ਸਰਕਾਰੀ ਸਕੂਲਾਂ ਵਿੱਚ ਤਕਨਾਲੋਜੀ ਦੀ ਵਰਤੋਂ !    ਡਾਕਟਰਾਂ ਤੇ ਮਰੀਜ਼ਾਂ ਵਿੱਚ ਮਜ਼ਬੂਤ ਰਿਸ਼ਤਿਆਂ ਦੀ ਜ਼ਰੂਰਤ !    ਅਜੋਕੀ ਸਿੱਖਿਆ ਤੇ ਬੌਧਿਕ ਵਿਕਾਸ !    ਖ਼ਰਾਬ ਮੌਸਮ ਕਾਰਨ 26 ਉਡਾਣਾਂ ’ਚ ਤਬਦੀਲੀ !    370: ਸੁਪਰੀਮ ਕੋਰਟ ਵੱਲੋਂ ਪਟੀਸ਼ਨਾਂ ਸੱਤ ਮੈਂਬਰੀ ਬੈਂਚ ਕੋਲ ਭੇਜਣ ਦਾ ਸੰਕੇਤ !    ਕਤਲ ਮਾਮਲਾ: ਮੁਲਜ਼ਮਾਂ ਦੀ ਗ੍ਰਿਫ਼ਤਾਰੀ ਲਈ ਆਵਾਜਾਈ ਰੋਕੀ !    ਭਾਰਤ-ਅਮਰੀਕਾ ਵਿਚਾਲੇ 2+2 ਗੱਲਬਾਤ 18 ਨੂੰ !    ਸੀਬੀਆਈ ਵੱਲੋਂ 13 ਟਿਕਾਣਿਆਂ ’ਤੇ ਛਾਪੇ !    ਅਤਿਵਾਦੀ ਹਮਲੇ ’ਚ ਨਾਈਜਰ ਦੇ 71 ਫੌਜੀ ਹਲਾਕ !    ਛੱਤੀਸਗੜ੍ਹ ’ਚ ਦੋ ਨਕਸਲੀ ਹਲਾਕ !    

ਮਿੰਨੀ ਕਹਾਣੀਆਂ

Posted On June - 2 - 2019

ਰੱਬ ਦਾ ਫ਼ੈਸਲਾ
ਕਾਲੀ ਘਟਾ ਦੇਖ ਕੇ ਕਿਸਾਨ ਦੀ ਪਤਨੀ ਨੇ ਰੱਬ ਅੱਗੇ ਤਰਲਾ ਕੀਤਾ, “ਰੱਬਾ, ਇਸ ਸਾਲ ਵੇਲੇ ਸਿਰ ਮੀਂਹ ਪੈ ਜਾਣ, ਚੰਗੀ ਫ਼ਸਲ ਹੋ ਜਾਵੇ। ਚਾਰ ਪੈਸੇ ਲਾ ਕੇ ਜਵਾਨ ਧੀ ਦੇ ਹੱਥ ਪੀਲੇ ਕਰ ਦੇਈਏ।” ਕਾਲੀ ਘਟਾ ਦੇਖ ਕੇ ਪਟਵਾਰੀ ਦੇ ਪਤਨੀ ਨੇ ਬੇਨਤੀ ਕੀਤੀ, “ਹੇ ਮਾਲਕਾ, ਜੇ ਇਸ ਵਾਰ ਹੜ੍ਹ ਆ ਜਾਣ ਤਾਂ ਸ਼ਿੰਦੇ ਨੂੰ ਸਕੂਟਰ ਖਰੀਦ ਦੇਈਏ। ਦੋ ਸਾਲ ਹੋ ਗਏ, ਬੱਸਾਂ ਵਿਚ ਧੱਕੇ ਖਾਂਦੇ ਨੂੰ। ਕਦੇ ਸਮੇਂ ਸਿਰ ਕਾਲਜ ਨਹੀਂ ਪੁਹੰਚਿਆ।”
ਭੂਰ ਪੈਂਦੀ ਦੇਖ ਤਹਿਸੀਲਦਾਰ ਦੀ ਪਤਨੀ ਬੋਲੀ, “ਹੇ ਇੰਦਰ ਦੇਵਤਾ, ਜ਼ਰਾ ਜ਼ੋਰ ਨਾਲ ਬਰਸੋ। ਜੇ ਇਸ ਵਾਰ ਹੜ੍ਹ ਆ ਜਾਣ ਤਾਂ ਅਸੀਂ ਵੀ ਚਾਰ ਦਿਨ ਕਾਰ ਵਿਚ ਝੂਟੇ ਲੈ ਲਈਏ।” ਮੀਂਹ ਪੈਂਦਾ ਦੇਖ ਕੇ ਐੱਸਡੀਐੱਮ ਸਾਹਿਬ ਦੀ ਪਤਨੀ ਉਪਰ ਆਸਮਾਨ ਵੱਲ ਮੂੰਹ ਕਰਕੇ ਬੋਲੀ, “ਹੇ ਪਰਮਾਤਮਾ, ਮੇਰੀ ਵੀ ਇਸ ਸਾਲ ਸੁਣ ਲੈ। ਚੰਦਰੀ ਤਨਖ਼ਾਹ ਵਿਚ ਕੀ ਬਣਦੈ? ਜੇ ਐਤਕੀਂ ਹੜ੍ਹ ਆ ਜਾਣ ਤਾਂ ਅਸੀਂ ਆਪਣੀ ਕੋਠੀ ਪਾ ਲਈਏ, ਸਾਰੀ ਉਮਰ ਸਰਕਾਰੀ ਕੋਠੀ…।” ਲਗਾਤਾਰ ਦੋ ਦਿਨ ਮੀਂਹ ਪੈਂਦਾ ਦੇਖ ਕੇ ਡੀਸੀ ਸਾਹਿਬ ਦੀ ਪਤਨੀ ਪੁਕਾਰ ਉੱਠੀ, “ਓ ਮਾਈ ਗੌਡ, ਇਸ ਸਾਲ ਫਲੱਡ ਜ਼ਰੂਰ ਆਉਣ, ਫਿਰ ਮੇਰਾ ਹੀਰੇ ਵਾਲਾ ਸੈੱਟ ਤੇ ਨਵੀਂ ਕਾਰ ਪੱਕੀ…।” ਲੋਕ ਰਾਜ ਦੇ ਇਸ ਜ਼ਮਾਨੇ ਵਿਚ ਰੱਬ ਨੇ ਵੋਟਾਂ ਗਿਣੀਆਂ ਤੇ ਫ਼ੈਸਲਾ ਕਰ ਦਿੱਤਾ। ਕਿਸਾਨ ਦੀ ਜਵਾਨ ਧੀ ਅਜੇ ਵੀ ਘਰ ਬੈਠੀ ਹੈ। ਉਸ ਦੇ ਹੱਥ ਮਹਿੰਦੀ ਲਈ ਤਰਸ ਰਹੇ ਹਨ। ਪਟਵਾਰੀ ਦਾ ਮੁੰਡਾ ਹੁਣ ਰੋਜ਼ ਸਕੂਟਰ ’ਤੇ ਕਾਲਜ ਜਾਂਦਾ ਹੈ। ਤਹਿਸੀਲਦਾਰ ਦਾ ਸਾਰਾ ਟੱਬਰ ਨਵੀਂ ਕਾਰ ਵਿਚ ਦੂਰ ਦੂਰ ਦੀਆਂ ਸੈਰਾਂ ਕਰਦਾ ਹੈ। ਐੱਸਡੀਐੱਮ ਸਾਹਿਬ ਦੀ ਨਵੀਂ ਕੋਠੀ ਪੈ ਗਈ। ਡੀਸੀ ਸਾਹਿਬ ਦੀ ਪਤਨੀ ਹੀਰਿਆਂ ਦਾ ਸੈੱਟ ਪਾ ਕੇ, ਨਵੀਂ ਕਾਰ ਵਿਚ ਬੈਠ ਕੇ ਨਿੱਤ ਕਿੱਟੀ ਪਾਰਟੀਆਂ ਵਿਚ ਜਾਂਦੀ ਹੈ।
– ਅਵਤਾਰ ਸਿੰਘ ਸੰਧੂ
ਸੰਪਰਕ: 99151-82971

