ਹੜ੍ਹ ਪੀੜਤਾਂ ਦੀ ਮਦਦ ਲਈ ਪੰਜ ਮੰਤਰੀਆਂ ਦੀ ਡਿਊਟੀ ਲਾਈ !    ਆਨੰਦਪੁਰ ਸਾਹਿਬ ਦਾ ਪਿੰਡ ਹਰਸਾ ਬੇਲਾ ਪਾਣੀ ਵਿੱਚ ਘਿਰਿਆ !    ਪ੍ਰਕਾਸ਼ ਪੁਰਬ: ਭਾਰਤ-ਪਾਕਿ ਤਣਾਅ ਕਾਰਨ ਘਟ ਸਕਦੀ ਹੈ ਸੰਗਤ ਦੀ ਗਿਣਤੀ !    ਗੁਰੂ ਰਵਿਦਾਸ ਮੰਦਰ ਢਾਹੁਣ ’ਤੇ ਸਿਆਸਤ ਗਰਮਾਈ !    ਮਹਾਨ ਕਿਸਾਨ ਆਗੂ ਅਤੇ ਸੰਘਰਸ਼ੀ ਯੋਧਾ ਜਗੀਰ ਸਿੰਘ ਜੋਗਾ !    ਸਾਉਣੀ ਰੁੱਤ ਦੇ ਪਿਆਜ਼ ਦੀ ਕਾਸ਼ਤ ਦੇ ਨੁਕਤੇ !    ਝੋਨੇ ਦੀ ਸ਼ੀਥ ਬਲਾਈਟ ਤੇ ਝੂਠੀ ਕਾਂਗਿਆਰੀ !    ਗੋਲਚੀ ਗੁਰਪ੍ਰੀਤ ਸੰਧੂ ਤੇ ਥਰੋਅਰ ਤੇਜਿੰਦਰਪਾਲ ਤੂਰ ਦੀ ਅਰਜੁਨਾ ਐਵਾਰਡ ਲਈ ਚੋਣ !    ਸੁਰਾਂ ਦੀ ਮਿਠਾਸ ਦਾ ਨੱਕਾਸ਼ !    ਸ਼ਾਹਕਾਰ ਨਗ਼ਮਿਆਂ ਦੀ ਗਾਇਕਾ ਮੁਨੱਵਰ ਸੁਲਤਾਨਾ !    

