ਕੇਂਦਰ ਨੇ ਲੌਕਡਾਊਨ 30 ਜੂਨ ਤਕ ਵਧਾਇਆ !    ਹਨੇਰੀ ਕਾਰਨ ਤਾਜ ਮਹੱਲ ਨੂੰ ਭਾਰੀ ਨੁਕਸਾਨ !    ਕੇਂਦਰ ਨਾਲੋਂ ਨਾਤਾ ਤੋੜਨ ਸੁਖਬੀਰ: ਕੈਪਟਨ !    ਅਮਰੀਕਾ ਵਿੱਚ ਲੋਕਾਂ ਵੱਲੋਂ ਪ੍ਰਦਰਸ਼ਨ !    ਭਰਾ ਦੀ ਕਹੀ ਨਾਲ ਹੱਤਿਆ !    ਕਾਹਨੂੰਵਾਨ ’ਚ 50 ਦੇ ਕਰੀਬ ਨਸ਼ਾ ਤਸਕਰਾਂ ਵੱਲੋਂ ਆਤਮ-ਸਮਰਪਣ !    ਪਤਨੀ ਦੀ ਬਿਮਾਰੀ ਤੋਂ ਪ੍ਰੇਸ਼ਾਨ ਬਜ਼ੁਰਗ ਨੇ ਫਾਹਾ ਲਿਆ !    ਦੇਸ਼ ਮੁਸ਼ਕਲ ਹਾਲਾਤ ’ਚ, ਮਾੜੀ ਰਾਜਨੀਤੀ ਛੱਡੋ: ਕੇਜਰੀਵਾਲ !    ਸ੍ਰੀਨਗਰ ਦੇ ਗੁਰਦੁਆਰੇ ਵਿੱਚ ਚੋਰੀ !    ਸਰਹੱਦ ਤੋਂ ਬੰਗਲਾਦੇਸ਼ੀ ਗ੍ਰਿਫ਼ਤਾਰ !    

ਮਨੁੱਖੀ ਸ਼ਖ਼ਸੀਅਤ ਵਿਚਲੇ ਦਵੰਦਾਂ ਦੇ ਸੱਭਿਆਚਾਰਕ ਪ੍ਰਸੰਗ

Posted On June - 13 - 2019

ਨੌਜਵਾਨ ਕਲਮਾਂ

ਦਲਜੀਤ ਕੌਰ

ਸੱਭਿਆਚਾਰ ਇੱਕ ਅਜਿਹਾ ਪ੍ਰਬੰਧ ਹੈ ਜਿਸ ਰਾਹੀਂ ਮਨੁੱਖ ਨੇ ਪਸ਼ੂ ਜਗਤ ਨਾਲੋਂ ਆਪਣੀ ਵਿਲੱਖਣ ਹੋਂਦ ਅਖ਼ਤਿਆਰ ਕੀਤੀ। ਮਨੁੱਖ ਨੇ ਕੁਝ ਨਿਯਮਾਂ, ਕਾਇਦਿਆਂ ਅਤੇ ਮਨਾਹੀਆਂ ਰਾਹੀਂ ਸੱਭਿਆਚਾਰ ਨੂੰ ਸਿਰਜਿਆ ਪਰ ਅੱਜ ਇਹ ਸੱਭਿਆਚਾਰਕ ਪ੍ਰਤਿਮਾਨ ਬੰਦੇ (ਮਰਦ ਤੇ ਔਰਤ) ਦੀ ਹੋਂਦ ਅਤੇ ਵਜੂਦ ਦੀ ਘਾੜਤ ਵਿੱਚ ਪ੍ਰਮੁੱਖ ਰੋਲ ਅਦਾ ਕਰ ਰਹੇ ਹਨ। ਸੱਭਿਆਚਾਰ ਦੁਆਰਾ ਘੜੇ ਗਏ ‘ਮਨੁੱਖ ਦੇ ਸਮਾਜਿਕ ਆਪੇ’ ਦੇ ਉਲਟ ਬੰਦੇ ਦੀਆਂ ਮੂਲ ਕੁਦਰਤੀ ਲੋੜਾਂ, ਰੁਚੀਆਂ ਤੇ ਉਦੇਸ਼ਾਂ ਦੁਆਰਾ ਪ੍ਰੇਰਿਤ ਉਸਦਾ ‘ਕੁਦਰਤੀ ਆਪਾ’ ਵੀ ਬਰਕਰਾਰ ਰਹਿੰਦਾ ਹੈ। ਮਨੁੱਖ ਦੇ ਇਸ ‘ਸੱਭਿਆਚਾਰ ਦੁਆਰਾ ਸਿਰਜੇ ਆਪੇ’ ਅਤੇ ਉਸਦੇ ‘ਕੁਦਰਤੀ ਆਪੇ’ ਵਿਚਲੀ ਕਸ਼ਮਕਸ਼ ਅਤੇ ਦੁਫੇੜ ਅੱਜ ਦੇ ਬੰਦੇ ਦੀ ਹੋਣੀ ਬਣੀ ਹੋਈ ਹੈ।
