ਅਯੁੱਧਿਆ ਕੇਸ: ਸਾਰੇ ਸਵਾਲ ਸਾਡੇ ਤੋਂ ਹੀ ਕਿਉਂ? !    ਜਾਪਾਨ ’ਚ ਸਮੁੰਦਰੀ ਤੂਫ਼ਾਨ ਨਾਲ ਮਰਨ ਵਾਲਿਆਂ ਦੀ ਗਿਣਤੀ 56 ਹੋਈ !    ਆਵਲਾ ਖ਼ਿਲਾਫ਼ ਚੋਣ ਕਮਿਸ਼ਨ ਕੋਲ ਸ਼ਿਕਾਇਤ !    ਅਕਾਲੀ ਦਲ ਦਾ ਰਾਜਸੀ ਵਿੰਗ ਹੈ ਸ਼੍ਰੋਮਣੀ ਕਮੇਟੀ: ਰੰਧਾਵਾ !    ਗੁਰਬੱਤ ਵੀ ਨਹੀਂ ਰੋਕ ਸਕੀ ਬੂਟ ਪਾਲਿਸ਼ ਵਾਲੇ ਸਨੀ ਦਾ ਰਾਹ !    ਪੁਲੀਸ ਵੱਲੋਂ ਪਿੰਡਾਂ ’ਚ ਤਲਾਸ਼ੀ ਮੁਹਿੰਮ ਜਾਰੀ !    ਪ੍ਰਕਾਸ਼ ਪੁਰਬ ਸਮਾਗਮਾਂ ਨੂੰ ਤਾਰਪੀਡੋ ਕਰ ਰਿਹੈ ਬਾਦਲ ਦਲ: ਸਰਨਾ !    ਪਾਦਰੀ ਕੇਸ: ਮੁਹਾਲੀ ਅਦਾਲਤ ਨੇ ਨਿਰਮਲ ਤੇ ਸੁਰਿੰਦਰਪਾਲ ਭਗੌੜੇ ਐਲਾਨੇ !    ਦਿੱਲੀ ਦੇ ਚਾਰ ਸਟੇਡੀਅਮ ਸਾਰਿਆਂ ਲਈ ਖੋਲ੍ਹਣ ਦਾ ਫ਼ੈਸਲਾ !    ਪੰਜਾਬ ਨੇ ਕੌਮੀ ਸੀਨੀਅਰ ਤੇ ਜੂਨੀਅਰ ਗਤਕਾ ਚੈਂਪੀਅਨਸ਼ਿਪ ਜਿੱਤੀ !    

ਮਨੁੱਖੀ ਨਸਲ ਦਾ ਅਨਿਸ਼ਚਿਤ ਭਵਿੱਖ

Posted On June - 16 - 2019

ਸੁਰਜੀਤ ਸਿੰਘ ਢਿੱਲੋਂ
ਜੀਵ ਵਿਕਾਸ

ਜੀਵਨ ਦੇ ਲਗਾਤਾਰ ਹੋ ਰਹੇ ਵਿਕਾਸ ਦੇ ਫਲਸਰੂਪ ਇਕ ਜੀਵ ਨਸਲ ਦੇ ਦੂਜੀ ਬਣਨ ’ਚ ਲੰਬਾ ਸਮਾਂ ਲੰਘ ਜਾਂਦਾ ਹੈ, ਲੱਖਾਂ-ਕਰੋੜਾਂ ਵਰ੍ਹਿਆਂ ਦਾ ਸਮਾਂ। ਇਕ ਵਣਮਾਨਸ ਦੇ ਮਨੁੱਖ ਬਣਨ ਨੇ ਛੇ ਲੱਖ ਵਰ੍ਹੇ ਲੈ ਲਏ ਸਨ। ਸਥਿਤੀ ਇਹ ਹੈ ਕਿ ਜਿਸ ਗਤੀ ਨਾਲ ਜੀਵ ਦੁਆਲੇ ਵਿਆਪਕ ਹਾਲਾਤ ਬਦਲਦੇ ਹਨ, ਉਸੇ ਗਤੀ ਨਾਲ ਜੀਵ ਦੀ ਨਸਲ ਬਦਲਦੀ ਰਹਿੰਦੀ ਹੈ। ਜੀਵ ਦੇ ਬਦਲਾਓ ’ਚ ਇਤਫ਼ਾਕ ਦੀ ਵੀ ਭੂਮਿਕਾ ਹੁੰਦੀ ਹੈ। ਜਿਣਸੀ ਸਬੰਧਾਂ ਆਧਾਰਿਤ ਪ੍ਰਜਣਨ ਦੌਰਾਨ ਜੀਨਾਂ ਦੇ ਫੈਂਟੇ ਜਾਣ ਕਾਰਨ ਇਹ ਨਿਰੋਲ ਇਤਫ਼ਾਕ ਹੁੰਦਾ ਹੈ ਕਿ ਕਿਹੜੇ ਜੀਨ ਕਿਸ ਤਰਤੀਬ ’ਚ ਸੰਤਾਨ ਦੀ ਝੋਲੀ ਪੈਂਦੇ ਹਨ। ਸੰਤਾਨ ਨੂੰ ਅਗਾਂਹ ਤੋਂ ਅਗਾਂਹ ਵਿਰਸੇ ’ਚ ਮਿਲ ਰਹੇ ਜੀਨ ਵੀ ਜੀਵ ਦੇ ਹੋ ਰਹੇ ਵਿਕਾਸ ਦੀ ਗਤੀ ਅਤੇ ਦਿਸ਼ਾ ਨਿਰਧਾਰਤ ਕਰਨ ਵਿਚ ਕਾਰਜਸ਼ੀਲ ਹੁੰਦੇ ਹਨ। ਲੜੀਵਾਰ ਆ ਰਹੇ ਜੀਨ ਆਧਾਰਿਤ ਬਦਲਾਓ ਜੀਵ ਦੇ ਵਿਕਾਸ ਦਾ ਮੂਲ ਮਸੌਦਾ ਸਿੱਧ ਹੁੰਦੇ ਰਹਿੰਦੇ ਹਨ। ਇਨ੍ਹਾਂ ’ਚੋਂ ਅਜਿਹੇ ਜੀਨਾਂ ਕੁਦਰਤੀ ਸੰਭਾਲ ਹੁੰਦੀ ਰਹਿੰਦੀ ਹੈ ਜਿਹੜੇ ਵਿਆਪਕ ਹਾਲਾਤ ਅਨੁਕੂਲ ਹੁੰਦੇ ਹਨ। ਇਸੇ ਪ੍ਰਕਿਰਿਆ ਨੂੰ ਡਾਰਵਿਨ ਨੇ ‘ਕੁਦਰਤੀ ਚੋਣ’ ਦਾ ਨਾਮ ਦਿੱਤਾ ਸੀ। ਆਇੰਸਟਾਈਨ ਦੀ ਕਹੀ ਗੱਲ ਕਿ ‘ਰੱਬ ਜੂਆ ਨਹੀਂ ਖੇਡਦਾ’ ਵਿਸ਼ਵ ਦੇ ਪ੍ਰਸੰਗ ’ਚ ਭਾਵੇਂ ਸਹੀ ਹੈ, ਪਰ ਜੀਵਨ ਦੇ ਪ੍ਰਸੰਗ ਵਿਚ ਇਸ ਦਾ ਮਹੱਤਵ ਨਹੀਂ। ਫੈਂਟੇ ਜਾਣ ਉਪਰੰਤ ਕਿਹੜੇ ਜੀਨ ਕਿਸ ਤਰਤੀਬ ’ਚ ਸੰਤਾਨ ਨੂੰ ਵਿਰਸੇ ਵਿਚ ਮਿਲਦੇ ਹਨ, ਇਹ ਪਹਿਲਾਂ ਤੋਂ ਨਿਸ਼ਚਿਤ ਹੋ ਹੀ ਨਹੀਂ ਸਕਦਾ। ਇਸੇ ਕਾਰਨ ਇਹ ਤੈਅ ਨਹੀਂ ਹੁੰਦਾ ਕਿ ਭਵਿੱਖ ਵਿਚ ਇਕ ਨਸਲ ਦਾ ਵਿਕਾਸ ਕਿਹੜੀ ਦਿਸ਼ਾ ਆਪਣਾਵੇਗਾ। ਮਨੁੱਖ ਦੇ ਹੋ ਰਹੇ ਵਿਕਾਸ ਬਾਰੇ ਵੀ ਇਹੋ ਕਿਹਾ ਜਾ ਸਕਦਾ ਹੈ।
ਅੱਜ ਤੋਂ ਸਾਢੇ ਛੇ ਕਰੋੜ ਵਰ੍ਹੇ ਪਹਿਲਾਂ ਵਿਚਰ ਰਹੇ ਅਤੇ ਚਲਦਿਆਂ ਧਰਤੀ ਨੂੰ ਕੰਬਾ ਦੇਣ ਵਾਲੇ ਡਰਾਉਣੇ ਕਿਰਲੇ ਭਾਵ ਡਾਇਨੋਸਾਰ ਕਿਵੇਂ ਅਨੁਭਵ ਕਰ ਸਕਦੇ ਸਨ ਕਿ ਉਹ ਆਪ ਸੰਸਾਰ ਵਿਚ ਨਹੀਂ ਰਹਿਣਗੇ ਅਤੇ ਦੁਨੀਆ ਉਪਰ ਨਹੁੰ ਦੇ ਆਕਾਰ ਦੀ ਉਸ ਛੰਛੂਦਰ ਦੀ ਸੰਤਾਨ ਉਨ੍ਹਾਂ ਵਾਂਗ ਹੀ ਹਾਵੀ ਹੋ ਜਾਵੇਗੀ ਜਿਹੜੀ ਉਦੋਂ ਉਨ੍ਹਾਂ ਦੇ ਪੈਰਾਂ ਦੀ ਧੂੜ ’ਚ ਦੁਬਕੀ, ਸਹਿਮੀ ਜੀਵਨ ਬਿਤਾ ਰਹੀ ਸੀ। ਲੱਖ ਕੁ ਵਰ੍ਹਾ ਪਹਿਲਾਂ ਚਿਮਪੈਂਜ਼ੀ ਦੀ ਵਸੋਂ ਮਨੁੱਖ ਦੀ ਵਸੋਂ ਤੋਂ ਵੱਧ ਸੀ ਜਦੋਂਕਿ ਅੱਜ ਮਨੁੱਖ ਦੀ ਵਸੋਂ ਦੇ ਫੈਲਾਓ ਸਦਕਾ ਚਿਮਪੈਂਜ਼ੀ ਲੁਪਤ ਹੋਣ ਕਿਨਾਰੇ ਹੈ। ਅੱਜ ਤੋਂ 40 ਹਜ਼ਾਰ ਵਰ੍ਹੇ ਪਹਿਲਾਂ ਦੁਨੀਆ ਭਰ ’ਚ ਮਨੁੱਖ ਇੰਨੀ ਗਿਣਤੀ ਵਿਚ ਸਨ ਜਿੰਨੀ ਇਸ ਦੀ ਵਸੋਂ ਅੱਜ ਦਿੱਲੀ ਵਿਖੇ ਹੈ ਅਤੇ ਜਿਸ ਦੇ ਇੱਕੀਵੀਂ ਸਦੀ ਦੇ ਅੰਤ ਤਕ 13 ਅਰਬ ਹੋ ਜਾਣ ਦਾ ਅਨੁਮਾਨ ਹੈ। ਕੋਈ ਸਮਾਂ ਸੀ ਜਦੋਂ ਇਹੋ ਮਨੁੱਖ ਟਿਕਾਣਿਆਂ ਦੀ ਭਾਲ ’ਚ ਭਟਕ ਰਿਹਾ ਸੀ ਅਤੇ ਪੇਟ ਭਰਨ ਲਈ ਜਦੋਜਹਿਦ ਕਰ ਰਿਹਾ ਸੀ। ਉਸ ਦੇ ਵਰਤਮਾਨ ਅਵਸਥਾ ਨੂੰ ਪੁੱਜ ਸਕਣ ਦਾ ਉਸ ਨੂੰ ਆਪ ਵੀ ਅੰਦਾਜ਼ਾ ਨਹੀਂ ਸੀ। ਕਿਸੇ ਜੀਵ ਨਸਲ ਦੇ ਭਵਿੱਖ ਬਾਰੇ ਅੰਦਾਜ਼ਾ ਲਾ ਸਕਣਾ ਭਾਵੇਂ ਉਚਿਤ ਨਹੀਂ, ਫਿਰ ਵੀ ਮਨੁੱਖ ਦੁਆਲੇ ਵਿਆਪਕ ਪਰਿਸਥਿਤੀਆਂ ਭਾਂਪਦਿਆਂ ਉਸ ਦੇ ਭਵਿੱਖ ਬਾਰੇ ਚਰਚਾ ਕੀਤੀ ਜਾ ਸਕਦੀ ਹੈ।

ਸੁਰਜੀਤ ਸਿੰਘ ਢਿੱਲੋਂ

ਮਨੁੱਖ ਵਣਮਾਨਸ ਤੋਂ ਵਿਕਸਿਤ ਹੋਇਆ ਹੈ। ਇਸ ਦੇ ਵਿਕਸਿਤ ਹੋਣ ਦੇ ਅਰਥ ਹਨ ਕਿ ਇਹ ਵਣਮਾਨਸ ਹੁੰਦਾ ਹੋਇਆ ਵੀ ਵਣਮਾਨਸ ਤੋਂ ਵੱਧ ਕੁਝ ਹੋਰ ਬਣ ਗਿਆ ਹੈ। ਮਨੁੱਖ ਨੇ ਵੀ ਦੁਨੀਆ ਵਿਚ ਉਸੇ ਪ੍ਰਕਾਰ ਪ੍ਰਵੇਸ਼ ਕੀਤਾ, ਜਿਵੇਂ ਪਹਿਲਾਂ ਵਿਚਰ ਰਹੀਆਂ ਨਸਲਾਂ ਤੋਂ ਵਿਕਸਿਤ ਹੋ ਕੇ ਹੋਰਨਾਂ ਜੀਵ ਨਸਲਾਂ ਨੇ। ਜੀਵ ਨਸਲਾਂ ਸਮਾਂ ਬਿਤਾ ਕੇ ਲੋਪ ਹੁੰਦੀਆਂ ਰਹੀਆਂ ਹਨ ਅਤੇ ਹੋ ਵੀ ਰਹੀਆਂ ਹਨ। ਇਹੋ ਹੀ ਮਨੁੱਖ ਦੀ ਵੀ ਤਕਦੀਰ ਹੈ। ਪਰ ਇਹ ਨਿਸ਼ਚਿਤ ਨਹੀਂ ਕਿ ਇਹ ਘਟਨਾ ਸਵੇਰ ਵਾਪਰੇਗੀ ਜਾਂ ਅਵੇਰ। ਉਂਜ, ਮਨੁੱਖ ਦੀ ਨਸਲ ਹਾਲੇ ਆਪਣੀ ਅੱਲ੍ਹੜ ਅਵਸਥਾ ’ਚ ਹੀ ਹੈ। ਲੱਖ ਕੁ ਵਰ੍ਹਿਆਂ ਦੀ ਇਸ ਦੀ ਉਮਰ ਹੈ ਅਤੇ ਹਾਲੇ ਕਈ ਲੱਖ ਵਰ੍ਹੇ ਇਸ ਨੇ ਹੋਰ ਭੋਗਣੇ ਹਨ। ਪਰ ਅਜਿਹਾ ਉਦੋਂ ਹੀ ਸੰਭਵ ਹੈ, ਜੇਕਰ ਇਸ ਨੇ ਆਤਮ-ਹੱਤਿਆ ਨਾ ਕੀਤੀ, ਅਤੇ ਜਿਸ ਨੂੰ ਇਹ ਆਪਣੇ ਕੁਦਰਤੀ ਵਾਤਾਵਰਨ ਨੂੰ ਆਪ ਦੂਸ਼ਿਤ ਕਰਦਾ ਹੋਇਆ ਸੰਭਾਵੀ ਬਣਾਈ ਜਾ ਰਿਹਾ ਹੈ।
ਜਦੋਂ ਹਾਲੇ ਮਨੁੱਖ ਨੇ ਕਾਸ਼ਤ ਨੂੰ ਕਿੱਤੇ ਵਜੋਂ ਨਹੀਂ ਸੀ ਅਪਣਾਇਆ ਤਾਂ ਇਹ 25-30 ਵਰ੍ਹਿਆਂ ਦੀ ਉਮਰ ਭੋਗ ਰਿਹਾ ਸੀ। ਪਰ ਲਾਗ ਦੇ ਰੋਗਾਂ ਦੇ ਕਾਬੂ ’ਚ ਆ ਜਾਣ ਕਰਕੇ ਅੱਜ ਇਹ ਪਹਿਲਾਂ ਨਾਲੋਂ ਤਿੰਨ ਗੁਣਾ ਲੰਬੀ ਉਮਰ ਭੋਗ ਰਿਹਾ ਹੈ। ਇਸ ਦੀ ਉਮਰ ਤਾਂ ਲੰਬੀ ਹੁੰਦੀ ਜਾ ਰਹੀ ਹੈ, ਪਰ ਨਾਕਸ ਜੀਨਾਂ ਦੇ ਵਸੋਂ ’ਚੋਂ ਖ਼ਾਰਜ ਨਾ ਹੋਣ ਕਾਰਨ ਇਹ ਤੰਦਰੁਸਤ ਨਰੋਆ ਜੀਵਨ ਨਹੀਂ ਭੋਗ ਰਿਹਾ। ਨਾਕਸ ਜੀਨ ਰੋਗਾਂ ਦਾ ਕਾਰਨ ਬਣਦਿਆਂ ਮੱਧ ਉਮਰ ’ਚ ਹੀ ਮਨੁੱਖ ਦੀ ਬਿਰਧ ਅਵਸਥਾ ਵਾਲੀ ਦੁਰਬਲਤਾ ਨਾਲ ਪਛਾਣ ਕਰਵਾ ਰਹੇ ਹਨ ਅਤੇ ਦੁਰਬਲ ਬਿਰਧ ਅਵਸਥਾ ਨੂੰ ਹੋਰ ਵੀ ਦੁਰਬਲ ਬਣਾਈ ਜਾ ਰਹੇ ਹਨ। ਇਕ ਗੱਲ ਹੋਰ ਵੀ ਮਾਨਵਤਾ ਲਈ ਸੁਖਾਵੀਂ ਸਿੱਧ ਨਹੀਂ ਹੋ ਰਹੀ। ਮਾਂ-ਪਿਓ ਦੀ ਮੁੱਢਲੀ ਉਮਰ ਦੌਰਾਨ ਜਨਮੀ ਸੰਤਾਨ ਚੰਗੇ-ਭਲੇ ਜੀਨਾਂ ਸਹਿਤ ਜਨਮ ਲੈਣ ਯੋਗ ਹੁੰਦੀ ਹੈ। ਬੀਤਦੀ ਉਮਰ ਨਾਲ ਜੀਨਾਂ ’ਚ ਕਿਧਰੇ ਕਿਧਰੇ ਗ਼ਲਤੀਆਂ ਘਰ ਕਰ ਜਾਂਦੀਆਂ ਹਨ। ਇਸੇ ਕਾਰਨ ਜਵਾਨੀ ਭੁਗਤ ਚੁੱਕੇ ਮਾਂ-ਪਿਓ ਦੀ ਸੰਤਾਨ ਵਿਚ ਨੁਕਸਦਾਰ ਜੀਨਾਂ ਦੇ ਵੱਧ ਮਾਤਰਾ ’ਚ ਹੋਣ ਦੀ ਸੰਭਾਵਨਾ ਹੁੰਦੀ ਹੈ। ਅੱਜ ਸਥਿਤੀ ਇਹ ਹੈ ਕਿ ਦੰਪਤੀ ਜੀਵਨ ਸ਼ੁਰੂ ਕਰਨ ਲਈ ਲਗਭਗ ਸਭਨਾਂ ਨੂੰ ਉਡੀਕਣਾ ਪੈ ਰਿਹਾ ਹੈ ਜਿਸ ਕਾਰਨ ਮਨੁੱਖ ਦੀ ਵਸੋਂ ਵਿਚ ਨੁਕਸਦਾਰ ਜੀਨ ਪਹਿਲਾਂ ਨਾਲੋਂ ਵੱਧ ਗਿਣਤੀ ਵਿਚ ਪ੍ਰਵੇਸ਼ ਕਰ ਰਹੇ ਹਨ। ਫਲਸਰੂਪ ਰੋਗ, ਵੰਨਗੀ ’ਚ ਵੀ ਅਤੇ ਗਿਣਤੀ ’ਚ ਵੀ, ਵਧਦੇ ਜਾ ਰਹੇ ਹਨ।
ਮਨੁੱਖਤਾ ਆਰਥਿਕ ਪੱਖੋਂ ਜਿਵੇਂ ਜਿਵੇਂ ਸਮ੍ਰਿਧ ਹੋਈ ਜਾ ਰਹੀ ਹੈ, ਨਾਲੋ-ਨਾਲ ਇਹ ਅਰੋਗ ਜੀਨਾਂ ਦੇ ਪ੍ਰਸੰਗ ’ਚ ਲੋੜਵੰਦ ਬਣਦੀ ਜਾ ਰਹੀ ਹੈ। ਹੋ ਰਹੀ ਪ੍ਰਗਤੀ ਆਪਣੇ ਨਾਲ ਰੋਗਾਂ ਦੀ ਝੜੀ ਲੈ ਕੇ ਆ ਰਹੀ ਹੈ। ਵਿਗਿਆਨ ਨੇ ਮਨੁੱਖ ਦਾ ਖਾਣ-ਪੀਣ ਬਦਲ ਦਿੱਤਾ ਅਤੇ ਸੁਖਾਵੇਂ ਜੀਵਨ-ਢੰਗ ਨਾਲ ਇਸ ਨੂੰ ਪ੍ਰਣਾ ਦਿੱਤਾ। ਅਜਿਹਾ ਹੋਣ ਕਾਰਨ ਮਨੁੱਖ ਨੂੰ ਭਿੰਨ ਭਿੰਨ ਰੋਗਾਂ ਨੇ ਘੇਰ ਲਿਆ: ਦਿਲ-ਜਿਗਰ ਕਾਰਜ ਨਿਭਾਉਂਦਿਆਂ ਹੱਫਣ ਲੱਗ ਪਏ, ਗੁਰਦੇ ਪਥਰਾਏ ਗਏ, ਲਹੂ ’ਚ ਰਚੀ ਮਿਠਾਸ ਖੁਰਨ ਦਾ ਨਾਂ ਨਹੀਂ ਲੈ ਰਹੀ ਅਤੇ ਭਾਂਤ ਭਾਂਤ ਦੇ ਨਾਸੂਰ ਵੱਖਰੇ ਗਲ ਪੈ ਗਏ। ਅਜਿਹਾ ਇਸ ਲਈ ਕਿ ਅਪਣਾਏ ਅਤਿ ਆਰਾਮਦਾਇਕ, ਕਸਰਤ ਰਹਿਤ ਜੀਵਨ-ਢੰਗ ਕਾਰਨ, ਚਿਕਨਾਈ ਅਤੇ ਮਿਠਾਸ ’ਚ ਸਮ੍ਰਿਧ ਖਾਧ ਪਦਾਰਥਾਂ ਉਪਰ ਨਿਰਭਰ ਸਰੀਰ ਇਨ੍ਹਾਂ ਦਾ ਚੰਗੀ ਤਰ੍ਹਾਂ ਨਿਪਟਾਰਾ ਕਰਨ ਯੋਗ ਨਹੀਂ ਰਿਹਾ। ਜਿਹੜੇ ਇਹ ਜਾਣਦੇ ਹਨ, ਉਹ ਵੀ ਨਾ ਤਾਂ ਅਪਣਾਇਆ ਜੀਵਨ-ਢੰਗ ਬਦਲਣ ਲਈ ਤਿਆਰ ਹਨ ਅਤੇ ਨਾ ਹੀ ਖਾਣ-ਪੀਣ ’ਚ ਤਬਦੀਲੀ ਕਰਨ ਲਈ। ਇਸ ਪ੍ਰਕਾਰ ਮਨੁੱਖ ਨੇ ਆਪਣੇ ਲਈ ਆਪ ਨਰਕ ਸਾਜ ਰੱਖਿਆ ਹੈ। ਇਹੋ ਨਹੀਂ, ਮਨੁੱਖ ਆਪਣੇ ਵਾਤਾਵਰਨ ਦਾ ਕੁਦਰਤੀਪਣ ਵੀ ਚੂਸਦਾ ਜਾ ਰਿਹਾ ਹੈ ਜਿਹੜਾ ਇਸ ਦੇ ਆਪਣੇ ਜੀਵਨ ਦੀ ਧਰੋਹਰ ਹੈ।
ਉਲਝੀ ਹੋਈ ਇਹ ਸਥਿਤੀ ਇਸ ਕਾਰਨ ਹੋਰ ਵੀ ਉਲਝਦੀ ਜਾ ਰਹੀ ਹੈ ਕਿ ਬੱਚੇ ਨੁਕਸਦਾਰ ਜੀਨਾਂ ਸਹਿਤ ਜਨਮ ਲੈ ਰਹੇ ਹਨ ਅਤੇ ਜਨਮ ਲੈਣ ਉਪਰੰਤ ਵੱਡੇ ਹੋ ਕੇ ਇਹ ਅਗਾਂਹ ਸੰਤਾਨ ਨੂੰ ਵੀ ਜਨਮ ਦੇ ਰਹੇ ਹਨ। ਅਜਿਹਾ ਹੋਣ ਦੇ ਫਲਸਰੂਪ ਨੁਕਸਦਾਰ ਜੀਨਾਂ ਦਾ ਮਨੁੱਖ ਦੀ ਵਸੋਂ ’ਚੋਂ ਖ਼ਾਰਜ ਹੋਣਾ ਤਾਂ ਕਿਧਰੇ ਰਿਹਾ ਸਗੋਂ ਇਨ੍ਹਾਂ ਦੀ ਮਾਤਰਾ ਵਧਦੀ ਜਾ ਰਹੀ ਹੈ। ਇਸ ਤਰ੍ਹਾਂ ਮਨੁੱਖ ਦੇ ਪ੍ਰਸੰਗ ’ਚ ਕੁਦਰਤੀ ਚੋਣ ਦੀ ਪ੍ਰਕਿਰਿਆ ਅਸਰਦਾਰ ਨਹੀਂ ਰਹੀ ਜਿਸ ਕਾਰਨ ਇਨ੍ਹਾਂ ਦਾ ਜੀਨਾਂ ਦੇ ਪੱਧਰ ’ਤੇ ਸੁਧਾਰ ਹੋਣਾ ਵੀ ਰੁਕ ਜਿਹਾ ਗਿਆ ਹੈ। ਕੁਦਰਤੀ ਚੋਣ ਦੀ ਪ੍ਰਕਿਰਿਆ ਪ੍ਰਭਾਵਿਤ ਹੋਣ ਲਈ ਜਿਹੜੇ ਸਾਧਨ ਵਰਤਦੀ ਹੈ, ਉਹ ਵੀ ਵਰਤਮਾਨ ਸਥਿਤੀ ’ਚ ਮਨੁੱਖ ਉਪਰ ਘੱਟ-ਵੱਧ ਹੀ ਲਾਗੂ ਹੋ ਰਹੇ ਹਨ। ਰੋਗ ਮੌਤ ਦਾ ਕਾਰਨ ਨਹੀਂ ਬਣ ਰਹੇ ਅਤੇ ਨਾ ਹੀ ਭੁੱਖਮਰੀ ਮਾਰੂ ਰਹੀ ਜਦੋਂਕਿ ਹੜ੍ਹ ਅਤੇ ਹੋਰ ਮੌਸਮੀ ਕਹਿਰ ਵੀ ਇਸ ਪ੍ਰਸੰਗ ’ਚ ਕਾਰਗਰ ਸਿੱਧ ਨਹੀਂ ਹੋ ਰਹੇ।
ਕੁਦਰਤੀ ਚੋਣ ਦੇ ਪ੍ਰਭਾਵ ਦੇ ਫਿੱਕਾ ਪੈਣ ਦੇ ਬਾਵਜੂਦ ਜੇਕਰ ਮਨੁੱਖ ਦੀ ਨਸਲ ’ਚ ਬਦਲਾਓ ਆ ਰਹੇ ਹਨ ਤਾਂ ਅਜਿਹਾ ਸੰਤਾਨ ਉਪਜਾਉਣ ਲਈ ਕੀਤੀ ਜਾ ਰਹੀ ਚੋਣ ਕਾਰਨ ਹੋ ਰਿਹਾ ਹੈ। ਪਹਿਲੇ ਸਮਿਆਂ ’ਚ ਆਂਢ-ਗੁਆਂਢ ਦੇ ਪਿੰਡਾਂ ਜਾਂ ਕਸਬਿਆਂ ’ਚੋਂ ਜੀਵਨ ਸਾਥੀ ਚੁਣ ਲਏ ਜਾਂਦੇ ਸਨ। ਇਸ ਕਾਰਨ ਜੀਨਾਂ ਦਾ ਫੈਲਾਓ ਸੀਮਿਤ ਰਹਿੰਦਾ ਰਿਹਾ। ਦੁਨੀਆ ਭਰ ਵਿਚ ਇਹੋ ਸਥਿਤੀ ਸੀ ਅਤੇ ਦੁਨੀਆ ਭਰ ਵਿਚ ਹੀ ਜੀਨਾਂ ਦੀ ਸਥਾਨਕ ਵੰਨਗੀ ਲਗਭਗ ਸਥਿਰ ਰਹਿੰਦੀ ਰਹੀ। ਇਸੇ ਕਾਰਨ ਕੌਮਾਂ ਹੋਂਦ ’ਚ ਆਈਆਂ ਅਤੇ ਇਨ੍ਹਾਂ ਵਿਚਕਾਰ ਅੰਤਰ ਵਿਸਤ੍ਰਿਤ ਹੋਏ। ਇਸੇ ਕਾਰਨ ਜਾਤ-ਪਾਤ ਆਧਾਰਿਤ ਵਿਤਕਰੇ ਵੀ ਨਿਖਰਦੇ ਰਹੇ। ਪਰ ਅੱਜ ਸਥਿਤੀ ਬਦਲਦੀ ਜਾ ਰਹੀ ਹੈ। ਅੱਜ ਦੇਸ ਪ੍ਰਦੇਸ ਇੱਕ-ਮਿੱਕ ਹੁੰਦੇ ਜਾ ਰਹੇ ਹਨ ਅਤੇ ਨਸਲੀ ਵਿਤਕਰੇ ਮੱਧਮ ਪੈ ਰਹੇ ਹਨ। ਜੀਵਨ ਸਾਥੀ ਦੀ ਚੋਣ ਵੀ ਵਿਅਕਤੀ ਪ੍ਰਚੱਲਿਤ ਰਿਵਾਜਾਂ ਨੂੰ ਅਣਡਿੱਠ ਕਰਕੇ ਆਪ ਕਰਨ ਲੱਗੇ ਹਨ। ਇਸ ਪ੍ਰਕਾਰ ਜੀਨਾਂ ਦਾ ਰਲਾ ਵਧਦਾ ਜਾ ਰਿਹਾ ਹੈ ਅਤੇ ਜਿਹੜਾ ਨਗਰਾਂ-ਮਹਾਨਗਰਾਂ ’ਚ ਵਿਆਪਕ ਮਾਹੌਲ ਅਤੇ ਆਵਾਜਾਈ ’ਚ ਆ ਰਹੀ ਤੇਜ਼ੀ ਕਾਰਨ ਪ੍ਰੋਸਾਹਿਤ ਵੀ ਹੋਈ ਜਾ ਰਿਹਾ ਹੈ। ਸਬੰਧੀਆਂ ਵਿਚਕਾਰ ਰਚਾਏ ਜਾ ਰਹੇ ਵਿਆਹ-ਸ਼ਾਦੀਆਂ ਦੀ ਪਰੰਪਰਾ ਵੀ ਬੀਤਦੇ ਸਮੇਂ ਨਾਲ ਅਪ੍ਰਚੱਲਿਤ ਹੁੰਦੀ ਜਾ ਰਹੀ ਹੈ। ਸਮਾਜਿਕ ਪੱਧਰ ’ਤੇ ਆ ਰਹੀਆਂ ਅਜਿਹੀਆਂ ਤਬਦੀਲੀਆਂ ਦੇ ਬਾਵਜੂਦ ਜੀਨਾਂ ਦੇ ਖੁੱਲ੍ਹੇ-ਡੁੱਲ੍ਹੇ ਰਲਾ ’ਚ ਹਾਲੇ ਲੰਬਾ ਸਮਾਂ ਲਗੇਗਾ। ਤਦ ਤਕ ਵਿਗਾੜ ਵਾਲੇ ਜੀਨਾਂ ਦੇ ਮਨੁੱਖ ਦੀ ਵਸੋਂ ’ਚੋਂ ਖ਼ਾਰਜ ਹੋਣ ਦੀ ਵੀ ਕੋਈ ਸੰਭਾਵਨਾ ਨਹੀਂ। ਮਨੁੱਖ ਦੇ ਜੀਨਾਂ ਦੇ ਰਲਾ ਦੇ ਰਾਹ ’ਚ ਸਮਾਜਿਕ ਪਰਿਸਥਿਤੀਆਂ ਆਉਂਦੀਆਂ ਰਹੀਆਂ, ਧਰਮ ਆਉਂਦੇ ਰਹੇ, ਦਕੀਆਨੂਸੀ ਸੂਝ-ਸਮਝ ਅਤੇ ਅੰਧ-ਵਿਸ਼ਵਾਸ ਆਉਂਦੇ ਰਹੇ। ਵਿਗਿਆਨਕ ਸੂਝ ਦੇ ਪੁੰਗਰਨ ਨਾਲ ਮਾਨਵੀ ਸੋਚ ਉਪਰ ਹੁਣ ਭਾਵੇਂ ਇਨ੍ਹਾਂ ਸੰਸਥਾਵਾਂ ਦੀ ਪਕੜ ਢਿੱਲੀ ਪੈਣ ਲੱਗੀ ਹੈ ਅਤੇ ਕੌਮਾਂ-ਕਬੀਲਿਆਂ ਅਤੇ ਜ਼ਾਤ-ਬਿਰਾਦਰੀਆਂ ਵਿਚਕਾਰ ਤੁਅੱਸਬੀ ਵਿਤਕਰੇ ਵੀ ਫਿੱਕੇ ਪੈ ਰਹੇ ਹਨ। ਉਪਜਦੀ ਆ ਰਹੀ ਅਜਿਹੀ ਸਥਿਤੀ ਦੇ ਵੀ ਜੀਨਾਂ ਦੇ ਰਲਾ ਲਈ ਸਹਾਈ ਸਿੱਧ ਹੋਣ ਦੀ ਆਸ ਹੈ। ਜੇਕਰ ਮਨੁੱਖ ਦੇ ਜੀਨਾਂ ਦੇ ਰਲਾ ’ਚ ਤੇਜ਼ੀ ਆ ਗਈ ਤਾਂ ਇਸ ਦੀ ਆਉਣ ਵਾਲੀ ਨਸਲ ਦੇ ਅੱਜ ਨਾਲੋਂ ਵੱਧ ਅਰੋਗ ਜੀਵਨ ਭੋਗਣ ਦੀ ਸੰਭਾਵਨਾ ਹੈ। ਜੇਕਰ ਨਾਕਸ ਜੀਨ ਮਨੁੱਖ ਦੀ ਵਸੋਂ ’ਚੋਂ ਖ਼ਾਰਜ ਨਾ ਹੋਏ ਤਾਂ ਨਸਲ ਦਾ ਵਿਕਾਸ ਰੁਕਿਆ ਰਹੇਗਾ ਅਤੇ ਸ਼ਾਇਦ ਮਨੁੱਖ ਨੂੰ ਅੱਜ ਵਿਆਪਕ ਵਿਵਸਥਾ ਸਹਿਤ ਹੀ ਸੰਸਾਰੋਂ ਵਿਦਾ ਹੋਣਾ ਪਵੇਗਾ।
‘‘ਅਭੀ ਕੁਛ ਔਰ ਹੋ ਇਨਸਾਨ ਕਾ ਲਹੂ ਪਾਨੀ,
ਅਭੀ ਹਯਾਤ ਕੇ ਚਿਹਰੇ ਪੇ ਆਬੋ-ਤਾਬ ਨਹੀਂ।’’

ਸੰਪਰਕ: 98775-47971