ਭਾਵਨਾਵਾਂ ਦਾ ਵਹਿਣ ਦੇ ਸ਼ਾਇਰੀ

Posted On June - 9 - 2019

ਡਾ. ਸ਼ਰਨਜੀਤ ਕੌਰ
ਪੁਸਤਕ ‘ਜਜ਼ਬਾਤ’ (ਕੀਮਤ: 100 ਰਪਏ; ਪੰਜਆਬ ਪ੍ਰਕਾਸ਼ਨ, ਜਲੰਧਰ) ਡਾ. ਸੁਰਿੰਦਰ ਸਿੰਘ ਸਿੱਧੂ ਦਾ ਦੂਜਾ ਕਾਵਿ-ਸੰਗ੍ਰਹਿ ਹੈ। ਉਸ ਦਾ ਆਪਣਾ ਮੰਨਣਾ ਹੈ ਕਿ ਮੇਰੀ ਪੁਸਤਕ ਕਲਾ ਅਤੇ ਤਕਨੀਕੀ ਪੱਖ ਤੋਂ ਕਮਜ਼ੋਰ ਹੈ ਤੇ ਵਿਸ਼ੇ ਪੱਖੋਂ ਵਧੀਆ। ਜਿੱਥੇ ਕਵਿਤਾਵਾਂ ਵਿਚ ਵਿਸ਼ਾ ਮੁੱਖ ਹੁੰਦਾ ਹੈ, ਉੱਥੇ ਉਸ ਤੋਂ ਵੀ ਵੱਧ ਕਵਿਤਾਵਾਂ ਵਿਚ ਕਲਾ ਅਤੇ ਤਕਨੀਕ ਜ਼ਰੂਰੀ ਹੁੰਦੀ ਹੈ। ਉਸ ਤੋਂ ਲਾਂਭੇ ਨਹੀਂ ਹੋਇਆ ਜਾ ਸਕਦਾ। ਕਾਵਿ-ਸ਼ਾਸਤਰ ਨੂੰ ਸਮਝਣਾ ਸ਼ਾਇਰੀ ਵਾਸਤੇ ਅਤਿ ਜ਼ਰੂਰੀ ਹੈ। ਲੇਖਕ ਦੀ ਪਹਿਲੀ ਕਵਿਤਾ ‘ਪਿਛੋਕੜ’ ਵਿਚ ਉਸ ਨੇ ‘ਉਜਾੜੇ’ ਦੀ ਗੱਲ ਲਿਖੀ। ਸੰਤਾਲੀ ਦੀ ਵੰਡ ਦਾ ਸਮਾਂ ਸੱਚਮੁੱਚ ਮਨਹੂਸ ਸੀ। ਦੂਸਰੀ ਕਵਿਤਾ ਤੇ ਫਿਰ ਉਹ ਪਿਛੋਕੜ-1 ਲਿਖਦਾ ਹੈ। ਮੇਰੀ ਜਾਚੇ ਇਹ ਪਿਛੋਕੜ ਦਾ ਹੀ ਅਗਲਾ ਹਿੱਸਾ ਹੁੰਦਾ ਹੈ ਜੋ ਉਸ ਦੀ ਅਗਲੀ ਕਵਿਤਾ ਨਾਲ ਹੀ ਹੁੰਦਾ ਤਾਂ ਚੰਗਾ ਹੁੰਦਾ। ਇਸ ਵਿਚ ਉਹ ਵਾਰ ਵਾਰ ਕਾਮਰੇਡਾਂ ਦੀ ਗੱਲ, ਵਿਦਿਆਰਥੀ ਸੰਘਰਸ਼ ਦੀ ਗੱਲ ਕਰਦਾ ਹੈ। ਕਵਿਤਾ ‘ਇਤਿਹਾਸ’ ਵਿਚ ਉਸ ਲੋਹੇ ਦੇ ਇਤਿਹਾਸ ਤੋਂ ਗੱਲ ਸ਼ੁਰੂ ਕੀਤੀ ਤੇ ਮਨੁੱਖ ਦੇ ਇਤਿਹਾਸ ਤਕ ਗੱਲ ਤੋਰੀ। ਉਹ ਲਿਖਦਾ ਹੈ:
ਲੋਹਾ ਨਾ ਹੁੰਦਾ ਇਤਿਹਾਸ ਨਾ ਬਣਦਾ
ਲੋਹਾ ਕੁੱਟ ਮਜ਼ਦੂਰ ਨਾ ਬਣਦਾ
ਮਜ਼ਦੂਰ ਦਾ ਹਥੌੜਾ ਨਾ ਬਣਦਾ
ਲੋਹੇ ਦਾ ਇਤਿਹਾਸ ਹੈ ਮਨੁੱਖ ਦਾ ਇਤਿਹਾਸ
ਸਦੀਆਂ ਪੁਰਾਣਾ।
ਕਵਿਤਾ ‘ਜਜ਼ਬਾਤ’ ਉਸ ਦੇ ਕਾਵਿ-ਸੰਗ੍ਰਹਿ ਦੀ ਟਾਈਟਲ ਕਵਿਤਾ ਹੈ ਕਿ ਮਾਂ ਉਸ ਨੂੰ ਨਿੱਕੇ ਹੁੰਦਿਆਂ ‘ਬੀਬਾ ਪੁੱਤਰ’ ਕਹਿ ਪੁਕਾਰਦੀ ਸੀ। ਉਹ ਆਖਦਾ ਹੈ:
ਨਹੀਂ ਮਾਏ ਹੁਣ ਹੋਰ
ਬੀਬੇ ਨਹੀਂ ਬਣਿਆ ਜਾਂਦਾ
ਜੀਅ ਕਰਦਾ ਗੁੱਸੇ ’ਚ ਸੜਦਾ ਸਰੀਰ ਲੈ ਕੇ
ਲਾਲ ਕਿਲ੍ਹੇ ’ਤੇ ਚੜ੍ਹ ਜਾਵਾਂ ਤੇ ਜ਼ੋਰ-ਜ਼ੋਰ ਦੀ ਚਿਲਾ ਕੇ
ਕਤਲ ਹੋਈਆਂ ਸੱਧਰਾਂ ਦਾ ਹਿਸਾਬ ਮੰਗਾਂ
ਹੁਣ ਹੋਰ ਬੀਬੇ ਨਹੀਂ ਬਣਿਆ ਜਾਂਦਾ।
