ਕੇਂਦਰ ਨੇ ਲੌਕਡਾਊਨ 30 ਜੂਨ ਤਕ ਵਧਾਇਆ !    ਹਨੇਰੀ ਕਾਰਨ ਤਾਜ ਮਹੱਲ ਨੂੰ ਭਾਰੀ ਨੁਕਸਾਨ !    ਕੇਂਦਰ ਨਾਲੋਂ ਨਾਤਾ ਤੋੜਨ ਸੁਖਬੀਰ: ਕੈਪਟਨ !    ਅਮਰੀਕਾ ਵਿੱਚ ਲੋਕਾਂ ਵੱਲੋਂ ਪ੍ਰਦਰਸ਼ਨ !    ਭਰਾ ਦੀ ਕਹੀ ਨਾਲ ਹੱਤਿਆ !    ਕਾਹਨੂੰਵਾਨ ’ਚ 50 ਦੇ ਕਰੀਬ ਨਸ਼ਾ ਤਸਕਰਾਂ ਵੱਲੋਂ ਆਤਮ-ਸਮਰਪਣ !    ਪਤਨੀ ਦੀ ਬਿਮਾਰੀ ਤੋਂ ਪ੍ਰੇਸ਼ਾਨ ਬਜ਼ੁਰਗ ਨੇ ਫਾਹਾ ਲਿਆ !    ਦੇਸ਼ ਮੁਸ਼ਕਲ ਹਾਲਾਤ ’ਚ, ਮਾੜੀ ਰਾਜਨੀਤੀ ਛੱਡੋ: ਕੇਜਰੀਵਾਲ !    ਸ੍ਰੀਨਗਰ ਦੇ ਗੁਰਦੁਆਰੇ ਵਿੱਚ ਚੋਰੀ !    ਸਰਹੱਦ ਤੋਂ ਬੰਗਲਾਦੇਸ਼ੀ ਗ੍ਰਿਫ਼ਤਾਰ !    

ਮਨੀਸ਼ ਤਿਵਾੜੀ* ਟਰੰਪ ਦੇ ਨਿਸ਼ਾਨੇ ’ਤੇ ਭਾਰਤ

Posted On June - 11 - 2019

ਸੰਜੀਵ ਪਾਂਡੇ

ਟਰੰਪ ਪ੍ਰਸ਼ਾਸਨ ਨੇ ਵਪਾਰ ਵਿਚ ਤਰਜੀਹ ਦੀ ਆਮ ਵਿਵਸਥਾ ਤਹਿਤ ਭਾਰਤ ਨੂੰ ਮਿਲਣ ਵਾਲੀ ਕਰ ਛੋਟ ਦੇ ਲਾਭ ਨੂੰ ਖ਼ਤਮ ਕਰ ਦਿੱਤਾ ਹੈ। ਭਾਰਤ ਨੂੰ ਇਹ ਰਿਆਇਤ ਅਮਰੀਕਾ ਦੀ ਆਮ ਤਰਜੀਹੀ ਵਿਵਸਥਾ (ਜੀਐੱਸਪੀ) ਤਹਿਤ ਵਿਕਾਸਸ਼ੀਲ ਦੇਸ਼ਾਂ ਨੂੰ ਮਿਲਣ ਵਾਲੀ ਛੋਟ ਦੇ ਅਧੀਨ ਮਿਲਦੀ ਸੀ। ਟਰੰਪ ਦੇ ਇਸ ਫ਼ੈਸਲੇ ਨਾਲ ਭਾਰਤ ਦਾ ਲਗਪਗ 6 ਅਰਬ ਡਾਲਰ ਦਾ ਨਿਰਯਾਤ ਪ੍ਰਭਾਵਿਤ ਹੋਵੇਗਾ। ਅਮਰੀਕੀ ਪ੍ਰਸ਼ਾਸਨ ਦਾ ਇਹ ਫੈ਼ਸਲਾ ਭਾਰਤੀ ਉਦਯੋਗ ਜਗਤ ਨੂੰ ਝਟਕਾ ਹੈ। ਇਸ ਨਾਲ ਭਾਰਤ ਦੇ ਕਈ ਉਤਪਾਦ ਅਮਰੀਕਾ ਵਿਚ ਕਰ ਲੱਗਣ ਕਾਰਨ ਮਹਿੰਗੇ ਹੋਣਗੇ। ਇਨ੍ਹਾਂ ਦੀ ਮੁਕਾਬਲੇ ਦੀ ਸਮਰੱਥਾ ਘੱਟ ਹੋਵੇਗੀ। ਟਰੰਪ ਨੇ ਸਪੱਸ਼ਟ ਕੀਤਾ ਹੈ ਕਿ ਭਾਰਤ ਆਪਣੇ ਬਾਜ਼ਾਰ ਨੂੰ ਅਮਰੀਕੀ ਨਿਰਯਾਤ ਲਈ ਖੋਲ੍ਹੇ। ਜੇਕਰ ਨਹੀਂ ਖੋਲ੍ਹੇਗਾ ਤਾਂ ਭਵਿੱਖ ਵਿਚ ਭਾਰਤ ਦੀ ਪਰੇਸ਼ਾਨੀ ਹੋਰ ਵਧੇਗੀ। ਟਰੰਪ ਅਨੁਸਾਰ ਭਾਰਤ ਆਪਣੇ ਬਾਜ਼ਾਰ ਨੂੰ ਅਮਰੀਕੀ ਵਸਤੂਆਂ ਲਈ ਨਹੀਂ ਖੋਲ੍ਹ ਰਿਹਾ, ਇਸ ਲਈ 5 ਜੂਨ ਤੋਂ ਭਾਰਤ ਦਾ ਲਾਭਪਾਤਰੀ ਵਿਕਾਸਸ਼ੀਲ ਦੇਸ਼ ਦਾ ਦਰਜਾ ਖ਼ਤਮ ਕਰਨਾ ਉਚਿਤ ਹੈ। ਉਂਜ ਤਾਂ ਅਮਰੀਕਾ ਭਾਰਤ ਨੂੰ ਏਸ਼ੀਆ-ਪ੍ਰਸ਼ਾਂਤ ਖੇਤਰ ਵਿਚ ਆਪਣਾ ਸਹਿਯੋਗੀ ਬਣਾ ਰਿਹਾ ਹੈ, ਪਰ ਟਰੰਪ ਪ੍ਰਸ਼ਾਸਨ ਦਾ ਇਹ ਫ਼ੈਸਲਾ ਭਾਰਤੀ ਅਰਥਵਿਵਸਥਾ ਦੀਆਂ ਚੁਣੌਤੀਆਂ ਨੂੰ ਹੋਰ ਵਧਾਏਗਾ ਕਿਉਂਕਿ ਇਹ ਸ਼ੁਰੂਆਤ ਹੈ। ਇਰਾਨ ਤੋਂ ਤੇਲ ਆਯਾਤ ’ਤੇ ਅਮਰੀਕੀ ਪਾਬੰਦੀ ਕਾਰਨ ਪਹਿਲਾਂ ਹੀ ਭਾਰਤ ਦੀ ਪਰੇਸ਼ਾਨੀ ਵਧੀ ਹੈ।
ਭਾਰਤੀ ਨਿਰਯਾਤ ਨੂੰ ਨਿਰਾਸ਼ ਕਰਨ ਦੀ ਨੀਤੀ ਅਪਣਾਉਣ ਦੇ ਸੰਕੇਤ ਟਰੰਪ ਪ੍ਰਸ਼ਾਸਨ ਨੇ ਪਹਿਲਾਂ ਹੀ ਦੇ ਦਿੱਤੇ ਸਨ। ਚੀਨ ਨਾਲ ਹੀ ਟਰੰਪ ਦੇ ਨਿਸ਼ਾਨੇ ’ਤੇ ਯੂਰੋਪੀਅਨ ਯੂਨੀਅਨ, ਭਾਰਤ, ਜਾਪਾਨ, ਕੈਨੇਡਾ ਵੀ ਹਨ। ਟਰੰਪ ਨੇ ਜਦੋਂ ਚੀਨ ਨਾਲ ਵਪਾਰ ਯੁੱਧ ਸ਼ੁਰੂ ਕੀਤਾ ਤਾਂ ਯੂਰੋਪੀਅਨ ਯੂਨੀਅਨ ਅਤੇ ਭਾਰਤ ਵਰਗੇ ਮੁਲਕ ਖੁਸ਼ ਸਨ। ਇਨ੍ਹਾਂ ਨੂੰ ਲੱਗਦਾ ਸੀ ਕਿ ਅਮਰੀਕੀ ਬਾਜ਼ਾਰਾਂ ਵਿਚ ਚੀਨੀ ਨਿਰਯਾਤ ਘੱਟ ਹੋਣ ’ਤੇ ਉਨ੍ਹਾਂ ਦੀ ਹਿੱਸੇਦਾਰੀ ਵਧੇਗੀ। ਯੂਰੋਪੀਅਨ ਯੂਨੀਅਨ ਦਾ ਨਿਰਯਾਤ 70 