ਕੇਂਦਰ ਨੇ ਲੌਕਡਾਊਨ 30 ਜੂਨ ਤਕ ਵਧਾਇਆ !    ਹਨੇਰੀ ਕਾਰਨ ਤਾਜ ਮਹੱਲ ਨੂੰ ਭਾਰੀ ਨੁਕਸਾਨ !    ਕੇਂਦਰ ਨਾਲੋਂ ਨਾਤਾ ਤੋੜਨ ਸੁਖਬੀਰ: ਕੈਪਟਨ !    ਅਮਰੀਕਾ ਵਿੱਚ ਲੋਕਾਂ ਵੱਲੋਂ ਪ੍ਰਦਰਸ਼ਨ !    ਭਰਾ ਦੀ ਕਹੀ ਨਾਲ ਹੱਤਿਆ !    ਕਾਹਨੂੰਵਾਨ ’ਚ 50 ਦੇ ਕਰੀਬ ਨਸ਼ਾ ਤਸਕਰਾਂ ਵੱਲੋਂ ਆਤਮ-ਸਮਰਪਣ !    ਪਤਨੀ ਦੀ ਬਿਮਾਰੀ ਤੋਂ ਪ੍ਰੇਸ਼ਾਨ ਬਜ਼ੁਰਗ ਨੇ ਫਾਹਾ ਲਿਆ !    ਦੇਸ਼ ਮੁਸ਼ਕਲ ਹਾਲਾਤ ’ਚ, ਮਾੜੀ ਰਾਜਨੀਤੀ ਛੱਡੋ: ਕੇਜਰੀਵਾਲ !    ਸ੍ਰੀਨਗਰ ਦੇ ਗੁਰਦੁਆਰੇ ਵਿੱਚ ਚੋਰੀ !    ਸਰਹੱਦ ਤੋਂ ਬੰਗਲਾਦੇਸ਼ੀ ਗ੍ਰਿਫ਼ਤਾਰ !    

ਮਿੱਟੀ ਹੁਣ ਕਿਉਂ ’ਵਾਜ਼ਾਂ ਨਹੀਂ ਮਾਰਦੀ?

Posted On June - 9 - 2019

ਜਸਵੀਰ ਰਾਣਾ

‘ਦਸਤਕ’ ਅੰਕ ਵਿਚ 26 ਮਈ ਨੂੰ ਛਪਿਆ ਕੇ.ਸੀ. ਮੋਹਨ ਦਾ ਲੇਖ ‘ਮਿੱਟੀ ਹੁਣ ਕਿਉਂ ’ਵਾਜ਼ਾਂ ਨਹੀਂ ਮਾਰਦੀ?’ ਪੜ੍ਹਿਆ। ਇਸ ਮਜ਼ਮੂਨ ਦੇ ਪਿੱਛੇ ਪ੍ਰਸ਼ਨ ਚਿੰਨ੍ਹ ਹੈ। ਸਵਾਲ ਹੈ। ਇਹ ਸਵਾਲ ਉੱਤਰਾਂ ਦੀ ਤਲਾਸ਼ ਵਿਚ ਕੀਤਾ ਹੋਇਆ ਸਫ਼ਰ ਹੈ। ਅੱਖਰਾਂ, ਸ਼ਬਦਾਂ ਤੇ ਵਿਚਾਰਾਂ ਦਾ ਇਹ ਸਫ਼ਰ ਸਾਥੋਂ ਜਵਾਬ ਮੰਗਦਾ ਹੈ, ਜਵਾਬ ਦਿੰਦਾ ਵੀ ਹੈ। ਸਿਰਲੇਖ ਦੇ ਆਰ-ਪਾਰ ਫੈਲੀ ਇਹ ਦੋ-ਧਾਰੀ ਰਮਜ਼ ਕੇ.