ਆਜ਼ਾਦੀ ਸੰਘਰਸ਼ ਵਿੱਚ ਗੁਰੂ ਹਰੀ ਸਿੰਘ ਦਾ ਯੋਗਦਾਨ !    ਮਹਾਰਾਜਾ ਰਣਜੀਤ ਸਿੰਘ ਦੇ ਰਾਜ ਵਿੱਚ ਵਿੱਦਿਆ ਪ੍ਰਬੰਧ !    ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਸ਼ਤਾਬਦੀ ਵਰ੍ਹਾ !    ਗਾਜ਼ਾ ’ਚ ਇਜ਼ਰਾਇਲੀ ਹਵਾਈ ਹਮਲੇ ’ਚ ਇਸਲਾਮਿਕ ਕਮਾਂਡਰ ਦੀ ਮੌਤ !    ਬੀਕਾਨੇਰ: ਹਾਦਸੇ ’ਚ 7 ਮੌਤਾਂ !    ਕਸ਼ਮੀਰ ’ਚ ਪੱਤਰਕਾਰਾਂ ਵੱਲੋਂ ਪ੍ਰਦਰਸ਼ਨ !    ਉੱਤਰਾਖੰਡ ’ਚ ਭੁਚਾਲ ਦੇ ਝਟਕੇ !    ਵਿਆਹ ਕਰਾਉਣ ਤੋਂ ਨਾਂਹ ਕਰਨ ’ਤੇ ਤਾਇਕਵਾਂਡੋ ਖਿਡਾਰਨ ਨੂੰ ਗੋਲੀ ਮਾਰੀ !    ਮੁਕਾਬਲੇ ਵਿੱਚ ਦਹਿਸ਼ਤਗਰਦ ਹਲਾਕ !    ਲੋਕ ਜਨਸ਼ਕਤੀ ਪਾਰਟੀ ਝਾਰਖੰਡ ਵਿੱਚ 50 ਸੀਟਾਂ ’ਤੇ ਚੋਣ ਲੜੇਗੀ !    