ਕਾਵਿ-ਸੰਗ੍ਰਹਿ ‘ਜਜ਼ਬਾਤ’ ਵਿਚਲੀ ਹਰ ਕਵਿਤਾ ਖੁੱਲ੍ਹੀ ਕਵਿਤਾ ਹੈ। ਬਹੁਤੀ ਕਵਿਤਾ ਕਹਾਣੀਨੁਮਾ, ਵਾਰਤਕੀ ਕਵਿਤਾ ਜਾਪਦੀ ਹੈ। ਤੁਕ-ਤੁਕਾਂਤ, ਲੈਅ-ਸੁਰ, ਕਾਫ਼ੀਆ, ਪਿੰਗਲ ਅਰੂਜ਼ ਦੀ ਆਪਣੀ ਖ਼ੂਬਸੂਰਤੀ ਹੁੰਦੀ ਹੈ। ਜਿਸ ਲਈ ਕੁਝ ਕੁ ਮਿਹਨਤ ਕਰ ਲੈਣੀ ਚੰਗੀ ਹੁੰਦੀ ਹੈ। ਲੇਖਕ ਕਵਿਤਾ ‘ਭੁੱਖ’ ਵਿਚ ਵੱਖੋ-ਵੱਖ ਟਿੱਪਣੀਆਂ ਰਾਹੀਂ ਭੁੱਖ ਦਾ ਵੇਰਵਾ ਦਿੰਦਾ ਹੈ ਤੇ ਕਹਿੰਦਾ ਹੈ ਕਿ ‘ਪੇਟ ਦੀ ਭੁੱਖ’ ਸਭ ਤੋਂ ਡਾਢੀ ਹੁੰਦੀ ਹੈ।
ਪੇਟ ਦੀ ਭੁੱਖ ਲਈ ਲੜਨਾ ਪੈਂਦਾ ਹੈ,
ਭੱਠੀਆਂ ਦੇ ਵਿਚ ਸੜਨਾ ਪੈਂਦਾ ਹੈ।
ਪੇਟ ਦੀ ਭੁੱਖ ਇਕ ਫ਼ਲਸਫ਼ਾ ਹੈ,
ਪਾੜੂ ਬਣ ਕੇ ਪੜ੍ਹਨਾ ਪੈਂਦਾ ਹੈ।
ਕਵਿਤਾ ‘ਔਰਤ’ ਵਿਚ ਉਸ ਨੇ ਔਰਤ ਦੇ ਹੱਕ ਦੀ ਗੱਲ ਕੀਤੀ ਹੈ। ਉਸ ਲਿਖਿਆ ਹੈ ਕਿ ਔਰਤ ਕਹਿੰਦੀ ਹੈ ਕਮਜ਼ੋਰ ਨਹੀਂ, ਨਾ ਕਿਸੇ ਦੇ ਪੈਰ ਦੀ ਜੁੱਤੀ ਹਾਂ। ਹਰ ਔਰਤ ਕਤਲ ਸੱਧਰਾਂ ਦਾ ਹਿਸਾਬ ਮੰਗਦੀ ਹੈ। ਉਸ ਨੇ ‘ਮੇਰੇ ਪਿੰਡ ਦਾ ਪ੍ਰਾਇਮਰੀ ਸਕੂਲ’ ਕਵਿਤਾ ਲਿਖੀ ਹੈ ਜਿਵੇਂ ਵਾਰਤਕ ਦੇ ਪੈਰ੍ਹੇ ਵਾਂਗ ਉਸ ਦੇ ਅੱਗੇ ਪਿੱਛੇ ਦੀ ਧਰਤੀ ਦਾ ਨਕਸ਼ਾ ਖਿੱਚਿਆ ਹੈ।
ਡਾ. ਸੁਰਿੰਦਰ ਸਿੰਘ ਸਿੱਧੂ ਨੇ ਇਹ ਕਾਵਿ-ਸੰਗ੍ਰਹਿ ਆਪਣੇ ਭਰਾ ਦੀ ਯਾਦ ਵਿਚ ਲਿਖਿਆ ਹੈ। ਸ੍ਰੀ ਸਿੱਧੂ ਨੂੰ ਆਪਣੀ ਕਵਿਤਾ ਲਈ ਆਪਣੇ ਤੋਂ ਸੀਨੀਅਰ ਕਵੀਆਂ ਦੀਆਂ ਪੁਸਤਕਾਂ ਜ਼ਰੂਰ ਪੜ੍ਹਨੀਆਂ ਚਾਹੀਦੀਆਂ ਹਨ ਤੇ ਜਿੱਥੇ ਅਰੂਜ਼ ਤੇ ਪਿੰਗਲ ਦੀ ਗੱਲ ਹੈ, ਉਹ ਜਾਣਕਾਰੀ ਵੀ ਲੈਣੀ ਜ਼ਰੂਰੀ ਹੁੰਦੀ ਹੈ। ਕਵਿਤਾ ਲਈ ਨਵੇਂ ਨਵੇਂ ਵਿਚਾਰ ਸਮਝਣੇ ਵੀ ਜ਼ਰੂਰੀ ਹੁੰਦੇ ਹਨ। ‘ਜਜ਼ਬਾਤ’ ਵਿਚਲੀਆਂ ਕਈ ਕਵਿਤਾਵਾਂ ਬਹੁਤ ਸਲਾਹੁਣਯੋਗ ਤੇ ਪੜ੍ਹਨਯੋਗ ਹਨ। ਆਸ ਹੈ ਉਹ ਅੱਗੋਂ ਹੋਰ ਸੋਚ ਵਿਚਾਰ ਰਾਹੀਂ ਕਵਿਤਾ ਲਿਖੇਗਾ।


Comments Off on ਭਾਵਨਾਵਾਂ ਦਾ ਵਹਿਣ ਦੇ ਸ਼ਾਇਰੀ
1 Star2 Stars3 Stars4 Stars5 Stars (No Ratings Yet)
Loading...
Both comments and pings are currently closed.

Comments are closed.

Available on Android app iOS app
Powered by : Mediology Software Pvt Ltd.