ਕੇਂਦਰ ਨੇ ਲੌਕਡਾਊਨ 30 ਜੂਨ ਤਕ ਵਧਾਇਆ !    ਹਨੇਰੀ ਕਾਰਨ ਤਾਜ ਮਹੱਲ ਨੂੰ ਭਾਰੀ ਨੁਕਸਾਨ !    ਕੇਂਦਰ ਨਾਲੋਂ ਨਾਤਾ ਤੋੜਨ ਸੁਖਬੀਰ: ਕੈਪਟਨ !    ਅਮਰੀਕਾ ਵਿੱਚ ਲੋਕਾਂ ਵੱਲੋਂ ਪ੍ਰਦਰਸ਼ਨ !    ਭਰਾ ਦੀ ਕਹੀ ਨਾਲ ਹੱਤਿਆ !    ਕਾਹਨੂੰਵਾਨ ’ਚ 50 ਦੇ ਕਰੀਬ ਨਸ਼ਾ ਤਸਕਰਾਂ ਵੱਲੋਂ ਆਤਮ-ਸਮਰਪਣ !    ਪਤਨੀ ਦੀ ਬਿਮਾਰੀ ਤੋਂ ਪ੍ਰੇਸ਼ਾਨ ਬਜ਼ੁਰਗ ਨੇ ਫਾਹਾ ਲਿਆ !    ਦੇਸ਼ ਮੁਸ਼ਕਲ ਹਾਲਾਤ ’ਚ, ਮਾੜੀ ਰਾਜਨੀਤੀ ਛੱਡੋ: ਕੇਜਰੀਵਾਲ !    ਸ੍ਰੀਨਗਰ ਦੇ ਗੁਰਦੁਆਰੇ ਵਿੱਚ ਚੋਰੀ !    ਸਰਹੱਦ ਤੋਂ ਬੰਗਲਾਦੇਸ਼ੀ ਗ੍ਰਿਫ਼ਤਾਰ !    

ਮਦਾਰੀ ਅਤੇ ਝੁਰਲੂ…

Posted On June - 11 - 2019

ਬਲਦੇਵ ਸਿੰਘ (ਸੜਕਨਾਮਾ)

ਦੋਸਤੋ! ਹੁਣੇ ਹੁਣੇ ਦੇਸ਼ ਵਿਚ ਚੋਣਾਂ ਹੋ ਕੇ ਹਟੀਆਂ ਹਨ। ਹੁਣ ਤਾਂ ਚੋਣ ਨਤੀਜੇ ਵੀ ਆ ਗਏ ਹਨ ਤੇ ਜਿਵੇਂ ਐਗਜ਼ਿਟ ਪੋਲ ਨੇ ਪੂਰੇ ਦੇਸ਼ ਵਿਚ ਮਾਹੌਲ ਸਿਰਜ ਦਿੱਤਾ ਸੀ, ਸਭ ਕੁਝ ਉਸ ਅਨੁਸਾਰ ਹੀ ਹੋਇਆ। ਫਿਰ ਅਖ਼ਬਾਰ ਵਿਚ ਇਕ ਟਿੱਪਣੀ ਪੜ੍ਹੀ। ਇਸ ਵਾਰ ਦੇਸ਼ ਦੀ ਸੰਸਦ ਵਿਚ ਕੁਝ ਅਜਿਹੇ ਮੈਂਬਰ ਜਾਣਗੇ, ਜਿਨ੍ਹਾਂ ਉੱਪਰ ਅਦਾਲਤਾਂ ਵਿਚ ਮੁਕੱਦਮੇ ਚੱਲਦੇ ਹਨ। ਕੁਝ ਤਾਂ ਦੋਸ਼ੀ ਵੀ ਕਰਾਰ ਦਿੱਤੇ ਗਏ ਹਨ ਤੇ ਕੁਝ ਜ਼ਮਾਨਤਾਂ ’ਤੇ ਹਨ।
ਇਸ ਟਿੱਪਣੀ ਨੂੰ ਪੜ੍ਹ ਕੇ ਮੈਂ 40-45 ਸਾਲ ਪਿੱਛੇ ਚਲਾ ਗਿਆ ਹਾਂ। ਕਲਕੱਤਾ ਮਹਾਂਨਗਰ ਦੇ ਬਜਬਜ ਖੇਤਰ ਵਿਚ ਅਸੀਂ ਤੇਲ ਟੈਂਕਰਾਂ ਵਿਚ ਲੋਡ ਲੈਣ ਜਾਂਦੇ ਹੁੰਦੇ ਸਾਂ। ਇਕ ਵਾਰ ਫਿਲਿੰਗ ਪੁਆਇੰਟ ’ਤੇ ਕੋਈ ਤਕਨੀਕੀ ਨੁਕਸ ਪੈ ਗਿਆ। ਠੀਕ ਹੋਣ ਲਈ ਚਾਰ-ਪੰਜ ਘੰਟੇ ਲੱਗਣੇ ਸਨ ਤੇ ਅਸੀਂ ਵਿਹਲੇ ਹੋਏ ਡਰਾਈਵਰਾਂ ਨੇ ਡਿਪੂ ਤੋਂ ਬਾਹਰ ਇਕ ਢਾਬੇ ਉੱਪਰ ਆਪਣੀ ਸੰਸਦ ਸਰਗਰਮ ਕਰ ਲਈ। ਸਿਸਟਮ ’ਤੇ ਟਿੱਪਣੀਆਂ, ਰਾਹਗੀਰਾਂ ਨਾਲ ਛੇੜ-ਛਾੜ ਆਪਸ ਵਿਚ ਜਾਤਾਂ ਦਾ ਭੇੜ। ਕੋਈ ਚਾਹ ਪੀ ਰਿਹਾ ਸੀ, ਕੋਈ ਰੋਟੀ ਖਾਣ ਬੈਠਾ ਸੀ, ਕੋਈ ਬਹੁਤਾ ਕਾਹਲਾ ਦਾਰੂ ਦੇ ਦੌਰ ਵਿਚ ਸੀ। ਭਾਰਤ ਦੀ ਸੰਸਦ ਵਾਂਗ ਖਾਸਾ ਰੌਲਾ-ਰੱਪਾ ਸੀ।
ਏਨੇ ਵਿਚ ਇਕ ਚਾਰਖਾਨੇ ਦੀ ਚੱਕਵੀਂ ਜਿਹੀ ਲੁੰਗੀ ਬੰਨ੍ਹੀ ਤੇ ਹੱਥ ਵਿਚ ਡੁਗਡੁਗੀ ਫੜੀ, ਕਹਿ ਸਕਦੇ ਹਾਂ ਮਦਾਰੀ ਆਇਆ। ਉਸ ਨੇ ਡਰਾਈਵਰਾਂ ਦਾ ਇਕੱਠ ਵੇਖ ਕੇ ਆਪਣੀ ਬਗਲੀ ਹੇਠਾਂ ਰੱਖੀ। ਹੱਥ ਵਿਚ ਫੜੇ ਛੋਟੇ ਜਿਹੇ ਡੰਡੇ (ਜਿਸ ਨੂੰ ਉਹ ‘ਝੁਰਲੂ’ ਕਹਿੰਦਾ ਸੀ) ਨਾਲ ਇਕ ਛੋਟਾ ਜਿਹਾ ਗੋਲ ਘੇਰਾ ਵਾਹਿਆ ਤੇ ਵਿਚਕਾਰ ਇਕ ਕੱਪੜੇ ਦਾ ਤੰਬੂ ਜਿਹਾ ਬਣਾ ਕੇ ਖੜ੍ਹਾ ਕਰ ਦਿੱਤਾ। ਫਿਰ ਉਸ ਨੇ ‘ਝੁਰਲੂ’ ਨਾਲ ਹੌਲੀ-ਹੌਲੀ ਜਿਹੀ ਉਸ ਨਿੱਕੇ ਤੰਬੂ ਨੂੰ ਇਕ ਪਾਸਿਓਂ ਉੱਪਰ ਚੁੱਕ ਕੇ ਵੇਖਣਾ ਚਾਹਿਆ ਤਾਂ ਤ੍ਰਭਕ ਕੇ ਪਿੱਛਲਕੁਰੀ ਡਿੱਗਦਾ ਬੋਲਿਆ… ‘ਅਰੇ ਬਾਪ ਰੇ।’
ਹੁਣ ਡਰਾਈਵਰਾਂ ਦੀ ਸੰਸਦ ਵਿਚ ਵਿਘਨ ਪੈ ਗਿਆ। ਰਾਹਗੀਰ ਵੀ ਮਦਾਰੀ ਲਾਗੇ ਜੁੜਨ ਲੱਗੇ ਤੇ ਸਾਡੀ ਵੀ ਦਿਲਚਸਪੀ ਓਧਰ ਹੋ ਗਈ। ਕਦੇ ਕਦੇ ਮਦਾਰੀ ਅਜਿਹੀ ਗੱਲ ਕਰਦਾ… ਭੀੜ ਹੱਸ ਪੈਂਦੀ।
ਅਸੀਂ ਭੁੱਲ ਗਏ, ਜੇ ਡਿੱਪੂ ਦੇ ਫਿਲਿੰਗ ਸਿਸਟਮ ਦਾ ਨੁਕਸ ਦੂਰ ਨਾ ਹੋਇਆ ਤਾਂ ਸਾਡੀ ਅੱਜ ਦੀ ਦਿਹਾੜੀ ਖੂਹ-ਖਾਤੇ ’ਚ ਪੈ ਜਾਵੇਗੀ। ਅਸੀਂ ਭੁੱਲ ਗਏ ਜੇ ਇਸ ਤਰ੍ਹਾਂ ਹੀ ਖਾਂਦੇ-ਪੀਂਦੇ ਰਹੇ ਤਾਂ ਹੋ ਸਕਦਾ ਹੈ ਸ਼ਾਮ ਤਕ ਗੱਡੀ ਚਲਾਉਣ ਜੋਗੇ ਵੀ ਨਾ ਰਹੀਏ।
ਪਰ ਮਦਾਰੀ ਨੂੰ ਸਾਡੀ ਵਿਹਲ ਰਾਸ ਆ ਰਹੀ ਸੀ। ਉਹ ਕੋਈ ਅੱਧਾ ਘੰਟਾ ਆਪਣੀ ਕਲਾ ਨਾਲ ਲੋਕਾਂ ਨੂੰ ਮੂਰਖ ਬਣਾਈ ਗਿਆ ਤੇ ਜਿਸ ਤੰਬੂ ਵਰਗੇ ਢਾਂਚੇ ਨੂੰ ਛੇੜਨ ਲੱਗਿਆ ਉਹ ਤ੍ਰਭਕਦਾ ਸੀ, ਉਸ ਨੂੰ ਇਕੱਠਾ ਕਰਕੇ ਆਪਣੀ ਬਗਲੀ ਵਿਚ ਪਾ ਕੇ, ਆਪਣਾ ਸਿਲਵਰ ਦਾ ਬਾਟਾ ਲੈ ਕੇ ਉਹ ਹਰ ਇਕ ਕੋਲ ਆ ਕੇ ਸਲਾਮ ਕਰਨ ਲੱਗਾ।
ਅੱਜ ਜਦੋਂ ਮੈਂ ਸੰਸਦ ਮੈਂਬਰਾਂ ’ਤੇ ਚੱਲਦੇ ਅਪਰਾਧਾਂ ਦੇ ਮੁਕੱਦਮਿਆਂ ਬਾਰੇ ਪੜ੍ਹ ਰਿਹਾ ਹਾਂ ਤਾਂ ਮੈਨੂੰ ਅਚਾਨਕ ਉਹ ਮਦਾਰੀ ਯਾਦ ਆ ਗਿਆ। ਮੈਂ ਸੋਚ ਰਿਹਾ ਹਾਂ, ਉਸ ਮਦਾਰੀ ਵਾਂਗ ਇਨ੍ਹਾਂ ਕੋਲ ਕਿਹੜਾ ਝੁਰਲੂ ਹੈ? ਇਹ ਚੰਗੇ ਭਲੇ, ਸੂਝਵਾਨ, ਸੋਚਵਾਨ ਅਤੇ ਜਾਗਰੂਕ ਬੰਦਿਆਂ ਨੂੰ ਉਸ ਨਾਲ ਕੀਲ ਲੈਂਦੇ ਹਨ ਤੇ ਫਿਰ ਜਿਵੇਂ ਉਹ ਚਾਹੁੰਦੇ ਹਨ, ਉਵੇਂ ਹੀ ਉਨ੍ਹਾਂ ਦੇ ਪਿੱਛੇ-ਪਿੱਛੇ ਪੂਛਾਂ ਹਿਲਾਉਣ ਲੱਗਦੇ ਹਨ।
ਗੱਲ ਫਿਰ ਮੈਨੂੰ ਕਲਕੱਤੇ ਦੀ ਯਾਦ ਆ ਰਹੀ ਹੈ। ਇਕ ਟਰਾਂਸਪੋਰਟ ਕੰਪਨੀ ਨੂੰ ਡਰਾਈਵਰਾਂ ਦੀ ਲੋੜ ਸੀ। ਲੋਕਲ ਅਖ਼ਬਾਰ ਵਿਚ ਇਸ਼ਤਿਹਾਰ ਦਿੱਤਾ ਗਿਆ। ਕੰਪਨੀ ਦਾ ਕਾਫ਼ੀ ਨਾਮ ਸੀ। ਡਰਾਈਵਰਾਂ ਦੀ ਤਨਖਾਹ ਵੀ ਮਾਣ ਕਰਨ ਜੋਗੀ ਸੀ। ਨਿਸ਼ਚਿਤ ਦਿਨ ਕੰਪਨੀ ਮੂਹਰੇ ਚਾਹਵਾਨ ਡਰਾਈਵਰਾਂ ਦੀ ਭੀੜ ਲੱਗ ਗਈ।

ਬਲੇਦਵ ਸਿੰਘ ਸੜਕਨਾਮਾ

ਕੰਪਨੀ ਦਾ ਡਾਇਰੈਕਟਰ, ਡਰਾਈਵਰਾਂ ਦੀ ਇੰਟਰਿਵਊ ਲੈਂਦਾ ਹੈ;
ਡਾਇਰੈਕਟਰ: ਹੈਵੀ ਡਰਾਈਵਿੰਗ ਲਾਇਸੈਂਸ ਹੈ?
ਡਰਾਈਵਰ: ਹੈਗਾ ਜੀ।
ਡਾਇਰੈਕਟਰ: ਕਿੰਨੇ ਸਾਲਾਂ ਦਾ ਤਜਰਬਾ ਹੈ?
ਡਰਾਈਵਰ: ਪੰਦਰਾਂ ਸਾਲਾਂ ਦਾ ਜੀ।
ਡਾਇਰੈਕਟਰ: ਕਦੇ ਕੋਈ ਐਕਸੀਡੈਂਟ ਕੀਤੈ?
ਡਰਾਈਵਰ: (ਕੰਨਾਂ ਨੂੰ ਹੱਥ ਲਾ ਕੇ) ਨਾ ਜੀ ਨਾ, ਮੈਂ ਤਾਂ ਮਰੀ ਹੋਈ ਚਿੜੀ ਦੇ ਉੱਪਰੋਂ ਦੀ ਵੀ ਗੱਡੀ ਨਹੀਂ ਚੜ੍ਹਾਉਂਦਾ।
ਡਾਇਰੈਕਟਰ: ਕਦੇ ਕੋਈ ਬੰਦਾ ਗੱਡੀ ਹੇਠ ਦੇ ਕੇ ਮਾਰਿਐ?
ਡਰਾਈਵਰ: ਨਹੀਂ ਜੀ।
ਡਾਇਰੈਕਟਰ: ਕਿਸੇ ਕੇਸ ਵਿਚ ਕਦੇ ਜੇਲ੍ਹ ਕੱਟੀ ਐ?
ਡਰਾਈਵਰ: ਕਦੇ ਵੀ ਨਹੀਂ ਜੀ।
ਡਾਇਰੈਕਟਰ: ਕਦੇ ਕੋਈ ਪੁਲੀਸ ਵਾਲਾ ਜਾਂ ਟਰੈਫਿਕ ਵਾਲਾ ਕੁੱਟਿਐ?
ਡਰਾਈਵਰ: ਨਹੀਂ ਜੀ।
ਡਾਇਰੈਕਟਰ: ਕਦੇ ਠਾਣੇ ਗਿਐਂ?
