ਤਕਨੀਕੀ ਨੁਕਸ ਕਾਰਨ ਜਹਾਜ਼ ਉਤਾਰਿਆ !    ਗੁਜਰਾਤ ’ਚ ਚਾਰ ਸੀਟਾਂ ’ਤੇ ਚੋਣਾਂ ਲਈ ਕਾਂਗਰਸ ਨੇ ਸਵਾਲ ਉਠਾਇਆ !    ਵਿਸ਼ਵ ਜੇਤੂ ਗਾਮਾ ਭਲਵਾਨ !    ਤਬਾਹੀ ਵੱਲ ਵਧ ਰਿਹਾ ਐਮੇਜ਼ੌਨ !    ਬਹੁਪੱਖੀ ਸ਼ਖ਼ਸੀਅਤ ਮਹਿੰਦਰ ਸਿੰਘ ਰੰਧਾਵਾ !    ਸ਼ਾਂਤ ਤੇ ਖ਼ੂਬਸੂਰਤ ਤੀਰਥਨ ਘਾਟੀ !    ਮਿੰਨੀ ਕਹਾਣੀਆਂ !    ਕਾਲਾ ਪੰਡਤ !    ਦਲਿਤ ਸਾਹਿਤ ਦੀ ਸਮੀਖਿਆ !    ਦਲਿਤ ਜੀਵਨ ਦੀ ਪੇਸ਼ਕਾਰੀ !    