ਮਦਰਜ਼ ਡੇਅ
ਐਤਵਾਰ ਨੂੰ ਮਦਰਜ਼ ਡੇਅ ਹੋਣ ਕਰਕੇ ਸਵੇਰ ਤੋਂ ਹੀ ਮੋਬਾਈਲ ਉੱਤੇ ਲੋਕ ਆਪਣੀ ਮਾਂ ਦੀਆਂ ਤਸਵੀਰਾਂ ਫੇਸਬੁੱਕ ਅਤੇ ਵੱਟਸਐਪ ਉੱਤੇ ਪਾ ਰਹੇ ਸਨ। ਮੈਨੂੰ ਵੀ ਮੇਰੇ ਬੱਚਿਆਂ ਨੇ ਹੱਥ ਨਾਲ ਕਾਰਡ ਬਣਾ ਕੇ ਦਿੱਤਾ। ਮੈਂ ਵੀ ਉਨ੍ਹਾਂ ਨੂੰ ਸ਼ਾਮ ਨੂੰ ਬਾਹਰ ਘੁਮਾ ਕੇ ਲਿਆਉਣ ਦਾ ਵਾਅਦਾ ਕੀਤਾ। ਸ਼ਾਮ ਨੂੰ ਸੱਤ ਵਜੇ ਸਾਡੇ ਘਰ ਦੀ ਘੰਟੀ ਵੱਜੀ। ਦਰਵਾਜ਼ਾ ਖੋਲ੍ਹਣ ’ਤੇ ਸੋਲ੍ਹਾਂ-ਸਤਾਰਾਂ ਸਾਲ ਦਾ ਮੁੰਡਾ ਮੇਰੇ ਪਤੀ ਨੂੰ ਪੁੱਛ ਰਿਹਾ ਸੀ ਕਿ ਤੁਸੀਂ ਅੱਜ ਦੁਕਾਨ ਜਲਦੀ ਕਿਉਂ ਬੰਦ ਕਰ ਦਿੱਤੀ। ਪੁੱਛਣ ’ਤੇ ਦੱਸਿਆ ਕਿ ਉਸ ਨੇ ਆਪਣੀ ਮਾਂ ਲਈ ਸਿਲਾਈ ਮਸ਼ੀਨ ਦੇ ਪੈਰ ਲੈਣੇ ਹਨ ਜੋ ਸਿਲਾਈ ਦਾ ਕੰਮ ਕਰਦੀ ਹੈ। ਮਸ਼ੀਨ ਚਲਾਉਂਦੇ ਸਮੇਂ ਉਸ ਦੇ ਹੱਥਾਂ ਵਿਚ ਦਰਦ ਹੁੰਦਾ ਹੈ। ਉਸ ਨੇ ਇਹ ਤੋਹਫ਼ਾ ਅੱਜ ਹੀ ਆਪਣੀ ਮਾਂ ਨੂੰ ਦੇਣਾ ਹੈ। ਉਹ ਕਈ ਮਹੀਨਿਆਂ ਤੋਂ ਇਸ ਲਈ ਪੈਸੇ ਜਮ੍ਹਾਂ ਕਰ ਰਿਹਾ ਸੀ। ਮੇਰੇ ਪਤੀ ਨੇ ਇਹ ਸੁਣ ਕੇ ਉਸ ਲਈ ਦੁਕਾਨ ਖੋਲ੍ਹ ਕੇ ਪੈਰ ਕੱਢ ਕੇ ਦਿੱਤੇ। ਮੈਂ ਅਤੇ ਬੱਚੇ ਲੇਟ ਹੋਣ ਕਰਕੇ ਨਾਰਾਜ਼ ਸੀ, ਪਰ ਜਦੋਂ ਮੇਰੇ ਪਤੀ ਨੇ ਪੂਰੀ ਗੱਲ ਦੱਸੀ ਤਾਂ ਮੇਰਾ ਸਾਰਾ ਗੁੱਸਾ ਜਾਂਦਾ ਰਿਹਾ। ਮੈਨੂੰ ਉਹ ਮੁੰਡਾ ਮੁਨਸ਼ੀ ਪ੍ਰੇਮ ਚੰਦ ਦੀ ਕਹਾਣੀ ‘ਈਦਗਾਹ’ ਦੇ ਪਾਤਰ ਹਾਮਿਦ ਦਾ ਸਾਕਾਰ ਰੂਪ ਜਾਪਿਆ।
– ਸੰਜੂ ਸਚਦੇਵਾ