ਸੀ. ਮੋਹਨ ਦੀ ਲਿਖਣ ਕਲਾ ਦਾ ਸਭ ਤੋਂ ਵੱਡਾ ਹਾਸਲ ਹੈ। ਇਸ ਲੇਖ ਵਿਚ ਲੇਖਕ ਇੰਗਲੈਂਡ ਵਸਦੇ ਉਨ੍ਹਾਂ ਪੰਜਾਬੀਆਂ ਦੇ ਦਿਲਾਂ ਦੀ ਆਵਾਜ਼ ਨੂੰ ਸਮਝਦਾ ਹੈ ਜੋ ਆਵਾਜ਼ ਦੇ ਨਹੀਂ ਸਕਦੇ, ਪਰ ਦੇਣੀ ਚਾਹੁੰਦੇ ਹਨ। ਇਸ ਮਜ਼ਮੂਨ ਦੀ ਪਿੱਠਭੂਮੀ ਵਿਚ ਲੇਖਕ ਦੇ ਸੁਭਾਅ ਦੀ ਤਾਸੀਰ ਖੜ੍ਹੀ ਹੈ। ਇਹ ਰਚਨਾਕਾਰ ਮੇਰੇ ਪਿੰਡ ਅਮਰਗੜ੍ਹ ਸਾਡੇ ਗੁਆਂਢੀ ਪ੍ਰਦੀਪ ਜੱਗੀ ਦਾ ਰਿਸ਼ਤੇਦਾਰ ਹੈ। ਇਸ ਲਈ ਮੈਂ ਇਸ ਨੂੰ ਕਈ ਵਾਰ ਦੂਰ-ਨੇੜੇ ਤੋਂ ਮਿਲਿਆ ਹਾਂ। ਪਰ ਮੈਨੂੰ 17 ਅਪਰੈਲ 2015 ਦੀ ਸਵੇਰ ਕਦੇ ਨਹੀਂ ਭੁੱਲਦੀ। ਉਸ ਸਵੇਰ ਸਾਡੇ ਘਰ ਲੌਬੀ ਵਿਚ ਮੰਜੇ ’ਤੇ ਮੇਰੇ ਬਾਪੂ ਦੀ ਲਾਸ਼ ਪਈ ਸੀ। ਅਸੀਂ ਰਾਤ ਦੇ ਦਰੀਆਂ ’ਤੇ ਕੰਧ ਨਾਲ ਢੋਅ ਲਾਈ ਬੈਠੇ ਸਾਂ। ਸਵੇਰੇ ਸਭ ਤੋਂ ਪਹਿਲਾਂ ਸੱਥਰ ’ਤੇ ਆ ਕੇ ਬੈਠਣ ਵਾਲੇ ਪ੍ਰਦੀਪ ਜੱਗੀ ਤੇ ਕੇ.ਸੀ. ਮੋਹਨ ਸਨ। ਜੱਗੀ ਨਾਲ ਉਸ ਦਾ ਆਉਣਾ ਉਸ ਦੇ ਅੰਦਰ ਵੱਜੀ ਮਿੱਟੀ ਦੀ ਆਵਾਜ਼ ਸੀ। ਉਹ ਮਿੱਟੀ ਜਿਹੜੀ ਉਸ ਨੂੰ ਆਵਾਜ਼ਾਂ ਮਾਰਦੀ ਹੈ; ਜਿਹੜੀ ਯੂਕੇ ਵਸਦੇ ਹਰ ਪਰਵਾਸੀ ਅੰਦਰ ਵਸਦੇ ਵਤਨ ਦੀ ਮਿੱਟੀ ਹੈ। ਅਸੀਂ ਕਹਿੰਦੇ ਹਾਂ ਸਾਡਾ ਸਰੀਰ ਮਿੱਟੀ ਹੈ। ਇਹ ਸੜ ਕੇ ਰਾਖ ਹੋ ਜਾਂਦਾ ਹੈ। ਪੰਜ ਤੱਤਾਂ ਵਿਚ ਵਿਲੀਨ ਹੋ ਜਾਂਦਾ ਹੈ। ਜਦੋਂ ਅਸੀਂ ਜਿਊਂਦੇ ਹੁੰਦੇ ਹਾਂ ਸਾਡੀ ਮਿੱਟੀ ਵਿਚ ਪੰਜ ਤੱਤ ਧੜਕਦੇ ਹਨ। ਪਿੰਡ ਸਾਨੂੰ ਆਵਾਜ਼ਾਂ ਮਾਰਦਾ ਹੈ। ਗਲੀਆਂ ਮੁਹੱਲੇ ਤੇ ਰਾਹ ਰਸਤੇ ਆਵਾਜ਼ਾਂ ਮਾਰਦੇ ਹਨ। ਰੁੱਖ, ਮਨੁੱਖ ਤੇ ਖੇਤ ਬੋਲਦੇ ਹਨ। ਸਾਡੀਆਂ ਮਾਸੂਮ ਖੇਡਾਂ, ਤੋਤਲੀਆਂ ਗੱਲਾਂ ਪਿੰਡ ਦੀਆਂ ਗਲੀਆਂ ਵਿਚ ਗੂੰਜਦੀਆਂ ਹਨ। ਮਨੋਵਿਗਿਆਨ ਦੱਸਦਾ ਹੈ ਕਿ ਹਰ ਬੰਦੇ ਅੰਦਰ ਬਹੁਤ ਸਾਰੇ ਬੰਦੇ ਹੁੰਦੇ ਹਨ। ਹਰ ਬੰਦੇ ਦੀ ਆਪਣੀ ਇਕ ਆਵਾਜ਼ ਹੁੰਦੀ ਹੈ। ਮੈਨੂੰ ਫ਼ਖਰ ਹੈ ਕਿ ਕੇ.ਸੀ. ਮੋਹਨ ਨੇ ਹਰ ਪਰਵਾਸੀ ਬੰਦੇ ਅੰਦਰਲੇ ਹਰ ਬੰਦੇ ਦੀ ਆਵਾਜ਼ ਨੂੰ ਸਮੂਹਿਕ ਆਵਾਜ਼ ਬਣਾ ਕੇ ਇਸ ਲੇਖ ਵਿਚ ਪੇਸ਼ ਕੀਤਾ ਹੈ।
ਇਸ ਲੇਖ ਦੀ ਲਿਖਣ ਵਿਧੀ ਤੁਲਨਾਤਮਿਕ ਹੈ। ਇਸ ਵਿਚ ਲੇਖਕ ਇਕ ਪਾਸੇ ਭਾਰਤੀ ਪੰਜਾਬੀ, ਪੰਜਾਬ ਤੇ ਪੰਜਾਬੀਅਤ ਨਾਲ ਜੁੜੀ ਜੀਵਨ ਝਾਕੀ ਪੇਸ਼ ਕਰਦਾ ਹੈ, ਦੂਜੇ ਪਾਸੇ ਯੂਕੇ ਵਸਦੇ ਪੰਜਾਬੀ ਮਨੁੱਖ ਅੰਦਰਲੇ ਘਰ, ਪਰਿਵਾਰ, ਜ਼ਿੰਦਗੀ ਤੇ ਸਮਾਜ ਦੀ ਦ੍ਰਿਸ਼ਕਾਰੀ ਕਰਦਾ ਹੈ। ਉਹ ਪੰਜਾਬੀ ਲੋਕ ਜੋ ਕਦੀ ਪੰਛੀਆਂ ਵਾਂਗ ਚੋਗਾ ਚੁਗਣ ਲਈ ਹੱਦਾਂ-ਸਰਹੱਦਾਂ ਪਾਰ ਕਰ ਇੰਗਲੈਂਡ ਗਏ ਸੀ। ਜਾਣ ਵਕਤ ਉਨ੍ਹਾਂ ਦੇ ਦਿਲਾਂ, ਸੋਚਾਂ ਤੇ ਅੱਖਾਂ ਵਿਚ ਚੋਗਾ ਚੁਗ ਕੇ ਵਤਨ ਪਰਤ ਆਉਣ ਦੇ ਸੁਪਨੇ ਸਨ। ਉਹ ਪੰਛੀਆਂ ਤੋਂ ਪ੍ਰੇਰਨਾ ਲੈ ਕੇ ਜਹਾਜ਼ਾਂ ਵਿਚ ਉੱਡੇ ਸਨ। ਪਰ ਉਹ ਪੰਛੀਆਂ ਦੇ ਸ਼ਾਮ ਨੂੰ ਆਲ੍ਹਣਿਆਂ ਵਿਚ ਆਉਣ ਵਾਂਗ ਆਪਣੇ ਘਰਾਂ ਵਿਚ ਨਾ ਪਰਤ ਸਕੇ। ਘਰਾਂ, ਪਰਿਵਾਰਾਂ, ਰਿਸ਼ਤਿਆਂ, ਪਿੰਡਾਂ ਤੇ ਜਵਾਨ ਉਮਰਾਂ ਨੂੰ ਛੱਡ ਕੇ ਪੈਸਾ ਕਮਾਉਣ ਲਈ ਯੂਕੇ ਦੀ ਧਰਤੀ ’ਤੇ ਜਾ ਉਤਰੇ ਪੰਜਾਬੀ ਉੱਥੇ ਹੀ ਵਸ ਗਏ। ਪਰ ਉਨ੍ਹਾਂ ਦਾ ਅਵਚੇਤਨ ਹਰ ਪਲ ਉਨ੍ਹਾਂ ਨੂੰ ਆਪਣੀ ਜਨਮ ਭੂਮੀ ਵੱਲ ਨੂੰ ਖਿੱਚਦਾ ਰਿਹਾ ਹੈ ਜਿੱਥੇ ਉਨ੍ਹਾਂ ਦਾ ਨਾੜੂਆ ਦੱਬਿਆ ਸੀ। ਉਮਰਾਂ ਬੀਤ ਜਾਣ ’ਤੇ ਵੀ ਉਨ੍ਹਾਂ ਦਾ ਉੱਥੇ ਆ ਕੇ ਜਿਊਣ-ਮਰਨ ਨੂੰ ਦਿਲ ਕਰਦਾ ਹੈ। ਇਹ ਬੰਦੇ ਦਾ ਅਵਚੇਤਨੀ ਖਾਸਾ ਹੈ। ਕੇ.ਸੀ. ਮੋਹਨ ਦੀ ਲਿਖਣ ਸ਼ੈਲੀ ਦਾ ਸਭ ਤੋਂ ਮੁੱਲਵਾਨ ਪੱਖ ਇਹ ਹੈ ਕਿ ਉਹ ਦੋ ਸਮਾਜਾਂ ਵਿਚ ਫਸੇ ਪੰਜਾਬੀ ਮਨੁੱਖ ਦੇ ਮਨੋਵਿਗਿਆਨ ਨੂੰ ਪੰਛੀਆਂ ਦੇ ਪ੍ਰਤੀਕ ਪ੍ਰਬੰਧ ਰਾਹੀਂ ਨਸ਼ਰ ਕਰਦਾ ਹੈ। ਜੀਵਨ ਸੰਘਰਸ਼ ਕਰਦਿਆਂ ਮਨੁੱਖ ਦੇ ਅੰਤਹਕਰਨ ਵਿਚ ਜੋ ਆਵਾਜ਼ਾਂ ਅਸਤ ਹੋ ਗਈਆਂ ਹਨ, ਲੇਖਕ ਉਨ੍ਹਾਂ ਨੂੰ ਖ਼ੂਬਸੂਰਤ ਅੱਖਰਾਂ, ਸ਼ਬਦਾਂ ਤੇ ਵਿਚਾਰਾਂ ਰਾਹੀਂ ਇਕ ਬੁਲੰਦ ਜ਼ੁਬਾਨ ਬਖ਼ਸ਼ਦਾ ਹੈ।
ਕੇ.ਸੀ. ਮੋਹਨ ਇਸ ਲੇਖ ਵਿਚ ਕੁਝ ਅਣਕਹੀਆਂ ਗੱਲਾਂ ਵੀ ਕਹਿੰਦਾ ਹੈ। ਮੈਂ ਕਿਤੇ ਪੜ੍ਹਿਆ ਸੀ ਕਿ ਇਕ ਤਾਂ ਪੰਛੀ ਖ਼ੁਦਕੁਸ਼ੀ ਨਹੀਂ ਕਰਦੇ। ਦੂਜਾ ਉਹ ਸਿਆਸਤ ਨਹੀਂ ਜਾਣਦੇ। ਪਰ ਮਨੁੱਖੀ ਸਮਾਜ ਇਕ ਐਸਾ ਸਮਾਜ ਹੈ ਜਿੱਥੇ ਖ਼ੁਦਕੁਸ਼ੀਆਂ ਵੀ ਹੁੰਦੀਆਂ ਹਨ ਤੇ ਸਿਆਸਤ ਵੀ ਹੁੰਦੀ ਹੈ। ਭਾਰਤੀ ਪੰਜਾਬ ਵਿਚ ਖ਼ੁਦਕੁਸ਼ੀਆਂ ਦੀ ਫ਼ਸਲ ਸਿਖਰ ਛੋਹ ਗਈ ਹੈ। ਸਿਆਸਤ ਗੈਰ-ਮਾਨਵੀ ਮੁੱਲਾਂ ਦੀ ਹੱਦ ਟੱਪ ਗਈ ਹੈ। ਲੇਖਕ ਜਿਨ੍ਹਾਂ ਦਫ਼ਤਰਾਂ ਦੀ ਗੱਲ ਛੇੜਦਾ ਹੈ, ਅੱਜਕੱਲ੍ਹ ਹਰ ਸੋਚਵਾਨ ਵਿਅਕਤੀ ਉਨ੍ਹਾਂ ਦਫ਼ਤਰਾਂ ਵਿਚ ਜਾਣ ਤੋਂ ਤ੍ਰਭਕਦਾ ਹੈ। ਇਹ ਭਾਰਤ ਦਾ ਹਾਲ ਹੈ। ਯੂਕੇ ਵਿਚ ਕੋਈ ਦਫ਼ਤਰੀ ਅੜਚਨ ਨਹੀਂ। ਹਰ ਅਧਿਕਾਰੀ ਲੋੋਕ ਸੇਵਾ ਹਿੱਤ ਕੰਮ ਕਰਦਾ ਹੈ। ਭਾਰਤ ਵਿਚ ਲੋਕ ਸੇਵਾ ਦੇ ਨਾਂ ਹੇਠ ਕੁਝ ਹੋਰ ਹੀ ਹੁੰਦਾ ਹੈ। ਜੇਕਰ ਇੰਗਲੈਂਡ ਦੀ ਧਰਤੀ, ਹਵਾ, ਰੁੱਖ ਤੇ ਪਾਣੀ ਸਾਫ਼ ਸੁਥਰੇ ਵਾਤਾਵਰਨ ਦੀ ਖ਼ਬਰ ਦਿੰਦਾ ਹੈ ਤਾਂ ਏਧਰ ਪ੍ਰਦੂਸ਼ਣ ਤੇ ਵਾਤਾਵਰਨ ਵਿਰੋਧੀ ਤਾਕਤਾਂ ਦਾ ਆਲਮ ਇਹ ਹੈ ਕਿ ਹੁਣ ਸਾਹ ਵੀ ਔਖਾ ਆਉਣ ਲੱਗਾ ਹੈ। ਜੇਕਰ ਹਵਾ ਇਹੋ ਰਹੀ ਤਾਂ ਇਕ ਦਿਨ ਰਸੋਈ ਗੈਸ ਦੇ ਸਿਲੰਡਰਾਂ ਵਾਂਗ ਸਾਹ ਲੈਣ ਲਈ ਆਕਸੀਜਨ ਗੈਸ ਦੇ ਸਿਲੰਡਰ ਵੀ ਮੁੱਲ ਖਰੀਦਣੇ ਪਿਆ ਕਰਨਗੇ। ਸਿਰਫ਼ ਦਫ਼ਤਰੀ ਪ੍ਰਸ਼ਾਸਨ ਤੇ ਪ੍ਰਦੂਸ਼ਣ ਦੀ ਗੱਲ ਨਹੀਂ। ਇੱਥੇ ਹਰ ਸੜਕ ’ਤੇ ਹਾਦਸਾਗ੍ਰਸਤ ਖੇਤਰ ਦਾ ਬੋਰਡ ਲੱਗਾ ਹੈ। ਹਰ ਤਰਫ਼ ਟਰੈਫਿਕ ਦੀ ਹਾਹਾਕਾਰ ਹੈ। ਅਖ਼ਬਾਰਾਂ, ਟੀਵੀ ਦੀਆਂ ਖ਼ਬਰਾਂ ਦੁਰਘਟਨਾਵਾਂ ਤੇ ਮੌਤਾਂ ਨਾਲ ਭਰੀਆਂ ਹੁੰਦੀਆ ਹਨ। ਇੱਥੇ ਜਾਇਦਾਦਾਂ ਦੇ ਰੌਲੇ ਹਨ। ਦੱਬ ਲਏ ਗਏ ਘਰਾਂ-ਖੇਤਾਂ ਦੇ ਝਗੜੇ ਹਨ। ਕੋਰਟ ਕਚਹਿਰੀਆਂ ਦੇ ਚੱਕਰ ਹਨ। ਦਫ਼ਤਰੀ ਬੇਹੁਰਮਤੀ ਹੈ। ਇਨ੍ਹਾਂ ਤੋਂ ਬਚਣਾ ਏਨਾ ਕੁ ਔਖਾ ਹੋਇਆ ਪਿਆ ਹੈ ਕਿ ਫਸਿਆ ਬੰਦਾ ਮੌਤ ਮੰਗਦਾ ਹੈ। ਮੌਤ ਦੇ ਕਗਾਰ ’ਤੇ ਖੜ੍ਹੇ ਭਾਰਤੀ ਪੰਜਾਬੀ ਨੂੰ ਕੇ.ਸੀ. ਮੋਹਨ ਜਦੋਂ ਸਮੁੰਦਰੋਂ ਪਾਰ ਦਾ ਦ੍ਰਿਸ਼ ਦਿਖਾਉਂਦਾ ਹੈ ਤਾਂ ਕਮਾਲ ਕਰ ਦਿੰਦਾ ਹੈ। ਯੂਕੇ ਵਿਚ ਸਾਫ਼-ਸੁਥਰਾ ਵਾਤਾਵਰਨ, ਚੰਗੀ ਸਿੱਖਿਆ, ਸਿਹਤ, ਮਿਲਾਵਟ ਰਹਿਤ ਚੀਜ਼ਾਂ ਤੇ ਦਵਾਈਆਂ, ਹੁਨਰ ਤੇ ਮਿਹਨਤ ਦੀ ਕਦਰ ਅਤੇ ਖ਼ੂਬਸੂਰਤ ਜ਼ਿੰਦਗੀ। ਭਾਰਤੀ ਸਰਕਾਰ ਦੇ ਸਮਾਨਅੰਤਰ ਉੱਥੇ ਲੋਕਾਂ ਨੂੰ ਇਕ ਸ਼ਾਨਦਾਰ ਜੀਵਨ ਸ਼ੈਲੀ, ਸਮਾਜ, ਪ੍ਰਸ਼ਾਸਨ ਤੇ ਜਿਊਣ ਦਾ ਮੌਕਾ ਪ੍ਰਦਾਨ ਕਰਨਾ ਉੱਥੇ ਦੀ ਸਰਕਾਰ ਦੀ ਮੁੱਢਲੀ ਜ਼ਿੰਮੇਵਾਰੀ ਹੈ। ਜ਼ਿੰਮੇਵਾਰੀ ਨਿਭਾਉਣ ਤੋਂ ਲੈ ਕੇ ਜ਼ਿੰਮੇਵਾਰੀ ਤੋਂ ਭੱਜਣ ਤਕ ਦੇ ਫ਼ਰਕ ਨੂੰ ਲੇਖਕ ਦੋਵਾਂ ਦੇਸ਼ਾਂ ਦੀ ਤੁਲਨਾਤਮਿਕ ਦ੍ਰਿਸ਼ਕਾਰੀ ਰਾਹੀਂ ਪਰਿਭਾਸ਼ਤ ਕਰਦਾ ਹੈ। ਲੇਖਕ ਏਧਰ ਤੇ ਓਧਰ ਵਿਚਕਾਰ ਅੱਖਰਾਂ ਦਾ ਪੁਲ ਬਣਦਾ ਹੈ।