ਮਿੰਨੀ ਕਹਾਣੀਆਂ

Posted On June - 30 - 2019

ਜੱਟ
‘‘ਪਾਪਾ, ਜੱਟ ਕੌਣ ਹੁੰਦਾ ਹੈ?’’ ਇਹ ਸਵਾਲ ਮੇਰੇ ਛੇ ਸਾਲ ਦੇ ਬੇਟੇ ਦਾ ਸੀ ਜੋ ਹੁਣੇ ਹੁਣੇ ਟੀਵੀ ਵੇਖਦਾ ਉੱਠ ਕੇ ਆਇਆ ਸੀ। ਜੇ ਇਹ ਸਵਾਲ ਮੈਂ ਜਾਂ ਮੇਰੇ ਕਿਸੇ ਹਾਣੀ ਨੇ ਆਪਣੇ ਬਚਪਨ ਵਿਚ ਪੁੱਛਿਆ ਹੁੰਦਾ ਤਾਂ ਸਾਡੇ ਬਾਪੂ ਨੇ ਕਹਿਣਾ ਸੀ, ‘‘ਉਏ ਤੈਨੂੰ ਇਹ ਵੀ ਨਹੀਂ ਪਤਾ! ਬੁੱਧੂ ਕਿਸੇ ਥਾਂ ਦਾ।’’ ਪਰ ਇਹ ਸਮਾਂ ਮੇਰੇ ਬਚਪਨ ਦਾ ਨਹੀਂ, ਅੱਜ ਦਾ ਸੀ। ਇਸ ਲਈ ਬੱਚੇ ਦਾ ਸਵਾਲ ਵਾਜਬ ਸੀ। ਅੱਜ ਦੇ ਬੱਚੇ ਕੀ ਜਾਣਦੇ ਨੇ ਜੱਟ ਬਾਰੇ। ਪਿੰਡ ਵਿਚ ਰਹਿਣ ਵਾਲੇ ਤਾਂ ਕੁਝ ਨਾ ਕੁਝ ਜਾਣਦੇ ਹੋਣਗੇ, ਪਰ ਸ਼ਹਿਰੀ … ਕੁਝ ਵੀ ਨਹੀਂ।
‘‘ਦੱਸੋ ਪਾਪਾ, ਤੁਹਾਨੂੰ ਪਤਾ ਏ ਕਿ ਨਹੀਂ?’’ ਬੇਟੇ ਨੇ ਮੈਨੂੰ ਸੋਚੀਂ ਪਿਆ ਵੇਖ ਕੇ ਫਿਰ ਪੁੱਛਿਆ।
‘‘ਪੁੱਤ, ਜੱਟ ਉਸ ਨੂੰ ਕਹਿੰਦੇ ਹਨ ਜੋ ਖੇਤੀ ਕਰਦਾ ਹੈ, ਫ਼ਸਲਾਂ ਉਗਾਉਂਦਾ ਹੈ,’’ ਮੈਂ ਸਾਧਾਰਨ ਸ਼ਬਦਾਂ ਵਿਚ ਪਰਿਭਾਸ਼ਾ ਦੇਣੀ ਚਾਹੀ। ਮੇਰੇ ਜਵਾਬ ਨਾਲ ਉਸ ਦੀ ਤਸੱਲੀ ਨਾ ਹੋਈ। ਕੁਝ ਚਿਰ ਸੋਚਣ ਤੋਂ ਬਾਅਦ ਉਹ ਬੋਲਿਆ, ‘‘ਨਹੀਂ ਪਾਪਾ, ਤੁਹਾਨੂੰ ਨਹੀਂ ਪਤਾ।’’ ‘‘ਅੱਛਾ ਫਿਰ ਤੁਸੀਂ ਦੱਸੋ ਜੱਟ ਕੌਣ ਹੁੰਦਾ ਹੈ?’’ ਮੈਂ ਉਸ ਦੇ ਭੋਲੇਪਣ ਦੇ ਅੰਦਾਜ਼ ਵਿਚ ਹੀ ਪੁੱਛਿਆ। ‘‘ਪਾਪਾ ਜੱਟ ਉਹ ਹੁੰਦਾ ਹੈ ਜੋ ਗਾਣੇ ਗਾਉਂਦਾ ਹੈ, ਉਸ ਕੋਲ ਬੰਦੂਕ ਵੀ ਹੁੰਦੀ ਹੈ ਅਤੇ ਉਹ…,’’ ਉਹ ਲਗਾਤਾਰ ਬੋਲੀ ਜਾ ਰਿਹਾ ਸੀ।
‘‘ਨਹੀਂ ਬੇਟਾ, ਜੱਟ ਇਹੋ ਜਿਹਾ ਨਹੀਂ ਹੁੰਦਾ। ਉਹ ਬਹੁਤ ਮਿਹਨਤੀ, ਸਿਰੜੀ ਹੁੰਦਾ ਹੈ,’’ ਮੈਂ ਉਸ ਨੂੰ ਰੋਕਦਿਆਂ ਕਿਹਾ। ਉਹ ਰੁਕ ਗਿਆ ਅਤੇ ਫਿਰ ਮੇਰੀ ਬਾਂਹ ਫੜ ਕੇ ਕਹਿਣ ਲੱਗਾ, ‘‘ਆਜੋ ਪਾਪਾ, ਮੈਂ ਤੁਹਾਨੂੰ ਟੀਵੀ ’ਤੇ ਵਿਖਾਉਂਦਾ ਹਾਂ।’’
ਉਹ ਮੇਰੀ ਬਾਂਹ ਫੜ ਮੈਨੂੰ ਟੀਵੀ ਵਾਲਾ ਜੱਟ ਵਿਖਾਉਣ ਲਿਜਾ ਰਿਹਾ ਸੀ ਅਤੇ ਮੈਂ ਉਸ ਦੇ ਪਿੱਛੇ ਪਿੱਛੇ ਜਾਂਦਾ ਸੋਚ ਰਿਹਾ ਸੀ ਕਿ ਇਸ ਦੀ ਅਸਲੀ ਜੱਟ ਨਾਲ ਜਾਣ-ਪਛਾਣ ਕਿਵੇਂ ਕਰਾਵਾਂ…!
ਹਰਜੀਤ ਨਾਗੀ
ਸੰਪਰਕ: 94177-29669