ਮਾਂ ਦਿਵਸ
‘‘ਚੱਲ ਛੇਤੀ ਉੱਠ ਬੇਬੇ… ਤੇਰੇ ਨਾਲ ਫੋਟੋ ਕਰਾ ਕੇ ਕਈ ਥਾਈਂ ਜਾਣੈ… ਆਵਦੀ ਦਵਾਈ ਦਵੂਈ ਜਿਹੀ ਫੇਰ ਲੈ ਲਈਂ। ਮੈਨੂੰ ਲੇਟ ਨਾ ਕਰਾ ਦੇਈਂ। ਫੇਰ ਕਹੇਂਗੀ ਬੋਲਦੈ,’’ ਆਪੂੰ ਬਣਿਆ ਨੇਤਾ ਮਾਂ ਨੂੰ ਸੰਬੋਧਨ ਸੀ। ਮਾਂ ਨੂੰ ਜੱਫਾ ਭਰ ਕੁਰਸੀ ’ਤੇ ਬਿਠਾ, ਗਲ ਬਾਹਾਂ ਪਾ ਸੈਲਫੀ ਲੈ ਉਹ ਚੱਲਦਾ ਬਣਿਆ। ‘ਮੇਰੀ ਮਾਂ ਠੰਢੜੀ ਛਾਂ’ ਸਟੇਟਸ ’ਤੇ ਉਸ ਨੂੰ ਧੜਾ-ਧੜ ਲਾਈਕ ਅਤੇ ਕੁਮੈਂਟ ਆ ਰਹੇ ਸਨ। ਧੁੱਪੇ ਬੈਠੀ ਬੁੱਢੀ ‘ਮਾਂ ਦਿਵਸ’ ਦੇ ਅਰਥ ਜਾਣਨ ਦਾ ਯਤਨ ਕਰ ਰਹੀ ਸੀ।
– ਪਰਦੀਪ ਮਹਿਤਾ
ਸੰਪਰਕ: 94645-87013

