ਅਯੁੱਧਿਆ ਕੇਸ: ਸਾਰੇ ਸਵਾਲ ਸਾਡੇ ਤੋਂ ਹੀ ਕਿਉਂ? !    ਜਾਪਾਨ ’ਚ ਸਮੁੰਦਰੀ ਤੂਫ਼ਾਨ ਨਾਲ ਮਰਨ ਵਾਲਿਆਂ ਦੀ ਗਿਣਤੀ 56 ਹੋਈ !    ਆਵਲਾ ਖ਼ਿਲਾਫ਼ ਚੋਣ ਕਮਿਸ਼ਨ ਕੋਲ ਸ਼ਿਕਾਇਤ !    ਅਕਾਲੀ ਦਲ ਦਾ ਰਾਜਸੀ ਵਿੰਗ ਹੈ ਸ਼੍ਰੋਮਣੀ ਕਮੇਟੀ: ਰੰਧਾਵਾ !    ਗੁਰਬੱਤ ਵੀ ਨਹੀਂ ਰੋਕ ਸਕੀ ਬੂਟ ਪਾਲਿਸ਼ ਵਾਲੇ ਸਨੀ ਦਾ ਰਾਹ !    ਪੁਲੀਸ ਵੱਲੋਂ ਪਿੰਡਾਂ ’ਚ ਤਲਾਸ਼ੀ ਮੁਹਿੰਮ ਜਾਰੀ !    ਪ੍ਰਕਾਸ਼ ਪੁਰਬ ਸਮਾਗਮਾਂ ਨੂੰ ਤਾਰਪੀਡੋ ਕਰ ਰਿਹੈ ਬਾਦਲ ਦਲ: ਸਰਨਾ !    ਪਾਦਰੀ ਕੇਸ: ਮੁਹਾਲੀ ਅਦਾਲਤ ਨੇ ਨਿਰਮਲ ਤੇ ਸੁਰਿੰਦਰਪਾਲ ਭਗੌੜੇ ਐਲਾਨੇ !    ਦਿੱਲੀ ਦੇ ਚਾਰ ਸਟੇਡੀਅਮ ਸਾਰਿਆਂ ਲਈ ਖੋਲ੍ਹਣ ਦਾ ਫ਼ੈਸਲਾ !    ਪੰਜਾਬ ਨੇ ਕੌਮੀ ਸੀਨੀਅਰ ਤੇ ਜੂਨੀਅਰ ਗਤਕਾ ਚੈਂਪੀਅਨਸ਼ਿਪ ਜਿੱਤੀ !    

ਮਨੁੱਖੀ ਮਨ ਨੂੰ ਸਮਝਣ ਦੀ ਕੋਸ਼ਿਸ਼

Posted On June - 16 - 2019

ਪਰਮਜੀਤ ਢੀਂਗਰਾ
ਪੁਸਤਕ ਚਰਚਾ
ਮਨੁੱਖ ਸਮਾਜਿਕ ਪ੍ਰਾਣੀ ਹੋਣ ਦੇ ਨਾਲ ਨਾਲ ਮਾਨਸਿਕ ਪ੍ਰਾਣੀ ਵੀ ਹੈ। ਮਨੁੱਖੀ ਅਚੇਤਨ ਇਕ ਅਜਿਹੀ ਇਕਾਈ ਹੈ ਜਿਸ ਦੀ ਥਾਹ ਪਾਉਣੀ ਬੜੀ ਮੁਸ਼ਕਿਲ ਹੈ। ਜਦੋਂ ਸਿਗਮੰਡ ਫਰਾਇਡ ਨੇ ਅਚੇਤਨ ਨੂੰ ਖੋਜਿਆ ਤਾਂ ਉਹਦੇ ਸਾਹਮਣੇ ਵੱਡਾ ਮਸਲਾ ਸੀ ਕਿ ਇਸ ਨੂੰ ਕਿਵੇਂ ਪਰਿਭਾਸ਼ਤ ਕੀਤਾ ਜਾਵੇ। ਉਹਨੇ ਸੈਂਕੜੇ ਮਰੀਜ਼ਾਂ ਦੀ ਘੋਖ ਪੜਤਾਲ ਕਰਕੇ ਇਸ ਨੂੰ ਇਕ ਨਵੇਂ ਵਿਗਿਆਨ ਵਜੋਂ ਸਥਾਪਤ ਕੀਤਾ। ਅੱਜ ਇਹ ਵਿਗਿਆਨ ਮਨੁੱਖੀ ਮਨ ਦੀਆਂ ਉਨ੍ਹਾਂ ਪਰਤਾਂ ਅਤੇ ਰਹੱਸਾਂ ਨੂੰ ਖੋਲ੍ਹਣ ਵਿਚ ਕਾਮਯਾਬ ਹੋਇਆ ਹੈ ਜਿਨ੍ਹਾਂ ਦੀਆਂ ਮਾਨਸਿਕ ਗੰਢਾਂ ਉਪਰੰਤ ਮਨੁੱਖ ਪਾਗਲ ਹੋ ਜਾਂਦੇ ਹਨ, ਮਾਨਸਿਕ ਬਿਮਾਰੀਆਂ ਦੇ ਸ਼ਿਕਾਰ ਹੋ ਜਾਂਦੇ ਹਨ, ਹਿੰਸਕ ਹੋ ਜਾਂਦੇ ਹਨ, ਖ਼ੁਦਕੁਸ਼ੀਆਂ ਕਰ ਜਾਂਦੇ ਹਨ, ਕਾਤਲ ਬਣ ਜਾਂਦੇ ਹਨ।
ਪੰਜਾਬੀ ਵਿਚ ਮਨੋਵਿਗਿਆਨ ਨਾਲ ਸਬੰਧਿਤ ਕਿਤਾਬਾਂ ਦੀ ਗਿਣਤੀ ਬਹੁਤ ਘੱਟ ਹੈ। ਸ਼ਾਇਦ ਉਂਗਲਾਂ ’ਤੇ ਗਿਣਨ ਜੋਗੀਆਂ ਹੀ ਕਿਤਾਬਾਂ ਹਨ। ਇਸੇ ਕੜੀ ਵਿਚ ਬਲਰਾਮ ਦੁਆਰਾ ਪੀ.ਡੀ. ਓਸਪੇਂਸਕੀ ਦੀ ਕਿਤਾਬ ‘ਬੰਦੇ ਦੇ ਸੰਭਾਵੀ ਵਿਕਾਸ ਦਾ ਮਨੋਵਿਗਿਆਨ’ ਕਈ ਪੱਖਾਂ ਤੋਂ ਵਿਲੱਖਣ ਹੈ। ਪਹਿਲੀ ਗੱਲ ਇਹ ਹੈ ਕਿ ਇਸ ਖੇਤਰ ਵਿਚ ਓਸਪੇਂਸਕੀ ਦਾ ਨਾਂ ਹੀ ਬਹੁਤ ਵੱਡਾ ਹੈ। ਦੂਜਾ, ਉਹਦੀ ਲਿਖਤ ਨੂੰ ਆਮ ਮੁਹਾਵਰੇ ਵਿਚ ਪੇਸ਼ ਕਰ ਦੇਣਾ ਵੀ ਸ਼ਲਾਘਾ ਵਾਲਾ ਕੰਮ ਹੈ।
ਬੰਦੇ ਦੀ ਚੇਤਨਾ ਹੀ ਉਹਦੇ ਜਿਊਂਦੇ ਹੋਣ ਦਾ ਪ੍ਰਮਾਣ ਹੈ। ਜੜ੍ਹ ਤੇ ਚੇਤਨ ਦੋ ਇਕਾਈਆਂ ਹਨ। ਚੇਤਨਾ ਅਸਲ ਵਿਚ ਜੀਵੰਤ ਪ੍ਰਾਣੀਆਂ ਦਾ ਤੱਤ ਹੈ। ਇਸ ਬਾਰੇ ਲੇਖਕ ਲਿਖਦਾ ਹੈ ਕਿ – ਇਹ ਸਚਾਈ ਹੈ ਕਿ ਬੰਦੇ ਦੀ ਚੇਤਨਾ, ਜੋ ਵੀ ਇਸਦਾ ਮਤਲਬ ਹੋਵੇ ਕਦੇ ਇਕੋ ਅਵਸਥਾ ’ਚ ਨਹੀਂ ਰਹਿੰਦੀ। ਇਹ ਜਾਂ ਤਾਂ ਹੁੰਦੀ ਹੈ ਜਾਂ ਨਹੀਂ ਹੁੰਦੀ। ਚੇਤਨਾ ਦੇ ਸਿਖਰਲੇ ਛਿਣ ਯਾਦਦਾਸ਼ਤ ਬਣਾਉਂਦੇ ਹਨ। ਬਾਕੀ ਹੋਰ ਘੜੀਆਂ ਨੂੰ ਉਹ ਯਾਦ ਨਹੀਂ ਰੱਖਦਾ। ਹੋਰਨਾਂ ਗੱਲਾਂ ਤੋਂ ਛੁੱਟ ਇਹ ਗੱਲ ਬੰਦੇ ਅੰਦਰ ਇਕ ਨਿਰੰਤਰ ਚੇਤਨਾ ਜਾਂ ਨਿਰੰਤਰ ਸਜਗਤਾ ਦਾ ਭਰਮ ਸਿਰਜਦੀ ਹੈ।
ਮਨੁੱਖੀ ਮਨ ਅਥਾਹ ਸਾਗਰ ਵਾਂਗ ਹੁੰਦਾ ਹੈ। ਉਹਦਾ ਉਪਰਲਾ ਸਥਿਰ ਹਿੱਸਾ ਲਹਿਰੀਲਾ ਹੁੰਦਾ ਹੈ ਜਿਸ ਵਿਚ ਲਹਿਰਾਂ ਉੱਠਦੀਆਂ ਤੇ ਸ਼ਾਂਤ ਹੋ ਜਾਂਦੀਆਂ ਹਨ, ਪਰ ਉਹਦੇ ਸਮਾਨਾਂਤਰ ਉਹਦੀ ਡੂੰਘਾਈ ਵੀ ਹੈ ਜੋ ਉਪਰੋਂ ਨਜ਼ਰ ਨਹੀਂ ਆਉਂਦੀ। ਮਨੁੱਖੀ ਮਨ ਵੀ ਅਜਿਹਾ ਹੈ ਜੋ ਉਪਰੋਂ ਉਸ ਤੋਂ ਅੰਦਰ ਹੋਣ ਵਾਲੇ ਕਾਰਜਾਂ ਬਾਰੇ ਕੋਈ ਭਵਿੱਖਬਾਣੀ ਨਹੀਂ ਕੀਤੀ ਜਾ ਸਕਦੀ। ਮਿਸਾਲ ਲਈ ਅਸੀਂ ਕੋਈ ਨਾਟਕ, ਫਿਲਮ ਜਾਂ ਮੇਲਾ ਦੇਖਣ ਜਾਂਦੇ ਹਾਂ ਤੇ ਅਸੀਂ ਬਾਹਰੀ ਤੌਰ ’ਤੇ ਓਥੇ ਹੁੰਦੇ ਹੋਏ ਵੀ ਅੰਦਰੂਨੀ ਤੌਰ ’ਤੇ ਕਈ ਵਾਰ ਓਥੇ ਨਹੀਂ ਹੁੰਦੇ। ਹਾਲਾਂਕਿ ਅਸੀਂ ਸਭ ਕੁਝ ਦੇਖ/ਸੁਣ ਰਹੇ ਹੁੰਦੇ ਹਾਂ। ਹੁੰਗਾਰਾ ਵੀ ਭਰਦੇ ਹਾਂ। ਪਸੰਦਗੀ ਜਾਂ ਨਾਪਸੰਦਗੀ ਬਾਰੇ ਰਾਇ ਵੀ ਪ੍ਰਗਟ ਕਰ ਸਕਦੇ ਹਾਂ। ਉਹਨੂੰ ਕਾਫ਼ੀ ਯਾਦ ਵੀ ਹੁੰਦਾ ਹੈ, ਪਰ ਸਾਰਾ ਕੁਝ ਹੁੰਦਿਆਂ ਵੀ ਉਸ ਦੀ ਚੇਤਨਾ ਪੂਰੀ ਤਰ੍ਹਾਂ ਗ਼ੈਰਹਾਜ਼ਰ ਵੀ ਹੋ ਸਕਦੀ। ਮਨੁੱਖੀ ਮਨ ਨਾਲ ਜੁੜੇ ਅਨੇਕਾਂ ਮਸਲੇ ਜਿਵੇਂ ਝੂਠ ਬੋਲਣਾ ਕੀ ਹੈ? ਸੱਚ ਨੂੰ ਤੋੜਨਾ ਮਰੋੜਨਾ। ਕਿਸੇ ਚੀਜ਼ ਨੂੰ ਛੁਪਾਉਣਾ। ਇਹ ਅਸਲ ’ਚ ਇਕ ਮਾਨਸਿਕ ਅਵਸਥਾ ਹੈ ਜਦੋਂ ਅਸੀਂ ਅਜਿਹਾ ਕੁਝ ਕਰਦੇ ਹਾਂ। ਇਨ੍ਹਾਂ ਸਾਰੀਆਂ ਵਾਰਤਾਵਾਂ ਵਿਚ ਮਨੁੱਖੀ ਮਨ ਦਾ ਵਿਸ਼ਲੇਸ਼ਣ ਕੀਤਾ ਗਿਆ ਹੈ।
ਇਹੋ ਜਿਹੀਆਂ ਪੁਸਤਕਾਂ ਮਨੁੱਖ ਦੇ ਬੌਧਿਕ ਮਨੋਬਲ ਨੂੰ ਮਾਲਾਮਾਲ ਕਰਦੀਆਂ ਹਨ। ਮਨੁੱਖੀ ਮਨ ਪ੍ਰਤੀ ਆਪਣੀ ਸਮਝ ਨੂੰ ਪੁਖਤਾ ਕਰਦੀਆਂ ਹਨ। ਹਰ ਪੰਜਾਬੀ ਨੂੰ ਇਹੋ ਜਿਹੀਆਂ ਕਿਤਾਬਾਂ ਦਾ ਪਾਠ ਜ਼ਰੂਰ ਕਰਨਾ ਚਾਹੀਦਾ ਹੈ। ਅਜਿਹੀਆਂ ਕਿਤਾਬਾਂ ਸਾਡੀ ਰੋਜ਼ਾਨਾ ਦੀ ਜ਼ਿੰਦਗੀ ਦੀਆਂ ਗੁੰਝਲਾਂ ਖੋਲ੍ਹਣ ਵਿਚ ਮਦਦ ਕਰਦੀਆਂ ਹਨ। ਮਨੁੱਖੀ ਮਨ ਨੂੰ ਸਮਝਣਾ ਹੀ ਆਦਰਸ਼ਕ ਮਨੁੱਖ ਬਣਨ ਦੇ ਤੁਲ ਹੈ।


Comments Off on ਮਨੁੱਖੀ ਮਨ ਨੂੰ ਸਮਝਣ ਦੀ ਕੋਸ਼ਿਸ਼
1 Star2 Stars3 Stars4 Stars5 Stars (No Ratings Yet)
Loading...
Both comments and pings are currently closed.

Comments are closed.

Available on Android app iOS app
Powered by : Mediology Software Pvt Ltd.