ਡਰਾਈਵਰ: ਨਾ ਜੀ ਨਾ।
ਇੰਟਰਵਿਊ ਲੈ ਕੇ ਡਾਇਰੈਕਟਰ ਨੇ ਆਪਣੇ ਮੈਨੇਜਰ ਵੱਲ ਦੇਖਿਆ। ਉਸ ਨੇ ਅਸਹਿਮਤੀ ਵਿਚ ਸਿਰ ਹਿਲਾਇਆ। ਡਾਇਰੈਕਟਰ ਨੇ ਡਰਾਈਵਰ ਨੂੰ ਕਿਹਾ-ਦੇਖ ਬਈ ਇਸ ਕੰਪਨੀ ਨੂੰ ਤੇਰੇ ਵਰਗੇ ਸਾਊ ਡਰਾਈਵਰ ਦੀ ਲੋੜ ਨਹੀਂ, ਇੱਥੇ ਤਾਂ ਓਹੀ ਡਰਾਈਵਰ ਕੰਮ ਕਰ ਸਕਦੇ ਨੇ, ਜਿਨ੍ਹਾਂ ਨੂੰ ਕਦੇ ਠਾਣੇ, ਕਦੇ ਜੇਲ੍ਹ ਜਾਣ ਦੀ ਆਦਤ ਪਈ ਹੋਵੇ। ਜਾਅਲੀ ਪਰਮਿੰਟਾਂ ਉੱਪਰ ਗੱਡੀਆਂ ਚਲਾਉਣ ਜਾਣਦਾ ਹੋਵੇ। ਦੋ ਨੰਬਰ ਦਾ ਮਾਲ ਢੋਅ ਸਕਦਾ ਹੋਵੇ। ਟਰੈਫਿਕ ਵਾਲਿਆਂ ਅਤੇ ਟਰਾਂਸਪੋਰਟ ਅਫ਼ਸਰਾਂ ਨੂੰ ਉਂਗਲਾਂ ’ਤੇ ਨਚਾ ਸਕਦਾ ਹੋਵੇ…।’’
ਉਸ ਡਰਾਈਵਰ ਨਾਲ ਤਾਂ ਜੋ ਹੋਣੀ ਸੀ ਹੋਈ ਮੇਰੇ ਇਕ ਮਿੱਤਰ ਨਾਲ ਜੋ ਹੋਈ ਸੁਣੋ। ਉਹ ਪਿਛਲੇ ਕਾਫ਼ੀ ਸਮੇਂ ਤੋਂ ਸਿਆਸੀ ਖੇਤਰ ਵਿਚ ਦਾਖਲ ਹੋਣ ਲਈ ਹੱਥ-ਪੈਰ ਮਾਰ ਰਿਹਾ ਸੀ। ਇਸ ਵਾਰ ਦੀਆਂ ਚੋਣਾਂ ਵਿਚ ਉਹ ਇਕ ਪਾਰਟੀ ਤੋਂ ਟਿਕਟ ਲੈ ਕੇ ਚੋਣਾਂ ਲੜਨ ਲਈ ਕਾਹਲਾ ਸੀ, ਉਹ ਗਿਆ ਵੀ। ਪਾਰਟੀ ਪ੍ਰਧਾਨ ਨਾਲ ਹੋਈ ਉਸ ਦੀ ਗੱਲਬਾਤ:
‘ਪਹਿਲਾਂ ਕਦੇ ਚੋਣ ਲੜੀ ਹੈ?’
‘ਜੀ ਨਹੀਂ।’
‘ਲੋਕਾਂ ਵਿਚ ਝੂਠ ਬੋਲ ਸਕਦੈ।’
‘ਨਹੀਂ ਜੀ।’
‘ਲੋਕਾਂ ਤੋਂ ਗਾਲ੍ਹਾਂ ਖਾ ਸਕਦੈ?’
‘ਜੀ ਨਹੀਂ।’
‘ਲੋੜ ਪੈਣ ’ਤੇ ਦੰਗੇ ਕਰਵਾ ਸਕਦੈ?’