ਸੱਚ ਦਾ ਸਫ਼ੀਰ
ਲੌਢੇ ਵੇਲੇ ਦਫ਼ਤਰ ਬੰਦ ਕਰਕੇ ਕਾਹਲੇ ਪੈਰੀਂ ਘਰ ਮੁੜ ਰਿਹਾ ਸੀ ਤਾਂ ਅਚਾਨਕ ਨਿਗ੍ਹਾ ਰਸਤੇ ਵਿਚ ਰੇਹੜੀ ਲਈ ਖੜ੍ਹੇ ਇਕ ਬਜ਼ੁਰਗ ਵੱਲ ਗਈ। ਸਰਸਰੀ ਨਿਗ੍ਹਾ ਮਾਰੀ ਤਾਂ ਚਾਲ ਮੱਧਮ ਪੈ ਗਈ। ਮੈਲਾ ਕੁੜਤਾ ਪਜਾਮਾ ਤੇ ਸਿਰ ਉੱਪਰ ਉੱਘੜ-ਦੁੱਘੜੀ ਬੰਨ੍ਹੀ ਹੋਈ ਪੱਗ। ਰੇਹੜੀ ਪੱਲੀ ਨਾਲ ਢਕੀ ਹੋਈ। ਪਰ ਉਹਦੇ ਚਿਹਰੇ ਦੇ ਨੂਰ ਨੇ ਮੈਨੂੰ ਆਪਣੇ ਵੱਲ ਖਿੱਚ ਲਿਆ ਤੇ ਮੈਂ ਜਾ ਪੁੱਛਿਆ, ‘‘ਕੀ ਵੇਚ ਰਹੇ ਹੋ ਬਜ਼ੁਰਗੋ?’’
‘‘ਖਰੀਦੇਂਗਾ…?’’ ਬਜ਼ੁਰਗ ਨੇ ਸ਼ਾਂਤ ਚਿੱਤ ਤੇ ਡੂੰਘੇ ਲਹਿਜੇ ਵਿਚ ਸਵਾਲ ਕੀਤਾ।
‘‘ਹਾਂ, ਕਿਉਂ ਨਹੀਂ। ਜੇ ਮੇਰੇ ਮਨ ਨੂੰ ਜਚੀ ਤੇ ਮਤਲਬ ਦੀ ਹੋਈ ਤਾਂ ਜ਼ਰੂਰ।’’ ਮੈਂ ਬੇਬਾਕੀ ਨਾਲ ਜਵਾਬ ਦਿੱਤਾ।
‘‘ਕੀਮਤ ਦੇ ਦੇਵੇਂਗਾ…?’’
ਬਜ਼ੁਰਗ ਦੀ ਗੱਲ ਸੁਣ ਕੇ ਮੈਂ ਹੈਰਾਨ ਹੋ ਗਿਆ। ਇਕ ਵਾਰ ਫਿਰ ਨਿਗ੍ਹਾ ਬਜ਼ੁਰਗ ਵੱਲ ਮਾਰੀ ਤੇ ਮਨ ਹੀ ਮਨ ਸੋਚਿਆ ਕਿ ਇਹ ਕਿਹੜਾ ਸਵਰਗ ਦੀਆਂ ਅੰਜੀਰਾਂ ਵੇਚਦਾ ਹੋਣਾ। ਪਰਸ ਦੀ ਤਸੱਲੀ ਕਰਨ ਲਈ ਹੱਥ ਪੈਂਟ ਦੀ ਪਿਛਲੀ ਜੇਬ੍ਹ ਵੱਲ ਗਿਆ ਤਾਂ ਸ਼ਾਇਦ ਬਜ਼ੁਰਗ ਨੇ ਦੇਖ ਲਿਆ ਤੇ ਬੋਲਿਆ, ‘‘ਇਹਦੀ ਕੀਮਤ ਤਾਂ ਤੂੰ ਕਰੋੜਾਂ ਰੁਪਏ ਦੇ ਕੇ ਵੀ ਨਹੀਂ ਤਾਰ ਸਕਦਾ…।’’
‘‘ਫਿਰ ਕੀ ਹੈ ਇਹਦਾ ਮੁੱਲ?’’
‘‘ਇਕੱਲਿਆਂ ਚੱਲਣਾ ਪੈਣਾ, ਦੁਨੀਆਂ ਦੇ ਨਾਲ ਖਹਿਣਾ ਪੈਣਾ, ਲੋਕਾਂ ਦੀ ਬੇਰੁਖ਼ੀ ਸਹਿਣੀ ਪੈਣੀ। ਦੋਸਤ-ਮਿੱਤਰ ਰਿਸ਼ਤੇਦਾਰ ਸਭ ਬੁਲਾਉਣਾ ਬੰਦ ਕਰ ਦੇਣਗੇ ਜਾਂ ਘੱਟ ਕਰ ਦੇਣਗੇ। ਲੋਕ ਤਾਂ ਇਕ ਪਾਸੇ ਆਪਣਾ ਪਰਛਾਵਾਂ ਵੀ ਸਾਥ ਛੱਡ ਜਾਵੂ। ਕਲਯੁਗ ਐ ਪੁੱਤਰਾ, ਬਹੁਤ ਧੱਕੇ ਖਾਣੇ ਪੈਣੇ ਐਂ।’’
‘‘ਏਦਾਂ ਦਾ ਕੀ ਵੇਚਦਾ ਬਾਬਾ?’’ ਮੈਨੂੰ ਵੱਟ ਚੜ੍ਹ ਗਿਆ।
‘‘ਸੱਚ…’’ ਬਜ਼ੁਰਗ ਨੇ ਠਰੰਮੇ ਨਾਲ ਜਵਾਬ ਦਿੱਤਾ।
‘‘ਸੱਚ…’’ ਇਹ ਸੁਣ ਕੇ ਮੇਰੀ ਹੈਰਤ ਦੀ ਹੱਦ ਨਾ ਰਹੀ। ਮੈਂ ਸੁੰਨ ਜਿਹਾ ਹੋ ਗਿਆ।
‘‘ਬੋਲ ਚਾਹੀਦੈ?’’
‘‘ਹਾਂ।’’
‘‘ਅੱਖਾਂ ਬੰਦ ਕਰ ਤੇ ਜੀਭ ਬਾਹਰ ਕੱਢ।’’
ਬਜ਼ੁਰਗ ਦੇ ਵਸ਼ੀਭੂਤ ਹੋਏ ਨੇ ਮੈਂ ਮੂੰਹ ਖੋਲ੍ਹਿਆ ਤੇ ਜੀਭ ਬਾਹਰ ਕੱਢ ਲਈ। ਬਜ਼ੁਰਗ ਨੇ ਮੇਰੀ ਜੀਭ ’ਤੇ ਕੁਝ ਬਰੂਰਿਆ ਤੇ ਬੋਲਿਆ, ‘‘ਚੱਟ ਲੈ।’’
‘‘ਇਹ ਤਾਂ ਬਹੁਤ ਕੌੜਾ…’’ ਜੀਭ ’ਤੇ ਪਈ ਕੁੜੱਤਣ ਨੂੰ ਚੱਟਦਿਆਂ ਮੇਰੀ ਜਾਨ ਨਿਕਲ ਗਈ।
ਬਜ਼ੁਰਗ ਉੱਚੀ ਉੱਚੀ ਹੱਸਿਆ, ‘‘ਸੱਚ ਕੌੜਾ ਜ਼ਰੂਰ ਹੁੰਦੈ, ਪਰ ਅੰਤ ਜਿੱਤ ਸੱਚ ਦੀ ਹੀ ਹੁੰਦੀ ਹੈ। ਝੂਠ, ਫ਼ਰੇਬ, ਧੋਖਾ, ਮੱਕਾਰੀਆਂ ਸਭ ਇੱਥੇ ਹੀ ਰਹਿ ਜਾਣੀਆਂ ਨੇ ਪੁੱਤਰਾ, ਦਰਗਾਹ ਵਿਚ ਸਿਰਫ਼ ਸੱਚ ਹੀ ਕੰਮ ਆਉਂਦੈ।’’
ਮੈਂ ਖੜ੍ਹਾ ਸੱਚ ਦੀ ਕੁੜੱਤਣ ਨੂੰ ਚੱਟਦਾ ਰਿਹਾ ਤੇ ਸੱਚ ਦਾ ਸਫ਼ੀਰ ਸੱਚ ਦਾ ਪੈਗਾਮ ਦੇ ਕੇ ਭੀੜ ਵਿਚ ਕਿਧਰੇ ਲੋਪ ਹੋ ਗਿਆ।
– ਮਨਿੰਦਰ ਜੀਤ ਸਿੰਘ
ਸੰਪਰਕ: 94176-39004


Comments Off on ਮਿੰਨੀ ਕਹਾਣੀਆਂ
1 Star2 Stars3 Stars4 Stars5 Stars (No Ratings Yet)
Loading...
Both comments and pings are currently closed.

Comments are closed.

Available on Android app iOS app
Powered by : Mediology Software Pvt Ltd.