਸ਼ਾਹ ਜਹਾਂਗੀਰ ਹਿੱਲ ਗਿਆ। ਅਲੱਗ-ਅਲੱਗ ਬਹਾਨੇ ਬਣਾ ਕੇ ਕਈ ਦੋਸ਼ ਲਗਾ ਕੇ ਪੰਜਵੇਂ ਗੁਰੂ ਅਰਜਨ ਦੇਵ ਨੂੰ ਤੱਤੀ ਤਵੀ ’ਤੇ ਬਿਠਾ ਕੇ ਸ਼ਹੀਦ ਕਰ ਦਿੱਤਾ ਗਿਆ। ਜਦੋਂ ਗੁਰੂ ਸਾਹਿਬ ਦੀ ਸ਼ਹਾਦਤ ਹੋਈ, ਉਦੋਂ ਉਨ੍ਹਾਂ ਦੇ ਸਪੁੱਤਰ ਗੁਰੂ ਹਰਿਗੋਬਿੰਦ ਸਾਹਿਬ ਦੀ ਉਮਰ ਕੇਵਲ ਗਿਆਰ੍ਹਾਂ ਸਾਲ ਸੀ। 1595 ਈ. ਵਿਚ ਜਨਮੇ ਹਰਿਗੋਬਿੰਦ ਸਾਹਿਬ ਨੇ ਗਿਆਰ੍ਹਾਂ ਸਾਲ ਦੀ ਛੋਟੀ ਉਮਰ ਵਿਚ ਹੀ ਗੁਰਗੱਦੀ ਸੰਭਾਲ ਲਈ। ਛੇਵੇਂ ਗੁਰੂ ਨੇ ਇਹ ਗੱਲ ਚੰਗੀ ਤਰ੍ਹਾਂ ਸਮਝ ਲਈ ਸੀ ਕਿ ਸਿੱਖ ਧਰਮ ਦਾ ਪ੍ਰਚਾਰ ਕਰਨ ਲਈ ਅਤੇ ਦੀਨ ਦੁਖੀਆਂ ਦੇ ਅਧਿਕਾਰਾਂ ਦੀ ਰੱਖਿਆ ਕਰਨ ਲਈ ਹੁਣ ਭਗਤੀ ਦੇ ਨਾਲ-ਨਾਲ ਸ਼ਕਤੀ ਦੀ ਵਰਤੋਂ ਕਰਨੀ ਵੀ ਜ਼ਰੂਰੀ ਹੈ। ਇਸ ਲਈ ਉਨ੍ਹਾਂ ਨੇ ਦੋ ਤਲਵਾਰਾਂ ਪਹਿਨਣੀਆਂ ਸ਼ੁਰੂ ਕਰ ਦਿੱਤੀਆਂ, ਇੱਕ ਮੀਰੀ ਅਤੇ ਦੂਜੀ ਪੀਰੀ ਦੀ। ਮੀਰੀ ਦੀ ਤਲਵਾਰ ਸ਼ਕਤੀ ਦੀ ਪ੍ਰਤੀਕ ਹੈ ਅਤੇ ਪੀਰੀ ਦੀ ਤਲਵਾਰ ਭਗਤੀ ਦੀ। ਗੁਰੂ ਹਰਿਗੋਬਿੰਦ ਸਾਹਿਬ ਨੇ ਗੁਰੂ ਨਾਨਕ ਸਾਹਿਬ ਵੱਲੋਂ ਚਲਾਏ ਭਗਤੀ ਮਾਰਗ ਨੂੰ ਸ਼ਕਤੀ ਮਾਰਗ ਨਾਲ ਜੋੜ ਦਿੱਤਾ ਅਤੇ ਸੰਗਤ ਨੂੰ ਸੰਦੇਸ਼ ਪਹੁੰਚਾਏ ਕਿ ਉਹ ਉਨ੍ਹਾਂ ਕੋਲ ਮਾਇਆ ਨਹੀਂ ਘੋੜੇ ਅਤੇ ਹਥਿਆਰ ਲੈ ਕੇ ਆਉਣ। ਇਤਿਹਾਸਕਾਰ ਲਿੱਖਦੇ ਹਨ ਕਿ ਗੁਰੂ ਸਾਹਿਬ ਨੇ ਰਾਜਿਆਂ ਵਰਗੀਆਂ ਪੁਸ਼ਾਕਾਂ ਪਾਉਣੀਆਂ ਸ਼ੁਰੂ ਕਰ ਦਿੱਤੀਆਂ ਅਤੇ ਸਿੱਖਾਂ ਨੂੰ ਵੀ ਰਾਜਿਆਂ ਵਾਂਗ ਜੀਵਨ ਜਿਉਣ ਦੇ ਹੁਕਮ ਜਾਰੀ ਕੀਤੇ। ਉਨ੍ਹਾਂ ਨੇ ਆਪਣੇ ਦਰਬਾਰ ਅੱਗੇ ਬਾਦਸ਼ਾਹਾਂ ਵਾਂਗ ਨਗਾਰਾ ਵੀ ਰੱਖ ਦਿੱਤਾ।
