ਕੇਂਦਰ ਨੇ ਲੌਕਡਾਊਨ 30 ਜੂਨ ਤਕ ਵਧਾਇਆ !    ਹਨੇਰੀ ਕਾਰਨ ਤਾਜ ਮਹੱਲ ਨੂੰ ਭਾਰੀ ਨੁਕਸਾਨ !    ਕੇਂਦਰ ਨਾਲੋਂ ਨਾਤਾ ਤੋੜਨ ਸੁਖਬੀਰ: ਕੈਪਟਨ !    ਅਮਰੀਕਾ ਵਿੱਚ ਲੋਕਾਂ ਵੱਲੋਂ ਪ੍ਰਦਰਸ਼ਨ !    ਭਰਾ ਦੀ ਕਹੀ ਨਾਲ ਹੱਤਿਆ !    ਕਾਹਨੂੰਵਾਨ ’ਚ 50 ਦੇ ਕਰੀਬ ਨਸ਼ਾ ਤਸਕਰਾਂ ਵੱਲੋਂ ਆਤਮ-ਸਮਰਪਣ !    ਪਤਨੀ ਦੀ ਬਿਮਾਰੀ ਤੋਂ ਪ੍ਰੇਸ਼ਾਨ ਬਜ਼ੁਰਗ ਨੇ ਫਾਹਾ ਲਿਆ !    ਦੇਸ਼ ਮੁਸ਼ਕਲ ਹਾਲਾਤ ’ਚ, ਮਾੜੀ ਰਾਜਨੀਤੀ ਛੱਡੋ: ਕੇਜਰੀਵਾਲ !    ਸ੍ਰੀਨਗਰ ਦੇ ਗੁਰਦੁਆਰੇ ਵਿੱਚ ਚੋਰੀ !    ਸਰਹੱਦ ਤੋਂ ਬੰਗਲਾਦੇਸ਼ੀ ਗ੍ਰਿਫ਼ਤਾਰ !    

ਭਾਰਤ ਲਈ ਫਾਇਦੇਮੰਦ ਸਾਬਤ ਹੋਵੇਗੀ ਭਾਈਵਾਲੀ

Posted On June - 4 - 2019

ਸ਼ੰਘਾਈ ਸਹਿਯੋਗ ਸੰਗਠਨ

ਗੌਤਮ ਚੌਧਰੀ

ਐੱਸਸੀਓ ਯਾਨੀ ਸ਼ੰਘਾਈ ਕੋਆਪਰੇਸ਼ਨ ਆਰਗੇਨਾਈਜੇਸ਼ਨ (ਸੰਘਾਈ ਸਹਿਯੋਗ ਸੰਗਠਨ) ਵਿਚ ਚੀਨ ਦਾ ਪ੍ਰਭਾਵ ਅਤੇ ਮੱਧ ਏਸ਼ੀਆ ਵਿਚ ਭਾਰਤ ਦੀ ਭੂਮਿਕਾ ’ਤੇ ਗੰਭੀਰ ਚਿੰਤਨ ਕਰਨ ਦੀ ਲੋੜ ਹੈ। ਦਰਅਸਲ, ਇਸ ਨਾਲ ਭਾਰਤ ਦਾ ਭਵਿੱਖ ਜੁੜਿਆ ਹੋਇਆ ਹੈ। ਹਾਲਾਂਕਿ ਭਾਰਤੀ ਮੀਡੀਆ ਵਿਚ ਇਸ ਗੱਲ ਦੀ ਚਰਚਾ ਘੱਟ ਹੋ ਰਹੀ ਹੈ ਕਿ 13-14 ਜੂਨ ਨੂੰ ਐੱਸਸੀਓ ਦੀ ਬੈਠਕ ਕਿਰਗਿਸਤਾਨ ਦੇ ਬਿਸ਼ਕੇਕ ਵਿਚ ਹੋਣ ਵਾਲੀ ਹੈ, ਪਰ ਇਸ ਨਾਲ ਇਸ ਬੈਠਕ ਦਾ ਮਹੱਤਵ ਘੱਟ ਨਹੀਂ ਹੋ ਸਕਦਾ। ਇਸ ਸ਼ਿਖਰ ਸੰਮੇਲਨ ਵਿਚ ਸ਼ੰਘਾਈ ਸਹਿਯੋਗ ਸੰਗਠਨ ਦੇ ਸਾਰੇ ਮੈਂਬਰ ਦੇਸ਼ ਹਿੱਸਾ ਲੈਣਗੇ। ਇਸ ਸੰਗਠਨ ਵਿਚ ਹੁਣ ਭਾਰਤ ਅਤੇ ਪਾਕਿਸਤਾਨ ਦੋਵੇਂ ਸ਼ਾਮਿਲ ਹੋ ਚੁੱਕੇ ਹਨ, ਇਸ ਲਈ ਵੀ ਇਸ ਸੰਗਠਨ ਦਾ ਮਹੱਤਵ ਵਧ ਜਾਂਦਾ ਹੈ।
ਇਸਦਾ ਮਹੱਤਵ ਇਸ ਗੱਲ ਨੂੰ ਲੈ ਕੇ ਵੀ ਵਧ ਜਾਂਦਾ ਹੈ ਕਿ ਹਾਲ ਹੀ ਵਿਚ ਸੰਯੁਕਤ ਰਾਜ ਅਮਰੀਕਾ ਨੇ ਇਰਾਨ ’ਤੇ ਦਬਾਅ ਵਧਾਉਣ ਲਈ ਭਾਰਤ ਨੂੰ ਉਸਤੋਂ ਕੱਚਾ ਤੇਲ ਖ਼ਰੀਦਣ ਤੋਂ ਮਨ੍ਹਾ ਕਰ ਦਿੱਤਾ ਹੈ। ਅਮਰੀਕਾ ਦੇ ਦਬਾਅ ਦੇ ਬਾਅਦ ਭਾਰਤ ਇਰਾਨ ਤੋਂ ਤੇਲ ਖ਼ਰੀਦਣਾ ਬੰਦ ਕਰ ਰਿਹਾ ਹੈ। ਦੂਜੇ ਪਾਸੇ ਅਮਰੀਕਾ ਨੇ ਵਪਾਰਕ ਤਰਜੀਹੀ ਦੇਸ਼ ਦੀ ਆਪਣੀ ਸੂਚੀ ਵਿਚੋਂ ਭਾਰਤ ਨੂੰ ਬਾਹਰ ਕਰ ਦਿੱਤਾ ਹੈ। ਇਹ ਦੋਵੇਂ ਭਾਰਤ ਦੀ ਅਰਥਵਿਵਸਥਾ ਨਾਲ ਜੁੜੇ ਮਾਮਲੇ ਹਨ ਅਤੇ ਇਸਦੇ ਪ੍ਰਤੱਖ ਅਤੇ ਅਪ੍ਰਤੱਖ ਦੋਵੇਂ ਪ੍ਰਭਾਵ ਪੈਣਗੇ। ਇਹ ਹੀ ਨਹੀਂ ਇਨ੍ਹਾਂ ਦੋਵੇਂ ਅਮਰੀਕੀ ਫੈ਼ਸਲਿਆਂ ਨਾਲ ਭਾਰਤ ਬੁਰੀ ਤਰ੍ਹਾਂ ਪ੍ਰਭਾਵਿਤ ਹੋਣ ਵਾਲਾ ਹੈ। ਅਜਿਹੇ ਵਿਚ ਭਾਰਤ ਕੋਲ ਆਪਣੇ ਭਵਿੱਖ ਦੀ ਅਰਥਵਿਵਸਥਾ ਨੂੰ ਦੇਖਦੇ ਹੋਏ ਸ਼ੰਘਾਈ ਸਹਿਯੋਗ ਸੰਗਠਨ ਦੇ ਹਿੱਸਾ ਦੇਸ਼ਾਂ ਨਾਲ ਤਾਲਮੇਲ ਬਿਠਾਉਣ ਤੋਂ ਇਲਾਵਾ ਹੋਰ ਕੋਈ ਦੂਜਾ ਚਾਰਾ ਨਹੀਂ ਬਚਦਾ ਹੈ।