  • ਅੱਜ ਤੋਂ ਸਾਢੇ ਛੇ ਕਰੋੜ ਵਰ੍ਹੇ ਪਹਿਲਾਂ ਵਿਚਰ ਰਹੇ ਅਤੇ ਚਲਦਿਆਂ ਧਰਤੀ ਨੂੰ ਕੰਬਾ ਦੇਣ ਵਾਲੇ ਡਰਾਉਣੇ ਕਿਰਲੇ ਭਾਵ ਡਾਇਨੋਸਾਰ ਕਿਵੇਂ ਅਨੁਭਵ ਕਰ ਸਕਦੇ ਸਨ ਕਿ ਉਹ ਆਪ ਸੰਸਾਰ ਵਿਚ ਨਹੀਂ ਰਹਿਣਗੇ ਅਤੇ ਦੁਨੀਆ ਉਪਰ ਨਹੁੰ ਦੇ ਆਕਾਰ ਦੀ ਉਸ ਛੰਛੂਦਰ ਦੀ ਸੰਤਾਨ ਉਨ੍ਹਾਂ ਵਾਂਗ ਹੀ ਹਾਵੀ ਹੋ ਜਾਵੇਗੀ।
  • ਲੱਖ ਕੁ ਵਰ੍ਹਾ ਪਹਿਲਾਂ ਚਿਮਪੈਂਜ਼ੀ ਦੀ ਵਸੋਂ ਮਨੁੱਖ ਦੀ ਵਸੋਂ ਤੋਂ ਵੱਧ ਸੀ ਜਦੋਂਕਿ ਅੱਜ ਮਨੁੱਖ ਦੀ ਵਸੋਂ ਦੇ ਫੈਲਾਓ ਸਦਕਾ ਚਿਮਪੈਂਜ਼ੀ ਲੁਪਤ ਹੋਣ ਕਿਨਾਰੇ ਹੈ।
  • ਅੱਜ ਤੋਂ 40 ਹਜ਼ਾਰ ਵਰ੍ਹੇ ਪਹਿਲਾਂ ਦੁਨੀਆ ਭਰ ’ਚ ਮਨੁੱਖ ਇੰਨੀ ਗਿਣਤੀ ਵਿਚ ਸਨ ਜਿੰਨੀ ਇਸ ਦੀ ਵਸੋਂ ਅੱਜ ਦਿੱਲੀ ਵਿਖੇ ਹੈ।
  • ਜਦੋਂ ਹਾਲੇ ਮਨੁੱਖ ਨੇ ਕਾਸ਼ਤ ਨੂੰ ਕਿੱਤੇ ਵਜੋਂ ਨਹੀਂ ਸੀ ਅਪਣਾਇਆ ਤਾਂ ਇਹ 25-30 ਵਰ੍ਹਿਆਂ ਦੀ ਉਮਰ ਭੋਗ ਰਿਹਾ ਸੀ। ਪਰ ਲਾਗ ਦੇ ਰੋਗਾਂ ਦੇ ਕਾਬੂ ’ਚ ਆ ਜਾਣ ਕਰਕੇ ਅੱਜ ਇਹ ਪਹਿਲਾਂ ਨਾਲੋਂ ਤਿੰਨ ਗੁਣਾ ਲੰਬੀ ਉਮਰ ਭੋਗ ਰਿਹਾ ਹੈ।
  • ਹੋ ਰਹੀ ਪ੍ਰਗਤੀ ਆਪਣੇ ਨਾਲ ਰੋਗਾਂ ਦੀ ਝੜੀ ਲੈ ਕੇ ਆ ਰਹੀ ਹੈ।
  • ਉਲਝੀ ਹੋਈ ਇਹ ਸਥਿਤੀ ਇਸ ਕਾਰਨ ਹੋਰ ਵੀ ਉਲਝਦੀ ਜਾ ਰਹੀ ਹੈ ਕਿ ਬੱਚੇ ਨੁਕਸਦਾਰ ਜੀਨਾਂ ਸਹਿਤ ਜਨਮ ਲੈ ਰਹੇ ਹਨ।

Comments Off on ਮਨੁੱਖੀ ਨਸਲ ਦਾ ਅਨਿਸ਼ਚਿਤ ਭਵਿੱਖ
1 Star2 Stars3 Stars4 Stars5 Stars (No Ratings Yet)
Loading...
Both comments and pings are currently closed.

Comments are closed.

Available on Android app iOS app
Powered by : Mediology Software Pvt Ltd.