ਜੇ ਸਥਾਨ ਪੱਖੋਂ ਦੇਖੀਏ ਤਾਂ ਯੂਨੀਵਰਸਿਟੀ ਅਤੇ ‘ਘਰ’ ਵਰਗੇ ਅਲੱਗ-ਅਲੱਗ ਸਥਾਨਾਂ ’ਤੇ ਕੁਦਰਤੀ ਅਤੇ ਸੱਭਿਆਚਾਰਕ ਆਪੇ ਵਿਚਲੀ ਇਹ ਕਸ਼ਮਕਸ਼ ਵਿਭਿੰਨ ਪੱਧਰਾਂ ’ਤੇ ਵਾਪਰਦੀ ਹੈ। ਜਦੋਂ ਬੰਦਾ ਘਰ ਵਿੱਚ ਆਪਣੇ ਰਿਸ਼ਤਿਆਂ ਵਿੱਚ ਵਿਚਰਦਾ ਹੈ ਤਾਂ ਮਨੁੱਖੀ ਮਨ ਵਿਚਲੀ ਇਹ ਅਣਸਿਧਾਏ (ਕੁਦਰਤੀ ਆਪੇ) ਅਤੇ ਸਿਧਾਏ ਆਪੇ (ਸਮਾਜ-ਸੱਭਿਆਚਰਕ ਪੈਮਾਨਿਆਂ ਵੱਲੋਂ ਸਿਰਜਿਆ ਆਪਾ) ਵਿਚਕਾਰਲੀ ਦੁਫੇੜ ਮੱਠੀ ਰਫ਼ਤਾਰ ਨਾਲ ਚੱਲਦੀ ਹੈ। ਪਰ ਯੂਨੀਵਰਸਿਟੀ ਦੇ ਮਾਹੌਲ ਵਿੱਚ ਮਨੁੱਖੀ ਮਨ ਵਿਚਲੀ ਇਹ ਕਸ਼ਮਕਸ਼ ‘ਘਰ’ ਨਾਲੋਂ ਵੱਧ ਤਿੱਖੀ ਅਤੇ ਤੀਬਰ ਹੋ ਜਾਂਦੀ ਹੈ। ‘ਘਰ’ ਵਿੱਚ ਰਹਿੰਦੇ ਬੰਦੇ ਦੇ ਮਨ ਵਿੱਚ ਚੱਲਦੀ ਇਸ ਕਸ਼ਮਕਸ਼ ਵਿੱਚ ‘ਸਮਾਜ ਵੱਲੋਂ ਸਿਰਜਿਤ ਸਿਧਾਇਆ ਆਪਾ’ ਜ਼ਿਆਦਾ ਭਾਰੂ ਹੁੰਦਾ ਹੈ। ਪਰ ਯੂਨੀਵਰਸਿਟੀ ਬੰਦੇ ਨੂੰ ਅਜਿਹਾ ਮਾਹੌਲ ਦਿੰਦੀ ਹੈ ਜਿਹੜਾ ਬੰਦੇ ਦੇ ਕੁਦਰਤੀ ਤੇ ਅਣਸਿਧਾਏ ਆਪੇ ਨੂੰ ਵੱਧ ਸਪੇਸ ਦਿੰਦਾ ਹੈ। ਇਸ ਮਾਹੌਲ ਵਿੱਚ ਮਨੁੱਖ ਦਾ ਅਣਸਿਧਾਇਆ, ਅਣਘੜਿਆ ਅਸਲ ਕੁਦਰਤੀ ਆਪਾ ਵੱਧ ਭਾਰੂ ਹੁੰਦਾ ਹੈ ਅਤੇ ਸਮਾਜ-ਸੱਭਿਆਚਾਰਕ ਕਦਰਾਂ ਦੁਆਰਾ ਸਿਰਜਿਤ ਸ਼ਖ਼ਸੀਅਤ ਇਸ ਕੁਦਰਤੀ ਆਪੇ ਹੇਠ ਦਬਣੀ ਸ਼ੁਰੂ ਹੋ ਜਾਂਦੀ ਹੈ।

ਦਲਜੀਤ ਕੌਰ

ਯੂਨੀਵਰਸਿਟੀ ਅਤੇ ਘਰ ਵਿੱਚ ਇਸ ਕਸ਼ਮਕਸ਼ ਦੇ ਵੱਖੋ-ਵੱਖਰੇ ਪੱਲੜਿਆਂ ਵੱਲ ਝੁਕਣ ਦਾ ਕਾਰਨ ਇਨ੍ਹਾਂ ਵੱਖੋ-ਵੱਖਰੇ ਸਥਾਨਾਂ (ਯੂਨੀਵਰਸਿਟੀ ਅਤੇ ਘਰ) ਵਿੱਚ ਪਣਪਦੇ ਰਿਸ਼ਤਿਆਂ ਦੇ ਸੁਭਾਅ ਕਰਨ ਹੈ। ਦੇਖਿਆ ਜਾਵੇ ਤਾਂ ਘਰ ਵਿੱਚ ਸੱਭਿਆਚਾਰ ਵੱਲੋਂ ਪ੍ਰਵਾਨਿਤ ਸਾਕਾਚਾਰੀ ਪ੍ਰਬੰਧ ਕਾਰਜਸ਼ੀਲ ਹੈ ਜਿਸ ਵਿੱਚ ਲੰਬੇ ਸਮੇਂ ਤੱਕ ਨਿਭਾਏ ਜਾਣ ਵਾਲੇ ‘ਖ਼ੂਨ ਦੇ ਰਿਸ਼ਤੇ’ ਹਨ। ਇਨ੍ਹਾਂ ਰਿਸ਼ਤਿਆਂ ਵਿਚਲਾ ਸਮਰਪਣ ਨਿਸ਼ਚਿਤਤਾ ਅਤੇ ਸਥਿਰਤਾ ਪੈਦਾ ਕਰਦਾ ਹੈ। ਇੱਥੇ ਰਿਸ਼ਤਿਆਂ ਨੂੰ ਗਵਾ ਦੇਣ ਦਾ ਡਰ ਬੰਦੇ ਨੂੰ ਲਗਾਤਾਰ ਆਪਣੇ ਆਪ ਨੂੰ ਕਾਬੂ ਵਿੱਚ ਰੱਖਣ ਲਈ ਪ੍ਰੇਰਿਤ ਕਰਦਾ ਹੈ। ਪਰ ਯੂਨੀਵਰਸਿਟੀ ਘਰ ਦੇ ਮੁਕਾਬਲਤਨ ਵੱਧ ਮੋਕਲ਼ੀ ਥਾਂ ਹੈ ਜਿੱਥੇ ਰਿਸ਼ਤਿਆਂ ਦਾ ਅਜਿਹਾ ਬੰਧੇਜ ਨਹੀਂ ਹੁੰਦਾ। ਇਸੇ ਅਸਥਿਰਤਾ ਅਤੇ ਅਨਿਸ਼ਚਿਤਤਾ ਵਿੱਚੋਂ ਬੰਦੇ ਅੰਦਰਲਾ ‘ਅਣਸਿਧਾਇਆ ਖ਼ਾਸਾ’ ਆਪਣੇ ਮੌਲ਼ਣ ਲਈ ਥਾਂ ਪ੍ਰਾਪਤ ਕਰਦਾ ਹੈ।
ਭਾਵੇਂ ਯੂਨੀਵਰਸਿਟੀ ਵਿੱਚ ਕੁਦਰਤੀ ਅਤੇ ਸੱਭਿਆਚਾਰਕ ਆਪੇ ਵਿਚਲੀ ਕਸ਼ਮਕਸ਼ ਵਿੱਚੋਂ ਕੁਦਰਤੀ ਆਪਾ ਵੱਧ ਭਾਰੂ ਹੁੰਦਾ ਹੈ ਪਰ ਇਹ ਜ਼ਰੂਰੀ ਨਹੀਂ ਕਿ ਵਿਹਾਰਕ ਪੱਧਰ ‘ਤੇ ਜਿੱਤ ਕੁਦਰਤੀ ਤੇ ਅਣਸਿਧਾਏ ਆਪੇ ਦੇ ਹਿੱਸੇ ਹੀ ਆਵੇ। ਯੂਨੀਵਰਸਿਟੀ ਵਿੱਚ ਵੀ ਕੁਦਰਤੀ ਤੇ ਸੱਭਿਆਚਾਰਕ ਆਪੇ ਵਿਚਲਾ ਇਹ ਤਣਾਅ ਵੱਖੋ-ਵੱਖਰੇ ਸੰਦਰਭਾਂ, ਪ੍ਰਸੰਗਾਂ ਅਤੇ ਵਿਅਕਤੀਆਂ ਅਨੁਕੂਲ ਬਦਲਦਾ ਹੈ। ਯੂਨੀਵਰਸਿਟੀ ਦੇ ਬਾਸ਼ਿੰਦਿਆਂ ਦੇ ਮਨਾਂ ਵਿੱਚ ਚੱਲਦੀ ਇਹ ਕਸ਼ਮਕਸ਼ ਕਿਸੇ ਇਕਰੂਪੀ ਅਤੇ ਇਕਸਾਰ ਪ੍ਰਕਿਰਤੀ ਦੀ ਧਾਰਨੀ ਨਹੀਂ ਬਲਕਿ ਇਸਦੀਆਂ ਕਈ ਪਰਤਾਂ ਅਤੇ ਪਾਸਾਰ ਹਨ। ਜੇ ਕੁਦਰਤੀ ਅਤੇ ਸੱਭਿਆਚਾਰਕ ਆਪੇ ਵਿਚਲੀ ਇਸ ਦੁਫੇੜ/ਕਸ਼ਮਕਸ਼ ਨੂੰ ਯੂਨੀਵਰਸਿਟੀ ਵਿੱਚ ਪੜ੍ਹਦੇ, ਵਿਚਰਦੇ ਵਿਦਿਆਰਥੀਆਂ ਤੇ ਵਿਅਕਤੀਆਂ ਦੁਆਰਾ ਜੀਵਨ ਸਾਥੀ ਦੀ ਚੋਣ ਲਈ ਅਪਣਾਈ ਜਾਣ ਵਾਲੀ ਪਹੁੰਚ ਦੇ ਸੰਦਰਭ ਵਿੱਚ ਦੇਖਿਆ ਜਾਵੇ ਤਾਂ ਇਹ ਕਸ਼ਮਕਸ਼ ਵਿਅਕਤੀ ਦਰ ਵਿਅਕਤੀ ਵਿਭਿੰਨ ਰੁਖ਼ ਅਖ਼ਤਿਆਰ ਕਰਦੀ ਪ੍ਰਤੀਤ ਹੁੰਦੀ ਹੈ। ਯੂਨੀਵਰਸਿਟੀ ਵਿੱਚ ਵਿਚਰਦੇ ਮੁੰਡੇ-ਕੁੜੀਆਂ ਦੇ ਆਪਸੀ ਸਬੰਧਾਂ ਦੀਆਂ ਵਿਭਿੰਨ ਪਰਤਾਂ ਹਨ। ਅਸੀਂ ਯੂਨੀਵਰਸਿਟੀ ਵਿਚਲੇ ਮੁੰਡੇ-ਕੁੜੀਆਂ ਦੇ ਪਰਸਪਰ ਸਬੰਧਾਂ ਦੀਆਂ ਤਿੰਨ-ਚਾਰ ਕਿਸਮਾਂ ਨੂੰ ਲੈਂਦੇ ਹੋਏ ਇਨ੍ਹਾਂ ਵਿੱਚੋਂ ਉੱਭਰਦੀ ਕੁਦਰਤੀ (ਅਣਸਿਧਾਏ) ਅਤੇ ਸੱਭਿਆਚਾਰਕ (ਸਿਧਾਏ) ਆਪੇ ਵਿਚਲੀ ਕਸ਼ਮਕਸ਼ ਦੀ ਪ੍ਰਕਿਰਤੀ/ਸਰੂਪ ਨੂੰ ਦੇਖਣ ਦਾ ਯਤਨ ਕਰਾਂਗੇ।
ਸਾਡੇ ਸਮਾਜ ਵਿੱਚ ਕੁੜੀ ਲਈ ਵਰ ਦੀ ਚੋਣ ਦੇ ਪੈਮਾਨਿਆਂ ਨੂੰ ਦੇਖੀਏ ਤਾਂ ਜਾਤ ਦੇ ਅੰਦਰ, ਗੋਤ ਤੋਂ ਬਾਹਰ ਅਤੇ ਆਪਣੇ ਨਾਲੋਂ ਵੱਧ ਆਰਥਿਕ ਸਮਰੱਥਾ ਵਾਲੇ ਮੁੰਡੇ ਨੂੰ ਪਹਿਲ ਦਿੱਤੀ ਜਾਂਦੀ ਰਹੀ ਹੈ ਅਤੇ ‘ਅਰੇਂਜ ਮੈਰਿਜ’ ਦੀ ਵਿਵਸਥਾ ਲੰਬੇ ਸਮੇਂ ਤੋਂ ਪੰਜਾਬੀ ਸਮਾਜ ਦਾ ਹਿੱਸਾ ਹੈ। ਸਮੇਂ ਦੇ ਨਾਲ ਇਨ੍ਹਾਂ ਪੁਰਾਤਨ ਰੂੜ੍ਹ ਹੋ ਚੁੱਕੇ ਪ੍ਰਤਿਮਾਨਾਂ ‘ਤੇ ਨਵੀਂ ਨੌਜਵਾਨ ਪੀੜ੍ਹੀ ਵੱਲੋਂ ਸਵਾਲ ਉਠਾਏ ਜਾਣੇ ਸ਼ੁਰੂ ਹੋਏ ਪਰ ਵਰ ਦੀ ਚੋਣ ਲਈ ਨਵੇਂ ਪੈਮਾਨਿਆਂ, ਪ੍ਰਤਿਮਾਨਾਂ ਦੀ ਸਵੀਕ੍ਰਿਤੀ ਅਜੇ ਪੰਜਾਬੀ ਸਮਾਜ ਨੂੰ ਹਜ਼ਮ ਹੋਣੀ ਸ਼ੁਰੂ ਨਹੀਂ ਹੋਈ। ਉਚੇਰੀ ਪੜ੍ਹਾਈ ਕਰ ਰਹੇ ਬੱਚਿਆਂ ਦੇ ਮਾਪਿਆਂ ਨੇ ਕਿਤੇ-ਕਿਤੇ ਉਨ੍ਹਾਂ ਨੂੰ ਆਪਣੇ ਲਈ ਜੀਵਨ ਸਾਥੀ ਦੀ ਚੋਣ ਕਰਨ ਦਾ ਹੱਕ ਤਾਂ ਦਿੱਤਾ ਹੈ ਪਰ ਨਾਲ ਹੀ ਇਸ ਚੋਣ ਦੇ ਪਹਿਲਾਂ ਨਿਸ਼ਚਿਤ ਸੱਭਿਆਚਾਰਕ ਪ੍ਰਤਿਮਾਨਾਂ (ਜਿਵੇਂ ਜਾਤ ਦੇ ਅੰਦਰ, ਗੋਤ ਤੋਂ ਬਾਹਰ ਅਤੇ ਚੰਗੀ ਆਰਥਿਕ ਸਥਿਤੀ ਵਾਲਾ ਵਰ) ਉੱਤੇ ਖ਼ਰੀ ਉੱਤਰਦੀ ਹੋਣ ਦੀ ਬੰਦਿਸ਼ ਲਗਾ ਕੇ ਇਸ ਹੱਕ ਦੇ ਪਰ ਵੀ ਕੁਤਰ ਦਿੱਤੇ ਹਨ। ਜੇ ਕੋਈ ਕੁੜੀ ਜਾਂ ਮੁੰਡਾ ਇਨ੍ਹਾਂ ਉਪਰੋਕਤ ਪੈਮਾਨਿਆਂ ਅਨੁਸਾਰ ਆਪਣੇ ਲਈ ਜੀਵਨ ਸਾਥੀ ਦੀ ਚੋਣ ਕਰਦਾ ਹੈ ਤਾਂ ਉਹ ਆਪਣੇ ਕੁਦਰਤੀ ਆਪੇ ਨੂੰ ਬਹੁਤ ਹੀ ਮਾਮੂਲੀ ਸਪੇਸ ਤਾਂ ਦਿੰਦਾ ਹੋਇਆ ਪਹਿਲਾਂ ਹੀ ਨਿਰਧਾਰਿਤ ਸੱਭਿਆਚਾਰਕ ਮਾਪਦੰਡਾਂ ਦੀ ਲਗਾਤਾਰਤਾ ਵਿੱਚ ਹੀ ਯੋਗਦਾਨ ਪਾਉਂਦਾ ਹੈ। ਇਸ ਸੂਰਤ ਵਿੱਚ ਵਿਚੋਲੇ ਦਾ ਕਾਰਜ ਮੁੰਡੇ ਅਤੇ ਕੁੜੀ ਦੇ ਹੱਥ ਵਿੱਚ ਆ ਗਿਆ ਹੈ, ਹੋਰ ਬਹੁਤਾ ਕੁਝ ਫ਼ਰਕ ਨਹੀਂ ਪੈਂਦਾ।
ਯੂਨੀਵਰਸਿਟੀ ਵਿੱਚ ਕੁੜੀ-ਮੁੰਡੇ ਦੇ ਸਬੰਧਾਂ ਦਾ ਇੱਕ ਪਾਸਾਰ ਅਜਿਹਾ ਵੀ ਹੈ ਜਿੱਥੇ ਮੁੰਡਾ ਅਤੇ ਕੁੜੀ ਜਾਤ ਤੋਂ ਬਾਹਰ ਪਿਆਰ ਅਤੇ ਅੰਤਰਜਾਤੀ ਵਿਆਹ ਕਰਵਾਉਣ ਨੂੰ ਤਰਜੀਹ ਦੇ ਰਹੇ ਹਨ। ਇਸ ਤਰ੍ਹਾਂ ਉਹ ਸੱਭਿਆਚਾਰਕ ਕਦਰਾਂ-ਕੀਮਤਾਂ, ਮਨਾਹੀਆਂ ਤੇ ਪ੍ਰਤਿਮਾਨਾਂ ਰਾਹੀਂ ਸਿਰਜਿਤ ਆਪੇ ਤੋਂ ਪਾਰ ਜਾ ਕੇ ਆਪਣੇ ‘ਪ੍ਰਕਿਰਤਕ ਅਣਸਿਧਾਏ ਆਪੇ’ ਅਨੁਸਾਰ ਚੱਲਦੇ ਹੋਏ ਆਪਣੇ ਸਾਥੀ ਦੀ ‘ਕੁਦਰਤੀ ਚੋਣ’ ਨੂੰ ਪਹਿਲ ਦੇ ਰਹੇ ਹਨ। ਦੂਜੇ ਪਾਸੇ ਯੂਨੀਵਰਸਿਟੀ ਵਿੱਚ ਅਜਿਹੇ ਨੌਜਵਾਨ ਵੀ ਹਨ ਜੋ ਸਥਾਪਿਤ ਸੱਭਿਆਚਾਰਕ ਪੈਮਾਨਿਆਂ ਦੇ ਉਲਟ ਜਾਤ ਤੋਂ ਬਾਹਰ ਜਾ ਕੇ ਥੋੜ੍ਹ-ਚਿਰੇ ਪਿਆਰ ਸਬੰਧ ਤਾਂ ਬਣਾ ਰਹੇ ਹਨ ਪਰ ਵਿਆਹ ਉਹ ਸਮਾਜ ਦੁਆਰਾ ਨਿਰਧਾਰਿਤ ਪੂਰਵ ਪ੍ਰਚਲਿਤ ਮਾਪਦੰਡਾਂ ਅਨੁਸਾਰ ਘਰਦਿਆਂ ਵੱਲੋਂ ਚੁਣੇ ਗਏ ‘ਸਾਥੀ’ ਨਾਲ ਹੀ ਕਰਵਾਉਣਗੇ। ਇਸ ਤਰ੍ਹਾਂ ਉਹ ਸੱਭਿਆਚਾਰਕ ਮਨਾਹੀਆਂ ਤੋਂ ਵਕਤੀ ਤੌਰ ‘ਤੇ ਹੀ ਲਾਂਭੇ ਜਾਂਦੇ ਹਨ। ਕੁਦਰਤੀ ਅਤੇ ਸੱਭਿਆਚਾਰਕ ਆਪੇ ਵਿਚਲੀ ਕਸ਼ਮਕਸ਼ ਇਨ੍ਹਾਂ ਨੌਜਵਾਨਾਂ ਦੇ ਸੰਦਰਭ ਵਿੱਚ ਕੁਝ ਸਮੇਂ ਲਈ ਹੀ ‘ਕੁਦਰਤੀ/ਅਣਸਿਧਾਏ’ ਆਪੇ ਦੇ ਪੱਲੜੇ ਵੱਲ ਝੁਕਦੀ ਹੈ। ਤੀਜੀ ਧਿਰ ਉਨ੍ਹਾਂ ਨੌਜਵਾਨ ਮੁੰਡੇ-ਕੁੜੀਆਂ ਦੀ ਹੈ ਜਿਹੜੇ ਕਿਸੇ ਖਿੱਚ ਤਹਿਤ ਇੱਕ-ਦੂਜੇ ਨੂੰ ਪਸੰਦ ਤਾਂ ਕਰਦੇ ਹਨ ਪਰ ਆਪਣੀ ਪਸੰਦ ਦੇ ਸਮਾਜ ਵੱਲੋਂ ਸਿਰਜੇ ਪੈਮਾਨਿਆਂ ਉੱਤੇ ਖ਼ਰੀ ਨਾ ਉੱਤਰਦੀ ਹੋਣ ਕਾਰਨ ਇਸ ਚੋਣ ਨੂੰ ਪਿਆਰ ਸਬੰਧਾਂ ਦਾ ਜਾਮਾ ਨਹੀਂ ਪਹਿਨਾਉਂਦੇ। ਇਹ ਉਹ ਨੌਜਵਾਨ ਹਨ ਜਿਨ੍ਹਾਂ ਉੱਤੇ ਸੱਭਿਆਚਾਰ ਦੁਆਰਾ ਨਿਰਧਾਰਿਤ ਪ੍ਰਤਿਮਾਨਾਂ, ਕਦਰਾਂ-ਕੀਮਤਾਂ ਤੇ ਨੈਤਿਕਤਾ ਦਾ ਦਾਬਾ ਪੂਰੀ ਤਰ੍ਹਾਂ ਗ਼ਾਲਬ ਹੋ ਚੁੱਕਿਆ ਹੈ। ਇਹ ਨੌਜਵਾਨ ਇਨ੍ਹਾਂ ਸਮਾਜਿਕ ਪੈਮਾਨਿਆਂ ਤੋਂ ਬਗਾਵਤ ਕਰਨ ਦੀ ਹਿੰਮਤ ਨਾ ਜੁਟਾ ਸਕਣ ਕਾਰਨ ਆਪਣੇ ‘ਕੁਦਰਤੀ ਆਪੇ’ ਦੀ ਚੋਣ ਨੂੰ ਨਿਰੰਤਰ ਦਬਾਉਂਦੇ ਰਹਿੰਦੇ ਹਨ। ਨੌਜਵਾਨਾਂ ਦੀ ਇਸ ਤੀਜੀ ਧਿਰ ਦੇ ਮਨਾਂ ਵਿੱਚ ਕੁਦਰਤੀ ਅਤੇ ਸੱਭਿਆਚਾਰਕ ਆਪੇ ਵਿਚਲੀ ਕਸ਼ਮਕਸ਼ ਬਾਕੀਆਂ ਨਾਲੋਂ ਵੱਧ ਤੀਬਰ ਹੁੰਦੀ ਹੈ। ਸਮਾਜਿਕ-ਸੱਭਿਆਚਾਰਕ ਚੌਖ਼ਟੇ ਦੇ ਨਿਰੰਤਰ ਦਬਾਅ ਹੇਠ ਆਖ਼ਰੀ ਸਾਹਾਂ ‘ਤੇ ਤਰਲੋਮੱਛੀ ਹੋ ਰਹੀ ਤੇ ਛਟਪਟਾ ਰਹੀ ਇਨ੍ਹਾਂ ਨੌਜਵਾਨਾਂ ਦੀ ‘ਅਣਸਿਧਾਈ ਬੰਦਿਆਈ’ ਇਨ੍ਹਾਂ ਵਿੱਚ ਪਸਰ ਰਹੀ ਨਿਰਾਸ਼ਾਂ, ਦਰਦ, ਗੁਨਾਹ ਦੇ ਅਹਿਸਾਸ ਤੇ ਨਕਾਰਾਤਮਕ ਉਤੇਜਨਾਵਾਂ ਦਾ ਕਾਰਨ ਬਣ ਰਹੀ ਹੈ।
ਯੂਨੀਵਰਸਿਟੀ ਵਿੱਚ ਵਿਚਰਦੇ ਨੌਜਵਾਨਾਂ ਦੇ ਉਪਰੋਕਤ ਆਪਸੀ ਸਬੰਧਾਂ ਨੂੰ ਜੇਕਰ ਦੇਖਿਆ ਜਾਵੇ ਤਾਂ ਇਨ੍ਹਾਂ ਦੀ ਚੋਣ ਜਿੰਨੀ ਕੁਦਰਤੀ ਲੱਗਦੀ ਹੈ ਓਨੀ ਕੁਦਰਤੀ ਤੇ ਅਣਸਿਧਾਈ ਇਹ ਅਸਲ ਵਿੱਚ ਹੈ ਨਹੀਂ। ਇਹ ਯੂਨੀਵਰਸਿਟੀ ਦੇ ਪ੍ਰਤਿਮਾਨਾਂ, ਇਸਦੇ ਪੈਮਾਨਿਆਂ, ਪਸੰਦਗੀਆਂ ਅਤੇ ਨਾ ਪਸੰਦਗੀਆਂ ਦੁਆਰਾ ਸਿਧਾਈ ਤੇ ਸੇਧਿਤ ਹੁੰਦੀ ਹੈ। ਇਹ ਪੈਮਾਨੇ ਤੇ ਪ੍ਰਤਿਮਾਨ ਸਮੇਂ-ਸਮੇਂ ਬਦਲਦੇ ਰਹੇ ਹਨ। ਕੁਝ ਦਹਾਕੇ ਪਹਿਲਾਂ ਜਦੋਂ ਅੱਜ ਦੀ ਬੇਰੁਜ਼ਗਾਰੀ ਦੇ ਮੁਕਾਬਲਤਨ ਆਰਥਿਕ ਸਥਿਰਤਾ ਸੀ ਤਾਂ ਇਸ ਸਥਿਰਤਾ ਦਾ ਪਰਛਾਵਾਂ ਯੂਨੀਵਰਸਿਟੀ ਵਿਚਲੇ ਨੌਜਵਾਨ ਮੁੰਡੇ-ਕੁੜੀਆਂ ਦੇ ਪਰਸਪਰ ਪਿਆਰ ਸਬੰਧਾਂ ਦੀ ਨਿਸ਼ਚਿਤਤਾ ਅਤੇ ਸਥਿਰਤਾ ਵਿੱਚੋਂ ਵੀ ਝਲਕਦਾ ਸੀ। ਅੱਜ ਦਾ ਨੌਜਵਾਨ ਆਰਥਿਕ ਪੱਖੋਂ ਡਾਵਾਂਡੋਲ ਸਥਿਤੀ ਨੂੰ ਹੰਢਾ ਰਿਹਾ ਹੈ ਤਾਂ ਉਸਦੇ ਪਿਆਰ ਸਬੰਧ ਵੀ ਡਾਵਾਂਡੋਲ ਤੇ ਥੋੜ੍ਹ-ਚਿਰੇ ਹੋ ਗਏ ਹਨ।