ਅਮਰੀਕੀ ਰੁਖ਼ ਅਤੇ ਦੁਨੀਆਂ ਦੇ ਸ਼ਕਤੀ ਸੰਤੁਲਨ ਨੂੰ ਧਿਆਨ ਵਿਚ ਰੱਖਦੇ ਹੋਏ ਪਿਛਲੇ ਦੋ ਸਾਲਾਂ ਤੋਂ ਭਾਰਤ ਨੇ ਇਸ ਦਿਸ਼ਾ ਵਿਚ ਸਾਕਾਰਾਤਮਕ ਸੰਦੇਸ਼ ਦੇਣਾ ਸ਼ੁਰੂ ਕਰ ਦਿੱਤਾ ਸੀ। ਮਸਲਨ ਡੋਕਲਾਮ ’ਤੇ ਚੀਨ ਨਾਲ ਛਿੜੇ ਗਤੀਰੋਧ ਵਿਚ ਭਾਰਤ ਨੇ ਚੀਨੀ ਅੜੀਅਲ ਰੁਖ਼ ਦੇ ਬਾਵਜੂਦ ਬੇਹੱਦ ਸਾਕਾਰਾਤਮਕ ਭੂਮਿਕਾ ਨਿਭਾਈ। ਇਸ ਨਾਲ ਹੀ ਤਿੱਬਤ ਦੇ ਮਾਮਲੇ ’ਤੇ ਭਾਰਤ ਨੇ ਚੀਨੀ ਪੱਖ ਦਾ ਬੇਹੱਦ ਤੇਜ਼ੀ ਨਾਲ ਸਮਰਥਨ ਕਰਨਾ ਸ਼ੁਰੂ ਕਰ ਦਿੱਤਾ ਹੈ। ਨਰਿੰਦਰ ਮੋਦੀ ਨੇ ਤਾਂ ਇਸ ਬਾਰ ਪਰੰਪਰਾਵਾਂ ਤੋਂ ਹਟ ਕੇ ਜਲਾਵਤਨ ਤਿੱਬਤੀ ਸਰਕਾਰ ਨੂੰ ਆਪਣੇ ਸਹੁੰ ਚੁੱਕ ਸਮਾਗਮ ਤੋਂ ਦੂਰ ਹੀ ਰੱਖਿਆ, ਜਦੋਂਕਿ ਅਜਿਹਾ ਪਹਿਲਾਂ ਕਦੇ ਨਹੀਂ ਹੋਇਆ। ਇਸਨੂੰ ਭਾਰਤ ਸਰਕਾਰ ਦੀ ਚੀਨੀ ਨੀਤੀ ਪ੍ਰਤੀ ਝੁਕਾਅ ਦੇ ਰੂਪ ਵਿਚ ਦੇਖਿਆ ਜਾ ਰਿਹਾ ਹੈ ਅਤੇ ਇਹ ਝੁਕਾਅ, ਨਰਿੰਦਰ ਮੋਦੀ ਦੀ ਦੂਰਦਰਸ਼ੀ ਸੋਚ ਨੂੰ ਦਰਸਾਉਂਦਾ ਹੈ।
ਉਂਜ ਤਾਂ ਇਸ ਐੱਸਸੀਓ ’ਤੇ ਪੂਰੀ ਤਰ੍ਹਾਂ ਨਾਲ ਚੀਨ ਦਾ ਕਬਜ਼ਾ ਹੈ, ਪਰ ਜਿਸ ਪ੍ਰਕਾਰ ਵਿਸ਼ਵ ਦਾ ਸ਼ਕਤੀ ਸੰਤੁਲਨ ਬਦਲ ਰਿਹਾ ਹੈ, ਉਸ ਵਿਚ ਇਸ ਸੰਗਠਨ ਵਿਚ ਆਪਣੀ ਪਹੁੰਚ ਵਧਾ ਕੇ ਭਾਰਤ ਕਈ ਪ੍ਰਕਾਰ ਦਾ ਲਾਭ ਉਠਾ ਸਕਦਾ ਹੈ। ਇਹ ਹੀ ਨਹੀਂ ਜਿਸ ਪ੍ਰਕਾਰ ਚੀਨ, ਅਮਰੀਕਾ ਪ੍ਰਭਾਵ ਨੂੰ ਪਿਛਲੇ ਕਈ ਸਾਲਾਂ ਤੋਂ ਸਫਲਤਾ ਨਾਲ ਚੁਣੌਤੀ ਦੇ ਰਿਹਾ ਹੈ, ਉਸੀ ਪ੍ਰਕਾਰ ਇਸ ਸੰਮੇਲਨ ਵਿਚ ਆਪਣੀ ਗਹਿਰੀ ਮੌਜੂਦਗੀ ਬਣਾ ਕੇ ਭਾਰਤ ਵੀ ਅਮਰੀਕੀ ਪ੍ਰਭਾਵ ਨੂੰ ਚੁਣੌਤੀ ਦੇਣ ਵਿਚ ਕਾਮਯਾਬ ਹੋ ਸਕਦਾ ਹੈ।