ਇਹ ਲੇਖ ਆਪਣੇ ਸਿਰਲੇਖ ਪਿੱਛੇ ਲੱਗੇ ਸਵਾਲੀਆ ਨਿਸ਼ਾਨ ਵਿਚਲੇ ਸਵਾਲ ਦਾ ਜਵਾਬ ਤੁਲਨਾਤਮਿਕ ਵਿਧੀ ਦੇ ਜਿਸ ਕੋਣ ਤੋਂ ਦਿੰਦਾ ਹੈ, ਉਹ ਕੋਣ ਵੱਖਰਾ, ਸਖ਼ਤ ਹੈ। ਉਹ ਹੌਲੀ ਹੌਲੀ ਹਜ਼ਮ ਹੁੰਦਾ ਹੈ। ਇਹ ਸਿਰਲੇਖ ਜਵਾਬ ਵੀ ਹੈ ਤੇ ਸਵਾਲ ਵੀ। ਸਭ ਤੋਂ ਵੱਡਾ ਸਵਾਲ ਇਹ ਵੀ ਹੈ ਅੱਜ ਜਦੋਂ ਹਰ ਮਨੁੱਖ ਕੋਲ ਬਹੁਤ ਅਹਿਸਾਸ, ਬਹੁਤ ਗੱਲਾਂ ਹਨ ਤਾਂ ਉਸ ਦੀ ਗੱਲ ਸੁਣਨ ਵਾਲਾ ਸਰੋਤਾ ਗਾਇਬ ਕਿਉਂ ਹੈ! ਖ਼ੁਦ ਹੀ ਸਹੇੜੀ ਜਲਾਵਤਨੀ ਭੋਗ ਰਹੇ ਪੰਜਾਬੀ ਮਾਨਸ ਦੀ ਗੱਲ ਸੁਣਨ ਵਾਲਾ ਕੋਈ ਨਹੀਂ? ਕਿਉਂ ਓਧਰ ਵਿਦੇਸ਼ ਗਿਆ ਪੰਜਾਬੀ ਬੰਦਾ ਏਧਰ ਆਉਣ ਲਈ ਤੜਪਦਾ ਹੈ? ਕਿਉਂ ਏਧਰ ਰਹਿੰਦਾ ਪੰਜਾਬੀ ਬੰਦਾ ਵਿਦੇਸ਼ ਜਾਣ ਲਈ ਮਰਿਆ ਜਾ ਰਿਹਾ ਹੈ? ਐਨੀ ਵੱਡੀ ਦੁਨੀਆਂ ਵਿਚ ਉਸ ਦੇ ਰਹਿਣ ਲਈ ਸਹੀ ਥਾਂ ਕਿਹੜੀ ਹੈ? ਸਹੀ ਗ਼ਲਤ ਦੀ ਚੋਣ ਦਾ ਮਸਲਾ ਹੱਲ ਕਰਨ ਤੋਂ ਅਸਮਰੱਥ ਪੰਜਾਬੀ ਬੰਦੇ ਦੀ ਹੋਂਦ, ਹੋਣੀ ਤੇ ਹੋਣ ਦੀ ਗਾਥਾ ਨੂੰ ਇਹ ਲੇਖ ਚਿੰਤਨ ਕਰਨ ਲਈ ਆਵਾਜ਼ਾਂ ਮਾਰਦਾ ਹੈ। ਇਸ ਦੇ ਸ਼ਬਦ ਹੋਰ ਹਨ। ਅਰਥ ਹੋਰ ਹਨ। ਵਾਕ, ਪੈਰੇ ਤੇ ਪਾਠ ਹੋਰ ਹੈ। ਗੰਭੀਰ ਸਰੋਕਾਰਾਂ ਨਾਲ ਜੁੜੀ ਕਥਾ ਲੜੀ ਨੂੰ ਖ਼ੂਬਸੂਰਤ ਕਥਾ-ਰਸ ਰਾਹੀਂ ਪੇਸ਼ ਕਰਦਾ ਇਹ ਲੇਖ ਕੇ.ਸੀ. ਮੋਹਨ ਦੀ ਕਹਾਣੀ ਕਲਾ ਦਾ ਖ਼ੂਬਸੂਰਤ ਪ੍ਰਮਾਣ ਪੇਸ਼ ਕਰਦਾ ਹੈ।