ਸਥਿਤੀ ਭਾਵੇਂ ਕਿਵੇਂ ਦੀ ਵੀ ਹੋਵੇ ਪਰ ਯੂਨੀਵਰਸਿਟੀ ਦੇ ਮਾਹੌਲ ਵਿੱਚ ਇੱਕ ਅਜਿਹੀ ਚਿਣਗ ਜ਼ਰੂਰ ਹੈ ਜੋ ਬੰਦੇ ਨੂੰ ਰੂੜ੍ਹ ਹੋ ਚੁੱਕੇ ਪੈਮਾਨਿਆਂ ਤੇ ਮਨਾਹੀਆਂ ਤੋਂ ਪਾਰ ਜਾ ਕੇ ਆਪਣੇ ਮੂਲ ਆਪੇ ਨੂੰ ਟੋਹਣ ਤੇ ਜੋਹਣ ਲਈ ਪ੍ਰੇਰਿਤ ਕਰਦੀ ਹੈ। ਅੱਜ ਅਸੀਂ ਅਜਿਹੇ ਮੋੜ ਉੱਤੇ ਅੱਪੜ ਚੁੱਕੇ ਹਾਂ ਜਿੱਥੇ ਅਜਿਹੇ ਨੌਜਵਾਨਾਂ ਦੀ ਜ਼ਰੂਰਤ ਦਰਕਾਰ ਹੈ ਜਿਹੜੇ ਰਵਾਇਤੀ ਜੜ੍ਹ ਹੋ ਚੁੱਕੀਆਂ ਕਦਰਾਂ ਅਨੁਕੂਲ ਸਿਧਾਏ ਆਪੇ ’ਤੇ ਸਵਾਲ ਉਠਾਉਣ ਅਤੇ ਆਪਣੇ ਨਰੋਏ ਸਬੰਧਾਂ ਨੂੰ ਸੇਧ ਦੇਣ ਲਈ ਮਨੁੱਖਤਾ ਦੇ ਵਧੇਰੇ ਨੇੜਲੇ ਪੈਮਾਨਿਆਂ ਤੇ ਪ੍ਰਤਿਮਾਨਾਂ ਦੀ ਘਾੜਤ ਵਿੱਚ ਸਹਾਈ ਹੋਣ।

-ਖੋਜਾਰਥੀ, ਪੰਜਾਬੀ ਯੂਨੀਵਰਸਿਟੀ, ਪਟਿਆਲਾ।
ਪਿੰਡ ਦੂਧਨ ਸਾਧਾਂ, ਜ਼ਿਲ੍ਹਾ ਪਟਿਆਲਾ।
ਸੰਪਰਕ: 97817-47656


Comments Off on ਮਨੁੱਖੀ ਸ਼ਖ਼ਸੀਅਤ ਵਿਚਲੇ ਦਵੰਦਾਂ ਦੇ ਸੱਭਿਆਚਾਰਕ ਪ੍ਰਸੰਗ
1 Star2 Stars3 Stars4 Stars5 Stars (No Ratings Yet)
Loading...
Both comments and pings are currently closed.

Comments are closed.

Available on Android app iOS app
Powered by : Mediology Software Pvt Ltd.