ਖਾਲੀਪਣ
‘‘ਓਏ ਤੂੰ ਟੈਸਟ ਵਿਚ ਕੁਝ ਵੀ ਨਹੀਂ ਲਿਖਿਆ। ਪੇਜ ਖਾਲੀ ਹੀ ਰੱਖੀ ਬੈਠਾ ਐਂ।’’ ਮਾਸਟਰ ਨੇ ਬੱਚੇ ਨੂੰ ਝਿੜਕਿਆ। ਸਕੂਲ ਵਿਚ ਨਵਾਂ ਨਵਾਂ ਭਰਤੀ ਹੋ ਕੇ ਆਇਆ ਪੰਜਾਬੀ ਮਾਸਟਰ ਨੌਵੀਂ ਜਮਾਤ ਦੇ ਬੱਚਿਆਂ ਦਾ ਟੈਸਟ ਲੈ ਕੇ ਉਨ੍ਹਾਂ ਦੇ ਪੜ੍ਹਾਈ ਦੇ ਪੱਧਰ ਦਾ ਅੰਦਾਜ਼ਾ ਲਗਾ ਰਿਹਾ ਸੀ। ਖਾਲੀ ਪੇਜ ਵਾਲਾ ਬੱਚਾ ਪਹਿਲਾਂ ਚੁੱਪ ਰਿਹਾ ਤੇ ਫਿਰ ਅੱਖਾਂ ਭਰਦਾ ਹੋਇਆ ਬੋਲਿਆ, ‘‘ਸਰ, ਮਾਰਿਓ ਨਾ ਜੀ, ਮੈਨੂੰ ਪੰਜਾਬੀ ਪੜ੍ਹਨੀ ਨਹੀਂ ਆਉਂਦੀ। ਨਾ ਹੀ ਲਿਖਣੀ ਆਉਂਦੀ ਐ।’’ ਬਾਕੀ ਜਮਾਤੀਆਂ ਨੇ ਵੀ ਉਸ ਬੱਚੇ ਦੀ ਪਿਛਲੇ ਕਈ ਸਾਲਾਂ ਦੀ ਘੱਟ ਹਾਜ਼ਰੀ ਅਤੇ ਕੁਝ ਪੜ੍ਹਨ ਲਿਖਣ ਨਾ ਆਉਣ ਬਾਰੇ ਹਾਮੀ ਭਰੀ। ਇੰਨੇ ਨੂੰ ਪੀਰੀਅਡ ਦੀ ਘੰਟੀ ਵੱਜੀ। ਜਮਾਤ ਦੇ ਬਾਹਰ ਕੰਧ ਉੱਤੇ ਪੇਂਟਰ ‘ਮੁਫ਼ਤ ਅਤੇ ਲਾਜ਼ਮੀ ਸਿੱਖਿਆ ਦਾ ਅਧਿਕਾਰ’ ਦੀ ਸਤਰ ਲਿਖ ਰਿਹਾ ਸੀ। ਪੇਂਟਰ ਕੋਲੋਂ ਲੰਘਦਿਆਂ ਮਾਸਟਰ ਜੀ ਖਾਲੀ ਪੇਜਾਂ ਨੂੰ ਭਰਨ ਦੀ ਵਿਉਂਤਬੰਦੀ ਵਿਚ ਗੁਆਚੇ ਹੋਏ ਅਗਲੀ ਜਮਾਤ ਵੱਲ ਪੀਰੀਅਡ ਲਾਉਣ ਚਲੇ ਗਏ।
– ਜਸਵਿੰਦਰ ਸਿੰਘ ਖੁੱਡੀਆਂ
ਸੰਪਰਕ: 95016-91300

ਫ਼ਿਕਰਮੰਦੀ
ਸਕੂਲ ਦਾ ਕੰਮ ਕਰਨ ਮਗਰੋਂ ਸਹਿਜੇ ਸਹਿਜੇ ਅਖ਼ਬਾਰ ਦੀਆਂ ਸੁਰਖੀਆਂ ਪੜ੍ਹ ਰਹੀ ਹਰਮਨ ਨੇ ਫ਼ਿਕਰਮੰਦ ਹੁੰਦਿਆਂ ਆਪਣੀ ਮੰਮੀ ਨੂੰ ਪੁੱਛਿਆ, ‘‘ਮੰਮੀ, ਹੁਣ ਜਦੋਂ ਵੋਟਾਂ ਪੈਣਗੀਆਂ ਆਪਾਂ ਕੀਹਨੂੰ ਵੋਟਾਂ ਪਾਵਾਂਗੇ? ਲੋਕਾਂ ਦਾ ਖ਼ੂਨ ਪੀਣ ਵਾਲਿਆਂ ਨੂੰ? ਝੂਠੇ ਵਾਅਦੇ ਕਰਨ ਵਾਲਿਆਂ ਨੂੰ? ਜਾਂ ਫਿਰ ਲੋਕਾਂ ਨੂੰ ਲੁੱਟ ਕੇ ਖਾਣ ਵਾਲਿਆਂ ਨੂੰ?’’ ਹਰਮਨ ਦੇ ਮੂੰਹੋਂ ਇਹ ਗੱਲ ਸੁਣ ਕੇ ਉਸਦੀ ਮੰਮੀ ਵੀ ਗਹਿਰੀਆਂ ਸੋਚਾਂ ਵਿਚ ਗੁਆਚ ਗਈ।
– ਅਨੰਤ ਗਿੱਲ
ਸੰਪਰਕ: 87280-85958


Comments Off on ਮਿੰਨੀ ਕਹਾਣੀਆਂ
1 Star2 Stars3 Stars4 Stars5 Stars (No Ratings Yet)
Loading...
Both comments and pings are currently closed.

Comments are closed.

Available on Android app iOS app
Powered by : Mediology Software Pvt Ltd.