ਅਪਰੈਲ 1996 ਵਿਚ ਸ਼ੰਘਾਈ ਵਿਚ ਹੋਈ ਇਕ ਬੈਠਕ ਵਿਚ ਚੀਨ, ਰੂਸ, ਕਜ਼ਾਖਸਤਾਨ, ਕਿਰਗਿਸਤਾਨ ਅਤੇ ਤਜਾਕਿਸਤਾਨ ਆਪਸ ਵਿਚ ਇਕ ਦੂਜੇ ਦੇ ਨਸਲੀ ਅਤੇ ਧਾਰਮਿਕ ਤਣਾਅ ਨਾਲ ਨਿਪਟਣ ਲਈ ਸਹਿਯੋਗ ਕਰਨ ’ਤੇ ਰਾਜ਼ੀ ਹੋਏ ਸਨ। ਇਸਨੂੰ ‘ਸ਼ੰਘਾਈ ਫਾਈਵ’ ਕਿਹਾ ਗਿਆ ਸੀ। ਜੂਨ, 2001 ਵਿਚ ਚੀਨ, ਰੂਸ ਅਤੇ ਚਾਰ ਮੱਧ ਏਸ਼ੀਆਈ ਦੇਸ਼ਾਂ ਕਜ਼ਾਖਸਤਾਨ, ਕਿਰਗਿਸਤਾਨ, ਤਜਾਕਿਸਤਾਨ ਅਤੇ ਉਜ਼ਬੇਕਿਸਤਾਨ ਦੇ ਨੇਤਾਵਾਂ ਨੇ ਸ਼ੰਘਾਈ ਸਹਿਯੋਗ ਸੰਗਠਨ ਸ਼ੁਰੂ ਕੀਤਾ ਅਤੇ ਨਸਲੀ ਅਤੇ ਧਾਰਮਿਕ ਕੱਟੜਵਾਦ ਨਾਲ ਨਿਪਟਣ ਅਤੇ ਵਪਾਰ ਅਤੇ ਨਿਵੇਸ਼ ਨੂੰ ਵਧਾਉਣ ਲਈ ਸਮਝੌਤਾ ਕੀਤਾ। ‘ਸ਼ੰਘਾਈ ਫਾਈਵ’ ਨਾਲ ਉਜ਼ਬੇਕਿਸਤਾਨ ਦੇ ਆਉਣ ਤੋਂ ਬਾਅਦ ਇਸ ਸਮੂਹ ਨੂੰ ਸ਼ੰਘਾਈ ਸਹਿਯੋਗ ਸੰਘਠਨ ਕਿਹਾ ਗਿਆ। ਰੂਸ, ਚੀਨ, ਕਜ਼ਾਖਸਤਾਨ, ਕਿਰਗਿਸਤਾਨ, ਤਜਾਕਿਸਤਾਨ ਅਤੇ ਉਜ਼ਬੇਕਿਸਤਾਨ ਐੱਸਸੀਓ ਦੇ ਸਥਾਈ ਮੈਂਬਰ ਦੇਸ਼ ਹਨ। ਭਾਰਤ 2017 ਵਿਚ ਇਸ ਸਮੂਹ ਦਾ ਸੰਪੂਰਨ ਮੈਂਬਰ ਬਣਿਆ ਸੀ।
ਇੱਧਰ ਡਾਲਰ ਦੇ ਮੁਕਾਬਲੇ ਲਈ ਦੁਨੀਆਂ ਦੇ ਕੁਝ ਪ੍ਰਭਾਵਸ਼ਾਲੀ ਮੁਲਕ ਪਹਿਲਾਂ ਤੋਂ ਲਾਮਬੰਦ ਹੋ ਰਹੇ ਹਨ। ਉਨ੍ਹਾਂ ਮੁਲਕਾਂ ਵਿਚ ਭਾਰਤ, ਚੀਨ, ਰੂਸ, ਬ੍ਰਾਜ਼ੀਲ ਅਤੇ ਦੱਖਣੀ ਅਫ਼ਰੀਕਾ ਆਦਿ ਸ਼ਾਮਿਲ ਹਨ। ਇਨ੍ਹਾਂ ਦੇਸ਼ਾਂ ਵੱਲੋਂ ਵਿਸ਼ਵ ਬੈਂਕ, ਅੰਤਰਰਾਸ਼ਟਰੀ ਮੁਦਰਾ ਕੋਸ਼ ਆਦਿ ਅਮਰੀਕੀ ਪ੍ਰਭਾਵ ਵਾਲੀਆਂ ਆਰਥਿਕ ਸੰਸਥਾਵਾਂ ਨੂੰ ਨਿਯੰਤਰਿਤ ਕਰਨ ਲਈ ਯੋਜਨਾ ਬਣਾਈ ਜਾ ਰਹੀ ਹੈ। ਦਰਅਸਲ, ਅਮਰੀਕਾ ਕਈ ਦਹਾਕਿਆਂ ਤੋਂ ਦੁਨੀਆਂ ਵਿਚ ਧੌਂਸ ਕਰ ਰਿਹਾ ਹੈ, ਇਸ ਲਈ ਚੀਨ-ਰੂਸ ਦੀ ਅਗਵਾਈ ਵਿਚ ਆਰਥਿਕ ਅਤੇ ਰਣਨੀਤਕ ਲਾਮਬੰਦੀ ਸ਼ੁਰੂ ਹੋ ਗਈ। ਭਾਰਤ ਹੁਣ ਇਸ ਸੰਗਠਨ ਦਾ ਮੈਂਬਰ ਬਣ ਗਿਆ ਹੈ, ਇਸ ਲਈ ਹੁਣ ਅਮਰੀਕਾ ਵੀ ਇਸ ਸੰਗਠਨ ਪ੍ਰਤੀ ਬੇਹੱਦ ਸੰਵੇਦਨਸ਼ੀਲ ਰਵੱਈਆ ਅਪਣਾਉਣ ਲੱਗਿਆ ਹੈ। ਹੁਣ ਤਕ ਇਹ ਮੰਨਿਆ ਜਾਂਦਾ ਸੀ ਕਿ ਪਾਕਿਸਤਾਨ ਦੇ ਬਾਅਦ ਏਸ਼ੀਆ ਵਿਚ ਭਾਰਤ ਅਮਰੀਕੀ ਲੌਬੀ ਨਾਲ ਖੜ੍ਹਾ ਹੋ ਜਾਵੇਗਾ, ਪਰ ਠੀਕ ਉਲਟ ਰਣਨੀਤਕ ਗਤੀਵਿਧੀਆਂ ਸ਼ੁਰੂ ਹੋ ਗਈਆਂ ਹਨ। ਅਮਰੀਕਾ ਨੂੰ ਇਹ ਪਤਾ ਹੈ ਕਿ ਜੇਕਰ ਇਹ ਸੰਗਠਨ ਬਣ ਕੇ ਤਿਆਰ ਹੋ ਜਾਏਗਾ ਤਾਂ ਉਸਦੀ ਧੌਂਸ ਨਹੀਂ ਚੱਲੇਗੀ। ਦੁਨੀਆਂ ਦੇ ਸ਼ਕਤੀ ਸੰਤੁਲਨ ਨੂੰ ਬਣਾਉਣ ਲਈ ਸ਼ੰਘਾਈ ਸਹਿਯੋਗ ਸੰਗਠਨ ਦੇ ਸ਼ਿਲਪਕਾਰ ਚੀਨ ਦੇ ਰਾਸ਼ਟਰਪਤੀ ਸ਼ੀ ਜ਼ਿਨਪਿੰਗ ਨੇ ਚਾਲ ਚੱਲੀ ਹੈ। ਉਸਦੀ ਇਹ ਚਾਲ ਹੁਣ ਸਫਲ ਹੁੰਦੀ ਜਾ ਰਹੀ ਹੈ। ਇਸ ਵਿਚ ਭਾਰਤ ਦੀ ਭੂਮਿਕਾ ਨੂੰ ਉਸਨੇ ਸੁਨਿਸ਼ਚਤ ਕਰਕੇ ਅਮਰੀਕਾ ਨੂੰ ਅਲੱਗ-ਥਲੱਗ ਕਰਨ ਦੀ ਕੋਸ਼ਿਸ਼ ਕੀਤੀ ਹੈ ਅਤੇ ਹੁਣ ਅਮਰੀਕਾ ਇਸ ਮਾਮਲੇ ਵਿਚ ਅਲੱਗ-ਥਲੱਗ ਪੈਣ ਵੀ ਲੱਗਿਆ ਹੈ। ਇੱਧਰ ਭਾਰਤ ਨਰਿੰਦਰ ਮੋਦੀ ਦੀ ਅਗਵਾਈ ਵਿਚ ਤਾਕਤਵਰ ਦੇਸ਼ ਬਣਕੇ ਉੱਭਰਿਆ ਹੈ। ਲੰਬੀ ਰਣਨੀਤੀ ਦੀ ਯੋਜਨਾ ਨਾਲ ਉਸਨੇ ਇਰਾਨ ਨਾਲ ਆਪਣੇ ਸਬੰਧ ਸੀਮਤ ਤਾਂ ਕਰ ਦਿੱਤੇ ਹਨ, ਪਰ ਸ਼ੰਘਾਈ ਕੋਆਪਰੇਸ਼ਨ ਵਿਚ ਅਹਿਮ ਭੂਮਿਕਾ ਨਿਭਾ ਕੇ ਅਮਰੀਕਾ ਨੂੰ ਇਹ ਵੀ ਸੰਦੇਸ਼ ਦੇ ਦਿੱਤਾ ਹੈ ਕਿ ਉਸ ਕੋਲ ਅਮਰੀਕਾ ਦੇ ਇਲਾਵਾ ਹੋਰ ਵਿਕਲਪ ਵੀ ਖੁੱਲ੍ਹੇ ਹਨ।
ਸ਼ੰਘਾਈ ਸਹਿਯੋਗ ਸੰਗਠਨ ਵਿਚ ਜਿਸ ਪ੍ਰਕਾਰ ਭਾਰਤ ਸੰਪੂਰਨ ਮੈਂਬਰ ਹੈ, ਉਸ ਪ੍ਰਕਾਰ ਪਾਕਿਸਤਾਨ ਦੀ ਵੀ ਚੀਨ ਨੇ ਇਸ ਵਿਚ ਹਿੱਸਦੇਾਰੀ ਯਕੀਨੀ ਕੀਤੀ ਹੈ। ਕਿਉਂਕਿ ਪਾਕਿਸਤਾਨ ਚੀਨ ਦੇ ਕਈ ਵਪਾਰਕ ਅਤੇ ਰਣਨੀਤੀਕ ਸਵਾਰਥਾਂ ਦੀ ਪੂਰਤੀ ਕਰ ਰਿਹਾ ਹੈ, ਇਸ ਲਈ ਇਸ ਅਤਿ ਸੰਵੇਦਨਸ਼ੀਲ ਸੰਗਠਨ ਵਿਚ ਪਾਕਿਸਤਾਨ ਦਾ ਰਹਿਣਾ ਉਹ ਜ਼ਰੂਰੀ ਸਮਝਦਾ ਹੈ। ਨਾਲ ਹੀ ਭਾਰਤ ’ਤੇ ਦਬਾਅ ਲਈ ਚੀਨ ਪਾਕਿਸਤਾਨ ਵਾਲੇ ਹਥਿਆਰ ਦਾ ਉਪਯੋਗ ਵੀ ਕਰਦਾ ਰਿਹਾ ਹੈ।
ਆਪਸੀ ਗਤੀਰੋਧਾਂ ਕਾਰਨ ਅਮਰੀਕਾ ਨੇ ਕਈ ਵਾਰ ਪਾਕਿਸਤਾਨ ਦਾ ਉਪਯੋਗ ਭਾਰਤ ਖਿਲਾਫ਼ ਕੀਤਾ। ਇਸ ਨਾਲ ਭਾਰਤ ਨੂੰ ਇਹ ਲਾਭ ਮਿਲ ਸਕਦਾ ਹੈ ਕਿ ਪਾਕਿਸਤਾਨ ਰਾਹੀਂ ਭਾਰਤ ਖਿਲਾਫ਼ ਜੋ ਕਾਰਵਾਈ ਹੁੰਦੀ ਰਹੀ ਹੈ, ਉਸਨੂੰ ਸੀਮਤ ਕਰ ਦਿੱਤਾ ਜਾਏ ਕਿਉਂਕਿ ਏਸ਼ੀਆ ਵਿਚ ਬਿਨਾਂ ਭਾਰਤ ਦੇ ਸਹਿਯੋਗ ਦੇ ਚੀਨ ਆਪਣੀ ਰਣਨੀਤੀ ਵਿਚ ਸਫਲ ਨਹੀਂ ਹੋ ਸਕਦਾ। ਭਾਰਤ ਤੋਂ ਸਹਿਯੋਗ ਪ੍ਰਾਪਤ ਕਰਨ ਲਈ ਚੀਨ ਨੂੰ ਪਾਕਿਸਤਾਨ ’ਤੇ ਦਬਾਅ ਬਣਾਉਣਾ ਹੀ ਹੋਵੇਗਾ। ਭਾਰਤ ਚੀਨ ਦੀ ਇਸ ਕਮਜ਼ੋਰੀ ਦਾ ਫਾਇਦਾ ਉਠਾ ਸਕਦਾ ਹੈ। ਇੱਧਰ ਪਾਕਿਸਤਾਨ ਚੀਨ ਦੀਆਂ ਅਕਾਂਖਿਆਵਾਂ ਦੀ ਪੂਰਤੀ ਦਾ ਮੁਕੰਮਲ ਪਾਲਣ ਕਰਕੇ ਆਪਣੀ ਕਮਜ਼ੋਰ ਆਰਥਿਕ ਸਥਿਤੀ ਨੂੰ ਲੀਹ ’ਤੇ ਲਿਆ ਸਕਦਾ ਹੈ। ਇਸ ਲਈ ਸ਼ੰਘਾਈ ਸਹਿਯੋਗ ਸੰਗਠਨ ਭਾਰਤ, ਪਾਕਿਸਤਾਨ ਅਤੇ ਚੀਨ ਤਿੰਨਾਂ ਲਈ ਬੇਹੱਦ ਉਪਯੋਗੀ ਸੰਗਠਨ ਸਾਬਤ ਹੋਵੇਗਾ। ਭਾਰਤ ਨੂੰ ਬੇਹੱਦ ਸੁਚੇਤ ਰਹਿ ਕੇ ਇਸ ਸੰਗਠਨ ਰਾਹੀਂ ਆਪਣੇ ਹਿੱਤਾਂ ਨੂੰ ਪੂਰਾ ਕਰਨਾ ਚਾਹੀਦਾ ਹੈ।
ਚੀਨ ਦੀਆਂ ਯੋਜਨਾਵਾਂ ਦੇ ਜਾਣਕਾਰਾਂ ਦੀ ਮੰਨੀਏ ਤਾਂ ਚੀਨ ਜਿਸ ਪ੍ਰਕਾਰ ਦੁਨੀਆਂ ਵਿਚ ਆਪਣਾ ਨਿਵੇਸ਼ ਕਰ ਰਿਹਾ ਹੈ, ਉਸਦੇ ਆਧਾਰ ’ਤੇ ਇਹੀ ਕਿਹਾ ਜਾਣ ਲੱਗਾ ਹੈ ਕਿ ਚੀਨ ਨਾਟੋ ਦੀ ਤਰ੍ਹਾਂ ਐੱਸਸੀਓ ਦਾ ਗਠਨ ਕਰ ਰਿਹਾ ਹੈ। ਉਹ ਇਸਦਾ ਵਿਸਥਾਰ ਕਰੇਗਾ। ਇਸ ਲਈ ਜੇਕਰ ਅਮਰੀਕੀ ਧੌਂਸ ਨੂੰ ਚੁਣੌਤੀ ਦੇਣੀ ਹੈ ਤਾਂ ਭਾਰਤ ਨੂੰ ਆਪਣੇ ਆਪਸੀ ਗਤੀਰੋਧ ਨੂੰ ਥੋੜ੍ਹੀ ਦੇਰ ਲਈ ਤਾਕ ’ਤੇ ਰੱਖ ਕੇ ਚੀਨ ਦੇ ਅਭਿਆਨ ਵਿਚ ਸ਼ਾਮਲ ਹੋਣ ਦੀ ਜ਼ਰੂਰਤ ਹੈ।

ਸੰਪਰਕ: 75089-55689


Comments Off on ਭਾਰਤ ਲਈ ਫਾਇਦੇਮੰਦ ਸਾਬਤ ਹੋਵੇਗੀ ਭਾਈਵਾਲੀ
1 Star2 Stars3 Stars4 Stars5 Stars (No Ratings Yet)
Loading...
Both comments and pings are currently closed.

Comments are closed.

Available on Android app iOS app
Powered by : Mediology Software Pvt Ltd.