ਮੇਰੀ ਨਜ਼ਰ ਵਿਚ ਇਹ ਲੇਖ ਅਣਕਹੇ ਤੇ ਅਣਲਿਖੇ ਦੀ ਜੁਗਤ ਰਾਹੀਂ ਭਾਰਤ ਦੀ ਧਰਤੀ ’ਤੇ ਇਕ ਐਸੇ ਖ਼ੂਬਸੂਰਤ ਪੰਜਾਬ ਦੇਸ਼ ਦੀ ਸਿਰਜਣਾ ਹੋਈ ਵੇਖਣੀ ਚਾਹੁੰਦਾ ਹੈ, ਜਿੱਥੇ ਵਿਦੇਸ਼ ਗਿਆ ਪੰਜਾਬੀ ਪਰਤ ਕੇ ਰਹਿ ਸਕੇ। ਜਿੱਥੇ ਕਿਸੇ ਨੂੰ ਰੋਜ਼ੀ ਰੋਟੀ ਤੇ ਖੁਸ਼ਹਾਲ ਜ਼ਿੰਦਗੀ ਦਾ ਸੁਪਨਾ ਪੂਰਾ ਕਰਨ ਵਿਦੇਸ਼ਾਂ ਦੀ ਧਰਤੀ ਉਪਰ ਜਲਾਵਤਨੀ ਨਾ ਹੰਢਾਉਣੀ ਪਵੇ। ਇਹ ਲੇਖ ਜਨਮ ਭੂਮੀ ਦੀ ਉਸ ਮਿੱਟੀ ਦੀ ਆਵਾਜ਼ ਸੁਣਨੀ ਚਾਹੁੰਦਾ ਹੈ ਜਿਹੜੀ ਮਿੱਟੀ ਹੁਣ ਆਵਾਜ਼ਾਂ ਨਹੀਂ ਮਾਰਦੀ। ਇਸ ਮਜ਼ਮੂਨ ਦਾ ਸਿਰਜਕ ਸਾਡੇ ਸਮਿਆਂ ਦੇ ਵਾਸ-ਪਰਵਾਸ ਨਾਲ ਜੁੜੇ ਗੰਭੀਰ ਸਵਾਲਾਂ-ਜਵਾਬਾਂ ਦੀ ਇਕ ਤੁਲਨਾਤਮਕ ਲੜੀ ਸਿਰਜਣ ਵਿਚ ਪੂਰੀ ਤਰ੍ਹਾਂ ਸਫਲ ਹੈ।

ਸੰਪਰਕ: 98156-59220


Comments Off on ਮਿੱਟੀ ਹੁਣ ਕਿਉਂ ’ਵਾਜ਼ਾਂ ਨਹੀਂ ਮਾਰਦੀ?
1 Star2 Stars3 Stars4 Stars5 Stars (No Ratings Yet)
Loading...
Both comments and pings are currently closed.

Comments are closed.

Available on Android app iOS app
Powered by : Mediology Software Pvt Ltd.