ਅਰਬ ਡਾਲਰ ਅਤੇ ਜਪਾਨ ਅਤੇ ਕੈਨੇਡਾ ਦਾ ਨਿਰਯਾਤ 20-20 ਅਰਬ ਡਾਲਰ ਤਕ ਵਧਣ ਦੀ ਸੰਭਾਵਨਾ ਸੀ। ਭਾਰਤੀ ਨਿਰਯਾਤ ਵਿਚ ਵੀ 3.5 ਪ੍ਰਤੀਸ਼ਤ ਵਾਧੇ ਦੀ ਸੰਭਾਵਨਾ ਸੀ, ਪਰ ਭਾਰਤ ਦੀ ਇਹ ਖੁਸ਼ੀ ਆਮ ਤਰਜੀਹੀ ਵਿਵਸਥਾ ਤੋਂ ਬਾਹਰ ਹੋਣ ਦੇ ਨਾਲ ਹੀ ਖ਼ਤਮ ਹੋ ਗਈ। ਇਸਦੇ ਸੰਕੇਤ ਕੁਝ ਸਮਾਂ ਪਹਿਲਾਂ ਹੀ ਮਿਲ ਗਏ ਸਨ। ਭਾਰਤ ਵਿਚ ਆਯਾਤ ਹੋਣ ਵਾਲੀਆਂ ਅਮਰੀਕੀ ਵਸਤੂਆਂ ’ਤੇ ਔਸਤ ਕਰ 13.8 ਪ੍ਰਤੀਸ਼ਤ ਹੈ, ਜਦੋਂਕਿ ਆਟੋਮੋਬਾਈਲ ’ਤੇ 60 ਪ੍ਰਤੀਸ਼ਤ ਅਤੇ ਮੋਟਰਸਾਈਕਲ ’ਤੇ 50 ਪ੍ਰਤੀਸ਼ਤ ਹੈ। ਕੁਝ ਅਮਰੀਕੀ ਉਤਪਾਦਾਂ ’ਤੇ 150 ਤੋਂ 300 ਪ੍ਰਤੀਸ਼ਤ ਤਕ ਕਰ ਵੀ ਲਗਾਇਆ ਜਾਂਦਾ ਹੈ। ਇਸ ਤੋਂ ਅਮਰੀਕਾ ਕਾਫ਼ੀ ਨਾਰਾਜ਼ ਹੈ।
ਹਾਲਾਂਕਿ ਅਮਰੀਕੀ ਦਬਾਅ ਤੋਂ ਭਾਰਤ ਪਰੇਸ਼ਾਨ ਰਿਹਾ ਹੈ। ਅਮਰੀਕਾ ਨੂੰ ਖੁਸ਼ ਕਰਨ ਲਈ ਭਾਰਤ ਨੇ ਅਮਰੀਕੀ ਤੇਲ ਉਦਯੋਗ ਤੋਂ ਸਾਲਾਨਾ ਪੰਜ ਅਰਬ ਡਾਲਰ ਦਾ ਗੈਸ ਅਤੇ ਤੇਲ ਆਯਾਤ ਕਰਨ ਦਾ ਫ਼ੈਸਲਾ ਲਿਆ। ਅਮਰੀਕੀ ਜਹਾਜ਼ ਉਦਯੋਗ ਤੋਂ ਵੀ ਭਾਰਤ ਨੇ ਜਹਾਜ਼ ਖ਼ਰੀਦ ਦਾ ਫ਼ੈਸਲਾ ਲਿਆ ਹੈ। ਇਕ ਅਨੁਮਾਨ ਅਨੁਸਾਰ ਭਾਰਤ ਅਗਲੇ ਕੁਝ ਸਾਲਾਂ ਵਿਚ 40 ਅਰਬ ਡਾਲਰ ਦੇ ਜਹਾਜ਼ ਖ਼ਰੀਦੇਗਾ। ਟਰੰਪ ਦੁਨੀਆਂ ਦੇ ਕਈ ਦੇਸ਼ਾਂ ’ਤੇ ਦਬਾਅ ਬਣਾ ਕੇ ਅਮਰੀਕਾ ਰੱਖਿਆ ਉਦਯੋਗ ਦੇ ਬਾਜ਼ਾਰ ਦਾ ਵਿਸਥਾਰ ਕਰ ਰਿਹਾ ਹੈ। ਉਹ ਇਸ ਨਾਲ ਵਪਾਰ ਸੰਤੁਲਨ ਵੀ ਅਮਰੀਕਾ ਦੇ ਪੱਖ ਵਿਚ ਕਰਨਾ ਚਾਹੁੰਦਾ ਹੈ। ਉੱਤਰੀ ਕੋਰੀਆ ਦੇ ਲਗਾਤਾਰ ਮਿਜ਼ਾਇਲ ਟੈਸਟ ਤੋਂ ਪਰੇਸ਼ਾਨ ਜਪਾਨ ਨੇ ਆਪਣੀ ਸੈਨਾ ਲਈ ਅਗਲੇ ਪੰਜ ਸਾਲਾਂ ਵਿਚ 50 ਅਰਬ ਡਾਲਰ ਦੇ ਹਥਿਆਰ ਅਤੇ ਰੱਖਿਆ ਉਪਕਰਨ ਖ਼ਰੀਦਣ ਦਾ ਫ਼ੈਸਲਾ ਲਿਆ ਹੈ। ਇਸ ਦਾ ਸਭ ਤੋਂ ਜ਼ਿਆਦਾ ਲਾਭ ਅਮਰੀਕੀ ਰੱਖਿਆ ਉਦਯੋਗ ਨੇ ਲਿਆ ਹੈ।

ਸੰਜੀਵ ਪਾਂਡੇ

ਹਾਲ ਹੀ ਵਿਚ ਇਰਾਨ ਨਾਲ ਵਧੇ ਤਣਾਅ ਦੇ ਮੱਦੇਨਜ਼ਰ ਸਾਊਦੀ ਅਰਬ ਨੇ ਅਮਰੀਕਾ ਤੋਂ 8 ਅਰਬ ਡਾਲਰ ਦੇ ਹਥਿਆਰ ਖ਼ਰੀਦਣ ਦਾ ਫ਼ੈਸਲਾ ਲਿਆ ਹੈ। ਟਰੰਪ ਖਾੜੀ ਦੇਸ਼ਾਂ ਵਿਚ ਤਣਾਅ ਵਧਾ ਕੇ ਅਮਰੀਕੀ ਤੇਲ ਨਿਰਯਾਤ ਨੂੰ ਵੀ ਵਧਾ ਰਿਹਾ ਹੈ। 2018 ਵਿਚ ਭਾਰਤ ਨੇ ਅਮਰੀਕਾ ਤੋਂ 3.8 ਅਰਬ ਡਾਲਰ ਦਾ ਤੇਲ ਆਯਾਤ ਕੀਤਾ ਹੈ।
ਟਰੰਪ ਦੇ ਹਾਲ ਹੀ ਵਿਚ ਲਏ ਗਏ ਦੋ ਫ਼ੈਸਲੇ ਭਾਰਤੀ ਹਿੱਤ ਦੇ ਖਿਲਾਫ਼ ਸਨ। ਟਰੰਪ ਪ੍ਰਸ਼ਾਸਨ ਦੇ ਦਬਾਅ ਵਿਚ ਭਾਰਤ ਨੇ ਇਰਾਨ ਤੋਂ ਤੇਲ ਆਯਾਤ ਬੰਦ ਕਰ ਦਿੱਤਾ ਹੈ। ਇਸਦਾ ਨੁਕਸਾਨ ਭਾਰਤ ਨੂੰ ਹੈ ਕਿਉਂਕਿ ਇਰਾਨ ਤੋਂ ਤੇਲ ਆਯਾਤ ’ਤੇ ਭਾਰਤ ਨੂੰ ਛੋਟ ਮਿਲਦੀ ਸੀ। ਇਰਾਨੀ ਤੇਲ ਆਯਾਤ ’ਤੇ ਪਾਬੰਦੀ ਤੋਂ ਪਹਿਲਾਂ ਇਰਾਨ ਤੋਂ ਪ੍ਰਤੀਦਿਨ ਭਾਰਤ ਲਗਪਗ 4.5 ਲੱਖ ਬੈਰਲ ਤੇਲ ਆਯਾਤ ਕਰਦਾ ਸੀ। ਇਰਾਨ ਭਾਰਤ ਨੂੰ ਤੇਲ ਆਯਾਤ ਦੇ ਬਿਲ ਭੁਗਤਾਨ ਲਈ ਸੱਠ ਦਿਨ ਦਾ ਸਮਾਂ ਦਿੰਦਾ ਸੀ। ਇਹ ਛੋਟ ਦੂਜੇ ਤੇਲ ਨਿਰਯਾਤਕ ਦੇਸ਼ ਨਹੀਂ ਦਿੰਦੇ ਹਨ, ਪਰ ਟਰੰਪ ਦੀ ਨਜ਼ਰ ਸਿਰਫ਼ ਭਾਰਤੀ ਤੇਲ ਬਾਜ਼ਾਰ ’ਤੇ ਨਹੀਂ ਹੈ। ਟਰੰਪ ਦੀ ਨਜ਼ਰ ਭਾਰਤੀ ਰੱਖਿਆ ਬਾਜ਼ਾਰ ’ਤੇ ਵੀ ਹੈ। ਇਕ ਵਾਰ ਫਿਰ ਅਮਰੀਕਾ ਨੇ ਭਾਰਤ ਰਾਹੀਂ ਰੂਸ ਤੋਂ ਖ਼ਰੀਦੇ ਜਾ ਰਹੇ ਐੱਸ-400 ਮਿਜ਼ਾਇਲ ਨੂੰ ਲੈ ਕੇ ਵਿਰੋਧ ਪ੍ਰਗਟਾਇਆ ਹੈ। ਇਹ ਸੌਦਾ 5 ਅਰਬ ਡਾਲਰ ਦਾ ਹੈ। ਅਮਰੀਕਾ ਨੇ ਸਾਫ਼ ਧਮਕੀ ਦਿੱਤੀ ਹੈ ਕਿ ਰੂਸ ਤੋਂ ਐੱਸ 400 ਮਿਜ਼ਾਇਲ ਖ਼ਰੀਦ ’ਤੇ ਭਾਰਤ-ਅਮਰੀਕਾ ਰੱਖਿਆ ਸਬੰਧਾਂ ’ਤੇ ਅਸਰ ਪਏਗਾ। ਅਮਰੀਕਾ ਨੇ ਸਾਫ਼ ਕੀਤਾ ਹੈ ਕਿ ਅੰਤਰਰਾਸ਼ਟਰੀ ਬਾਜ਼ਾਰ ਵਿਚ ਉੱਚ ਰੂਸੀ ਤਕਨੀਕ ਨਾਲ ਭਰਪੂਰ ਰੱਖਿਆ ਉਪਕਰਨਾਂ ਦੀ ਖ਼ਰੀਦ ’ਤੇ ਅਮਰੀਕਾ ਨੇ ਰੋਕ ਲਗਾ ਰੱਖੀ ਹੈ। ਜੇਕਰ ਭਾਰਤ ਇਸਨੂੰ ਖ਼ਰੀਦੇਗਾ ਤਾਂ ਅਮਰੀਕੀ ਕਾਨੂੰਨਾਂ ਤਹਿਤ ਉੁਸਨੂੰ ਵੀ ਰੋਕ ਦਾ ਸਾਹਮਣਾ ਕਰਨਾ ਪਏਗਾ। ਅਮਰੀਕਾ ਚਾਹੁੰਦਾ ਹੈ ਕਿ ਭਾਰਤ ਰੱਖਿਆ ਖ਼ਰੀਦ ਵਿਚ ਅਮਰੀਕੀ ਹਥਿਆਰਾਂ ਦੀ ਹਿੱਸੇਦਾਰੀ ਵਧਾਏ।
ਅਮਰੀਕਾ ਦੀ ਪਰੇਸ਼ਾਨੀ ਇਹ ਹੈ ਕਿ ਭਾਰਤ ਅਮਰੀਕੀ ਨਿਰਯਾਤ ਦਾ ਵੱਡਾ ਕੇਂਦਰ ਨਹੀਂ ਬਣ ਪਾਇਆ। ਅਮਰੀਕੀ ਨਿਰਯਾਤ ਦੇ ਪੰਜ ਵੱਡੇ ਬਾਜ਼ਾਰਾਂ ਵਿਚ ਕੈਨੇਡਾ, ਮੈਕਸੀਕੋ, ਚੀਨ, ਜਪਾਨ ਅਤੇ ਬ੍ਰਿਟੇਨ ਆਦਿ ਹੀ ਸ਼ਾਮਲ ਹਨ। ਆਬਾਦੀ ਦੇ ਹਿਸਾਬ ਨਾਲ ਭਾਰਤ ਦੁਨੀਆਂ ਦਾ ਦੂਜਾ ਵੱਡਾ ਦੇਸ਼ ਹੈ। ਇਸਦੇ ਬਾਵਜੂਦ ਭਾਰਤ ਅਮਰੀਕਾ ਦੇ ਨਿਰਯਾਤ ਬਾਜ਼ਾਰ ਦੀ ਦਰਜਾਬੰਦੀ ਵਿਚ 13ਵੇਂ ਨੰਬਰ ’ਤੇ ਹੈ। ਅਮਰੀਕਾ ਕੈਨੇਡਾ ਨੂੰ ਸਾਲਾਨਾ 300 ਡਾਲਰ, ਮੈਕਸੀਕੋ ਨੂੰ 250 ਅਰਬ ਡਾਲਰ, ਚੀਨ ਨੂੰ 130 ਅਰਬ ਡਾਲਰ, ਜਪਾਨ ਨੂੰ 70 ਅਰਬ ਡਾਲਰ ਅਤੇ ਬ੍ਰਿਟੇਨ ਨੂੰ 60 ਅਰਬ ਡਾਲਰ ਦਾ ਸਾਮਾਨ ਨਿਰਯਾਤ ਕਰਦਾ ਹੈ। ਜਦੋਂਕਿ ਭਾਰਤ ਨੂੰ ਸਾਲਾਨਾ 33 ਅਰਬ ਡਾਲਰ ਦੇ ਕਰੀਬ ਸਾਮਾਨ ਦਾ ਨਿਰਯਾਤ ਕਰ ਰਿਹਾ ਹੈ। ਅਮਰੀਕਾ ਦੀ ਨਜ਼ਰ ਭਾਰਤੀ ਮੱਧ ਵਰਗ ’ਤੇ ਹੈ ਕਿਉਂਕਿ ਵੱਡੀ ਆਬਾਦੀ ਵਾਲਾ ਦੇਸ਼ ਹੋਣ ਦੇ ਬਾਵਜੂਦ ਭਾਰਤ-ਅਮਰੀਕਾ ਦਾ ਦੁਵੱਲਾ ਵਪਾਰ ਸੰਤੁਲਨ ਭਾਰਤ ਦੇ ਪੱਖ ਵਿਚ ਹੈ। 2018 ਵਿਚ ਭਾਰਤ ਅਮਰੀਕਾ ਦਾ ਦੁਵੱਲਾ ਵਪਾਰ 142 ਅਰਬ ਡਾਲਰ ਦਾ ਸੀ। ਇਸਦੇ ਬਾਵਜੂਦ ਅਮਰੀਕਾ ਨੂੰ ਵਪਾਰ ਘਾਟਾ 24 ਅਰਬ ਡਾਲਰ ਦਾ ਸੀ। ਦਰਅਸਲ, ਟਰੰਪ ਨੇ ਅਮਰੀਕੀ ਨਿਰਯਾਤ ਨੂੰ ਵਧਾਉਣ ਲਈ ਅਮਰੀਕਾ ਵਿਚ ਆਯਾਤ ਹੋਣ ਵਾਲੇ ਸਟੀਲ, ਐਲੂਮੀਨੀਅਮ ਸਮੇਤ ਹਜ਼ਾਰਾਂ ਵਸਤੂਆਂ ’ਤੇ ਲੱਗਣ ਵਾਲੇ ਕਰ ਵਿਚ ਵਾਧਾ ਕੀਤਾ ਹੈ। ਇਸ ਨਾਲ ਦੁਨੀਆਂ ਭਰ ਵਿਚ ਸਟੀਲ, ਐਲੂਮੀਨੀਅਮ, ਕੱਪੜਾ ਉਦਯੋਗ ਤੋਂ ਇਲਾਵਾ ਕਈ ਉਦਯੋਗਾਂ ਨੂੰ ਭਾਰੀ ਨੁਕਸਾਨ ਪਹੁੰਚਿਆ ਹੈ। ਚੀਨ, ਭਾਰਤ, ਮੈਕਸੀਕੋ ਅਤੇ ਕੈਨੇਡਾ ਵਰਗੇ ਦੇਸ਼ਾਂ ਨੂੰ ਇਸਦਾ ਨੁਕਸਾਨ ਵੀ ਹੋਇਆ ਹੈ। ਟਰੰਪ ਦਾ ਤਰਕ ਹੈ ਕਿ ਅਮਰੀਕੀ ਕਾਰਪੋਰੇਸ਼ਨ ਸਸਤੀ ਮਜ਼ਦੂਰੀ ਦੇ ਲੋਭ ਵਿਚ ਦੁਨੀਆਂ ਦੇ ਦੂਜੇ ਦੇਸ਼ਾਂ ਵਿਚ ਨਿਵੇਸ਼ ਕਰ ਰਿਹਾ ਹੈ। ਇਸ ਨਾਲ ਅਮਰੀਕਾ ਵਿਚ ਬੇਰੁਜ਼ਗਾਰੀ ਵਧੀ ਹੈ। ਟਰੰਪ ਦੀ ਕੋਸ਼ਿਸ਼ ਹੈ ਕਿ ਅਮਰੀਕੀ ਪੂੰਜੀ ਦਾ ਨਿਵੇਸ਼ ਅਮਰੀਕਾ ਵਿਚ ਹੀ ਹੋਵੇ ਤਾਂ ਕਿ ਜ਼ਿਆਦਾ ਰੁਜ਼ਗਾਰ ਪੈਦਾ ਹੋਵੇ। ਅਮਰੀਕੀ ਸਿੱਖਿਆ ਉਦਯੋਗ ਦੀ ਨਜ਼ਰ ਵੀ ਭਾਰਤ ’ਤੇ ਹੈ। ਅਮਰੀਕੀ ਯੂਨੀਵਰਸਿਟੀਆਂ ਭਾਰਤੀ ਵਿਦਿਆਰਥੀਆਂ ਦੀ ਪਸੰਦ ਬਣ ਰਹੀਆਂ ਹਨ। ਭਾਰਤੀ ਵਿਦਿਆਰਥੀਆਂ ਤੋਂ ਅਮਰੀਕੀ ਸਿੱਖਿਆ ਜਗਤ ਨੂੰ ਸਾਲਾਨਾ 5 ਅਰਬ ਡਾਲਰ ਦੀ ਆਮਦਨ ਹੋ ਸਕਦੀ ਹੈ।
ਭਾਰਤ ’ਤੇ ਤਾਜ਼ਾ ਅਮਰੀਕੀ ਦਬਾਅ ਦੇ ਕੁਝ ਕੂਟਨੀਤਕ ਕਾਰਨ ਵੀ ਹਨ। ਟਰੰਪ ਭਾਰਤ ਤੋਂ ਏਸ਼ੀਆ-ਪ੍ਰਸ਼ਾਂਤ ਖੇਤਰ ਵਿਚ ਸਿਰਫ਼ ਸਹਿਯੋਗ ਹੀ ਨਹੀਂ ਚਾਹੁੰਦਾ ਬਲਕਿ ਚੀਨ ਅਤੇ ਰੂਸ ਤੋਂ ਭਾਰਤ ਦੀ ਦੂਰੀ ਵਧਾਉਣਾ ਚਾਹੁੰਦਾ ਹੈ। ਦਰਅਸਲ, ਟਰੰਪ ਇਕ ਤੀਰ ਨਾਲ ਕਈ ਸ਼ਿਕਾਰ ਕਰ ਰਿਹਾ ਹੈ। ਇਰਾਨ ਦੇ ਤੇਲ ਨਿਰਯਾਤ ’ਤੇ ਰੋਕ ਲਗਾ ਕੇ ਚੀਨ ਅਤੇ ਭਾਰਤ ਦੋਵਾਂ ਦੀ ਅਰਥਵਿਵਸਥਾ ਨੂੰ ਪ੍ਰਭਾਵਿਤ ਕਰਨਾ ਚਾਹੁੰਦਾ ਹੈ ਕਿਉਂਕਿ ਇਰਾਨ ਨਾਲ ਤਣਾਅ ਵਧਣ ਦੀ ਸਥਿਤੀ ਵਿਚ ਤੇਲ ਦੀਆਂ ਕੀਮਤਾਂ ਵਧਣਗੀਆਂ। ਇਸ ਨਾਲ ਦੋਵੇਂ ਮੁਲਕਾਂ ਦੀ ਅਰਥਵਿਵਸਥਾ ’ਤੇ ਸੱਟ ਵੱਜੇਗੀ ਕਿਉਂਕਿ ਚੀਨ ਅਤੇ ਭਾਰਤ ਦੋਵੇਂ ਵੱਡੇ ਤੇਲ ਆਯਾਤਕ ਦੇਸ਼ ਹਨ। ਭਾਰਤ ਵੀ ਆਪਣੀ ਜ਼ਰੂਰਤ ਦਾ 80 ਪ੍ਰਤੀਸ਼ਤ ਤੇਲ ਆਯਾਤ ਕਰਦਾ ਹੈ। ਇਸਤੋਂ ਇਲਾਵਾ ਟਰੰਪ ਏਸ਼ੀਆ ਵਿਚ ਮਜ਼ਬੂਤ ਹੋ ਰਹੇ ਸ਼ੰਘਾਈ ਸਹਿਯੋਗ ਸੰਗਠਨ ਨੂੰ ਵੀ ਕਮਜ਼ੋਰ ਕਰਨਾ ਚਾਹੁੰਦਾ ਹੈ। ਸ਼ੰਘਾਈ ਸਹਿਯੋਗ ਸੰਗਠਨ ਦੇ ਪਿੱਛੇ ਚੀਨ ਤੇ ਰੂਸ ਹਨ। ਇਸੀ ਮਹੀਨੇ ਕਿਰਗਿਸਤਾਨ ਦੀ ਰਾਜਧਾਨੀ ਬਿ਼ਸ਼ਕੇਕ ਵਿਚ ਸ਼ੰਘਾਈ ਸਹਿਯੋਗ ਸੰਗਠਨ ਦੀ ਬੈਠਕ ਹੋਣ ਵਾਲੀ ਹੈ। ਸ਼ੰਘਾਈ ਸਹਿਯੋਗ ਸੰਗਠਨ ਬੀਤੇ ਕੁਝ ਸਮੇ ਤੋਂ ਕਾਫ਼ੀ ਮਜ਼ਬੂਤ ਹੋ ਕੇ ਉੱਭਰਿਆ ਹੈ, ਇਸ ਨਾਲ ਅਮਰੀਕਾ ਖ਼ਾਸਾ ਨਾਰਾਜ਼ ਹੈ ਕਿਉਂਕਿ ਇਹ ਸੰਗਠਨ ਮੱਧ ਏਸ਼ੀਆ ਤੋਂ ਲੈ ਕੇ ਯੂਰੋਪ ਤਕ ਆਰਥਿਕ ਸਹਿਯੋਗ ਹੀ ਨਹੀਂ ਵਧਾਉਣ ਵਾਲਾ ਬਲਕਿ ਏਸ਼ੀਆਈ ਦੇਸ਼ਾਂ ਦੇ ਊਰਜਾ ਸੰਕਟ ਨੂੰ ਵੀ ਦੂਰ ਕਰੇਗਾ। ਇਸ ਵਿਚ ਦੁਨੀਆਂ ਦੇ ਦੋ ਵੱਡੇ ਦੇਸ਼ ਚੀਨ ਅਤੇ ਭਾਰਤ ਆਪਸ ਵਿਚ ਸਹਿਯੋਗ ਵਧਾ ਰਹੇ ਹਨ, ਇਸ ਨਾਲ ਵੀ ਅਮਰੀਕਾ ਪ੍ਰਸ਼ਾਸਨ ਪਰੇਸ਼ਾਨ ਹੈ। ਹਾਲਾਂਕਿ ਕਈ ਮੁੱਦਿਆਂ ’ਤੇ ਚੀਨ ਅਤੇ ਭਾਰਤ ਵਿਚਕਾਰ ਆਪਸੀ ਤਣਾਅ ਹੈ, ਪਰ ਆਰਥਿਕ ਸਹਿਯੋਗ ਨੂੰ ਲੈ ਕੇ ਦੋਵੇਂ ਮੁਲਕਾਂ ਵਿਚ ਇਕ ਸਹਿਮਤੀ ਬਣ ਰਹੀ ਹੈ। ਟਰੰਪ ਦੀ ਪਰੇਸ਼ਾਨੀ ਇਹ ਵੀ ਹੈ ਕਿ ਤਮਾਮ ਰੋਕਾਂ ਦੇ ਬਾਵਜੂਦ ਚੀਨ ਅਤੇ ਰੂਸ ਇਰਾਨ ਨਾਲ ਖੜ੍ਹੇ ਹਨ। ਤੁਰਕੀ ਵੀ ਇਰਾਨ ਨਾਲ ਹੈ। ਇਸ ਲਈ ਉਹ ਇਨ੍ਹਾਂ ਕੂਟਨੀਤਕ ਸਬੰਧਾਂ ਵਿਚਕਾਰ ਸ਼ੰਘਾਈ ਸਹਿਯੋਗ ਸੰਗਠਨ ਦੀ ਮਜ਼ਬੂਤੀ ਨੂੰ ਘੱਟ ਕਰਨਾ ਚਾਹੁੰਦਾ ਹੈ।


Comments Off on ਮਨੀਸ਼ ਤਿਵਾੜੀ* ਟਰੰਪ ਦੇ ਨਿਸ਼ਾਨੇ ’ਤੇ ਭਾਰਤ
1 Star2 Stars3 Stars4 Stars5 Stars (No Ratings Yet)
Loading...
Both comments and pings are currently closed.

Comments are closed.

Available on Android app iOS app
Powered by : Mediology Software Pvt Ltd.