ਗੁਰੂ ਸਾਹਿਬ ਨੇ ਸਿੱਖਾਂ ਨੂੰ ਹਰ ਤਰ੍ਹਾਂ ਦੇ ਹਥਿਆਰ ਚਲਾਉਣ ਦੀ ਸਿੱਖਿਆ ਦੇਣੀ ਸ਼ੁਰੂ ਕੀਤੀ। ਉੱਚ ਪੱਧਰੀ ਮਾਰਸ਼ਲ ਆਰਟਸ ਟ੍ਰੇਨਿੰਗ ਦੇਣ ਦੇ ਨਾਲ ਸਿੱਖਾਂ ਦੀਆਂ ਕੁਸ਼ਤੀਆਂ ਅਤੇ ਜ਼ੋਰ ਅਜਮਾਈ ਵਾਲੀਆਂ ਖੇਡਾਂ ਵੀ ਹੋਣ ਲੱਗੀਆਂ। ਇਸ ਦੇ ਨਾਲ ਹੀ ਗੁਰੂ ਸਾਹਿਬ ਨੇ ਹਰਿਮੰਦਰ ਸਾਹਿਬ ਵਿਚ ਅਕਾਲ ਤਖ਼ਤ ਬਣਾ ਕੇ ਅੰਮ੍ਰਿਤਸਰ ਨੂੰ ਸਿੱਖੀ ਦਾ ਕੇਂਦਰ ਬਣਾਇਆ।
ਕੁੱਝ ਇਤਿਹਾਸਕਾਰ ਲਿੱਖਦੇ ਹਨ ਕਿ ਜਦੋਂ ਗੁਰੂ ਸਾਹਿਬ ਨੇ ਫ਼ੌਜੀ ਸ਼ਕਤੀ ਵਧਾਉਣੀ ਸ਼ੁਰੂ ਕਰ ਦਿੱਤੀ ਅਤੇ ਉਨ੍ਹਾਂ ਨੇ 700 ਘੋੜਸਵਾਰ ਯੋਧੇ ਤਿਆਰ ਕਰ ਲਏ ਤਾਂ ਘਬਰਾਏ ਜਹਾਂਗੀਰ ਨੇ ਗੁਰੂ ਸਾਹਿਬ ਨੂੰ ਬੁਲਾਇਆ ਅਤੇ ਕਿਹਾ, ‘‘ਤੁਸੀਂ ਰਾਜ ਬਨਾਮ ਰਾਜ ਖੜਾ ਕਰਕੇ ਇੱਕ ਤਰਾਂ ਬਗਾਵਤ ਕਰ ਰਹੇ ਹੋ।’’ ਗੁਰੂ ਸਾਹਿਬ ਨੇ ਜਹਾਂਗੀਰ ਨੂੰ ਕਿਹਾ ਕਿ ਇਹ ਸਿੱਖਾਂ ਦਾ ਨਿਵੇਕਲਾ ਰਾਜ ਹੈ। ਛੇਵੇਂ ਪਾਤਸ਼ਾਹ ਨੇ ਮੁਗਲ ਰਾਜੇ ਨੂੰ ਕਿਹਾ ਕਿ ਸਿੱਖਾਂ ਨੇ ਜੋ ਤਲਵਾਰਾਂ ਪਹਿਨੀਆਂ ਹਨ, ਇਹ ਕਿਸੇ ’ਤੇ ਜ਼ੁਲਮ ਕਰਨ ਜਾਂ ਕਿਸੇ ਦਾ ਰਾਜ ਖੋਹਣ ਲਈ ਨਹੀਂ, ਸਿਰਫ ਮਜ਼ਲੂਮਾਂ ਦੇ ਹੱਕ ਵਿੱਚ ਅਤੇ ਜ਼ੁਲਮ ਦੇ ਖ਼ਿਲਾਫ਼ ਹੀ ਮਿਆਨ ਵਿਚੋਂ ਨਿਕਲਣਗੀਆਂ। ਇਹ ਵੀ ਕਿਹਾ ਜਾਂਦਾ ਹੈ ਕਿ ਗੁਰੂ ਸਾਹਿਬ ਅਤੇ ਜਹਾਂਗੀਰ ਦੀ ਲੰਬੀ ਵਾਰਤਾ ਹੋਈ ਤੇ ਇਸ ਸਮੇਂ ਜਹਾਂਗੀਰ ਨੇ ਗੁਰੂ ਅਰਜਨ ਦੇਵ ਨੂੰ ਸ਼ਹੀਦ ਕਰਨ ਦੀ ਮੁਆਫ਼ੀ ਵੀ ਮੰਗੀ ਸੀ ਤੇ ਕਿਹਾ ਸੀ ਕਿ ਉਸ ਨੂੰ ਗੁੰਮਰਾਹ ਕੀਤਾ ਗਿਆ ਸੀ। 1627 ਵਿਚ ਜਹਾਂਗੀਰ ਦੀ ਮੌਤ ਹੋ ਗਈ ਅਤੇ ਸ਼ਾਹਜਹਾਂ ਨੇ ਸਲਤਨਤ ਸੰਭਾਲੀ। ਸ਼ਾਹਜਹਾਂ ਨੇ ਗੁਰੂ ਹਰਿਗੋਬਿੰਦ ਸਾਹਿਬ ਦੀ ਵੱਧਦੀ ਸ਼ਕਤੀ ਨੂੰ ਕਈ ਵਾਰ ਰੋਕਣ ਦੀ ਕੋਸ਼ਿਸ਼ ਕੀਤੀ ਪਰ ਉਸ ਨੂੰ ਹਾਰ ਦਾ ਮੂੰਹ ਵੇਖਣਾ ਪਿਆ।

ਮਨਜਿੰਦਰ ਸਿੰਘ ਸਿਰਸਾ*

ਸ਼ਾਹਜਹਾਂ ਦੇ ਸ਼ਾਸਨ ਵਿਚ ਸਿੱਖਾਂ ਅਤੇ ਮੁਗਲਾਂ ਵਿਚਾਲੇ ਚਾਰ ਯੁੱਧ ਹੋਏ ਤੇ ਚਾਰੇ ਹੀ ਸਿੱਖਾਂ ਨੇ ਜਿੱਤੇ। ਇਨ੍ਹਾਂ ਵਿਚੋਂ ਅੰਮ੍ਰਿਤਸਰ ਅਤੇ ਕਰਤਾਰਪੁਰ ਦੇ ਯੁੱਧ ਤਾਂ ਐਸੇ ਸਨ, ਜਿਨ੍ਹਾਂ ਨੇ ਮੁਗਲ ਫ਼ੌਜਾਂ ਨੂੰ ਭਾਜੜਾਂ ਪਾ ਦਿੱਤੀਆਂ ਅਤੇ ਮੁਗਲਾਂ ਦੇ ਵੱਡੇ ਤੇ ਯੁੱਧ ਕਲਾ ਵਿਚ ਨਿਪੁੰਨ ਜਰਨੈਲ ਵੀ ਸਿੰਘਾਂ ਨੇ ਮਾਰ ਮੁਕਾਏ।
ਅੰਮ੍ਰਿਤਸਰ ਦੇ ਯੁੱਧ ਬਾਰੇ ਕਿਹਾ ਜਾਂਦਾ ਹੈ ਕਿ ਲੋਕਾਂ ’ਤੇ ਅਥਾਹ ਜ਼ੁਲਮ ਕਰ ਰਹੇ ਮੁਗਲਾਂ ਨੂੰ ਬਾਜ ਉਡਾਉਣ ਦਾ ਸ਼ੌਂਕ ਸੀ ਤਾਂ ਸਿੱਖਾਂ ਨੇ ਮੁਗਲਾਂ ਦਾ ਬਾਜ ਫ਼ੜ ਲਿਆ। ਗੁੱਸੇ ਵਿਚ ਆ ਕੇ 7000 ਫ਼ੌਜੀਆਂ ਦੇ ਨਾਲ ਮੁਗਲ ਜਰਨੈਲਾਂ ਨੇ ਗੁਰੂ ਸਾਹਿਬ ’ਤੇ ਹਮਲਾ ਕਰ ਦਿੱਤਾ ਪਰ ਸਿਰਫ ਸੱਤ ਸੌ ਸਿੱਖ ਫ਼ੌਜ ਦੇ ਸਿਪਾਹੀਆਂ ਨੇ ਸੱਤ ਹਜ਼ਾਰ ਮੁਗਲਾਂ ਦੇ ਛੱਕੇ ਛੁਡਾ ਦਿੱਤੇ।