‘ਇਹ ਤਾਂ ਨੀ ਮੈਥੋਂ ਹੋਣਾ।’
‘ਲੋਕਾਂ ਨੂੰ ਸੁਪਨੇ ਵਿਖਾ ਸਕਦੈ?’
‘ਹਾਂ, ਏਨਾ ਕੁ ਤਾਂ ਕਰ ਸਕਦਾਂ।’
‘ਸਰਕਾਰੀ ਫੰਡਾਂ ’ਚ ਘਪਲੇ ਕਰ ਸਕਦੈਂ?’
‘ਨਹੀਂ, ਇਹ ਨ੍ਹੀਂ ਹੋਣਾ ਮੈਥੋਂ।’
ਪਾਰਟੀ ਪ੍ਰਧਾਨ ਨੂੰ ਗੁੱਸਾ ਆ ਗਿਆ, ‘ਤਾਂ ਫਿਰ ਟਿਕਟ ਕਾਹਦੇ ਵਾਸਤੇ ਲੈਣ ਆਇਐ? ਨੇਤਾ ਬਣਨ ਦਾ ਚਾਅ ਹੈ ਤਾਂ ਜੁੱਤੀਆਂ ਦਾ ਹਾਰ ਪਏ ਤੋਂ ਵੀ ਮੁਸਕਰਾਉਣਾ ਪੈਂਦੈ। ਵਿਰੋਧੀ ਧਿਰ ਏਸੇ ਕੰਮ ਲਈ ਹੁੰਦੀ ਐ, ਜੋ ਮਾੜਾ ਹੋਇਆ, ਉਸ ਦੇ ਸਿਰ ਮੜ੍ਹੀ ਜਾਓ। ਰਾਜਨੀਤੀ ਤੇਰੇ ਵੱਸ ਦਾ ਰੋਗ ਨਹੀਂ ਹੈ, ਤੂੰ ਹੋਰ ਕੰਮ ਕਰ ਲੈ।’
ਦੋਸਤੋ। ਮਨ ਉਦਾਸ ਹੈ। ਅਗਲੇ ਵਰ੍ਹਿਆਂ ਵਿਚ ਬੜਾ ਕੁਝ ਵੇਖਣ-ਝੱਲਣ ਨੂੰ ਮਿਲੇਗਾ। ਸੜਕਾਂ ਉੱਪਰ ਚੱਲਦੇ ਦੋ ਪੈਰਾਂ ਵਾਲੇ ਜਾਨਵਰਾਂ ਦੀ ਕੀਮਤ ਘਟਦੀ ਤੁਰੀ ਜਾਵੇਗੀ, ਚਹੁੰ-ਪੈਰਾਂ ਵਾਲਾ ਭਾਈਚਾਰਾ ਪੂਰੀ ਸ਼ਾਨ ਨਾਲ ਚੌਕਾਂ, ਚੌਰਾਹਿਆਂ ਨੂੰ ਆਪਣੀ ਮਲਕੀਅਤ ਸਮਝੇਗਾ। ਮੈਨੂੰ ਫਿਰ ਉਹ ਮਦਾਰੀ ਯਾਦ ਆ ਰਿਹਾ ਹੈ, ਜਿਹੜਾ ਆਪਣੇ ‘ਝੁਰਲੂ’ ਨਾਲ ਭੀੜ ਨੂੰ ਸੰਮੋਹਿਤ ਕਰਨ ਦੀ ਕਲਾ ਜਾਣਦਾ ਸੀ, ਪਰ ਹੁਣ ਤਾਂ ਮਦਾਰੀ ਵੀ ਬਦਲ ਗਏ ਹਨ ਤੇ ਹਰ ਕੋਈ ‘ਝੁਰਲੂ’ ਚੁੱਕੀ ਫਿਰਦਾ ਹੈ। ਰੱਬ ਖ਼ੈਰ ਕਰੇ।

ਸੰਪਰਕ: 98147-83069


Comments Off on ਮਦਾਰੀ ਅਤੇ ਝੁਰਲੂ…
1 Star2 Stars3 Stars4 Stars5 Stars (No Ratings Yet)
Loading...
Both comments and pings are currently closed.

Comments are closed.

Available on Android app iOS app
Powered by : Mediology Software Pvt Ltd.