ਮਿੰਨੀ ਕਹਾਣੀਆਂ

Posted On June - 9 - 2019

ਮੰਗਤੇ ਦਾ ਨੋਟਾ
ਵੋਟਾਂ ਵਾਲੇ ਦਿਨ ਆਪਣੀ ਵੋਟ ਭੁਗਤਾਉਣ ਮਗਰੋਂ ਮੈਂ ਇਕ ਸਾਹਿਤਕ ਮਿਲਣੀ ਵਿਚ ਹਾਜ਼ਰੀ ਲਗਵਾਉਣ ਲਈ ਪਟਿਆਲੇ ਚਲਾ ਗਿਆ। ਸ਼ਾਮ ਨੂੰ ਜਦੋਂ ਆਪਣੇ ਕਸਬੇ ’ਚ ਵਾਪਸ ਆ ਕੇ ਬੱਸ ਤੋਂ ਉਤਰਿਆ ਤਾਂ ਇਕ ਰਿਕਸ਼ੇ ਵਾਲਾ ਮੈਨੂੰ ਆਪਣੇ ਰਿਕਸ਼ੇ ’ਤੇ ਜਾਣ ਦਾ ਸੱਦਾ ਦੇ ਰਿਹਾ ਸੀ।
‘‘ਪੰਜਾਬ ਨੈਸ਼ਨਲ ਬੈਂਕ ਤੱਕ ਕੀ ਲਵੇਂਗਾ?’’ ਮੈਂ ਕਿਹਾ। ‘‘ਜੀ ਤੀਸ ਰੁਪਏ।’’ ਉਹ ਬੋਲਿਆ। ‘‘ਪਹਿਲਾਂ ਵੀਹ ਦੇਈਦੇ ਨੇ। ਵੀਹ ਲੈ ਲਵੀਂ।’’ ‘‘ਨਹੀਂ ਜੀ ਜੋ ਰੇਟ ਹੈ, ਮਾਂਗਾ ਹੈ। ਨਹੀਂ ਦੇਨਾ ਤੋ ਆਪ ਕੀ ਮਰਜ਼ੀ।’’ ਉਹ ਮੈਨੂੰ ਛੱਡ ਕਿਸੇ ਹੋਰ ਨੂੰ ਜਾਣ ਲਈ ਪੁੱਛਣ ਲੱਗ ਪਿਆ। ਮੇਰਾ ਘਰ ਤਾਂ ਨਜ਼ਦੀਕ ਹੀ ਸੀ। ਮੈਂ ਗਲੀਆਂ ਵਿੱਚੀਂ ਪੈਦਲ ਮਾਰਚ ਸ਼ੁਰੂ ਕਰ ਦਿੱਤਾ। ਸੋਚਿਆ, ਪੈਸੇ ਵੀ ਬਚਾਈਏ ਤੇ ਘਰ ਤੱਕ ਪੈਦਲ ਚੱਲ ਕੇ ਸਿਹਤ ਵੀ ਬਣਾਈਏ।
ਘਰ ਦੇ ਗੇਟ ’ਤੇ ਪੁੱਜਾ ਤਾਂ ਉੱਥੇ ਬੈਠਾ ਅੱਧਖੜ ਉਮਰ ਦਾ ਇਕ ਬੰਦਾ ਰੋਟੀ ਖਾਣ ਲੱਗਾ ਹੋਇਆ ਸੀ। ਉਸ ਨੇ ਹੱਥ ਅੱਡ ਲਿਆ ਤੇ ਬੋਲਿਆ, ‘‘ਕੁਛ ਦੇ ਦੋ ਸਰਦਾਰ ਜੀ। ਮੇਰੀ ਨੂੰਹ ਦਾਖ਼ਲ ਏ। ਤੁਹਾਡਾ ਭਲਾ ਹੋਊ।’’ ਉਸ ਦੀ ਉਂਗਲ ’ਤੇ ਵੋਟਾਂ ਵਾਲੀ ਸਿਆਹੀ ਲੱਗੀ ਦੇਖ ਮੈਂ ਪੁੱਛ ਲਿਆ, ‘‘ਵੋਟ ਕਿਸ ਨੂੰ ਪਾਈ?’’ ‘‘ਵੋਟ ਨੋਟਾ ਨੂੰ ਪਾਈ।’’ ਉਹ ਬੋਲਿਆ। ‘‘ਨੋਟਾ ਦਬਾ ਕੇ ਤੈਨੂੰ ਕੀ ਮਿਲਿਆ?’’ ਮੈਂ ਪੁੱਛਿਆ। ‘‘ਨੋਟ… ਕਈਆਂ ਤੋਂ ਮਿਲੇ ਨੋਟ।’’ ਉਹ ਹੱਸਿਆ। ‘‘ਬੜਾ ਸ਼ੈਤਾਨ ਏਂ ਤੂੰ ਤਾਂ। ਚੱਲ ਉੱਠ ਐਥੋਂ, ਵਗ ਜਾ।’’ ਮੈਂ ਗੇਟ ਬੰਦ ਕਰ ਕੇ ਅੰਦਰ ਵੜਿਆ ਤਾਂ ਪਤਨੀ ਉਸ ਦੇ ਪੀਣ ਲਈ ਪਾਣੀ ਲਈ ਖੜ੍ਹੀ। ‘‘ਇਹਨੂੰ ਤੂੰ ਰੋਟੀਆਂ ਛਕਾਉਣ ਲੱਗੀ ਹੋਈ ਏਂ। ਇਹ ਤਾਂ ਠੱਗ ਏ। ਇਸ ਨੇ ਨੋਟ ਸਭਨਾਂ ਤੋਂ ਲੈ ਲਏ, ਬਟਨ ਨੋਟਾ ਦਾ ਦਬਾ ਆਇਆ।’’ ਮੈਂ ਕਿਹਾ। ‘‘…ਢਹਿ ਜਾਣਾ ਨਾ ਹੋਵੇ। ਮੈਨੂੰ ਕੀ ਪਤਾ, ਮੈਂ ਤਾਂ ਇਹਨੂੰ ਪੰਜਾਹ ਰੁਪਏ ਵੀ ਦੇ ਬੈਠੀ। ਰੋਣ ਲੱਗ ਪਿਆ, ਕਹਿੰਦਾ ਨੂੰਹ ਦਾਖਲ ਏ, ਪੈਸੇ ਕੋਲ ਹੈ ਨਹੀਂ।’’ ਉਹ ਬੋਲੀ। ਉਸ ਦੀ ਗੱਲ ਸੁਣ ਕੇ ਮੇਰੇ ਤਾਂ ਬੋਲ ਹੀ ਖੁਸ਼ਕ ਹੋ ਗਏ। ਗ਼ਰੀਬ ਰਿਕਸ਼ੇ ਵਾਲਾ ਮੇਰੇ ਦਿਮਾਗ਼ ਵਿਚ ਘੁੰਮਣ ਲੱਗਾ। ਘਰ ਲੁਟਾਉਣ ਵਾਲੀ ਪਤਨੀ ’ਤੇ ਗੁੱਸਾ ਤਾਂ ਆਇਆ, ਪਰ ਆਪਣੀ ਪਤਨੀ ਨੂੰ ਕੋਈ ਕੀ ਕਹਿ ਸਕਦਾ ਏ!
– ਗੁਰਦਿਆਲ ਦਲਾਲ

ਤਰਜੀਹ
‘‘ਸਰਪੰਚ ਸਾਬ੍ਹ! ਆਪਣੇ ਪਾਰਕ ’ਚ ਦੋ ਦਿਨਾਂ ਤੋਂ ਆਵਾਰਾ ਪਸ਼ੂ ਦੀ ਲਾਸ਼ ਸੜ ਰਹੀ ਹੈ। ਇਹਨੂੰ ਚੁਕਾਉਣ ਦਾ ਇੰਤਜ਼ਾਮ ਕਰਵਾਇਆ ਜਾਵੇ। ਨਹੀਂ ਤਾਂ ਬਿਮਾਰੀ ਫੈਲਣ ਦਾ ਖ਼ਤਰਾ ਹੈ,’’ ਸੁਖਦੇਵ ਨੇ ਫੋਨ ’ਤੇ ਸਮੱਸਿਆ ਦਾ ਹੱਲ ਸੁਣਨ ਦੀ ਉਮੀਦ ਕੀਤੀ। ਮਹਿਲਾ ਸਰਪੰਚ ਥੋੜ੍ਹਾ ਰੁਕ ਕੇ ਬੋਲੀ, ‘‘ਮੇਰੀ ਅੱਜ ਪਹਿਲ ਤਾਂ ਵੋਟਾਂ ਮੰਗਣ ਵਾਲਿਆਂ ਨਾਲ ਜਾਣ ਦੀ ਐ। ਸੰਗਰਾਂਦ ਐ ਮੱਥਾ ਟੇਕਣ ਵੀ ਜਾਣੈ। ਮੇਰੀ ਕਿੱਟੀ ਵੀ ਐ…। ਖ਼ੈਰ ਦੇਖਦੀ ਆਂ।’’ ਇਹ ਕਹਿ ਕੇ ਉਸ ਨੇ ਫੋਨ ਰੱਖ ਦਿੱਤਾ। ਸੁੰਨ ਜਿਹਾ ਹੋਇਆ ਸੁਖਦੇਵ ਸੋਚਣ ਲਈ ਮਜਬੂਰ ਸੀ ਕਿ ਸਾਡੇ ਸਮਾਜ ਸੇਵੀ ਤਰਜੀਹ ਕਿਸ ਚੀਜ਼ ਨੂੰ ਦਿੰਦੇ ਹਨ।
– ਜਗਰੂਪ ਬੋਲੇ
ਸੰਪਰਕ: 98888-28406


Comments Off on ਮਿੰਨੀ ਕਹਾਣੀਆਂ
1 Star2 Stars3 Stars4 Stars5 Stars (No Ratings Yet)
Loading...
Both comments and pings are currently closed.

Comments are closed.

Available on Android app iOS app
Powered by : Mediology Software Pvt Ltd.