ਮੁਗਲ ਫ਼ੌਜਾਂ ਦੇ ਜਰਨੈਲ ਪੈਂਦੇ ਖਾਨ ਨੇ ਕਰਤਾਰਪੁਰ ’ਚ ਸਿੱਖਾ ’ਤੇ ਹਮਲਾ ਕੀਤਾ, ਜਿੱਥੇ ਸਿੱਖਾਂ ਨੇ ਬੜੀ ਬਹਾਦਰੀ ਨਾਲ ਯੁੱਧ ਕਲਾ ਦੇ ਜੌਹਰ ਦਿਖਾਏ। ਇਸ ਯੁੱਧ ਵਿਚ ਗੁਰੂ ਹਰਿਗੋਬਿੰਦ ਸਾਹਿਬ ਨੇ ਆਪਣੀ ਤੇਗ ਨਾਲ ਪੈਂਦੇ ਖਾਨ ਦਾ ਸਿਰ ਧੜ ਤੋਂ ਅੱਲਗ ਕਰ ਦਿੱਤਾ।
ਇਤਿਹਾਸਕਾਰ ਕਹਿੰਦੇ ਹਨ ਕਿ ਇਨ੍ਹਾਂ ਦਿਨਾਂ ਵਿਚ ਮੁਗਲਾਂ ਦੀ ਸ਼ਕਤੀ ਇੰਨੀ ਵੱਧ ਚੁੱਕੀ ਸੀ ਕਿ ਉਨ੍ਹਾਂ ਨੇ ਪੂਰੇ ਭਾਰਤ ’ਤੇ ਕਬਜ਼ਾ ਕਰ ਲਿਆ ਸੀ ਪਰ ਗੁਰੂ ਹਰਿਗੋਬਿੰਦ ਸਾਹਿਬ ਦੀ ਫ਼ੌਜ ਤੋਂ ਮੁਗਲਾਂ ਨੂੰ ਚਾਰਾਂ ਲੜਾਈਆਂ ਵਿਚ ਹਾਰ ਦਾ ਮੂੰਹ ਵੇਖਣਾ ਪਿਆ। ਇਸ ਤਰ੍ਹਾਂ ਭਗਤਾਂ ਦੀ ਜਮਾਤ ਨੂੰ ਤਲਵਾਰ ਫ਼ੜਾ ਕੇ ਗੁਰੂ ਹਰਿਗੋਬਿੰਦ ਸਾਹਿਬ ਨੇ ਜ਼ੁਲਮ ਵਿਰੁੱਧ ਲੜਨ ਵਾਲੀ ਮਾਰਸ਼ਲ ਕੌਮ ਬਣਾ ਿਦੱਤੀ।
1644 ਨੂੰ ਗੁਰੂ ਸਾਹਿਬ ਜੋਤੀ ਜੋਤ ਸਮਾ ਗਏ ਤੇ ਉਨ੍ਹਾਂ ਮਗਰੋਂ ਉਨ੍ਹਾਂ ਦੇ ਪੋਤੇ ਗੁਰੂ ਹਰਿ ਰਾਇ ਸਾਹਿਬ ਨੇ ਸਿੱਖ ਧਰਮ ਦਾ ਪ੍ਰਚਾਰ ਅੱਗੇ ਵਧਾਇਆ।
*ਪ੍ਰਧਾਨ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ


Comments Off on ਮੀਰੀ ਪੀਰੀ ਦੇ ਮਾਲਕ ਗੁਰੂ ਹਰਿਗੋਬਿੰਦ ਸਾਹਿਬ
1 Star2 Stars3 Stars4 Stars5 Stars (No Ratings Yet)
Loading...
Both comments and pings are currently closed.

Comments are closed.

Available on Android app iOS app
Powered by : Mediology Software Pvt Ltd.